ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ): ਸ੍ਰੀ ਅਨੰਦਪੁਰ ਸਾਹਿਬ ਇਲਾਕੇ ਦੇ ਪ੍ਰਸਿੱਧ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਵਿਖੇ ਅੱਜ ਖ਼ਾਲਸੇ ਦੀ ਮਾਤਾ ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ ਦੇ ਪਾਵਨ – ਪਵਿੱਤਰ ਜਨਮ – ਦਿਹਾੜੇ ਦੇ ਸ਼ੁਭ ਮੌਕੇ ‘ਤੇ ਮਸ਼ਹੂਰ ਲੇਖਕ ਅਤੇ ਸਟੇਟ ਐਵਾਰਡੀ ਅਧਿਆਪਕ ਮਾਸਟਰ ਸੰਜੀਵ ਧਰਮਾਣੀ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਅੱਜ ਇਸ ਪ੍ਰਸਿੱਧ ਗੁਰਦੁਆਰਾ ਸਾਹਿਬ ਵਿਖੇ ਮਾਤਾ ਸਾਹਿਬ ਕੌਰ ਜੀ ਦਾ ਸ਼ੁਭ ਜਨਮ – ਦਿਹਾੜਾ ਮਨਾਇਆ ਗਿਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਹ ਦੱਸਣਯੋਗ ਹੈ ਕਿ ਪਿਛਲੀ ਵੀਹ ਤਰੀਕ ਤੋਂ ਇਸ ਗੁਰਦੁਆਰਾ ਸਾਹਿਬ ਵਿਖੇ ਪਵਿੱਤਰ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਨਿਰੰਤਰ ਚੱਲੀਆਂ ਆ ਰਹੀਆਂ ਹਨ।ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਇਸ ਸ਼ੁਭ ਦਿਹਾੜੇ ਦੇ ਮੌਕੇ ‘ਤੇ ਪਿੰਡ ਸੱਧੇਵਾਲ , ਬਾਗ਼ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਦੂਰੋਂ – ਦੂਰੋਂ ਆਈਆਂ ਸੰਗਤਾਂ ਵਿਸ਼ੇਸ਼ ਤੌਰ ‘ਤੇ ਪਹੁੰਚੀਆਂ ਹੋਈਆਂ ਸਨ।ਦੱਸਣਯੋਗ ਹੈ ਕਿ ਅਧਿਆਪਕ ਦਿਵਸ ਦੇ ਮੌਕੇ ‘ਤੇ ਪਿਛਲੇ ਸਮੇਂ ਦੌਰਾਨ ਮਾਸਟਰ ਸੰਜੀਵ ਧਰਮਾਣੀ ਨੂੰ ਸਿੱਖਿਆ , ਸਮਾਜ ਅਤੇ ਸਾਹਿਤ ਦੇ ਖੇਤਰ ਵਿੱਚ ਪਾਏ ਵਿਸ਼ੇਸ਼ ਯੋਗਦਾਨ ਲਈ ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ” ਸਟੇਟ – ਐਵਾਰਡ ” ਪ੍ਰਦਾਨ ਕੀਤਾ ਗਿਆ ਸੀ।ਉਨ੍ਹਾਂ ਦੀ ਇਸ ਪ੍ਰਾਪਤੀ ਦੇ ਲਈ ਇਲਾਕੇ ਦੀਆਂ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਅੱਜ ਮਾਸਟਰ ਸੰਜੀਵ ਧਰਮਾਣੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਕੀਰਤਨ ਅਤੇ ਇਲਾਹੀ ਬਾਣੀ ਦਾ ਸਰਵਣ ਕੀਤਾ। ਸਰਦਾਰ ਜਵਾਲਾ ਸਿੰਘ ਪਤੰਗਾ ਜੀ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਬਾਬਾ ਗੁਰਦਿਆਲ ਸਿੰਘ ਜੀ , ਭਾਈ ਉਂਕਾਰ ਸਿੰਘ , ਭਾਈ ਕੇਵਲ ਸਿੰਘ , ਭਾਈ ਗੁਰਮੁਖ ਸਿੰਘ , ਅਵਤਾਰ ਸਿੰਘ , ਬਲਵਿੰਦਰ ਸਿੰਘ , ਬਲਰਾਜ ਸਿੰਘ , ਗੁਰਨਾਮ ਸਿੰਘ , ਰਾਮ ਸਿੰਘ , ਮਾਸਟਰ ਸੰਜੀਵ ਧਰਮਾਣੀ ਅਤੇ ਬਹੁਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly