ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਹਿਮਾਚਲ ‘ਆਪ’ ਨੂੰ ਚੁਣੇ: ਕੇਜਰੀਵਾਲ

ਮੰਡੀ (ਸਮਾਜ ਵੀਕਲੀ):  ਪੰਜਾਬ ਚੋਣਾਂ ’ਚ ਮਿਲੀ ਜ਼ਬਰਦਸਤ ਜਿੱਤ ਤੋਂ ਉਤਸ਼ਾਹਿਤ ਆਮ ਆਦਮੀ ਪਾਰਟੀ (ਆਪ) ਨੇ ਹੁਣ ਆਪਣਾ ਰੁਖ਼ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵੱਲ ਕਰ ਲਿਆ ਹੈ। ਦੱਸਣਯੋਗ ਹੈ ਕਿ ਪਹਾੜੀ ਸੂਬੇ ਵਿਚ ਚੋਣਾਂ ਇਸ ਸਾਲ ਨਵੰਬਰ ਵਿਚ ਹੋਣਗੀਆਂ। ਪਾਰਟੀ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਅੱਜ ਮੰਡੀ ਵਿਚ ਰੋਡ ਸ਼ੋਅ ਨਾਲ ਕੀਤੀ। ਜ਼ਿਕਰਯੋਗ ਹੈ ਕਿ ਮੰਡੀ ਭਾਜਪਾ ਦੇ ਮੌਜੂਦਾ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਜੱਦੀ ਸ਼ਹਿਰ ਹੈ।

‘ਆਪ’ ਨੇ ਅੱਜ ਇੱਥੇ ‘ਹਿਮਾਚਲ ਪ੍ਰਦੇਸ਼ ਵਿਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਦਾ ਸੱਦਾ ਦਿੱਤਾ।’ ਇਸ ਮੌਕੇ ਪਾਰਟੀ ਦੇ ਦੋ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (ਦਿੱਲੀ) ਤੇ ਭਗਵੰਤ ਮਾਨ (ਪੰਜਾਬ) ਮੌਜੂਦ ਸਨ।‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ‘ਪਾਰਟੀ ਜੇ ਸੱਤਾ ਵਿਚ ਆਈ ਤਾਂ ਹਿਮਾਚਲ ’ਚੋਂ ਵੀ ਭ੍ਰਿਸ਼ਟਾਚਾਰ ਖ਼ਤਮ ਕਰ ਦੇਵੇਗੀ।’ ਕੇਜਰੀਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਤੁਸੀਂ 30 ਸਾਲ ਕਾਂਗਰਸ ਤੇ 17 ਸਾਲ ਭਾਜਪਾ ਨੂੰ ਦਿੱਤੇ ਹਨ, ਸਾਰਿਆਂ ਨੇ ਹਿਮਾਚਲ ਨੂੰ ਲੁੱਟਿਆ ਹੈ। ਮੈਨੂੰ ਬਸ ਪੰਜ ਸਾਲ ਦਿਓ। ਜੇ ਤੁਸੀਂ ਸੰਤੁਸ਼ਟ ਨਾ ਹੋਏ ਤਾਂ ਤੁਸੀਂ ਸਾਨੂੰ ਵੀ ਬਦਲ ਦੇਣਾ।’ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ‘ਆਪ’ ਨੇ ਦਿੱਲੀ ਤੇ ਹੁਣ ਪੰਜਾਬ ਵਿਚੋਂ ਵੀ ਭ੍ਰਿਸ਼ਟਾਚਾਰ ਖ਼ਤਮ ਕੀਤਾ ਹੈ।

ਉਨ੍ਹਾਂ ਨਾਲ ਹੀ ਕਿਹਾ, ‘ਅਸੀਂ ਆਮ ਲੋਕ ਹਾਂ, ਸਾਨੂੰ ਰਾਜਨੀਤੀ ਨਹੀਂ ਆਉਂਦੀ। ਬਲਕਿ ਅਸੀਂ ਜਾਣਦੇ ਹਾਂ ਕਿ ਲੋਕਾਂ ਲਈ ਕੰਮ ਕਿਵੇਂ ਕਰਨਾ ਹੈ, ਸਕੂਲ ਕਿਵੇਂ ਬਣਾਉਣੇ ਹਨ ਤੇ ਭ੍ਰਿਸ਼ਟਚਾਰ ਕਿਵੇਂ ਮਿਟਾਉਣਾ ਹੈ। ਪੰਜਾਬ ਵਿਚ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਦੇ 20 ਦਿਨਾਂ ਦੇ ਅੰਦਰ ਹੀ ਅਸੀਂ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ ਹੈ। ਹੁਣ ਹਿਮਾਚਲ ਪ੍ਰਦੇਸ਼ ਵਿਚ ਵੀ ਕ੍ਰਾਂਤੀ ਹੋਣੀ ਚਾਹੀਦੀ ਹੈ।’ ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ’ਤੇ ਜ਼ਿਆਦਾਤਰ ਕਾਂਗਰਸ ਹੀ ਕਾਬਜ਼ ਰਹੀ ਹੈ। ਇੱਥੇ ਪਹਿਲੀ ਗੈਰ-ਕਾਂਗਰਸ ਸਰਕਾਰ 1977 ਵਿਚ ਸ਼ਾਂਤਾ ਕੁਮਾਰ ਦੀ ਅਗਵਾਈ ਵਿਚ ਬਣੀ ਸੀ ਜਦ ਜਨਤਾ ਪਾਰਟੀ ਸੱਤਾ ’ਚ ਆਈ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਵਿਚ ਹੋਈਆਂ ਜ਼ਿਮਨੀ ਚੋਣਾਂ ’ਚ ਭਾਜਪਾ ਨੂੰ ਚਾਰ ਸੀਟਾਂ ਉਤੇ ਹਾਰ ਮਿਲੀ ਸੀ। ਕਾਂਗਰਸ ਤੇ ਭਾਜਪਾ ਦੇ ਰਵਾਇਤੀ ਚਿਹਰੇ ਵੀਰਭੱਦਰ ਸਿੰਘ ਤੇ ਪ੍ਰੇਮ ਕੁਮਾਰ ਧੂਮਲ ਵੀ ਹੁਣ ਸਿਆਸੀ ਦੌੜ ਵਿਚ ਨਹੀਂ ਹਨ। ਵੀਰਭੱਦਰ ਦੀ ਮੌਤ ਹੋ ਚੁੱਕੀ ਹੈ ਤੇ ਧੂਮਲ ਜ਼ਿਆਦਾਤਰ ਸਿਆਸੀ ਪਿੜ ਤੋਂ ਬਾਹਰ ਹੀ ਰਹੇ ਹਨ। ਦੱਸਣਯੋਗ ਹੈ ਕਿ ਧੂਮਲ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਹਾਰ ਗਏ ਸਨ। 

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਸੰਸਦ ਤੇ ਹਰ ਸੂਬੇ ਵਿੱਚ ਪਰਿਵਾਰਵਾਦ ਦੀ ਪਾਰਟੀ : ਕਾਂਗਰਸ
Next articleਭਾਜਪਾ ਤੇ ਕਾਂਗਰਸ ਨੇ ਵੰਸ਼ਵਾਦ ਦੀ ਸਿਆਸਤ ਨੂੰ ਅੱਗੇ ਵਧਾਇਆ: ਮਾਨ