(ਸਮਾਜ ਵੀਕਲੀ)-ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ।ਬੰਦਾ ਰੋਟੀ ਵੀ ਖਾਂਦਾ ਹੈ ਤਾਂ ਉਸ ਦੀ ਫੋਟੋ ਸੋਸ਼ਲ ਮੀਡੀਆ ਤੇ ਪਾ ਦਿੰਦਾ ਹੈ।ਕਿਸੇ ਜ਼ਮਾਨੇ ਵਿੱਚ ਲੋਕ ਡਾਇਰੀ ਲਿਖਦੇ ਸਨ।ਉਸ ਡਾਇਰੀ ਵਿੱਚ ਆਪਣੇ ਮਨ ਦੀਆਂ ਪਰਤਾਂ ਫਰੋਲਦੇ ਸਨ।ਇਸ ਬਹੁਤ ਨਿੱਜੀ ਹੁੰਦਾ ਸੀ।ਉਸ ਡਾਇਰੀ ਨੂੰ ਉਹ ਸੰਭਾਲ ਕੇ ਤੇ ਲੁਕੋ ਕੇ ਰੱਖਦੇ ਸਨ।
ਅੱਜ ਹਰ ਗੱਲ ਸੋਸ਼ਲ ਮੀਡੀਅਾ ਤੇ ਲਿਖੀ ਜਾ ਰਹੀ ਹੈ।ਜ਼ਰਾ ਕੁ ਨਾਰਾਜ਼ਗੀ ਹੋਈ ਝੱਟ ਸੋਸ਼ਲ ਮੀਡੀਆ ਤੇ ਛਾਪ ਦਿੱਤੀ ਜਾਂਦੀ ਹੈ।ਆਪਣੇ ਨਿੱਜੀ ਮਸਲਿਆਂ ਦਾ ਸਾਰਾ ਖੁਲਾਸਾ ਸੋਸ਼ਲ ਮੀਡੀਆ ਤੇ ਕੀਤਾ ਜਾਂਦਾ ਹੈ।ਸਾਡੇ ਅਖੌਤੀ ਸਟਾਰ ਤਾਂ ਲਾਈਵ ਹੋ ਕੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲਾਂ ਕਰਦੇ ਹਨ।ਕਈ ਵਾਰ ਇੰਜ ਜਾਪਦਾ ਹੈ ਜਿਵੇਂ ਇਹ ਸਾਰਾ ਕੁਝ ਕੀਤਾ ਹੀ ਸੋਸ਼ਲ ਮੀਡੀਆ ਲਈ ਜਾਂਦਾ ਹੈ।
ਮਨੁੱਖ ਦੀ ਮਨੋਬਿਰਤੀ ਵਿੱਚ ਇੱਕ ਗੱਲ ਬਹੁਤ ਅਹਿਮ ਹੈ।ਜਦੋਂ ਅਸੀਂ ਕਿਸੇ ਨਾਲ ਨਾਰਾਜ਼ ਹੁੰਦੇ ਹਾਂ ਤਾਂ ਉਸ ਤੇ ਸਿਰਫ ਔਗੁਣ ਦੇਖਦੇ ਹਾਂ।ਭਾਵਨਾਵਾਂ ਦਾ ਵੇਗ ਹਮੇਸ਼ਾਂ ਇੱਕੋ ਜਿਹਾ ਨਹੀਂ ਰਹਿੰਦਾ।ਗੁੱਸਾ ਕੁਝ ਦੇਰ ਬਾਅਦ ਸ਼ਾਂਤ ਹੋ ਜਾਂਦਾ ਹੈ।ਫਿਰ ਉਸ ਵਿਅਕਤੀ ਦੇ ਗੁਣ ਨਜ਼ਰ ਆਉਣ ਲੱਗਦੇ ਹਨ।ਇਹ ਆਮ ਵਰਤਾਰਾ ਹੈ ਸਾਡੇ ਸਭ ਨਾਲ ਵਾਪਰਦਾ ਹੈ।
ਹੁਣ ਜੇਕਰ ਅਸੀਂ ਆਪਣੀਆਂ ਇਨ੍ਹਾਂ ਭਾਵਨਾਵਾਂ ਨੂੰ ਆਪਣੇ ਮਨ ਵਿੱਚ ਹੀ ਰੱਖਿਆ ਹੋਵੇ ਤਾਂ ਕੋਈ ਫ਼ਰਕ ਨਹੀਂ ਪੈਂਦਾ।ਸਾਡੇ ਰਿਸ਼ਤੇ ਖ਼ਰਾਬ ਨਹੀਂ ਹੁੰਦੇ।ਮਨ ਤੇ ਭਾਵਨਾਵਾਂ ਵਿੱਚ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਹਨ।ਜੇਕਰ ਇਹ ਆਪਣੇ ਆਪ ਤੱਕ ਹੀ ਰੱਖੀ ਜਾਵੇ ਹਰ ਰਿਸ਼ਤੇ ਦੀ ਮਰਿਆਦਾ ਬਣੀ ਰਹਿੰਦੀ ਹੈ।ਪਰ ਜਦੋਂ ਇਨ੍ਹਾਂ ਦਾ ਖਿਲਾਰਾ ਸੋਸ਼ਲ ਮੀਡੀਆ ਤੇ ਪਾ ਦਿੱਤਾ ਜਾਂਦਾ ਹੈ ਫਿਰ ਭ੍ਰਿਸ਼ਟ ਤਾਂ ਦੁਬਾਰਾ ਉਹੋ ਜਿਹਾ ਹੋਣਾ ਨਾਮੁਮਕਿਨ ਹੈ।
ਮਨ ਵਿਚ ਗੱਲ ਆਈ ਨਹੀਂ ਕਿ ਸੋਸ਼ਲ ਮੀਡੀਆ ਤੇ ਲਿਖ ਦਿੱਤੀ।ਸਾਰੇ ਜੱਗ ਵਿੱਚ ਖਿਲਾਰਾ ਪੈ ਗਿਆ।ਇਸ ਤੋਂ ਬਾਅਦ ਜੇ ਮਨ ਬਦਲ ਹੀ ਗਿਆ ਤਾਂ ਰਿਸ਼ਤੇ ਵਿਚਲੀ ਖਟਾਸ ਬਰਕਰਾਰ ਰਹੇਗੀ।ਕੱਲ੍ਹ ਉਦੋਂ ਤੱਕ ਹੀ ਆਪਣੀ ਹੁੰਦੀ ਹੈ ਜਦ ਤਕ ਆਪਣੇ ਮਨ ਵਿੱਚ ਰਹੇ।
ਕਾਹਲੀ ਦੇ ਇਸ ਯੁੱਗ ਵਿੱਚ ਹਰ ਕੰਮ ਬਹੁਤ ਕਾਹਲੀ ਵਿਚ ਕੀਤਾ ਜਾਂਦਾ ਹੈ।ਰੋਟੀ ਵੀ ਚਿੱਥ ਕੇ ਚਬਾ ਕੇ ਖਾਣੀ ਚਾਹੀਦੀ ਹੈ।ਜੇਕਰ ਚਬਾ ਕੇ ਨਾ ਖਾਧੀ ਜਾਵੇ ਤਾਂ ਹਜ਼ਮ ਨਹੀਂ ਹੁੰਦੀ।ਰਿਸ਼ਤੇ ਬੜੇ ਨਾਜ਼ੁਕ ਹੁੰਦੇ ਹਨ।ਇਨ੍ਹਾਂ ਦੀ ਡੋਰ ਇੱਕ ਵਾਰ ਟੁੱਟ ਜਾਵੇ ਤਾਂ ਹਮੇਸ਼ਾ ਲਈ ਇਕ ਗੰਢ ਪੈ ਜਾਂਦੀ ਹੈ।
ਕੀ ਜ਼ਰੂਰੀ ਹੈ ਕਿ ਜੋ ਵੀ ਸਾਡੀ ਨਿੱਜੀ ਜ਼ਿੰਦਗੀ ਵਿੱਚ ਵਾਪਰ ਰਿਹਾ ਹੈ ਉਸ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਜਾਵੇ।ਦੋ ਵਿਅਕਤੀਆਂ ਦੇ ਆਪਸੀ ਪਿਆਰ ਨੂੰ ਆਪਣੇ ਤੱਕ ਹੀ ਰੱਖਿਆ ਜਾਵੇ ਤਾਂ ਬਿਹਤਰ ਹੈ।ਸੋਸ਼ਲ ਮੀਡੀਆ ਤੇ ਤਸਵੀਰਾਂ ਪਾਉਣ ਨਾਲ ਪਿਆਰ ਵਧਦਾ ਨਹੀਂ।ਪਰ ਪਤਾ ਨਹੀਂ ਕਿਉਂ ਅੱਜ ਦੀ ਪੀੜ੍ਹੀ ਇੰਜ ਲੱਗਦਾ ਹੈ ਜਿਵੇਂ ਕੰਮ ਸਿਰਫ਼ ਸੋਸ਼ਲ ਮੀਡੀਆ ਤੇ ਦਿਖਾਉਣ ਲਈ ਹੀ ਕਰਦੀ ਹੈ।
ਛੁੱਟੀਆਂ ਵਿੱਚ ਕਿਤੇ ਘੁੰਮਣ ਗਏ,ਘਰੇ ਕੋਈ ਮਹਿਮਾਨ ਆਇਆ,ਬਾਹਰ ਕੁਝ ਖਾਣ ਗਏ,ਕੋਈ ਵਿਸ਼ੇਸ਼ ਪਕਵਾਨ ਬਣਾਇਆ,ਇੱਥੋਂ ਤਕ ਕਿ ਨਿੱਜੀ ਪਲਾਂ ਦੀਆਂ ਤਸਵੀਰਾਂ ਸ੍ਰੀ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ।ਇਹ ਕੋਈ ਠੀਕ ਵਰਤਾਰਾ ਨਹੀਂ।
ਅੱਜ ਦੀ ਪੀੜ੍ਹੀ ਇੱਕ ਪਾਸੇ ਤਾਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਪ੍ਰਾਈਵੇਸੀ ਮੰਗਦੀ ਹੈ ਤੇ ਦੂਜੇ ਪਾਸੇ ਸਭ ਕੁਸ਼ ਸੋਸ਼ਲ ਮੀਡੀਆ ਤੇ ਸਾਂਝਾ ਕਰ ਨਿੱਜੀ ਜ਼ਿੰਦਗੀ ਦੀਆਂ ਧੱਜੀਆਂ ਉਡਾਉਂਦੀ ਹੈ।
ਇਹ ਜ਼ਰੂਰੀ ਹੈ ਕਿ ਘਰੇਲੂ ਮਸਲਿਆਂ ਨੂੰ ਘਰ ਵਿੱਚ ਹੀ ਬੈਠ ਕੇ ਹੱਲ ਕੀਤਾ ਜਾਵੇ।ਤੁਹਾਡੀ ਕੋਈ ਚੰਗੇ ਮਿੱਤਰ ਤੋਂ ਨੂੰ ਚੰਗੀ ਹੀ ਸਲਾਹ ਦੇਣਗੇ।ਪਰ ਸੋਸ਼ਲ ਮੀਡੀਆ ਤੇ ਤੁਹਾਨੂੰ ਹਰ ਤਰ੍ਹਾਂ ਦਾ ਬੰਦਾ ਆਪਣੀ ਸਲਾਹ ਦਏਗਾ ਜੋ ਤੁਹਾਡੇ ਮਨ ਨੂੰ ਪ੍ਰਭਾਵਿਤ ਕਰੇਗੀ।ਆਪਸ ਵਿੱਚ ਬੈਠ ਕੇ ਮਸਲੇ ਨੂੰ ਹੱਲ ਕਰ ਲੈਣਾ ਬਿਹਤਰ ਹੈ।ਆਪਣੇ ਪਿਆਰਿਆਂ ਨਾਲ ਰੁੱਸ ਕੇ ਗਲ ਦਾ ਖਿਲਾਰਾ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਮਸਲਾ ਵਧ ਜਾਂਦਾ ਹੈ।
ਆਪਸ ਦੀਆਂ ਗੱਲਾਂ ਨੂੰ ਜਦੋਂ ਅਸੀਂ ਲੋਕਾਂ ਨਾਲ ਸਾਂਝਾ ਕਰਦੇ ਹਾਂ ਮੈਂ ਉਸ ਅੱਡੀਆਂ ਨਜ਼ਦੀਕੀਆਂ ਤੇ ਅਸਰ ਪਾਉਂਦਾ ਹੈ।ਕੋਸ਼ਿਸ਼ ਕਰੋ ਕਿ ਘਰ ਦੇ ਮਸਲਿਆਂ ਨੂੰ ਘਰ ਵਿੱਚ ਹੀ ਹੱਲ ਕਰੋ।ਬਣਦੀ ਹੋਈ ਗੱਲ ਨੂੰ ਵਿਗਾੜੋ ਨਾ।ਨਿੱਜੀ ਜ਼ਿੰਦਗੀ ਨੂੰ ਆਮ ਤੌਰ ਤੇ ਨਸ਼ਰ ਨਾ ਕਰੋ।ਰਿਸ਼ਤਿਆਂ ਦੀ ਡੋਰ ਬੜੀ ਨਾਜ਼ੁਕ ਹੁੰਦੀ ਹੈ।ਹਰ ਕਦਮ ਸੰਭਾਲ ਕੇ ਰੱਖੋ।
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly