(ਸਮਾਜ ਵੀਕਲੀ)
ਖੋਦਣ ਤੋਂ ਮਿਲਿਆ ਇਤਿਹਾਸ
ਜੋ ਤੇਰੇ ਦਰਬਾਰ ਵਿੱਚ
ਇਹ ਸੁਰੰਗਾਂ ਜਾਂ ਟਿੱਲੇ
ਜਾਂ ਕੁਟੀਆ ਫਕੀਰਾਂ ਦੀ
ਇਥੇ ਛੁਹ ਹੈ ਗੁਰੂਆਂ,
ਦਰਵੇਸ਼ਾਂ ਤੇ ਪੀਰਾਂ ਦੀ
ਇਥੇ ਜ਼ਜਬ ਹੈ ਬਾਣੀ
ਪ੍ਰਵਚਨ ਤੇ ਗੋਸ਼ਟਾਂ ਦੀ ‘ਵਾਜ
ਰਹੇ ਇੱਥੇ ਗੁਣਗੁਣਾਉਂਦੇ
ਸਾਰੰਗੀ ਤੇ ਰਬਾਬ ਜਿਹੇ ਸਾਜ਼
ਨਸਲਾਂ ਲਈ ਜਗਾ ਇਹ ਸਾਂਭਣਯੋਗ
ਮੁੰਡੀ ਘੁਮਾ ਕੇ ਜਦ ਪਿੱਛੇ ਹਾਂ ਦੇਖਦੇ
ਅਵੱਲਾ ਈ ਲੱਗਾ ਹੈ
ਇਹਦੇ ਰਾਖਿਆਂ ਨੂੰ ਰੋਗ
ਇੱਕ ਲੱਤ ‘ਤੇ ਖੜ੍ਹਨਗੇ
ਤੇ ਮਕਰਾਨੇ ਵੱਲ ਉਡਾਰੀਆਂ ਭਰਨਗੇ
ਹਾਬੜੇ ਖੀਸੇ ਇਨ੍ਹਾਂ ਬੁੱਢੇ ਧੌਲਿਆਂ ਦੇ ਹੱਡ ਚਰਨਗੇ
ਲੋਹ ਗੱਲੇ ਮੂੰਹ ਅੱਡਣਗੇ
ਮਾਸੂਮਾਂ ਦੇ ਮੂੰਹ ਦੀ ਬੁਰਕੀ,
ਹੱਥਾਂ ਦੇ ਕਾਇਦੇ, ਬਿਰਧਾਂ ਦੀ ਦਵਾਈ
ਇਨ੍ਹਾਂ ਗੱਲਿਆਂ ਚ ਡਿੱਗੇਗੀ
ਸਦੀਆਂ ਤੋਂ ਸਾਂਭ ਰੱਖੇ
ਇਸ ਦਰਬਾਰ ਦੀ ਮਿੱਟੀ ਨੇ ਜੋ
ਪੁਰਖਿਆਂ ਦੇ ਹੱਥ-ਚਿੰਨ੍ਹ, ਪਦ-ਚਿੰਨ੍ਹ
ਕਿਰਤੀਆਂ ਦੇ ਮੁੜਕੇ ਦੀ ਸੁਗੰਧ
ਹੱਕੇ ਬੱਕੇ ਹੋਣਗੇ ਕੰਬ ਉਠਣਗੇ
ਚਿੱਟੇ ਚੋਲੇ ਦੇ ਹੱਥ ‘ਚ
ਬੱਠਲ ਤੇ ਕਹੀ ਦੇਖ ਕੇ
ਸੋ ਨਿਹਾਲ ਦੇ ਨਾਹਰਿਆਂ ਦਾ
ਬੇਹੋਸ਼ਾ ਜੋਸ਼ ਖੜਕਾਏਗਾ
ਨਿੱਕੀ ਇੱਟ ਨਾਲ ਨਿੱਕੀ ਇੱਟ
ਭੇਸਧਾਰੀ ਅੰਧਕਾਰ ਨੂੰ ਟੱਕਰੇਗਾ
ਬੁੱਢੀਆਂ ਥੇਹਾਂ ਚ ਵਗਦਾ ਫਲਸਫਾ
ਸੋਨ-ਪੱਤਰਾਂ ਤੇ ਦੂਧੀਅਾ-ਸੰਗ ਨੂੰ ਪੁੱਛੇਗਾ
ਭੁੱਖੇ, ਬੇ-ਅੱਖਰੇ, ਬੇ-ਰਿਜ਼ਕੇ
ਰਗੜਦੇ ਚਿੰਤਤ ਮੱਥਿਆਂ ਬਾਰੇ
ਬੋਲੇ ਕਹੀਆਂ ਬੱਠਲਾਂ ਦਾ ਖੜਾਕ
ਦੁਹਰਾਏਗਾ ਕਾਰ-ਸੇਵਾ ਦਾ ਇਤਿਹਾਸ
ਕੁਲਦੀਪ ਸਿੰਘ
ਚੰਡੀਗੜ੍ਹ
ਮੋਬਾਇਲ 9814183216
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly