ਨਵਾਂਸ਼ਹਿਰ ਦੇ ਇਤਿਹਾਸਕ ਬਾਰਾਦਰੀ ਬਾਗ਼ ਦੀ ਹੋਵੇਗੀ ਕਾਇਆ ਕਲਪ

ਜਲਦ ਸ਼ੁਰੂ ਹੋਣ ਜਾ ਰਿਹੈ ਰੈਨੋਵੇਸ਼ਨ ਦਾ ਕੰਮ, ਬਾਗ ਵਿਚਲੀ ਲਾਇਬ੍ਰੇਰੀ ਵੀ ਹੋਵੇਗੀ ਆਧੁਨਿਕ ਸਹੂਲਤਾਂ ਨਾਲ ਲੈਸ ਐਮ. ਪੀ ਲੈਡ ਫੰਡ ਰਾਹੀਂ ਬਦਲੀ ਜਾਵੇਗੀ ਬਾਗ਼ ਦੀ ਨੁਹਾਰ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਪਹਿਲਕਦਮੀ ਸਦਕਾ ਨਵਾਂਸ਼ਹਿਰ ਦੇ ਵਿਰਾਸਤੀ ਸਥਾਨ ਬਾਰਦਾਰੀ ਬਾਗ਼ ਦੀ ਕਾਇਆ ਕਲਪ ਹੋਣ ਜਾ ਰਹੀ ਹੈ। ਆਪਣੇ ਵਿਚ ਕਰੀਬ 200 ਸਾਲ ਦਾ ਇਤਿਹਾਸ ਸਮੋਈ ਬੈਠੇ ਇਸ ਇਤਿਹਾਸਕ ਬਾਗ ਦੇ ਰੈਨੋਵੇਸ਼ਨ ਦਾ ਕੰਮ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਬਾਰਾਦਰੀ ਬਾਗ ਦੀ ਰੈਨੋਵੇਸ਼ਨ ਲਈ ਐਮ.ਪੀ ਲੈਡ ਫੰਡ ਵਿੱਚੋਂ 20 ਲੱਖ ਰੁਪਏ ਦੀ ਰਕਮ ਜ਼ਿਲ੍ਹਾ ਪ੍ਰਸ਼ਾਸਨ ਨੂੰ ਪ੍ਰਾਪਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਬਾਗ਼ ਦੀ ਦਿੱਖ ਸੁਧਾਰਨ ਲਈ ਹੋਰ ਵੀ ਜਿੰਨੇ ਫੰਡ ਦੀ ਲੋੜ ਹੋਵੇਗੀ, ਉਹ ਮੁਹੱਈਆ ਹੋ ਜਾਵੇਗਾ। ਉਨ੍ਹਾਂ ਨੂੰ ਦੱਸਿਆ ਕਿ ਇਸ ਤਹਿਤ ਜਿਥੇ ਬਾਗ਼ ਵਿਚ ਮੌਜੂਦ ਇਮਾਰਤਾਂ, ਪਾਰਕ, ਸੈਰਗਾਹ, ਫੁਹਾਰਿਆਂ, ਬੱਚਿਆਂ ਦੇ ਝੂਲਿਆਂ ਆਦਿ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ ਉੱਥੇ ਬਾਗ ਵਿਚਲੀ ਲਾਇਬ੍ਰੇਰੀ ਨੂੰ ਵੀ ਵਾਈ-ਫਾਈ, ਨਵੇਂ ਫਰਨੀਚਰ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਇਸੇ ਤਰ੍ਹਾਂ ਬਗੀਚੇ ਨੂੰ ਖ਼ੂਬਸੂਰਤ ਅਤੇ ਹੋਰ ਹਰਿਆ-ਭਰਿਆ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੇ ਗਵਾਹ ਇਸ ਬਾਰਾਦਰੀ ਬਾਗ਼ ਦਾ ਇਕ ਅਮੀਰ ਇਤਿਹਾਸ ਹੈ ਅਤੇ ਇਸ ਨੂੰ ਸ਼ਹਿਰ ਦੀ ਵਿਰਾਸਤ ਵਜੋਂ ਸੰਭਾਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕੇਂਦਰ ਵਿਚ ਕਰੀਬ ਪੰਜ ਏਕੜ ਵਿਚ ਫੈਲੀ ਇਹ ਖ਼ੂਬਸੂਰਤ ਜਗ੍ਹਾ ਜਿਥੇ ਲੋਕਾਂ ਦੇ ਨਾਲ-ਨਾਲ ਬਜ਼ੁਰਗਾਂ ਅਤੇ ਔਰਤਾਂ ਲਈ ਬੈਠਣ ਅਤੇ ਸਵੇਰ ਅਤੇ ਸ਼ਾਮ ਦੀ ਸੈਰ ਕਰਨ ਲਈ ਆਪਣੇ ਰੁਝੇਵਿਆਂ ਨੂੰ ਵਧਾਉਣ ਲਈ ਇਕ ਵਧੀਆ ਜਗ੍ਹਾ ਹੈ, ਉਥੇ ਬੱਚਿਆਂ ਦੇ ਖੇਡਣ ਲਈ ਵੀ ਇਹ ਇਕ ਢੁਕਵਾਂ ਸਥਾਨ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਇਸ ਵਿਰਾਸਤੀ ਸਥਾਨ ਦੀ ਨਿਰੰਤਰ ਸਾਂਭ-ਸੰਭਾਲ ਅਤੇ ਸੈਰ-ਸਪਾਟੇ ਦੇ ਕੇਂਦਰ ਵਜੋਂ ਵਿਕਸਿਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਰਾਦਰੀ ਬਾਗ਼ ਦੀ ਤਰਜ਼ ‘ਤੇ ਹੀ ਸ਼ਹਿਰ ਦੇ ਹੋਰਨਾਂ ਮੁੱਖ ਸਥਾਨਾਂ ਅਤੇ ਚੌਕਾਂ ਦੀ ਵੀ ਕਾਇਆ ਕਲਪ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਚੰਡੀਗੜ੍ਹ ਚੌਕ ਦੀ ਦਿੱਖ ਬਦਲਣ ਦਾ ਕੰਮ ਵੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਨੂੰ ਪੰਜਾਬ ਦੇ ਖੂਬਸੂਰਤ ਸ਼ਹਿਰਾਂ ਵਿਚ ਸ਼ੁਮਾਰ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਵਨਾ ਅਰੋੜਾ ਦੀ ਬਹੁ-ਉਡੀਕੀ ਕਿਤਾਬ ‘ਨਗਰੋਟਾ ਅੰਡਰ ਸੀਜ’ ਰਿਲੀਜ਼ ਹੋਈ
Next article‘ਖੇਡਾਂ ਵਤਨ ਪੰਜਾਬ ਦੀਆਂ’