ਹਾਕੀ: ਭਾਰਤੀ ਮਹਿਲਾ ਟੀਮ ਇਤਿਹਾਸ ਲਿਖਣ ਤੋਂ ਇਕ ਕਦਮ ਦੂਰ

ਟੋਕੀਓ (ਸਮਾਜ ਵੀਕਲੀ):  ਭਾਰਤੀ ਮਹਿਲਾ ਹਾਕੀ ਟੀਮ ਓਲੰਪਿਕ ਵਿੱਚ ਇਤਿਹਾਸ ਲਿਖਣ ਤੋਂ ਇਕ ਕਦਮ ਦੂਰ ਹੈ। ਟੀਮ ਨੂੰ ਭਲਕੇ ਟੋਕੀਓ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਆਸਟਰੇਲੀਆ ਤੋਂ ਸਖਤ ਚੁਣੌਤੀ ਦਰਪੇਸ਼ ਰਹੇਗੀ। ਭਾਰਤੀ ਟੀਮ ਨੇ ਆਇਰਲੈਂਡ ਤੇ ਦੱਖਣੀ ਅਫ਼ਰੀਕਾ ਖਿਲਾਫ਼ ਉਪਰੋਥੱਲੀ ਜਿੱਤਾਂ ਦਰਜ ਕਰਕੇ 6 ਅੰਕਾਂ ਨਾਲ ਪੂਲ ੲੇ ਵਿੱਚ ਚੌਥੀ ਥਾਵੇਂ ਰਹਿੰਦਿਆਂ 41 ਸਾਲਾਂ ਵਿੱਚ ਪਹਿਲੀ ਵਾਰ ਆਖਰੀ ਅੱਠ ਦੇ ਗੇੜ ਵਿੱਚ ਥਾਂ ਬਣਾਈ ਹੈ। ਪੂਲ ਦੀਆਂ ਸਿਖਰਲੀਆਂ ਚਾਰ ਟੀਮਾਂ ਨੌਕਆਊਟ ਗੇੜ ਵਿੱਚ ਪਹੁੰਚੀਆਂ ਹਨ। ਭਾਰਤੀ ਮਹਿਲਾ ਹਾਕੀ ਟੀਮ ਦਾ ਓਲੰਪਿਕ ’ਚ ਸਰਵੋਤਮ ਪ੍ਰਦਰਸ਼ਨ 1980 ਵਿੱਚ ਰਿਹਾ ਸੀ, ਜਦੋਂ ਛੇ ਟੀਮਾਂ ’ਚੋਂ ਚੌਥੇ ਸਥਾਨ ’ਤੇ ਰਹੀ ਸੀ।

ਰਾਣੀ ਰਾਮਪਾਲ ਦੀ ਅਗਵਾਈ ਵਾਲੀ ਟੀਮ ਨੇ ਲਗਾਤਾਰ ਤਿੰਨ ਹਾਰਾਂ ਮਗਰੋਂ ਵਾਪਸੀ ਕਰਨ ਦਾ ਜ਼ਬਰਦਸਤ ਜਜ਼ਬਾ ਤੇ ਦ੍ਰਿੜ ਸੰਕਲਪ ਦਿਖਾਇਆ, ਜਿਸ ਦੀ ਭਲਕੇ ਆਸਟਰੇਲੀਆ ਵੱਲੋਂ ਪ੍ਰੀਖਿਆ ਲਈ ਜਾਵੇਗੀ। ਟੂਰਨਾਮੈਂਟ ਦੌਰਾਨ ਭਾਰਤੀ ਮਹਿਲਾ ਖਿਡਾਰਨਾਂ ਨੇ ਗੋਲ ਕਰਨ ਦੇ ਕਈ ਮੌਕੇ ਬਣਾਏ, ਪਰ ਉਨ੍ਹਾਂ ਵਿੱਚ ਫਿਨਸ਼ਿੰਗ ਦੀ ਘਾਟ ਨਜ਼ਰ ਆਈ। ਰਾਣੀ ਦੀ ਅਗਵਾਈ ਵਾਲੀ ਮੂਹਰਲੀ ਕਤਾਰ ਪੂਲ ਗੇੜ ਦੌਰਾਨ ਕਾਫ਼ੀ ਅਸਰਦਾਰ ਰਹੀ, ਪਰ ਸ਼ਰਮਿਲਾ ਦੇਵੀ, ਲਾਲਰੇਮਸਿਆਮੀ ਤੇ ਖੁ਼ਦ ਰਾਣੀ ਨੇ ਕਈ ਮੌਕੇ ਗੁਆਏ। ਹੁਣ ਤੱਕ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰਨ ’ਚ ਭਾਰਤ ਦਾ ਪ੍ਰਦਰਸ਼ਨ ਨਮੋਸ਼ੀਜਨਕ ਰਿਹਾ ਹੈ। ਡਰੈਗ ਫਲਿੱਕਰ ਗੁਰਜੀਤ ਕੌਰ ਇਸ ਕੰਮ ’ਚ ਪੂਰੀ ਤਰ੍ਹਾਂ ਫਿੱਕੀ ਰਹੀ ਹੈ।

ਟੀਮ ਨੂੰ ਪੰਜ ਪੂਲ ਮੈਚਾਂ ਵਿੱਚ 33 ਪੈਨਲਟੀ ਕਾਰਨਰ ਮਿਲੇ ਹਨ, ਜਿਸ ਵਿੱਚ ਸਿਰਫ਼ ਚਾਰ ਨੂੰ ਹੀ ਗੋਲ ਵਿੱਚ ਬਦਲਿਆ ਜਾ ਸਕਿਆ ਹੈ। ਸੈਮੀ ਫਾਈਨਲ ਵਿੱਚ ਥਾਂ ਪੱਕੀ ਕਰਨ ਲਈ ਭਲਕੇ ਗੁਰਜੀਤ ਨੂੰ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਹੋਵੇਗਾ। ਉਧਰ ਆਸਟਰੇਲੀਅਨ ਟੀਮ ਭਾਰਤ ਖਿਲਾਫ਼ ਪ੍ਰਬਲ ਦਾਅਵੇਦਾਰਾਂ ਵਜੋਂ ਮੈਦਾਨ ਵਿੱਚ ਉਤਰੇਗੀ। ਆਸਟਰੇਲੀਆ ਨੇ ਆਪਣੇ ਪੂਲ ਵਿੱਚ ਸਾਰੇ ਮੈਚ ਜਿੱਤੇ ਹਨ। ਟੀਮ ਨੇ 13 ਗੋਲ ਕੀਤੇ ਹਨ ਤੇ ਇਕ ਗੋਲ ਖਾਧਾ ਹੈ। ਭਾਰਤੀ ਟੀਮ ਦੇ ਮੁੱਖ ਕੋਚ ਸੋਰਡ ਮਾਰਿਨ ਦਾ ਮੰਨਣਾ ਹੈ ਕਿ ਨੌਕਆਊਟ ਗੇੜ ਪੂਲ ਗੇੜ ਨਾਲੋਂ ਕਾਫ਼ੀ ਵੱਖਰਾ ਹੋਵੇਗਾ। ਉਨ੍ਹਾਂ ਕਿਹਾ, ‘‘ਟੂਰਨਾਮੈਂਟ ਫਿਰ ਤੋਂ ਸ਼ੁਰੂ ਹੋਵੇਗਾ। ਪੂਲ ਮੈਚਾਂ ਵਿੱਚ ਤੁਸੀਂ ਕਿਵੇਂ ਖੇਡੇ ਹੁਣ ਇਹ ਮਾਇਨੇ ਨਹੀਂ ਰੱਖਦਾ। ਇਹ ਨਵੀਂ ਸ਼ੁਰੂਆਤ ਹੋਵੇਗੀ।’’

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਤਰ-ਪੂਰਬੀ ਰਾਜਾਂ ਦੀਆਂ ਹੱਦਾਂ ਦੀ ‘ਸੈਟੇਲਾਈਟ ਇਮੇਜਿੰਗ’ ਕਰਾਏਗਾ ਕੇਂਦਰ
Next articleThailand’s Covid-19 tally tops 600,000, tighter curbs extended