ਜਲੰਧਰ (ਸਮਾਜ ਵੀਕਲੀ) ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਬੋਰਡ ਆਫ ਟਰੱਸਟੀਜ ਦੀ ਮੀਟਿੰਗ ਚੇਅਰਮੈਨ ਸ੍ਰੀ ਸੋਹਨ ਲਾਲ ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ ਜਲੰਧਰ ਵਿਖੇ ਹੋਈ। ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 27 ਅਕਤੂਬਰ 1951 ਨੂੰ ਅੰਬੇਡਕਰ ਭਵਨ ਵਿਖੇ ਆਗਮਨ ਦਿਵਸ ਮਨਾਉਣ ਲਈ 27 ਅਕਤੂਬਰ 2024 ਨੂੰ ਫ੍ਰੀ ਮੈਡੀਕਲ ਚੈੱਕ ਅਪ ਕੈਂਪ ਲਗਾਇਆ ਜਾਵੇਗਾ। ਯਾਦ ਰਹੇ ਕਿ 27 ਅਕਤੂਬਰ 1951 ਨੂੰ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜਲੰਧਰ ਵਿਖੇ ਇਸ ਸਥਾਨ ‘ਤੇ ਪਧਾਰੇ ਸਨ ਅਤੇ ਲੱਖਾਂ ਲੋਕਾਂ ਨੂੰ ਸੰਬੋਧਨ ਕੀਤਾ ਸੀ। ਬਾਬਾ ਸਾਹਿਬ ਦੀ ਇਸ ਚਰਨ ਛੋਹ ਪ੍ਰਾਪਤ ਭੂਮੀ ਨੂੰ ਉੱਘੇ ਅੰਬੇਡਕਰਵਾਦੀ, ਨਿਡਰ ਬੁਲਾਰੇ, ਮਹਾਨ ਚਿੰਤਕ, ਭੀਮ ਪਤ੍ਰਿਕਾ ਦੇ ਸੰਪਾਦਕ ਸ੍ਰੀ ਲਾਹੌਰੀ ਰਾਮ ਬਾਲੀ ਨੇ ਆਪਣੇ ਸਾਥੀ ਸ੍ਰੀ ਕਰਮ ਚੰਦ ਬਾਠ ਦੇ ਸਹਿਯੋਗ ਨਾਲ ਲੋਕਾਂ ਕੋਲੋਂ ਇੱਕ ਇੱਕ ਰੁਪਈਆ ਇਕੱਠਾ ਕਰਕੇ 1963 ਵਿੱਚ ਇਹ ਭੂਮੀ ਖਰੀਦੀ ਅਤੇ 1972 ਵਿੱਚ ਇਸ ਦਾ ਟਰੱਸਟ ਬਣਾ ਕੇ ਆਪਣੇ ਟਰੱਸਟੀ ਸਾਥੀਆਂ ਦੇ ਸਹਿਯੋਗ ਨਾਲ ਇਸ ਇਤਿਹਾਸਿਕ, ਪਵਿੱਤਰ ਭੂਮੀ ਤੇ ਬਹੁਤ ਆਲੀ ਸ਼ਾਨ ਅੰਬੇਡਕਰ ਭਵਨ ਦਾ ਨਿਰਮਾਣ ਕੀਤਾ। ਇਹ ਅੰਬੇਡਕਰ ਭਵਨ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ‘ਤੇ ਸਮਾਜਿਕ, ਅੰਬੇਡਕਰੀ ਅਤੇ ਬੋਧੀ ਗਤੀਵਿਧੀਆਂ ਦਾ ਕੇਂਦਰ ਹੈ। ਅੰਬੇਡਕਰ ਭਵਨ ਵਿੱਚ ਦੋ ਵੱਡੇ ਹਾਲ, ਜਿੱਥੇ ਮਿਸ਼ਨਰੀ ਅਤੇ ਸਮਾਜਿਕ ਸੰਸਥਾਵਾਂ ਦੀਆਂ ਗਤੀਵਿਧੀਆਂ ਚਲਦੀਆਂ ਰਹਿੰਦੀਆਂ ਹਨ। ਇਹ ਹਾਲ ਆਮ ਜਨਤਾ ਨੂੰ ਆਪਣੇ ਸਮਾਜਿਕ ਅਤੇ ਪ੍ਰਵਾਰਿਕ ਸਮਾਗਮ ਕਰਨ ਵਾਸਤੇ ਨਾਮ-ਮਾਤਰ ਕਿਰਾਏ ਤੇ ਉਪਲਬਧ ਕਰਾਏ ਜਾਂਦੇ ਹਨ। ਭਵਨ ਵਿਚ ਇੱਕ ਡਾ. ਅੰਬੇਡਕਰ ਲਾਇਬ੍ਰੇਰੀ ਵੀ ਹੈ ਜਿੱਥੇ ਵਿਦਿਆਰਥੀ ਆਪਣਾ ਖੋਜ ਦਾ ਕੰਮ ਕਰਦੇ ਹਨ। ਅੰਬੇਡਕਰ ਭਵਨ ਦੇ ਵਿਹੜੇ ਵਿਚ ਦਸ ਫੁੱਟ ਉੱਚੀ ਬੁੱਧ ਦੀ ਇਕ ਬਹੁਤ ਹੀ ਸੁੰਦਰ ਚਿੱਟੀ ਮੂਰਤੀ ਹੈ, ਜਿੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। 27 ਅਕਤੂਬਰ 2024 ਐਤਵਾਰ ਨੂੰ ਲਗਾਏ ਜਾ ਰਹੇ ਫ੍ਰੀ ਮੈਡੀਕਲ ਚੈਕਅੱਪ ਕੈਂਪ ਵਿੱਚ ਯੋਗਤਾ ਪ੍ਰਾਪਤ ਅਤਿ ਤਜਰਬੇਕਾਰ ਡਾ. ਚਰਨਜੀਤ ਸਿੰਘ ਐਮਐਸ ਔਰਥੋ, ਸਾਬਕਾ ਪੀਸੀਐਮਐਸ, ਐਸਐਮ ਓ; ਡਾ. ਚੰਦਰ ਪ੍ਰਕਾਸ਼ ਐਮਬੀਬੀਐਸ, ਸਾਬਕਾ ਪੀਸੀਐਮਐਸ, ਐਸਐਮ ਓ; ਡਾ. ਅਮਰਦੀਪ ਸਿੰਘ ਐਮਬੀਬੀਐਸ, ਪੀਸੀਐਮਐਸ; ਡਾ. (ਸ਼੍ਰੀਮਤੀ) ਨਵਦੀਪ ਐਮਬੀਬੀਐਸ, ਅਤੇ ਡਾ. (ਸ਼੍ਰੀਮਤੀ) ਜੈਸਮੀਨ ਐਮਬੀਬੀਐਸ, ਪੀਸੀਐਮਐਸ ਪਹੁੰਚ ਰਹੇ ਹਨ । ਮਰੀਜ਼ਾਂ ਦਾ ਫ੍ਰੀ ਮੈਡੀਕਲ ਚੈਕਅੱਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਅੰਬੇਡਕਰ ਭਵਨ ਦੇ ਟਰੱਸਟੀਆਂ ਨੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਮਰੀਜ਼ ਇਸ ਫ੍ਰੀ ਮੈਡੀਕਲ ਚੈਕਅੱਪ ਕੈਂਪ ਦਾ ਲਾਭ ਉਠਾਉਣ। ਇਸ ਮੌਕੇ ਡਾ. ਜੀਸੀ ਕੌਲ, ਡਾ. ਸੁਰਿੰਦਰ ਅਜਨਾਤ, ਬਲਦੇਵ ਰਾਜ ਭਾਰਦਵਾਜ, ਚਰਨ ਦਾਸ ਸੰਧੂ, ਹਰਮੇਸ਼ ਜੱਸਲ ਅਤੇ ਮਹਿੰਦਰ ਪਾਲ ਸੰਧੂ ਹਾਜ਼ਰ ਸਨ। ਇਹ ਜਾਣਕਾਰੀ ਟਰੱਸਟ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।
ਬਲਦੇਵ ਰਾਜ ਭਾਰਦਵਾਜ,
ਵਿੱਤ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ.)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly