ਬੰਗਲੁਰੂ (ਸਮਾਜ ਵੀਕਲੀ): ਕਰਨਾਟਕ ਵਿਚ ਹਿਜਾਬ ਵਿਵਾਦ ਕਾਰਨ ਬੰਦ ਰਹੇ ਹਾਈ ਸਕੂਲ ਅੱਜ ਖੁੱਲ੍ਹ ਗਏ ਹਨ। ਉੱਡੁਪੀ ਵਿਚ ਲਾਈਆਂ ਪਾਬੰਦੀਆਂ ਅਜੇ ਲਾਗੂ ਹਨ ਜਿੱਥੇ ਪਿਛਲੇ ਹਫ਼ਤੇ ਹਿੰਸਾ ਤੇ ਤਣਾਅ ਬਣਿਆ ਰਿਹਾ ਸੀ। ਦਕਸ਼ਿਣ ਕੰਨੜ ਤੇ ਬੰਗਲੁਰੂ ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਵੀ ਹਾਲੇ ਨਿਗਰਾਨੀ ਰੱਖੀ ਜਾ ਰਹੀ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਧਾਰਾ 144 ਲਾਗੂ ਹੈ। ਉੱਡੁਪੀ ਜ਼ਿਲ੍ਹੇ ਵਿਚ ਸਾਰੇ ਸਕੂਲਾਂ ’ਚ ਅੱਜ ਹਾਜ਼ਰੀ ਆਮ ਵਾਂਗ ਰਹੀ। ਮੁਸਲਿਮ ਲੜਕੀਆਂ ਕੈਂਪਸ ਤੱਕ ਹਿਜਾਬ ਪਾ ਕੇ ਆਈਆਂ ਪਰ ਮਗਰੋਂ ਕਲਾਸਾਂ ਵਿਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਹਿਜਾਬ ਉਤਾਰ ਦਿੱਤਾ। ਸਕੂਲਾਂ ਵਿਚ ਅੱਜ ਪ੍ਰੀਖਿਆਵਾਂ ਵੀ ਹੋਈਆਂ। ਜ਼ਿਲ੍ਹਾ ਪ੍ਰਸ਼ਾਸਨ ਨੇ ਹਾਈ ਸਕੂਲਾਂ ਦੇ 200 ਮੀਟਰ ਦੇ ਘੇਰੇ ਵਿਚ ਧਾਰਾ 144 ਲਾਈ ਹੋਈ ਹੈ। ਸ਼ਾਂਤੀ ਬਣਾਏ ਰੱਖਣ ਲਈ ਇਹ ਪਾਬੰਦੀਆਂ 19 ਫਰਵਰੀ ਤੱਕ ਹਨ। ਜ਼ਿਕਰਯੋਗ ਹੈ ਕਿ ਕਰਨਾਟਕ ਵਿਚ ਵਿਦਿਅਕ ਸੰਸਥਾਵਾਂ ’ਚ ਹਿਜਾਬ ’ਤੇ ਪਾਬੰਦੀ ਲਾ ਦਿੱਤੀ ਗਈ ਸੀ। ਇਸ ’ਤੇ ਵਿਵਾਦ ਹੋ ਗਿਆ ਸੀ ਜੋ ਮਗਰੋਂ ਕਾਫ਼ੀ ਭਖ਼ ਗਿਆ ਤੇ ਹਾਈ ਕੋਰਟ ਨੂੰ ਦਖ਼ਲ ਦੇਣਾ ਪਿਆ।
ਹਾਈ ਕੋਰਟ ਨੇ ਆਪਣੇ ਅੰਤ੍ਰਿਮ ਹੁਕਮ ਵਿਚ ਕਿਹਾ ਹੈ ਕਿ ਮੁਸਲਿਮ ਵਿਦਿਆਰਥਣਾਂ ਜਮਾਤਾਂ ਵਿਚ ਦਾਖਲ ਹੋਣ ਤੋਂ ਪਹਿਲਾਂ ਹਿਜਾਬ ਉਤਾਰ ਦੇਣਗੀਆਂ। ਉੱਡੁਪੀ ਦੇ ਤਹਿਸੀਲਦਾਰ ਪ੍ਰਦੀਪ ਕੁਰੂਡੇਕਰ ਨੇ ਅੱਜ ਕਈ ਸਕੂਲਾਂ ਦਾ ਦੌਰਾ ਕੀਤਾ। ਹਿੰਦੂ ਵਿਦਿਆਰਥੀਆਂ ਦੇ ਭਗਵੇਂ ਸ਼ਾਲ ਲੈ ਕੇ ਆਉਣ ਦੀ ਅੱਜ ਕੋਈ ਘਟਨਾ ਸਾਹਮਣੇ ਨਹੀਂ ਆਈ। ਸਕੂਲ ਖੁੱਲ੍ਹਣ ਤੋਂ ਪਹਿਲਾਂ ਐਤਵਾਰ ਰਾਜ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਭਰੋਸਾ ਜਤਾਇਆ ਸੀ ਕਿ ਸ਼ਾਂਤੀ ਬਣੀ ਰਹੇਗੀ ਤੇ ਸਥਿਤੀ ਆਮ ਵਾਂਗ ਹੋ ਜਾਵੇਗੀ। ਉਨ੍ਹਾਂ ਨਾਲ ਹੀ ਕਿਹਾ ਸੀ ਕਿ ਪ੍ਰੀ-ਯੂਨੀਵਰਸਿਟੀ ਤੇ ਡਿਗਰੀ ਕਾਲਜਾਂ ਨੂੰ ਖੋਲ੍ਹਣ ਬਾਰੇ ਫ਼ੈਸਲਾ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਲਿਆ ਜਾਵੇਗਾ। ਉੱਚ ਵਿਦਿਅਕ ਸੰਸਥਾਵਾਂ ਨੂੰ 16 ਫਰਵਰੀ ਤੱਕ ਬੰਦ ਰੱਖਿਆ ਗਿਆ ਹੈ। ਕਰਨਾਟਕ ਹਾਈ ਕੋਰਟ ਨੇ ਆਪਣੇ ਅੰਤ੍ਰਿਮ ਹੁਕਮ ਵਿਚ ਕਿਹਾ ਸੀ ਕਿ ਰਾਜ ਸਰਕਾਰ ਵਿਦਿਅਕ ਸੰਸਥਾਵਾਂ ਖੋਲ੍ਹੇ ਤੇ ਸਾਰੇ ਵਿਦਿਆਰਥੀਆਂ ਨੂੰ ਫ਼ਿਲਹਾਲ ਭਗਵੇਂ ਸ਼ਾਲ, ਹਿਜਾਬ ਜਾਂ ਕੋਈ ਵੀ ਹੋਰ ਧਾਰਮਿਕ ਝੰਡਾ ਕੈਂਪਸ ਵਿਚ ਪਹਿਨਣ/ ਲਿਆਉਣ ਤੋਂ ਰੋਕੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly