(ਸਮਾਜ ਵੀਕਲੀ)
ਬਲ਼ਿਆ ਆਸ ਦਾ ਤੂੰ ਦੀਵਾ, ਵਿਹੜੇ ਕੰਮੀਆਂ ਦੇ। ਰੁਸ਼ਨਾ ਦੇ ਖੁਸ਼ੀਆਂ ਤੇ ਖੇੜੇ ,ਵਿਹੜੇ ਕੰਮੀਆਂ ਦੇ।
ਸਭ ਰਲ ਮਿਲ ਭੈਣਾਂ ,ਵੇਖੋ ਕਿੱਕਲੀ ਹੈ ਪਾਈ। ਚਾਅ ਸੰਭਾਲੇ ਨਹੀਂ ਜਾਂਦੇ, ਚਿਹਰੇ ਰੌਣਕ ਹੈ ।
ਬਸ ਪੂਰੇ ਹੋਏ ਖ਼ੁਆਬ ,ਬਿਨ ਮੰਗਿਆਂ ਦੇ।
ਬਲਿਆ ਆਸ ਦਾ ਤੂੰ ਦੀਵਾ ……….
ਬਾਪੂ ਮੁੱਛਾਂ ਨੂੰ ਚੜਾਵੇ , ਬੇਬੇ ਚੁੰਨੀਆਂ ਸੰਵਾਰੇ।
ਦੁੱਧ ਕਾੜ੍ਹਨੀ ਚੜ੍ਹਾ ਕੇ, ਚਾਈਂ-ਚਾਈਂ ਮੱਖਣ ਬਣਾਵੇ।
ਖਾਣੀ ਰਲ-ਮਿਲ ਰੋਟੀ, ਬੈਠ ਮੰਜਿਆਂ ਤੇ।
ਬਲਿਆ ਆਸ ਤੂੰ ਦੀਵਾ ……..
ਵੀਰੇ ਬੱਝੀ ਹੁਣ ਆਸ , ਨੌਕਰੀ ਮਿਲ ਜਾਊ ਖਾਸ।
ਪੈ ਜਾਉ ਮਿਹਨਤ ਦਾ ਮੁੱਲ ,ਦਿਲ ਵਿੱਚ ਏਹ ਆਸ। ਨਹੀਓਂ ਪੈਣਾ ਹੁਣ ਰੋਣਾ, ਲੱਗ ਬੰਨਿਆਂ ਦੇ। ਬਲਿਆ ਆਸ ਦਾ ਤੂੰ ਦੀਵਾ ……..
ਮਾਨਾਂ ਦਗ਼ਾ ਨਾ ਕਮਾਜੀਂ, ਸਾਡੇ ਸੁਪਨੇ ਨਾ ਰੁਲਾਦੀਂ।
ਮਸਾਂ ਤੋੜੀਆਂ ਜੰਜੀਰਾਂ, ਸਾਡੇ ਗਲਾਂ ‘ਚ ਨਾ ਪਵਾਦੀਂ ।
ਨਹਿਉਂ ਉੱਠ ਸਾਥੋਂ ਹੋਣਾ ਤੇਰੇ ਡੰਗਿਆਂ ਤੇ ।
ਬਲਿਆ ਆਸ ਦਾ ਤੂੰ ਦੀਵਾ ……..
ਮੌਕੇ ਮਿਲਣ ਨਾ ਦੁਬਾਰਾ, ਤੈਨੂੰ ਦਿੱਤਾ ਜਿੱਥੇ ਥਾਪ।
ਰੱਖੀ ਸਭਨਾਂ ਦੀ ਲਾਜ ,ਐਸ.ਪੀ. ਕਰੇ ਅਰਦਾਸ।
ਤੁਰੀਂ ਫੜ ਕੇ ਤੂੰ ਹੱਥ, ਚੰਗੇ ਬੰਦਿਆਂ ਦੇ ।
ਬਲਿਆ ਆਸ ਦਾ ਤੂੰ ਦੀਵਾ ਵਿਹੜੇ ਕੰਮੀਆਂ ਦੇ।
ਐੱਸ. ਪੀ. ਸਿੰਘ
ਲੈਕਚਰਾਰ ਫਿਜਿਕਸ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly