HOME ਅਦਾਰਾ ਤਾਸਮਨ ਵੱਲੋਂ ਸਨਮਾਨ ਸਮਰੋਹ ਕਰਵਾਇਆ ਗਿਆ

ਅਦਾਰਾ ਤਾਸਮਨ ਵੱਲੋਂ ਸਨਮਾਨ ਸਮਰੋਹ ਕਰਵਾਇਆ ਗਿਆ

3
ਬਰਨਾਲਾ   (ਸਮਾਜ ਵੀਕਲੀ)  ( ਚੰਡਿਹੋਕ) ਬੀਤੇ ਦਿਨੀਂ ਤਿਮਾਹੀ ਮੈਗਜ਼ੀਨ ‘ਅਦਾਰਾ ਤਾਸਮਨ’ ਵੱਲੋਂ ਐਸ ਐਸ ਡੀ ਕਾਲਜ ਬਰਨਾਲਾ ਵਿਖੇ ਤਾਸਮਨ ਸਮਾਰੋਹ ਕਰਵਾਇਆ ਗਿਆ । ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਆਲੋਚਕ ਡਾ ਜੋਗਿੰਦਰ ਸਿੰਘ ਨਿਰਾਲਾ, ਬੂਟਾ ਸਿੰਘ ਚੌਹਾਨ, ਤੇਜਾ ਸਿੰਘ ਤਿਲਕ, ਪ੍ਰਿੰ ਰਾਕੇਸ਼ ਜਿੰਦਲ, ਮੋਹਨ ਲਾਲ ਸ਼ਰਮਾ, ਹਰਮਨਦੀਪ ਗਿੱਲ ਦੁਆਰਾ ਕੀਤੀ ਗਈ। ਸਵਾਗਤੀ ਸ਼ਬਦ ਤਾਸਮਨ ਦੇ ਸੰਪਾਦਕ ਸਤਪਾਲ ਭੀਖੀ ਨੇ ਕਹੇ। ਇਸ ਮੌਕੇ ਤਾਸਮਨ ਯਾਦਗਰੀ ਸਨਮਾਨ ਦਿੱਤੇ ਗਏ ਜਿਸ ਵਿੱਚ ਮਾਤਾ ਕੌਸ਼ਲਿਆ ਦੇਵੀ ਯਾਦਗਾਰੀ ‘ਸਿਰਜਣਾ ਤੇ ਅਨੁਵਾਦ’ ਪੁਰਸਕਾਰ ਪ੍ਰਸਿੱਧ ਲੇਖਕ ਜੰਗ ਬਹਾਦਰ ਗੋਇਲ ਜੀ ਨੂੰ ਦਿੱਤਾ ਗਿਆ । ਹੁਕਮ ਚੰਦ ਜਿੰਦਲ ‘ਸ਼ਬਦ ਪ੍ਰਵਾਹ’ ਪੁਰਸਕਾਰ ਸਥਾਪਿਤ ਸ਼ਾਇਰ ਲਿਪੀ ਦ ਮਹਾਂਦੇਵ ਨੂੰ ਦਿੱਤਾ ਗਿਆ ਅਤੇ ਪ੍ਰਦੀਪ ਚੜਿੱਕ ਯਾਦਗਾਰੀ ਯੁਵਾ ਪੁਰਸਕਾਰ ਕਹਾਣੀਕਾਰ ਵਿਪਨ ਕੁਮਾਰ ਨੂੰ ਦਿੱਤਾ ਗਿਆ। ਸਨਮਾਨ ਵਿੱਚ ਸਨਮਾਨ ਚਿੰਨ੍ਹ ,ਲੋਈ ਅਤੇ ਕ੍ਰਮਵਾਰ 11000 ਰੁਪਏ, 5100 ਰੁਪਏ,5100 ਰੁਪਏ ਸ਼ਾਮਿਲ ਸਨ। ਜੰਗ ਬਹਾਦਰ ਗੋਇਲ ਹੋਰਾਂ ਦੀ ਸਿਰਜਣਾ ਬਾਰੇ ਬੋਲਦਿਆਂ ਡਾ ਹਰੀਸ਼ ਨੇ ਕਿਹਾ ਕਿ ਸ੍ਰੀ ਗੋਇਲ ਨੇ ਪੰਜਾਬੀ ਸਾਹਿਤ ਨੂੰ ਵਿਲੱਖਣ ਰਚਨਾਵਾਂ ਦੇ ਕੇ ਪੰਜਾਬੀ ਪਾਠਕਾਂ ਵਿੱਚ ਵਾਧਾ ਕੀਤਾ ਹੈ। ਉਹਨਾਂ ਵਿਸ਼ਵ ਕਲਾਸਿਕ ਨੂੰ ਪੰਜਾਬੀ ਵਿੱਚ ਉਲਥਾ ਕੇ ਸਦੀਵੀ ਕਾਰਜ ਕੀਤਾ ਹੈ । ਮਹਾਂਦੇਵ ਦੀ ਕਵਿਤਾ ਬਾਰੇ ਬੋਲਦਿਆਂ ਡਾ ਸੰਤੋਖ ਸਿੰਘ ਸੁੱਖੀ ਨੇ ਕਿਹਾ ਕਿ ਉਸ ਦੀ ਕਵਿਤਾ ਬੇ-ਸਿਰਨਾਵਿਆਂ   ਦਾ ਸਿਰਨਾਵਾਂ ਹੈ । ਇਹ ਦੁਰਕਾਰੀ ਧਿਰ  ਦੀ ਕਵਿਤਾ ਹੈ। ਇਹ ਕਵਿਤਾ ਬਨਾਉਟੀ ਜੀਵਨ ਦੀਆਂ ਸਿਊਣਾਂ ਉਧੇੜਦੀ ਹੈ ,ਇਸ ‘ਚੋਂ ਕਿਰਤ ਦੀ ਖੁਸ਼ਬੂ ਦਿਸਦੀ ਹੈ । ਤੇਜਾ ਸਿੰਘ ਤਿਲਕ ਹੋਰਾਂ ਨੇ ਵਿਪਨ ਕੁਮਾਰ ਦੀ ਕਹਾਣੀ ਬਾਰੇ ਬੋਲਦਿਆਂ ਕਿਹਾ ਕਿ ਯੁਵਾ ਕਹਾਣੀਕਾਰ ਆਧੁਨਿਕ ਸਮੱਸਿਆਵਾਂ ਨੂੰ ਸਮਝਦੇ ਹਨ, ਉਸ ਦੀਆਂ ਬਾਰੀਕੀਆਂ ਨੂੰ ਫੜਦੇ ਹਨ ਤੇ ਦਬੀਆਂ ਭਾਵਨਾਵਾਂ ਨੂੰ ਬੇਹਤਰੀਨ ਢੰਗ ਨਾਲ ਪੇਸ਼ ਕਰਦੇ ਹਨ। ਇਸ ਲਈ ਨਵੀਂ ਪੀੜੀ ਤੋਂ ਪੰਜਾਬੀ ਕਹਾਣੀ ਨੂੰ ਬਹੁਤ ਸਾਰੀਆਂ ਆਸਾਂ ਹਨ।ਤਾਸਮਨ ਦੇ ਮੁੱਖ ਸੰਪਾਦਕ ਹਰਮਨਦੀਪ ਗਿੱਲ ਹੋਰਾਂ ਨੇ ਤਾਸਮਨ ਦੇ ਸਰੋਕਾਰਾਂ ਅਤੇ ਇਸ ਦੇ ਭਵਿੱਖੀ ਕਾਰਜਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਮੋਹਨ ਲਾਲ ਸ਼ਰਮਾ ਨੇ ਆਪਣੀ ਟਿੱਪਣੀ ਅਤੇ ਕਵਿਤਾ ਸਾਂਝੀ ਕੀਤੀ। ਕਹਾਣੀਕਾਰ ਪਵਨ ਪਰਿੰਦਾ, ਡਾ ਹਰਭਗਵਾਨ ਸ਼ਰਮਾ, ਡਾ ਭੁਪਿੰਦਰ ਬੇਦੀ, ਡਾ ਤਰਸਪਾਲ ਕੌਰ ਤੇ ਤੇਜਿੰਦਰ ਚੰਡਿਹੋਕ ਨੇ ਆਪਣੇ ਵਿਚਾਰ ਪੇਸ਼ ਕੀਤੇ । ਪ੍ਰਧਾਨਗੀ ਮੰਡਲ ‘ਚੋਂ ਆਪਣੀ ਗੱਲ ਰੱਖਦਿਆਂ ਡਾ ਜੋਗਿੰਦਰ ਨਿਰਾਲਾ ਨੇ ਪੰਜਾਬੀ ਪਰਚਿਆਂ , ਪੰਜਾਬੀ ਸਾਹਿਤਕ ਖੇਤਰ ਚ ਦਿੱਤੇ ਜਾਂਦੇ ਇਨਾਮਾਂ ਅਤੇ ਸਾਹਿਤ ਤੇ ਪਾਠਕ ਦੇ ਆਪਸੇ ਰਿਸ਼ਤਿਆਂ ਬਾਰੇ  ਟਿੱਪਣੀਆਂ ਕੀਤੀਆਂ। ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਪਾਠਕ ਨੂੰ ਸ਼ਬਦਾਂ ਤੱਕ ਲੈ ਕੇ ਜਾਣਾ ਅਤੇ ਸਾਹਿਤਕਾਰਾਂ ਦੇ ਸ਼ਬਦਾਂ ਨੂੰ ਮਾਣ ਦੇਣਾ ਬਹੁਤ ਵੱਡੀ ਗੱਲ ਹੈ। ਸਾਹਿਤਕਾਰ ਸ਼ਬਦ ਸਾਧਕ ਹੁੰਦੇ ਹਨ ਉਹਨਾਂ ਨੇ ਸਮਾਜ ਦੀਆਂ ਕਮੀਆਂ ਖੂਬੀਆਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਹੁੰਦਾ ਹੈ। ਸਾਨੂੰ ਬੇਹਤਰੀਨ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਪ੍ਰੀਤ ਸਿੰਘ ਮਾਨ, ਵਰਿੰਦਰ ਦੀਵਾਨਾ,ਡਿੰਪਲ ਕੁਮਾਰ, ਅੰਜਨਾ ਮੈਨਨ,ਭੋਲਾ ਜਾਗਲ, ਰਜਿੰਦਰ ਸ਼ੌਂਕੀ, ਹੀਰਾ ਲਾਲ,ਸੁਖਵਿੰਦਰ ਸੁੱਖੀ, ਚਿੱਟਾ ਸਿੱਧੂ ਆਦਿ ਲੇਖ ਸ਼ਾਮਿਲ ਸਨ। ਪ੍ਰਿੰ ਰਕੇਸ਼ ਜਿੰਦਲ ਹੋਰਾਂ ਪਹੁੰਚੇ ਹੋਏ ਸਭ ਲੇਖਕਾ ਵਿਦਵਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦਾ ਮੰਚ ਸੰਚਾਲਨ ਪ੍ਰੋਗਰਾਮ ਕਨਵੀਨਰ ਸ਼ਾਇਰ ਤਰਸੇਮ ਹੋਰਾਂ ਨੇ ਬਾਖੂਬੀ ਕੀਤਾ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, ਸਵਾਮਿਤਵ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਪ੍ਰਗਤੀ ਦਾ ਲਿਆ ਜਾਇਜ਼ਾ
Next articleਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼