(ਸਮਾਜ ਵੀਕਲੀ)
ਅਸਾਂ ਜੋ
ਆਪਣੇ ਬਜ਼ੁਰਗਾਂ ਤੋਂ ਸੁਣਿਆਂ
ਤੇ ਜੋ ਪੜ੍ਹਿਆ
ਉਹ ਸਭ ਕੁੱਝ
ਵਿਗਾੜ ਧਰਿਆ
ਨਾਇਕ ਖਲਨਾਇਕ
ਤੇ
ਖਲਨਾਇਕ ਨਾਇਕ
ਬਣਾ ਧਰੇ
ਕਿਤਾਬਾਂ ਦੇ ਅੰਦਰ
ਪਰ ਕਦੋਂ ਉਹ
ਫਿੱਟ ਹੋਣਗੇ
ਸਮਿਆਂ ਦੇ ਹਿਸਾਬਾਂ ਦੇ ਅੰਦਰ
ਕੌਣ ਕੀ ਸੀ
ਅਜੇ ਬਹੁਤੀ ਦੇਰ ਨਹੀਂ ਹੋਈ
ਇਹ ਸਭ ਨੂੰ ਪਤਾ ਹੈ
ਪਰ
ਨਸ਼ੇ ‘ਚ ਗੜੂੱਚ
ਜੋ ਸਤ੍ਹਾ
ਉਸ ਨੂੰ ਹੋਸ਼
ਨਹੀ ਹੈ ਰਤਾ
ਕਿ
ਮਿਥਹਾਸ ਕਦੇ
ਇਤਹਾਸ ਨਹੀਂ ਬਣਦੇ ਹੁੰਦੇ
ਝੂਠੇ ਕਾਗਜ਼ਾਂ ਦੇ ਪੁਲੰਦੇ
ਕਦੇ ਸਬੂਤ ਨਹੀਂ ਹੁੰਦੇ
ਕਿਉਂਕਿ
ਵਕਤ ਨੇ ਤਾਂ
ਆਪਣੇ ਤਰੀਕੇ ਨਾਲ ਤੁਰਨਾ ਹੈ
ਤੇ
ਉਸ ਨੇ
ਕਦੋਂ ਵਾਪਸ ਮੁੜਨਾਂ ਹੈ।
ਇਤਹਾਸ
ਕਦੇ ਤਖ਼ਤ ਦੀ
ਤਖ਼ਤੀ ‘ਤੇ
ਵਿਕੀਆਂ ਕਲਮਾਂ ਹੱਥੋਂ
ਸਿਫਾਰਸ਼ ਦੀ ਸਿਆਹੀ ਸੰਗ
ਨਹੀਂ ਲਿੱਖੇ ਜਾਂਦੇ
ਇਤਹਾਸ ਤਾਂ ਸਿਰਜੇ ਜਾਂਦੇ ਹਨ
ਇਤਹਾਸ ਜਾਂ
ਜਾਬਰਾਂ ਦਾ ਹੁੰਦਾ ਹੈ
ਜਾਂ ਨਾਬਰਾਂ ਦਾ ਹੁੰਦਾ ਹੈ
ਮੁਖਬਰਾਂ ਦਾ ਨਹੀਂ
ਜੋ ਬੌਣੇ ਮੁਫਾਦਾਂ ਤੋਂ
ਹਲਕੇ ਸਵਾਦਾਂ ਤੋਂ
ਕਦੇ ਹੁੰਦੇ ਨਹੀ ਅਜ਼ਾਦ
ਜ਼ਰਾ ਇਹ ਤਾਂ ਦੱਸੋ
ਤਖ਼ਤਾਂ ਦੀ ਤਰਫਦਾਰੀ
ਆਪਣੇ ਆਪ ‘ਚ
ਵਿਲੱਖਣ ਇਤਹਾਸ ਕਦੋਂ ਬਣੀਂ ਹੈ?
ਅਸਲ ਇਤਹਾਸ ਤਾਂ
ਨਾਬਰ ਯੁਧਾਂ ‘ਚੋਂ
ਜੰਮਦਾ ਹੈ
ਜੋ ਅੰਨ੍ਹੇ ਧੱਕੇ ਨੂੰ
ਹਿੱਕ ਠੋਕ ਥੰਮਦਾ ਹੈ
ਮਹਿਮਾ ਗਾਣ
ਕਦੇ ਇਤਹਾਸ ਨਹੀਂ ਹੁੰਦੇ
ਤੇ
ਇਤਹਾਸ ਵੀ
ਕਦੇ ਮਿਥਹਾਸ ਨਹੀਂ ਹੁੰਦੇ।
ਡਾ ਮੇਹਰ ਮਾਣਕ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly