(ਸਮਾਜ ਵੀਕਲੀ) ਜਲੰਧਰ ਦੇ ਕੈਲਾਸ਼ ਨਗਰ ‘ਚ ਰਹਿਣ ਵਾਲੇ ਸ੍ਰ. ਅਮਰੀਕ ਸਿੰਘ ਬੇਦੀ ਦਾ ਜੀਵਨ ਧਾਰਮਿਕਤਾ ਅਤੇ ਸੇਵਾ ਦੀ ਮਿਸਾਲ ਹੈ। ਟਿਊਬਵੈੱਲ ਕਾਰਪੋਰੇਸ਼ਨ ਵਿਭਾਗ ‘ਚ ਸਿਵਲ ਇੰਜਨੀਅਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਉਹ ਆਪਣੀ ਧਾਰਮਿਕ ਜ਼ਿੰਮੇਵਾਰੀ ਨੂੰ ਪੂਰੀ ਸ਼ਰਧਾ ਨਾਲ ਨਿਭਾ ਰਹੇ ਹਨ। ਉਨ੍ਹਾਂ ਨੇ ਪਿਛਲੇ 30 ਸਾਲਾਂ ਤੋਂ ਹਰ ਰੋਜ਼ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਹੁਕਮਨਾਮਾ ਸਾਹਿਬ ਲਿਖਣ ਦੀ ਸੇਵਾ ਨਿਰੰਤਰ ਜਾਰੀ ਰੱਖੀ ਹੈ। ਜਿੱਥੇ ਇਹ ਸੇਵਾ ਉਨ੍ਹਾਂ ਦੇ ਧਾਰਮਿਕ ਜੀਵਨ ਨੂੰ ਦਰਸਾਉਂਦੀ ਹੈ ਉੱਥੇ ਹੀ ਇਹ ਸਾਧਸੰਗਤ ਲਈ ਵੀ ਪ੍ਰੇਰਣਾਸਰੋਤ ਹੈ। ਸ੍ਰ. ਅਮਰੀਕ ਸਿੰਘ ਬੇਦੀ ਦੇ ਮਾਤਾ-ਪਿਤਾ ਧਾਰਮਿਕ ਖਿਆਲਾਂ ਵਾਲੇ ਸਨ, ਜਿਸ ਕਰਕੇ ਬਚਪਨ ਤੋਂ ਹੀ ਉਨ੍ਹਾਂ ‘ਚ ਧਾਰਮਿਕ ਰੁਚੀ ਉਭਰੀ। ਪਿਤਾ ਦਾ ਸਿੱਖਿਆ ਦੇ ਪ੍ਰਤੀ ਝੁਕਾਅ ਅਤੇ ਮਾਤਾ ਦਾ ਸਨਮੁੱਖ ਬਾਣੀ ਨਾਲ ਪਿਆਰ ਨੇ ਉਨ੍ਹਾਂ ਨੂੰ ਗੁਰਬਾਣੀ ਨਾਲ ਜੋੜਿਆ। ਉਹ ਦੱਸਦੇ ਹਨ ਕਿ ਸਕੂਲ ਦੇ ਦਿਨਾਂ ਵਿੱਚ ਉਹ ਸਵੇਰੇ ਜਲਦੀ ਉੱਠ ਕੇ ਅਖਬਾਰ ਦੀਆਂ ਸੁਰਖੀਆਂ ਬਲੇਕ ਬੋਰਡ ’ਤੇ ਲਿਖਣ ਵਿੱਚ ਖੁਸ਼ੀ ਮਹਿਸੂਸ ਕਰਦੇ ਸਨ। ਇਹੀ ਭਾਵਨਾ ਅੱਜ ਉਨ੍ਹਾਂ ਦੀ ਗੁਰਦੁਆਰਾ ਸਾਹਿਬ ‘ਚ ਹੁਕਮਨਾਮਾ ਸਾਹਿਬ ਲਿਖਣ ਦੀ ਸੇਵਾ ਦੇ ਰੂਪ ਵਿੱਚ ਪ੍ਰਤੱਖ ਹੋ ਰਹੀ ਹੈ। ਆਪਣੀ ਇੰਜਨੀਅਰਿੰਗ ਦੀ ਪੜ੍ਹਾਈ ਕਰਦੇ ਸਮੇਂ ਵੀ ਉਹਨਾਂ ਨੇ ਪੰਜਾਬੀ ‘ਚ ਰੁਚੀ ਜਾਰੀ ਰੱਖੀ। ਉਨ੍ਹਾਂ ਨੇ ਗਿਆਨੀ ਦੀ ਪੜਾਈ ਦੇ ਨਾਲ-ਨਾਲ ਐਮ.ਏ. ਪੰਜਾਬੀ ਵੀ ਕੀਤੀ। ਉਹ ਮੰਨਦੇ ਹਨ ਕਿ ਗਿਆਨ ਸਿਰਫ ਕਿਤਾਬਾਂ ਤਕ ਹੀ ਸੀਮਤ ਨਹੀਂ ਹੁੰਦਾ ਸਗੋਂ ਧਾਰਮਿਕ ਸਿੱਖਿਆ ਵੀ ਜੀਵਨ ਨੂੰ ਗਿਆਨ ਦੀ ਰੌਸ਼ਨੀ ਦਿੰਦੀ ਹੈ। ਇਸ ਲਈ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਦੌਰਾਨ ਵੀ ਉਹ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਦੇ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਧਾਰਮਿਕ ਸਿੱਖਿਆ ਜੀਵਨ ਨੂੰ ਨਵੀਂ ਸੋਚ ਦਿੰਦੀ ਹੈ। ਰੋਜ਼ ਸਵੇਰੇ ਪ੍ਰੀਤ ਨਗਰ, ਸੋਡਲ ਰੋਡ ਜਲੰਧਰ ਦੇ ਗੁਰਦੁਆਰਾ ਸਾਹਿਬ ਵਿਚ ਜਾ ਕੇ ਹੁਕਮਨਾਮਾ ਸਾਹਿਬ ਲਿਖਣਾ ਉਨ੍ਹਾਂ ਦੀ ਰੋਜ਼ਾਨਾ ਦੀ ਸੇਵਾ ਦਾ ਹਿੱਸਾ ਹੈ। ਇਹ ਸੇਵਾ ਸਿਰਫ ਸ਼ਬਦ ਲਿਖਣ ਤੱਕ ਹੀ ਸੀਮਿਤ ਨਹੀਂ, ਸਗੋਂ ਉਸ ਦੇ ਭਾਵ ਅਤੇ ਅਰਥ ਨੂੰ ਸਮਝਣ ਅਤੇ ਸਮਝਾਉਣ ਦੀ ਕਲਾ ਵੀ ਹੈ। ਉਹ ਮੰਨਦੇ ਹਨ ਕਿ ਗੁਰਬਾਣੀ ਦੇ ਅਰਥ ਨੂੰ ਸਮਝਣਾ ਅਤੇ ਪ੍ਰਚਾਰਨਾ ਸਾਧਸੰਗਤ ਲਈ ਬਹੁਤ ਜ਼ਰੂਰੀ ਹੈ। ਇਹ ਸੇਵਾ ਉਨ੍ਹਾਂ ਨੂੰ ਆਤਮਿਕ ਸ਼ਾਂਤੀ ਤੇ ਆਨੰਦ ਦਿੰਦੀ ਹੈ ਅਤੇ ਸਾਧਸੰਗਤ ਨੂੰ ਧਾਰਮਿਕ ਜੀਵਨ ਜਿਊਣ ਲਈ ਪ੍ਰੇਰਿਤ ਕਰਦੀ ਹੈ। ਉਹ ਦੱਸਦੇ ਹਨ ਕਿ ਇਹ ਸੇਵਾ ਉਨ੍ਹਾਂ ਲਈ ਇੱਕ ਧਾਰਮਿਕ ਕਰੱਤਵ ਹੈ, ਜਿਸ ਨੂੰ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਨਿਭਾਉਂਦੇ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਸ੍ਰ. ਅਮਰੀਕ ਸਿੰਘ ਬੇਦੀ ਨੇ ਇਕ ਸਾਲ ਤੋਂ ਘੱਟ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ-ਲਿਖਿਤ ਸਰੂਪ ਤਿਆਰ ਕੀਤਾ ਹੈ ਜੋਕਿ ਸਿਰਫ ਸੇਵਾ ਹੀ ਨਹੀਂ, ਸਗੋਂ ਸ਼ਰਧਾ, ਸਨਮਾਨ ਅਤੇ ਧਾਰਮਿਕ ਭਾਵਨਾਵਾਂ ਦੀ ਇਕ ਮਿਸਾਲ ਵੀ ਹੈ। ਉਨ੍ਹਾਂ ਦੇ ਇਸ ਕਾਰਜ ਲਈ ਉਨ੍ਹਾਂ ਨੂੰ ਧਾਰਮਿਕ ਸੰਸਥਾਵਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ।ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ, ਕੌਮ ਲਈ ਸੇਵਾ ਕਰਨ ਦਾ ਕੋਈ ਖ਼ਾਸ ਸਮਾਂ ਜਾਂ ਅਹੁਦਾ ਨਹੀਂ ਹੁੰਦਾ। ਜੇਕਰ ਹਰ ਵਿਅਕਤੀ ਆਪਣੇ ਵਕਤ ਦਾ ਥੋੜ੍ਹਾ ਜਿਹਾ ਹਿੱਸਾ ਕੌਮ ਦੀ ਸੇਵਾ ਵਿੱਚ ਲਗਾਏ ਤਾਂ ਇਹ ਸਮਾਜ ਆਤਮਿਕ ਤੇ ਧਾਰਮਿਕ ਤੌਰ ਤੇ ਮਜ਼ਬੂਤ ਬਣ ਸਕਦਾ ਹੈ। ਇਸ ਲਈ ਇਹ ਇੱਕ ਪ੍ਰੇਰਣਾਦਾਇਕ ਮਿਸਾਲ ਹੈ ਕਿ ਕਿਵੇਂ ਆਪਣੇ ਕੰਮ ਕਾਜ ਕਰਦਿਆਂ ਵੀ ਧਾਰਮਿਕ ਸੇਵਾ ਦੀ ਪਾਲਣਾ ਕੀਤੀ ਜਾ ਸਕਦੀ ਹੈ। ਸ੍ਰ. ਅਮਰੀਕ ਸਿੰਘ ਬੇਦੀ ਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਕਿਵੇਂ ਸੇਵਾ, ਸ਼ਰਧਾ ਅਤੇ ਸਮਰਪਣ ਦੀ ਭਾਵਨਾ ਨਾਲ ਜ਼ਿੰਦਗ਼ੀ ਨੂੰ ਸੋਹਣਾ ਅਤੇ ਅਰਥਪੂਰਨ ਬਣਾਇਆ ਜਾ ਸਕਦਾ ਹੈ।
ਬਲਦੇਵ ਸਿੰਘ ਬੇਦੀ
ਜਲੰਧਰ
9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj