ਧਾਰਮਿਕ ਸਥਾਨਾਂ ਦੇ ਚੋਰਾਂ ਦੀ ਇਮਾਨਦਾਰੀ

(ਸਮਾਜ ਵੀਕਲੀ)
ਬਹੁਤ ਸਾਲਾਂ ਬਾਅਦ ਪਤਨੀ ਦੇ ਕਹਿਣ ‘ਤੇ ਮਥਰਾ,ਵਰਿੰਦਾਵਨ,ਗੋਕੁਲ,ਬਰਸਾਨਾ, ਨੰਦ ਗਾਂਵ ਅਤੇ ਇਹਨਾਂ ਨਾਲ ਲਗਦੇ ਇਲਾਕਿਆਂ ਨੂੰ ਮੁੜ ਤੋਂ ਦੇਖਣ ਵਾਚਨ ਦਾ ਸਬੱਬ ਬਣਿਆ।
ਮੈਂ ਤੇ ਮੇਰੀ ਪਤਨੀ ਸ਼੍ਰੀ, ਮੇਰਾ ਦੋਸਤ ਸੁਖਦੇਵ ਤੇ ਉਸ ਦੀ ਪਤਨੀ ਸ਼੍ਰੀ ਨਾਲ, ਆਪਣੀ ਗੱਡੀ ‘ਤੇ ਵਰਿੰਦਾਵਨ ਤੇ ਹੋਰ ਲਗਦੇ ਇਲਾਕੇ ਦੇਖਣ ਲਈ ਚਾਲੇ ਪਾ ਦਿੱਤੇ। ਸਵੇਰੇ ਸੱਤ ਕੁ ਵਜੇ ਬਠਿੰਡਾ ਤੋਂ ਚੱਲ ਕੇ ਰਸਤੇ ‘ਚ ਮਸਤੀਆਂ ਕਰਦੇ ਸ਼ਾਮ ਨੂੰ ਸਾਢੇ ਪੰਜ ਕੁ ਵਜੇ ਪਹਿਲਾਂ ਹੀ ਬੁੱਕ ਕਰਾਈ ਹੋਟਲ ਨੁਮਾ ਧਰਮਸ਼ਾਲਾ( ਆਸ਼ਰਮ) ਵੀ.ਆਰ.ਸੀ. ਵਿਚ ਜਾ ਡੇਰੇ ਲਾਏ।
ਕਮਰੇ ਉਮੀਦ ਤੋਂ ਵੱਧ ਸੁੰਦਰ,ਸਾਫ਼ ਤੇ ਕਿਸੇ ਵੱਡੇ ਹੋਟਲ ਦਾ ਭੁਲੇਖਾ ਪਾ ਰਹੇ ਸਨ। ਜਿੰਨ੍ਹਾਂ ਦਾ  ਇੱਕ ਦਿਨ ਦਾ ਕਿਰਾਇਆ ਪੰਦਰਾ ਸੌ ਰੁਪਏ ਸੀ। ਖਾਣੇ, ਚਾਹ,ਪਾਣੀ ਦੀ ਵੀ ਕੋਈ ਦਿੱਕਤ ਪੇਸ਼ ਨਹੀਂ ਆਈ।
ਥੋੜ੍ਹਾ ਆਰਾਮ ਫਰਮਾਂ ਕੇ ਸਫ਼ਰ ਦੇ ਮੰਤਵ ਦੀ ਸ਼ੁਰੂਆਤ ਵੀ ਅੱਜ ਤੋਂ ਹੀ ਸ਼ੁਰੂ ਕਰਨ ਦੀ ਸੋਚੀ। ਹਾਲਾਂ ਕਿ ਪੰਜ ਸੌ ਕਿਲੋਮੀਟਰ ਗੱਡੀ ਚਲਾ ਕੇ ਸਫ਼ਰ ਦੀ ਸਰੀਰਕ ਟੁੱਟ ਭੱਜ ਵੀ ਸੀ ਪਰ *ਸਰਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਵਾਲੀ ਗੱਲ ਹੋਣ ਦੀ ਸੰਭਾਵਨਾ ਨਹੀਂ ਸੀ* ਕਿਉਂਕਿ ਮੇਰੀ ਅਰਧਾਂਗਨੀ ਤੇ ਸੁਖਦੇਵ ਮਿੱਤਰ ਦੀ ਅਰਧਾਂਗਨੀ ਦੀ ਸੁਰ ਤੋਂ ਬਾਹਰ ਅਸੀਂ ਕੋਈ ਬੇ ਸੁਰੀ ਗੱਲ ਕਰਨ ਦੀ ਸੋਚ ਵੀ ਨਹੀਂ ਸੀ ਸਕਦੇ। ਆਪਣੀ ਗੱਡੀ ਹੋਟਲ ਨੁਮਾ ਆਸ਼ਰਮ ਵਿਚ ਲਗਾ ਕੇ ਬਾਹਰੋਂ ਹੀ ਰਿਕਸ਼ਾ ਕੀਤਾ ਤੇ *ਬਾਂਕੇ ਬਿਹਾਰੀ ਦੇ ਮੰਦਰ* ਪਹਿਲੇ ਹੱਲੇ ਹੀ ਚਾਲੇ ਪਾ ਦਿੱਤੇ।
ਮੰਦਰ ਤੋਂ ਇੱਕ ਕਿਲੋਮੀਟਰ ਦੇ ਫ਼ਾਸਲੇ ‘ਤੇ ਹੀ ਰਿਕਸ਼ਾ ਵਾਲੇ ਚਾਲਕ ਦੇ ਹੱਥ ਖੜ੍ਹੇ ਹੋ ਗਏ।
ਉਹ ਆਪਣੇ ਦੋ ਸੌ ਰੁਪਏ ਖਰੇ ਕਰ ਕੇ ਭੀੜ ਦਾ ਵਾਸਤਾ ਪਾ ਕੇ ਚਲਾ ਗਿਆ। ਲੋਕੀਂ ਇਸ ਤਰ੍ਹਾਂ ਲਾਈਨਾਂ ਵਿਚ ਲੱਗੇ ਹੋਏ ਸਨ,ਲੱਗ ਰਿਹਾ ਸੀ, ਜ ਜਿਸ ਤਰ੍ਹਾਂ ਛੁੱਟੀਆਂ ਵਿਚ ਸਾਰਾ ਦੇਸ਼ ਹੀ ਰੁੱਸੇ ਬਾਂਕੇ ਬਿਹਾਰੀ ਨੂੰ ਮਨਾਉਣ ਲਈ ਵਰਿੰਦਾਵਨ ਆਇਆ ਹੋਇਆ ਹੋਵੇ।
                    ਮੱਥਾ ਟੇਕਣ ਵਾਲਿਆਂ ਦੀ ਲਾਈਨ ਕੀੜੀ ਚਾਲ ਨਾਲ ਖਿਸਕ ਰਹੀ ਸੀ ਉਸ ਤੋਂ ਇਸ ਤਰ੍ਹਾਂ ਲਗਦਾ ਸੀ ਕਿ ਮੱਥਾ ਟੇਕਣ ਦੀ ਵਾਰੀ ਤਾਂ ਦੋ ਤਿੰਨ ਦਿਨ ਵੀ ਨਹੀਂ ਆ ਸਕਦੀ।
ਸੁਖਦੇਵ ਨੇ ਰਿਕਸ਼ਾ ਵਾਲੇ ਨੂੰ ਕਿਹਾ ਕੋਈ ਹੀਲਾ ਵਸੀਲਾ ਤਾਂ ਕਰ ਕੇ ਦੇ ਜਾ‌ ਤਾਂ ਜੋ ਅਸੀਂ ਵੀ ਮੱਥਾ ਕਿਸੇ ਵੀ.ਆਈ.ਪੀ.ਕੋਟੇ ਵਿਚੋਂ ਟੇਕ ਸਕੀਏ।
ਉਸ ਨੇ ਕਿਹਾ,” ਤੁਸੀਂ ਇੱਕ ਮਿੰਟ ਲਈ ਲਾਈਨ ਵਿਚ ਤਾਂ ਲੱਗੋ ਹੁਣੇ ਮੱਥਾ ਪਹਿਲ ਦੇ ਆਧਾਰ ‘ਤੇ ਟਿਕਾਉਣ ਵਾਲੇ ਦਲਾਲ ਆਪੇ ਹੀ ਆ ਜਾਣਗੇ।”
ਉਸੇ ਤਰ੍ਹਾਂ ਹੀ ਹੋਇਆ। ਅੱਖ਼ ਦੇ ਫੋਰ ਵਿਚ ਹੀ ਇੱਕ ਬੰਦਾ ਆਇਆ ਸ਼ਾਇਦ ਉਸ ਨੇ ਸਾਡੀ ਮਾਨਸਿਕਤਾ ਪੜ੍ਹ ਲਈ ਸੀ ਕਿ ਇਹ ਨਾਜ਼ੁਕ ਸਰੀਰਾਂ ਵਾਲੇ ਬੰਦੇ ਤੇ ਬੰਦੀਆਂ ਦਾ ਸਰੀਰ ਲੰਮਾ ਸਮਾਂ ਲਾਈਨ ਵਿਚ ਲੱਗ ਕੇ ਮੱਥਾ ਟੇਕਣ ਲਈ ਮਾਨਸਿਕ ਤੌਰ ‘ਤੇ ਤਿਆਰ ਨਹੀਂ।
ਉਸ ਨੇ ਪਹਿਲ ਦੇ ਆਧਾਰ ‘ਤੇ ਮੱਥਾ ਟਿਕਾਉਣ ਲਈ ਆਪਣੀ ਆਫਰ ਸੁਖਦੇਵ ਵੱਲ ਸੁੱਟੀ।
ਚਾਰਾਂ ਦਾ ਦੋ ਹਜ਼ਾਰ ਰੁਪਿਆ ਮੰਗਿਆ ਤੇ ਆਖ਼ਰ ਪੰਦਰਾਂ ਸੌ ਵਿਚ ਸੌਦਾ ਸਿਰੇ ਲੱਗ ਗਿਆ। ਪਰ ਮੈਂ ਇਸ ਸੌਦੇ ਵਿਚ ਸ਼ਾਮਿਲ ਨਹੀਂ ਸੀ। ਅੰਦਰ ਖ਼ਾਤੇ ਮੇਰੀ ਜਿਗਿਆਸਾ ਵੀ ਵਧੀ ਹੋਈ ਸੀ ਕਿ ਧਰਮ ਦੇ ਠੇਕੇਦਾਰ ਕਿਵੇਂ ਲੋਕਾਂ ਦਾ ਘਾਣ ਕਰਦੇ ਹਨ।
ਆਖ਼ਰ ਉਹ ਸਾਨੂੰ ਲਾਈਨ ਵਿੱਚੋਂ ਕੱਢ ਕੇ ਭੀੜੀਆਂ ਗਲੀਆਂ ਵਿਚ ਦੀ ਹੁੰਦਾ ਹੋਇਆ ਇੱਕ ਉਸ ਘਰ ਵਿਚ ਲੈ ਗਿਆ ਜਿੱਥੇ ਅਸੀਂ ਆਪਣੇ ਜੁੱਤੇ ਉਤਾਰਣੇ‌ ਸਨ। ਉਸ ਨੇ ਸਾਡੀਆਂ ਚੱਪਲਾਂ, ਬੂਟ ਉਸ ਕਮਰੇ ਵਿਚ ਹੀ ਉਤਰਵਾਏ ਤੇ ਫਟਾ ਫਟ ਭੀੜ ਨੂੰ ਚੀਰਦਾ ਹੋਇਆ ਮੰਦਰ ਦੇ ਮੁੱਖ ਦਵਾਰ ਤੱਕ ਲੈ ਗਿਆ।
ਮੰਦਰ ਵਿਚ ਭੀੜ ਦੇਖ ਕੇ ਕਿਸੇ ਨੂੰ ਵੀ ਗਸ਼ ਪੈ ਸਕਦਾ ਹੀ ਨਹੀਂ ਸੀ ਸਗੋਂ ਪੈ ਵੀ ਰਹੇ ਸਨ।
ਇੱਕ ਦੋ ਲੜਕੀਆਂ ਤਾਂ ਭੀੜ ਨੇ ਐਨੀਆਂ ਕੁ ਮਧੋਲ ਦਿੱਤੀਆਂ ਸਨ ਕਿ ਉਹ ਰੋ ਰਹੀਆਂ ਸਨ।
ਮੈਂ ਤੇ ਪਤਨੀ ਨੇ ਦੂਰੋਂ ਹੀ ਸਥਾਪਿਤ ਮੂਰਤੀ ਦੇ ਦਰਸ਼ਨ ਕੀਤੇ ਤੇ ਮੰਦਰ ਦੇ ਅੰਦਰ ਹੀ ਬਣੇ ਥੜ੍ਹੇ ਦੀ ਓਟ ਵਿਚ ਆਪਣੇ ਆਪ ਨੂੰ ਸੁਰੱਖਿਅਤ ਕੀਤਾ।
ਦਲਾਲ ਦੀ ਇੱਕ ਅੱਖ਼ ਮੇਰੇ ਅਤੇ ਪਤਨੀ ਵਿਚ ਅਤੇ ਦੂਜੀ ਅੱਖ਼ ਮਿੱਤਰ ਸੁਖਦੇਵ ਤੇ ਉਸ ਦੀ ਪਤਨੀ ਵੱਲ ਰੱਖ ਰਿਹਾ ਸੀ ਕਿਉਂਕਿ
ਵਾਅਦੇ ਮੁਤਾਬਕ ਉਸ ਨੂੰ ਪੈਸੇ,ਮੱਥਾ ਟੇਕਣ ਤੋਂ ਬਾਅਦ ਦੇਣੇ ਕੀਤੇ ਹੋਏ ਸਨ। ਭੀੜ ਨੇ ਸਭ ਦਾ ਦਿਮਾਗ਼ ਖ਼ਰਾਬ ਕਰ ਦਿੱਤਾ ਸੀ।
ਆਖ਼ਰ ਮੈਂ ਤੇ ਪਤਨੀ ਤਾਂ ਭੀੜ ਤੋਂ ਬਚਦੇ ਬਚਾਉਂਦੇ ਮੰਦਰ ਤੋਂ ਬਾਹਰ ਆ ਗਏ ਪਰ ਸੁਖਦੇਵ ਤੇ ਉਸ ਦੀ ਪਤਨੀ ਬਾਂਕੇ ਬਿਹਾਰੀ ਦੇ ਦਰਸ਼ਨ ਜਿਆਦਾ ਹੀ ਨੇੜੇ ਤੋਂ ਕਰਨ ਦੇ ਚੱਕਰ ਵਿਚ ਅੰਦਰ ਹੀ ਘਿਰ ਗਏ। ਕਿਉਂਕਿ ਮੰਦਰ ਦੀ ਮਰਿਆਦਾ ਅਨੁਸਾਰ ਮੰਦਰ ਅੱਧੇ ਘੰਟੇ ਲਈ ਬੰਦ ਹੋਣਾ ਸੀ।
ਦਲਾਲ ਸਾਡੇ ਨਾਲ ਹੀ ਬਾਹਰ ਆ ਗਿਆ ਸੀ।
ਉਹ ਵਾਰ ਵਾਰ ਆਪਣੇ ਕੰਮ ਦਾ ਮਿਹਨਤਾਨਾ ਮੰਗ ਰਿਹਾ ਸੀ ਪਰ ਮੈਂ ਤਾਂ ਉਸ ਨਾਲ ਪੈਸਿਆਂ ਦੀ ਕੋਈ ਖੋਲ੍ਹ ਨਹੀਂ ਖੋਲ੍ਹੀ ਸੀ।
ਉਸ ਕਹਿ ਰਿਹਾ ਸੀ ਤੁਹਾਡੇ ਨਾਲ ਦੇ ਤਾਂ ਅੱਧੇ ਘੰਟੇ ਲਈ ਅੰਦਰ ਬਲੌਕ ਹੋ ਗਏ ਹਨ ਪਰ ਮੈਂ ਤਾਂ ਅੱਗੇ ਹੋਰ ਕੰਮ ਵੀ ਕਰਨਾ ਹੈ ਮੈਨੂੰ ਮੇਰਾ ਮਿਹਨਤਾਂ ਪੰਦਰਾਂ ਸੌ ਰੁਪਏ ਦੇਵੋ।
ਮੈਂ ਉਸ ਨੂੰ ਬਥੇਰਾ ਜੋਰ ਦੇ ਕੇ ਕਿਹਾ ਅਸੀਂ ਤੇਰੇ ਟਿਕਾਣੇ ਤੋਂ ਆਪਣੇ ਜੁੱਤੇ,ਚੱਪਲਾਂ ਵੀ ਲੈਣੀਆਂ ਹਨ ਉਹਨਾਂ ਨੂੰ ਆਉਣ ਤੇ ਤੇਰੇ ਪੈਸੇ ਵੀ ਦੇ ਦੇਵਾਂਗੇ। ਪਰ ਉਹ ਮੰਨਣ ਵਿਚ ਨਹੀਂ ਸੀ ਆ ਰਿਹਾ।
ਸੁਖਦੇਵ ਨਾਲ ਫ਼ੋਨ ਨਹੀਂ ਸੀ ਮਿਲ ਰਿਹਾ। ਆਖ਼ਰ ਮਿਸਜ਼ ਨੂੰ ਤਰਸ ਆਇਆ ਕਿ ਇਸ ਨੂੰ ਤਾਂ ਪੈਸੇ ਦੇ ਕੇ ਤੋਰੋ।
ਪਤਨੀ ਨੇ ਉਸ ਨੂੰ ਕਿਹਾ,” ਅੱਛਾ ਅਸੀਂ ਤੈਨੂੰ ਪੰਦਰਾਂ ਸੌ ਰੁਪਏ ਦੇ ਦਿੰਨੇਂ ਆਂ, ਤੂੰ ਪਹਿਲਾਂ ਸਾਡੀਆਂ ਚੱਪਲਾਂ, ਜੁੱਤੀਆਂ ਆਪਣੇ ਟਿਕਾਣੇ ਤੋਂ ਲਿਆ ਦੇ।” ਉਹ ਕਹਿੰਦਾ,”
ਰਾਧੇ ! ਰਾਧੇ ! ਭੈਣ ਜੀ ! ਮੈਂ ਬ੍ਰਾਹਮਣ ਹਾਂ ਕਿਸੇ ਦੀਆਂ ਜੁੱਤੀਆਂ ਨੂੰ ਹੱਥ ਨਹੀਂ ਲਾਉਂਦਾ। ਤੁਸੀਂ ਮੇਰੇ ਨਾਲ ਚੱਲੋ ਤੁਹਾਡੀਆਂ ਜੁੱਤੀਆਂ,ਚੱਪਲਾਂ ਮੈਂ ਤੁਹਾਨੂੰ ਚੁਕਵਾ ਦਿੰਦਾ ਹਾਂ।
ਮਿਸਜ਼ ਨੇ ਇਸ ਗੱਲ ਨੂੰ ਕਾਫ਼ੀ ਮਹਿਸੂਸ ਕੀਤਾ ਕਿ ਮੈਂ ਪੰਡਤ ਜੀ ਨੂੰ ਜੁੱਤੀਆਂ ਚੁੱਕ ਕੇ ਲਿਆਉਣ ਲਈ ਕਿਉਂ ਕਹਿ ਦਿੱਤਾ।
ਪਰ ਮੈਂ ਸੋਚ ਰਿਹਾ ਸੀ ਕਿ ਜੁੱਤੀਆਂ ਨੂੰ ਹੱਥ ਨਹੀਂ ਲਾਉਂਦਾ ਪਰ ਦੋ ਨੰਬਰ ਦੇ ਪੈਸਿਆਂ ਨੂੰ ਹੱਥ ਲਾਉਂਦਾ ਹਾਂ। ਮੈਂ ਉਸ ਨਾਲ ਉਸ ਟਿਕਾਣੇ ਤੋਂ ਸਾਰਿਆਂ ਦੀਆਂ ਜੁੱਤੀਆਂ ਇੱਕ ਓਸ ਲਿਫ਼ਾਫ਼ੇ ਵਿਚ ਪਾ ਕੇ ਲਿਆਇਆ ਜਿਸ ਨੂੰ ਉਸ ਨੇ ਮੇਰੇ ਮੂਹਰਿਓਂ ਹੀ ਗਲੀ ਵਿੱਚੋਂ ਚੁੱਕਿਆ ਸੀ, ਜਿਸ ਵਿਚ ਪਾਣੀ ਦੀ ਵੀਹ ਲੀਟਰ ਦੀ ਕੇਨੀ ਪਾਈ ਹੁੰਦੀ ਹੈ।
ਉਸ ਦੀ ਉਸ ਬੈਠਕ ਵਿਚ ਜਿੱਥੇ ਅਸੀਂ ਸਭ ਨੇ ਜੁੱਤੇ ਉਤਾਰੇ ਸਨ ਇੱਕ ਪੁਲੀਸ ਵਾਲਾ ਵਰਦੀ ਧਾਰੀ ਮੁਲਾਜ਼ਮ ਤੇ ਇੱਕ ਸਧਾਰਨ ਜਿਹਾ ਬੰਦਾ ਬੈਠੇ ਸਨ। ਘਰ ਚਰਸ ਗਾਂਜੇ ਦੇ ਧੂੰਏਂ ਨਾਲ ਭਰਿਆ ਹੋਇਆ ਸੀ। ਪੁਲਿਸ ਮੁਲਾਜ਼ਮ ਇੱਕ ਚਰਸ ਦੀ ਇੱਕ ਹੋਰ ਸਿਗਰਟ ਨੂੰ ਭਰ ਰਿਹਾ ਸੀ। ਪੁਲਿਸ ਵਾਲਾ ਤੇ ਦੂਜਾ ਬੰਦਾ ਕ੍ਰਿਸ਼ਨ ਜੀ ਦੀ ਨਗਰੀ ਵਿਚ ਸ਼ਿਵ ਭੋਲੇ ਦੀ ਇਸ ਮਾਇਆ ਵਿਚ ਮਸਤ ਸਨ।
ਮੈਂ ਆਪਣੇ ਜੂਤੇ ਪੈਰਾਂ ਵਿਚ ਪਾਏ ਤੇ ਦੂਜਿਆਂ ਸਾਰਿਆਂ ਦੇ ਜੁੱਤੇ ਲਿਫ਼ਾਫ਼ੇ ਵਿਚ ਸੁੱਟ ਲਏ।
ਪੰਜ ਪੰਜ ਸੌ ਦੇ ਤਿੰਨ ਨੋਟ ਉਸ ਦੀ ਹਥੇਲੀ ਵਿਚ ਧਰੇ ਅਤੇ ਗੰਦੀਆਂ ਤੇ ਚਿੱਕੜ ਵਾਲੀਆਂ ਗਲੀਆਂ ਵਿੱਚੋਂ ਦੀ ਹੁੰਦਾ ਹੋਇਆ ਮੈਂ, ਕੱਛ ‘ਚ ਮਾਰਿਆ ਜੁੱਤਿਆਂ ਦਾ ਲਿਫ਼ਾਫ਼ਾ ਮੰਦਰ ਤੋਂ ਬਾਹਰ ਥੜ੍ਹੇ ‘ਤੇ ਬੈਠੀ ਪਤਨੀ ਜੀ ਦੇ ਚਰਨਾਂ ਵਿਚ ਜਾ ਸੁਸ਼ੋਭਿਤ ਕੀਤਾ ਅਤੇ ਜਦੋਂ ਉਸ ਦੀਆਂ ਚੱਪਲਾਂ ਕੱਢ ਕੇ ਉਸ ਨੂੰ ਮੈਂ ਦਿੱਤੀਆਂ ਤੇ ਪਾਉਣ ਲਈ ਕਿਹਾ ਉਸ ਨੇ ਇੱਕ ਦਮ ਕਿਹਾ ਹਾਏ ! ਹਾਏ ! ਤੁਸੀਂ ਚੱਪਲਾਂ ਨੂੰ ਹੱਥ ਲਾ ਕੇ ਮੇਰੇ ਤੇ ਕਿਉਂ ਭਾਰ ਚੜ੍ਹਾ ਰਹੇ ਹੋ। ਉਹ ਇਹ ਵੀ ਭੁੱਲ ਗਈ ਕਿ ਇਹ ਸਾਰੀਆਂ ਚੱਪਲਾਂ, ਜੁੱਤੀਆਂ ਮੈਂ ਹੀ ਉਸ ਘਰ ‘ਚੋਂ ਚੁੱਕ ਕਿ ਲਿਆਇਆ ਹਾਂ। ਸ਼ਾਇਦ ਉਸ ਦੇ ਦਿਮਾਗ਼ ਵਿਚੋਂ *ਮੈਂ ਪੰਡਤ ਹਾਂ* ਵਾਲੀ ਦਲਾਲ ਦੀ ਗੱਲ, ਅਜੇ ਤੱਕ ਨਹੀਂ ਸੀ ਨਿਕਲੀ। ਮੈਂ ਉਸ ਨੂੰ ਕਿਹਾ,” ਤੂੰ ਚੱਪਲ ਪਾ ਲੈ, ਮੈਂ ਪੰਡਤ ਨਹੀਂ।” ਪਤਨੀ ਹੱਸ ਪਈ।
ਪਤਨੀ ਨੇ ਮੈਨੂੰ ਦੱਸਿਆ ਕਿ ਤੁਹਾਡੇ ਚੱਪਲਾਂ ਲੈ ਕੇ ਆਉਣ ਦੇ ਦਰਮਿਆਨ ਇੱਕ ਨਜ਼ਦੀਕ ਹੀ ਬੈਠੇ ਸ਼ਖਸ ਵੱਲ ਇਸ਼ਾਰਾ ਕਰ ਕੇ ਕਿਹਾ,”ਇਸ ਪੰਡਤ ਜੀ ਨੇ ਮੈਨੂੰ ਖਜ਼ਾਨਾ ਲਿਆ ਕੇ ਦਿੱਤਾ ਹੈ।”
ਖ਼ਜ਼ਾਨੇ ਤੋਂ ਭਾਵ ਇੱਕ ਸਿੱਕਾ ਤੇ ਫੁੱਲ।
ਉਹ ਵੀ ਉੱਥੇ ਹੀ ਬੈਠਾ ਮੁਸਕਰਾ ਰਿਹਾ ਸੀ ਤੇ ਉਸ ਨੂੰ ਸ਼ਾਇਦ ਇਹ ਵੀ ਪਤਾ ਲੱਗ ਗਿਆ ਸੀ ਕਿ ਮੈਂ ਉਸ ਬੰਦੇ ਨੂੰ ਦੋ ਨੰਬਰ ਵਿਚ ਮੱਥਾ ਟਿਕਾਉਣ ਦੇ ਪੈਸੇ ਦਿੱਤੇ ਹਨ। ਉਹ ਵਾਰ ਵਾਰ ਖ਼ਜ਼ਾਨੇ ਦੀ ਗੱਲ ਕਰ ਕੇ ਮੈਥੋਂ ਕੁਛ ਰੁਪਏ ਡੁੱਕਣ ਦੀ ਕੋਸ਼ਿਸ਼ ਵਿਚ ਸੀ ਮੈਂ ਪਤਨੀ ਨੂੰ ਵਾਰ ਵਾਰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਇਸ ਨੂੰ ਵੀ ਖ਼ਜ਼ਾਨੇ ਦੇ ਬਦਲੇ ਕੁਝ ਪੈਸੇ ਡੁੱਕਣ ਦੀ ਤਲਾਸ਼ ਹੈ। ਮੈਂ ਜਦੋਂ ਉਸ ਦਾ ਹੱਥ ਨਾ ਧਰਾਇਆ ਤਾਂ ਆਖ਼ਰ ਉਹ ਫੁੱਟ ਹੀ ਪਿਆ। ਮੈਂ ਉਸ ਦੀ ਮਾਨਸਿਕਤਾ ਸਮਝ ਗਿਆ ਸੀ ਤੇ ਉਸ ਦੇ ਮੂੰਹੋਂ ਹੀ ਪੈਸਿਆਂ ਦੀ ਮੰਗ ਦੀ ਗੱਲ ਸੁਣਨਾ ਚਾਹੁੰਦਾ ਸੀ। ਹੁਣ ਮੈਨੂੰ ਚੋਰਾਂ ਦੀ ਇਮਾਨਦਾਰੀ ‘ਤੇ ਕੋਈ ਸ਼ੱਕ ਨਹੀਂ ਸੀ।
ਉਸ ਨੂੰ ਬਿੱਲੀ ਦੇ ਕੰਨ ਵਰਗਾ ਜਦੋਂ ਇੱਕ ਸੌ ਦਾ ਨੋਟ ਦਿੱਤਾ ਉਹ ਨਮਸਕਾਰ ਬੁਲਾ ਕੇ ਤੁਰਦਾ ਬਣਿਆ। ਐਨੇ ਨੂੰ ਮੰਦਰ ਦੇ ਕਪਾਟ ਫ਼ਿਰ ਤੋਂ ਖੁੱਲ੍ਹ ਗਏ ਤੇ ਮੇਰੇ ਦਿਮਾਗ਼ ਦੇ ਕਪਾਟ ਤਾਂ ਪਹਿਲਾਂ ਹੀ ਖੁੱਲ੍ਹ ਚੁੱਕੇ ਸਨ। ਮਿੱਤਰ ਸੁਖਦੇਵ ਤੇ ਉਸ ਦੀ ਪਤਨੀ ਮੱਥਾ ਟੇਕ ਕੇ ਬਾਹਰ ਆ ਚੁੱਕੇ ਸਨ।
ਚਲਦਾ……….
ਜਸਪਾਲ ਜੱਸੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੇਸਬੁੱਕ   
Next articleਪਾਰਕ ਸੰਭਾਲ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਦਾ ਇੱਕ ਵਫਦ ਬੀਤੇ ਦਿਨ ਕਾਰਜ ਸਾਧਕ ਅਫਸਰ ਨਗਰ ਕੌਂਸਲ ਸੰਗਰੂਰ ਨੂੰ ਮਿਲਿਆ