(ਸਮਾਜ ਵੀਕਲੀ)
12 ਜੁਲਾਈ ਸ਼ੁਕਰਵਾਰ ਵਾਲੇ ਦਿਨ ਭਾਰਤ ਸਭ ਤੋਂ ਰਈਸ ਵਿਅਕਤੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਦੀ ਸ਼ਾਦੀ ਹੋਈ ਸੀ। ਜਿਸ ਵਿੱਚ ਭਾਰਤ ਦੇ ਦਿੱਗਜ ਰਈਸ ਸਿਤਾਰਿਆਂ ਤੋਂ ਇਲਾਵਾ ਵਿਦੇਸ਼ੀ ਰਈਸ ਵੀ ਮਹਿਮਾਨਾਂ ਵਜੋਂ ਸ਼ਾਮਿਲ ਹੋਏ ਸਨ। ਉੱਥੇ ਹੀ ਹਿੰਦੂ ਸਨਾਤਨੀਆਂ ਦੇ ਧਰਮ ਗੁਰੂ ਵੀ ਵਿਆਹ ਵਿੱਚ ਸ਼ਾਮਲ ਹੋਏ। ਜਿੰਨਾਂ ਵਿੱਚ ਮੁਕਤੇਸਵਰਾਨੰਦ ਸਰਸ੍ਵਤੀ, ਸਦਾਨੰਦ ਸਰਸ੍ਵਤੀ, ਰਾਮਭੱਦਰਾਚਾਰੀਆ, ਧੀਰੇਂਦਰ ਸ਼ਾਸਤਰੀ,ਯੋਗ ਬਾਬਾ ਰਾਮਦੇਵ ਅਤੇ ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਸੰਤ ਅਤੇ ਕਥਾਵਾਚਕ ਵੇਖੇ ਗਏ। ਇਹ ਤਾਂ ਜ਼ਾਹਿਰ ਗੱਲ ਹੈ ਕਿ ਮੁਕੇਸ਼ ਅੰਬਾਨੀ ਨੇ ਇਹਨਾਂ ਸ਼ਭ ਧਰਮ ਗੁਰੂਆਂ ਨੂੰ ਨਿਉਤੇ ਵਜੋਂ ਵਿਆਹ ਦਾ ਕਾਰਡ ਤਾਂ ਭੇਜਿਆ ਹੀ ਹੋਵੇਗਾ। ਤੇ ਸਭ ਧਰਮ ਗੁਰੂਆਂ ਨੇ ਵਿਆਹ ਵਿੱਚ ਬਣੇ ਛੱਤੀ ਪ੍ਰਕਾਰ ਦੇ ਬਣੇ ਪਕਵਾਨ ਵੀ ਸੁਆਦ ਲੈ ਕੇ ਖਾਂਦੇ ਹੋਣਗੇ। ਇਹ ਤਾਂ ਗੱਲ ਹੋ ਗਈ ਹਿੰਦੂਆਂ ਦੇ ਧਰਮ ਗੁਰੂਆਂ ਦੀ ਤੇ ਹੁਣ ਦੂਜੇ ਪਾਸੇ ਆਪਾਂ ਗੱਲ ਕਰਦੇ ਹਾਂ ਸੱਚ ਦੇ ਪਾਂਧੀ ਗੁਰੂ ਨਾਨਕ ਸਾਹਿਬ ਦੀ।
ਇੱਕ ਸਮੇਂ ਨਾਨਕ ਆਪਣੀ ਉਦਾਸੀ ਦੌਰਾਨ ਸੈਦਪੁਰ ( ਅੱਜਕਲ੍ਹ ਪਾਕਿਸਤਾਨ ਵਿੱਚ) ਵਿੱਚ ਰਹਿ ਰਹੇ ਆਪਣੇ ਸੇਵਕ ਅਤੇ ਸਿੱਧੇ ਸਾਧੇ ਸੁਭਾਅ ਦੇ ਮਾਲਕ ਭਾਈ ਲਾਲੋ ਜੀ ਦੇ ਘਰ ਠਹਿਰੇ ਹੋਏ ਸਨ। ਭਾਈ ਲਾਲੋ ਮਿਸਤਰੀ ਦਾ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸਨ। ਇਸੇ ਦੌਰਾਨ ਸੈਦਪੁਰ ਦੇ ਇੱਕ ਮਲਿਕ ਭਾਗੋ ਨਾਂ ਦੇ ਰਈਸ ਨੇ ਆਪਣੇ ਘਰ ਬ੍ਰਹਮ ਭੋਜ ਕਰਵਾਇਆ ਸੀ ਜਿਸ ਇਲਾਕੇ ਦੇ ਬ੍ਰਾਹਮਣਾਂ ਤੋਂ ਇਲਾਵਾ ਨਾਨਕ ਸਾਹਿਬ ਜੀ ਨੂੰ ਵੀ ਨਿਉਤਾ ਭੇਜਿਆ ਗਿਆ ਸੀ। ਪਰ ਨਾਨਕ ਸਾਹਿਬ ਜੀ ਨੇ ਮਲਿਕ ਭਾਗੋ ਦੇ ਨਿਊਤੇ ਨੂੰ ਠੂਕਰਾ ਦਿੱਤਾ ਗਿਆ। ਮਲਿਕ ਭਾਗੋ ਨੇ ਗੁੱਸੇ ਵਿੱਚ ਨਾਨਕ ਸਾਹਿਬ ਨੂੰ ਦਰਬਾਰ ਵਿੱਚ ਪੇਸ਼ ਹੋਣ ਲਈ ਸੱਦਾ ਭੇਜਿਆ। ਜਦੋਂ ਨਾਨਕ ਸਾਹਿਬ ਤੋਂ ਮਲਿਕ ਭਾਗੋ ਨੇ ਨਿਉਤਾ ਠੁਕਰਾਏ ਜਾਣ ਦਾ ਕਾਰਨ ਪੁੱਛਿਆ ਤਾਂ ਨਾਨਕ ਸਾਹਿਬ ਜੀ ਨੇ ਬੜੇ ਹੀ ਤਰਕ ਨਾਲ ਜਵਾਬ ਦਿੱਤਾ, “ਲਾਲੋ ਆਪਣੇ ਖ਼ੂਨ ਪਸੀਨੇ ਦੀ ਕਮਾਈ ਵਾਲਾ ਮਿਹਨਤੀ ਇਨਸਾਨ ਹੈ। ਇਸਦੇ ਹੱਕ ਹਲਾਲ ਦੀ ਰੁੱਖੀ ਕੋਧਰੇ ਦੀ ਰੋਟੀ ਦੁੱਧ ਅੰਮ੍ਰਿਤ ਦੇ ਸਮਾਨ ਹੈ ਜਿਸ ਨੂੰ ਖਾ ਕੇ ਮਨ ਤ੍ਰਿਪਤ ਹੁੰਦਾ ਹੈ। ਪਰੰਤੂ, ਤੇਰਾ ਛੱਤੀ ਪ੍ਰਕਾਰ ਦੇ ਭੋਜਨਾਂ ਵਾਲਾ ਬ੍ਰਹਮ-ਭੋਜ ਜ਼ੋਰ-ਜ਼ੁਲਮ ਨਾਲ ਲੁੱਟੀ-ਖੋਹੀ ਗ਼ਰੀਬ ਕਿਰਤੀਆਂ ਦੀ ਖ਼ੂਨ-ਪਸੀਨੇ ਦੀ ਕਿਰਤ-ਕਮਾਈ ਨਾਲ ਬਣਾਇਆ ਗਿਆ ਹੈ। ਇਸ ਭੋਜ ਵਿੱਚੋਂ ਕਿਰਤ-ਕਮਾਈ ਅਤੇ ਮਸਕੀਨਤਾ ਦੇ ਦੁੱਧ ਅੰਮ੍ਰਿਤ ਦੀ ਮਹਿਕ ਦੀ ਬਜਾਏ ਤੇਰੀ ਹਉਮੈਂ ਅਤੇ ਹਰਾਮ (ਬੇਚਾਰੇ ਮਜ਼ਲੂਮ ਕਿਰਤੀਆਂ ਦੇ ਖ਼ੂਨ) ਦੀ ਹਬਕ ਆਉਂਦੀ ਹੈ। ਹਉਮੈਂ ਅਤੇ ਹਰਾਮ ਦੀ ਬੂ ਮਾਰਦਾ ਤੇਰਾ ਬ੍ਰਹਮ ਭੋਜ ਮੈਂ ਹਜ਼ਮ ਨਹੀਂ ਸੀ ਕਰ ਸਕਦਾ; ਇਸੇ ਲਈ ਮੈਂ ਤੇਰਾ ਨਿਉਂਦਾ ਪ੍ਰਵਾਨ ਨਹੀਂ ਕੀਤਾ।”
ਸੋਚੋ ਕਿੰਨਾ ਅੰਤਰ ਹੈ ਨਾਨਕ ਸਾਹਿਬ ਦੀ ਸੋਚ ਅਤੇ ਹਿੰਦੂ ਧਰਮ ਗੁਰੂਆਂ ਦੀ ਸੋਚ ਵਿੱਚ ਜਿਹੜੇ ਇੱਕ ਅਮੀਰ ਬੰਦੇ ਦੇ ਇੱਕ ਸੱਦੇ ਤੇ ਦੌੜੇ ਚਲੇ ਆਏ। ਜਿੰਨਾਂ ਨੂੰ ਇੱਕ ਪਲ ਲਈ ਵੀ ਅੰਬਾਨੀ ਦੇ ਛੱਤੀ ਪ੍ਰਕਾਰ ਦੇ ਪਕਵਾਨ ਵਿੱਚੋਂ ਮਜ਼ਦੂਰਾਂ ਕਾਮਿਆਂ ਦੀ ਖੂਨ ਪਸੀਨੇ ਵਾਲੀ ਮਿਹਨਤ ਨਹੀਂ ਦਿੱਖੀ।
ਦੇਵ ਮੁਹਾਫਿਜ਼
6239139449
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly