(ਸਮਾਜ ਵੀਕਲੀ)
*ਕਹਿੰਦੇ ਉਮੀਦ ਹੋਵੇ ਤਾਂ ਸਭ ਹੋ ਜਾਂਦਾ,
ਜੇਕਰ ਆਖਰੀ ਉਮੀਦ ਵੀ ਟੁੱਟ ਜਾਵੇ
ਤਾਂ ਸੁਪਨਾ ਚਕਨਾਚੂਰ ਹੋ ਜਾਂਦਾ।
ਪਰ ਜਿੱਥੇ ਉਮੀਦ ਦੀ ਇੱਕ ਆਸ ਹੋਵੇ ਪਰਮ,
ਉਥੇ ਅਧੂਰਾ ਸੁਪਨਾ ਵੀ ਪੂਰਾ ਹੋ ਜਾਂਦਾ।*
ਆਸ ਜਾਂ ਉਮੀਦ ਮਨ ਦੀ ਆਸ਼ਾਵਾਦੀ ਸਥਿਤੀ ਹੈ,ਜੋ ਕਿਸੇ ਦੇ ਜੀਵਨ ਜਾਂ ਸੰਸਾਰ ਵਿੱਚ ਘਟਨਾਵਾਂ ਅਤੇ ਹਾਲਾਤਾਂ ਦੇ ਸੰਬੰਧ ਵਿੱਚ ਸਕਾਰਾਤਮਕ ਨਤੀਜਿਆਂ ਦੀ ਆਸ ਤੇ ਆਧਾਰਿਤ ਹੈ। ਆਤਮ ਵਿਸ਼ਵਾਸ ਨਾਲ ਆਸ ਉਪਜਦੀ ਹੈ ਅਤੇ ਆਸ ਨਾਲ ਹੀ ਆਪਣੀ ਇੱਛਾਵਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਦੋਸਤੋ! ਅਸੀਂ ਸਾਰੇ ਜਾਣਦੇ ਹਾਂ ਕਿ ਸੁੱਖ ਅਤੇ ਦੁੱਖ ਦੋਵੇਂ ਜ਼ਿੰਦਗੀ ਦੇ ਇੱਕੋ ਸਿੱਕੇ ਦੇ ਹੀ ਦੋ ਪਹਿਲੂ ਹਨ। ਅਸੀਂ ਅਕਸਰ ਦੁਖ, ਮੁਸੀਬਤ ਅਤੇ ਕਸ਼ਟ ਹੋਣ ਤੇ ਬਹੁਤ ਛੇਤੀ ਘਬਰਾ ਜਾਂਦੇ ਹਾਂ ਅਤੇ ਪਰਮਾਤਮਾ ਨੂੰ ਦੋਸ਼ ਦੇਂਣ ਅਤੇ ਕੋਸਣ ਲੱਗਦੇ ਹਾਂ। ਪਰ ਖੁਸ਼ੀਆਂ ਮਿਲਣ ਤੇ ਕਦੇ ਵੀ ਉਸ ਦਾ ਸ਼ੁਕਰੀਆ ਅਦਾ ਨਹੀਂ ਕਰਦੇ। ਸਾਨੂੰ ਆਮ ਕਰਕੇ ਆਪਣੀ ਜਿੰਦਗੀ ਵਿੱਚ ਇਹੀ ਸ਼ਿਕਾਇਤ ਰਹਿੰਦੀ ਹੈ ਕਿ ਮੇਰੀ ਜ਼ਿੰਦਗੀ ਵਿੱਚ ਦੁੱਖ ਬਹੁਤ ਨੇ, ਹਰ ਕਦਮ ਤੇ ਰੁਕਾਵਟਾਂ ਤੇ ਮੁਸੀਬਤਾਂ ਨੇ,ਕੋਈ ਵੀ ਕੰਮ ਬਿਨਾਂ ਰੁਕਾਵਟ ਤੋਂ ਪੂਰਾ ਨਹੀਂ ਹੁੰਦਾ। ਅਸੀਂ ਅਜਿਹਾ ਸੋਚ ਕੇ ਆਪਣੀ ਜ਼ਿੰਦਗੀ ਵਿੱਚ ਆਸ਼ਾ ਛੱਡ ਕੇ ਨਿਰਾਸ਼ਾ ਵੱਲ ਵੱਧ ਜਾਂਦੇ ਹਾਂ। ਜਦੋਂ ਕਿ ਜ਼ਿੰਦਗੀ ਤੋਂ ਨਿਰਾਸ਼ ਜਾ ਦੁਖੀ ਹੋ ਜਾਣਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ। ਨਿਰਾਸ਼ ਅਤੇ ਦੁਖੀ ਹੋ ਕੇ ਅਸੀਂ ਆਪਣੀ ਸੋਚਣ-ਸਮਝਣ ਦੀ ਸ਼ਕਤੀ ਵੀ ਗੁਆ ਬੈਠਦੇ ਹਾਂ। ਅਜਿਹੀ ਸਥਿਤੀ ਵਿੱਚ ਸਾਨੂੰ ਹੌਸਲਾ ਅਤੇ ਉਮੀਦ ਰੱਖਣੀ ਚਾਹੀਦੀ ਹੈ।
*ਗੁਜ਼ਰ ਜਾਏਗਾ ਇਹ ਦੌਰ ਵੀ ਜਰਾ ਹੌਸਲਾ ਤਾਂ ਰੱਖ,
ਜਦੋਂ ਖੁਸ਼ੀ ਨਹੀਂ ਠਹਿਰੀ ਤਾਂ ਫਿਰ ਗਮ ਦੀ ਕੀ ਔਕਾਤ ਹੈ।*
ਸਾਨੂੰ ਹਮੇਸ਼ਾ ਆਸ਼ਾਵਾਦੀ ਹੋਣਾ ਚਾਹੀਦਾ ਹੈ। ਸਾਨੂੰ ਇਹ ਗੱਲ ਸਮਝਣੀ ਪਵੇਗੀ ਕਿ ਜੇ ਸੁਖ ਹਮੇਸ਼ਾ ਨਹੀਂ ਰਹਿੰਦੇ ਤਾਂ ਦੁੱਖਾਂ ਦੀ ਕਾਲੀ ਰਾਤ ਵੀ ਹਮੇਸ਼ਾ ਨਹੀਂ ਰਹੇਗੀ। ਜਿਵੇਂ ਰਾਤ ਤੋਂ ਬਾਅਦ ਦਿਨ ਹੁੰਦਾ ਹੈ ਉਸੇ ਤਰ੍ਹਾਂ ਦੁੱਖ ਤੋਂ ਬਾਅਦ ਸੁੱਖ ਵੀ ਆਉਂਦੇ ਹਨ। ਸਾਨੂੰ ਆਪਣੀ ਸੋਚ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣੀ ਚਾਹੀਦੀ ਹੈ। ਕਿਸੇ ਚੀਜ਼ ਦੇ ਪ੍ਰਾਪਤ ਹੋਣ ਤੇ ਖੁਸ਼ੀ ਅਤੇ ਖੁਸਣ ਤੇ ਦੁੱਖ ਨਹੀਂ ਕਰਨਾ ਚਾਹੀਦਾ ਸਗੋਂ ਆਪਣੀ ਮਿਹਨਤ,ਹੌਸਲੇ ਅਤੇ ਸਿਆਣਪ ਨਾਲ ਜ਼ਿੰਦਗੀ ਜਿਉਣੀ ਚਾਹੀਦੀ ਹੈ ਅਤੇ ਮੁਸੀਬਤਾਂ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ।
ਜਿਵੇਂ ਇੱਕ ਪੁਰਾਣੇ ਖੂਹ ਵਿੱਚ ਰਹਿੰਦਾ ਡੱਡੂ ਰੋਜ਼ ਲੋਕਾਂ ਦੁਆਰਾ ਮਾਰੇ ਜਾਂਦੇ ਵੱਟਿਆਂ ਨੂੰ ਸਹਿੰਦਾ ਸੀ। ਵੱਟੇ ਕਦੇ ਉਸਦੇ ਸਿਰ ਤੇ ਵੱਜਦੇ ਤੇ ਕਦੇ ਦਿਲ ਨੂੰ ਲੱਗਦੇ, ਪਰ ਉਹ ਕੁਝ ਨਾ ਕਹਿੰਦਾ ਤੇ ਨਾ ਹੀ ਘਬਰਾਉਂਦਾ। ਇੱਕ ਦਿਨ ਅਜਿਹਾ ਆਇਆ ਕਿ ਸਾਰਾ ਖੂਹ ਵੱਟਿਆਂ ਨਾਲ ਭਰ ਗਿਆ ਤੇ ਉਹ ਖੂਹ ਤੋਂ ਆਜ਼ਾਦ ਹੋ ਗਿਆ। ਉਹ ਖੂਹ ਤੋਂ ਆਜ਼ਾਦ ਇਸ ਕਰਕੇ ਹੋ ਗਿਆ ਕਿਉਂਕਿ ਉਸਨੇ ਕਦੇ ਹੌਸਲਾ ਨਹੀਂ ਸੀ ਹਾਰਿਆ।
ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣੀ ਜ਼ਿੰਦਗੀ ਨੂੰ ਆਪਣੀ ਮਰਜ਼ੀ ਨਾਲ ਅਤੇ ਖੁੱਲ ਕੇ ਜਿਉਂ। ਜ਼ਿੰਦਗੀ ਵਿੱਚ ਮੁਸ਼ਕਿਲਾਂ ਆਉਂਦੀਆਂ ਰਹਿੰਦੀਆਂ ਨੇ, ਮੁਸ਼ਕਿਲਾਂ ਵਿੱਚ ਸੰਜਮ ਅਤੇ ਉਮੀਦ ਨਹੀਂ ਛੱਡਣੀ ਚਾਹੀਦੀ। ਜੇਕਰ ਉਮੀਦ ਖਤਮ ਹੋ ਜਾਵੇਗੀ ਤਾਂ ਸਮਝੋ ਜਿੰਦਗੀ ਵੀ ਖਤਮ ਹੈ।
‘ *ਸਭ ਤੋਂ ਬੁਰਾ ਹੈ ਉਮੀਦ ਦਾ ਮਰ ਜਾਣਾ’*
ਉਮੀਦ ਦੇ ਸਹਾਰੇ ਹੀ ਜ਼ਿੰਦਗੀ ਹੈ।ਸਖਤ ਮਿਹਨਤ ਦੇ ਨਾਲ ਹਰ ਜੰਗ ਜਿੱਤੀ ਜਾ ਸਕਦੀ ਹੈ ਤੇ ਹਰ ਸਫਰ ਤੈਅ ਕੀਤਾ ਜਾ ਸਕਦਾ ਹੈ। ਪਰ ਇਸ ਲਈ ਕੋਸ਼ਿਸ਼ ਵੀ ਸਾਡੀ ਹੀ ਹੋਵੇਗੀ…..
*ਹੌਸਲੇ ਦੀ ਤਰਕਸ਼ ਵਿੱਚ,
ਕੋਸ਼ਿਸ਼ਾਂ ਦੇ ਤੀਰ ਜਿੰਦਾ ਰੱਖ।
ਹਾਰ ਜਾ ਜ਼ਿੰਦਗੀ ਵਿੱਚ ਸਭ ਕੁਝ ਭਾਵੇਂ, ਪਰ ਫਿਰ ਵੀ ਜਿੱਤਣ ਦੀ ਉਮੀਦ ਜਿੰਦਾ ਰੱਖ।
*ਨੀਲਮ*
ਸੰਪਰਕ-9779788365
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly