ਹਾਂਗ ਕਾਂਗ ਵੱਲੋਂ ਭਾਰਤ ਸਣੇ ਅੱਠ ਮੁਲਕਾਂ ਦੀਆਂ ਹਵਾਈ ਉਡਾਣਾਂ ’ਤੇ ਰੋਕ

ਹਾਂਗ ਕਾਂਗ (ਸਮਾਜ ਵੀਕਲੀ):  ਕੋਵਿਡ-19 ਦੇ ਨਵੇਂ ਸਰੂਪ ਓਮੀਕਰੋਨ ਦੇ ਵਧਦੇ ਕੇਸਾਂ ਦਰਮਿਆਨ ਹਾਂਗ ਕਾਂਗ ਨੇ ਮੁੜ ਤੋਂ ਸਖ਼ਤ ਕਰੋਨਾ ਪਾਬੰਦੀਆਂ ਲਾਉਂਦਿਆਂ ਭਾਰਤ ਸਮੇਤ ਅੱਠ ਮੁਲਕਾਂ ਤੋਂ ਆਉਂਦੀਆਂ ਹਵਾਈ ਉਡਾਣਾਂ ’ਤੇ 21 ਜਨਵਰੀ ਤੱਕ ਰੋਕ ਲਾ ਦਿੱਤੀ ਹੈ। ਹਾਂਗ ਕਾਂਗ ਅਧਾਰਿਤ ਸਾਊਥ ਚਾਈਨਾ ਮੋਰਨਿੰਗ ਪੋਸਟ ਨੇ ਮੁਲਕ ਦੇ ਮੁੱਖ ਕਾਰਜਕਾਰੀ ਕੈਰੀ ਲੈਮ ਚੈਂਗ ਯੂਏਟ-ਨਗੋਰ ਦੇ ਹਵਾਲੇ ਨਾਲ ਕਿਹਾ ਕਿ ਅੱਠ ਮੁਲਕਾਂ- ਆਸਟਰੇਲੀਆ, ਕੈਨੇਡਾ, ਫਰਾਂਸ, ਭਾਰਤ, ਪਾਕਿਸਤਾਨ, ਫਿਲਪੀਨਜ਼, ਯੂਕੇ ਤੇ ਅਮਰੀਕਾ ਤੋਂ ਆਉਣ ਵਾਲੀਆਂ ਉਡਾਣਾਂ (ਜਿਨ੍ਹਾਂ ਵਿੱਚ ਦੂਜੇ ਰੂਟਾਂ ਤੋਂ ਹੋ ਕੇ ਆਉਣ ਵਾਲੀਆਂ ਉਡਾਣਾਂ ਵੀ ਸ਼ਾਮਲ ਹਨ) ਦੇ ਸ਼ਨਿੱਚਰਵਾਰ ਤੋਂ ਅਗਲੇ ਦੋ ਹਫ਼ਤਿਆਂ ਲਈ ਮੁਲਕ ਵਿੱਚ ਦਾਖ਼ਲ ਹੋਣ ’ਤੇ ਪਾਬੰਦੀ ਰਹੇਗੀ।

ਕੋਵਿਡ-19 ਦੇ ਪਾਸਾਰ ਨੂੰ ਰੋਕਣ ਲਈ ਆਇਦ ਸਖ਼ਤ ਪਾਬੰਦੀਆਂ ਦੇ ਘੇਰੇ ਵਿੱਚ ਸਮਾਜਿਕ ਸਰਗਰਮੀਆਂ ਤੇ ਕੌਮਾਂਤਰੀ ਯਾਤਰਾ ਵੀ ਸ਼ਾਮਲ ਹੈ। ਲੈਮ ਨੇ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਦੇ ਮੋਕਲੇ ਹੁੰਦੇ ਘੇਰੇ ਕਰਕੇ ਸ਼ਹਿਰ ਵਿੱਚ ਸਖ਼ਤ ਪਾਬੰਦੀਆਂ ਦੀ ਵੱਡੀ ਲੋੜ ਸੀ। ਲੈਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮਹਾਮਾਰੀ ਹਾਲਾਤ ਵਿੱਚ ਤੇਜ਼ੀ ਨਾਲ ਬਦਲਾਅ ਆ ਰਹੇ ਹਨ, ਜਿਸ ਨੇ ਸਾਰਿਆਂ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਹੈ। ਅਸੀਂ ਲਾਗ ਨੂੰ ਅੱਗੇ ਤੋਂ ਅੱਗੇ ਫੈਲਣ ਤੋਂ ਰੋਕਣ ਲਈ ਫੈਸਲਾਕੁਨ ਤੇ ਯਕੀਨੀ ਉਪਰਾਲਿਆਂ ਦਾ ਐਲਾਨ ਕੀਤਾ ਹੈ।’ ਯਾਤਰੀ ਉਡਾਣਾਂ ’ਤੇ ਲਾਈ ਦੋ ਹਫ਼ਤਿਆਂ ਦੀ ਪਾਬੰਦੀ 21 ਜਨਵਰੀ ਤੱਕ ਅਮਲ ਵਿੱਚ ਰਹੇਗੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬ੍ਰਿਸਬਨ ’ਚ ਰੈਸਟੋਰੈਂਟ ਤੇ ਕੈਫ਼ੇ ਕਾਮਿਆਂ ਤੋਂ ਵਾਂਝੇ
Next articleਸ੍ਰੀ ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਦਿੱਲੀ ਦੀ ਜ਼ਮੀਨ ਵਾਪਸ ਕਰਨ ਲਈ ਰਵੀਦਾਸੀਆਂ ਸਮਾਜ ਦੇ ਆਗੂਆਂ ਨੇ ਭੇਜਿਆ ਮੰਗ ਪੱਤਰ