ਕਾਂਗਰਸ ਦੇ ਕਾਰਜਕਾਲ ਦੌਰਾਨ ਸੂਬੇ ’ਚ ਭ੍ਰਿਸ਼ਟਾਚਾਰ ਵਧਿਆ: ਪਿਊਸ਼ ਗੋਇਲ

ਬਰਨਾਲਾ (ਸਮਾਜ ਵੀਕਲੀ):  ਇੱਥੇ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ’ਚ ਸੂਬੇ ਅੰਦਰ ਭ੍ਰਿਸ਼ਟਾਚਾਰ ਸਿਖ਼ਰ ’ਤੇ ਪਹੁੰਚ ਗਿਆ ਹੈ, ਜਿਸ ਦਾ ਸਬੂਤ ਮੁੱਖ ਮੰਤਰੀ ਚੰਨੀ ਦੇ ਭਾਣਜੇ ਘਰੋਂ ਮਿਲੀ ਕਰੋੜਾਂ ਰੁਪਏ ਦੀ ਨਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਦਾ ਕੱਖ ਨਹੀਂ ਸੰਵਾਰਿਆ ਅਤੇ ਹੁਣ ਵੀ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ‘ਕਮਲ’ ਦਾ ਬਟਨ ਦਬਾ ਕੇ ਕਾਂਗਰਸ ਨੂੰ ਪੁੱਠੇ ਪੈਰੀਂ ਮੋੜਨਾ ਹੁਣ ਪੰਜਾਬੀਆਂ ਦੇ ਹੱਥ ਵਿੱਚ ਹੈ ਕਿਉਂਕਿ ਇਸ ਤੋਂ ਪਹਿਲਾਂ ਸ਼੍ਰ੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਕੇ ਚੋਣਾਂ ਲੜਨ ਵਾਲੀ ਭਾਜਪਾ ਇਸ ਵਾਰ ਪੰਜਾਬ ਦੀਆਂ 70 ਸੀਟਾਂ ’ਤੇ ਚੋਣ ਲੜ ਰਹੀ ਹੈ, ਜਿਸ ਦੀਆਂ ਸਹਿਯੋਗੀ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪਾਰਟੀਆਂ ਵੀ ਆਪਣੇ ਉਮੀਦਵਾਰ ਉਤਾਰ ਚੁੱਕੀਆਂ ਹਨ। ਪਿਊਸ਼ ਗੋਇਲ ਨੇ ਕਿਹਾ ਕਿ ਪੰਜਾਬ ਅੰਦਰ ਸੁਰੱਖਿਆ ਦੀ ਹਾਲਤ ਬੇਹੱਦ ਮਾੜੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਆਏ ਲੋਕ ਵੀ ਬਦਲਾਅ ਲਿਆਉਣ ਦੀਆਂ ਗੱਲਾਂ ਕਰ ਰਹੇ ਹਨ, ਜੋ ਉੱਥੇ ਕੁਝ ਨਹੀਂ ਸੰਵਾਰ ਸਕੇ। ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਮੁਲਾਜ਼ਮਾਂ ਸਮੇਤ ਸਮੁੱਚੇ ਵਰਗਾਂ ਲਈ ਕੰਮ ਕਰੇਗੀ ਤੇ ਪੰਜਾਬ ਅੰਦਰ ਰੁਜ਼ਗਾਰ, ਸੁਰੱਖਿਆ ਤੇ ਸਭ ਨੂੰ ਨਾਲ ਲਿਜਾਣ ਦੇ ਮੌਕੇ ਪੈਦਾ ਕਰੇਗੀ।

ਉਨ੍ਹਾਂ ਨਾਲ ਬਰਨਾਲਾ ਤੋਂ ਭਾਜਪਾ ਉਮੀਦਵਾਰ ਧੀਰਜ ਦੱਧਾਹੂਰ, ਸਾਂਝੇ ਮੋਰਚੇ ਦੇ ਧਰਮ ਸਿੰਘ ਫੌਜੀ, ਭਾਜਪਾ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਵਿਕਰਮ ਸਿੰਘ ਚੀਮਾ, ਜ਼ਿਲ੍ਹਾ ਇੰਚਾਰਜ ਗੁਰਤੇਜ ਸਿੰਘ ਢਿੱਲੋਂ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਹੰਡਿਆਇਆ ਸਮੇਤ ਕਈ ਸੀਨੀਅਰ ਭਾਜਪਾ ਆਗੂ ਮੌਜੂਦ ਸਨ। ਬਰਨਾਲਾ ਵਿੱਚ ਚੋਣਾਂ ਦੌਰਾਨ ਕਿਸੇ ਕੇਂਦਰੀ ਮੰਤਰੀ ਦੀ ਪਹਿਲੀ ਆਮਦ ਸੀ।

ਲੁਕਵੇਂ ਰੂਟ ਰਾਹੀਂ ਪੁੱਜੇ ਕੇਂਦਰੀ ਮੰਤਰੀ

ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਵਿਰੋਧ ਕਾਰਨ ਪੁਲੀਸ ਨੂੰ ਕੇਂਦਰੀ ਮੰਤਰੀ ਨੂੰ ਰੈਲੀ ਤੱਕ ਪਹੁੰਚਾੳਣ ਲਈ ਰੂਟ ਬਦਲਣਾ ਪਿਆ। ਤੈਅ ਸਮੇਂ ਤੋਂ ਚਾਰ ਘੰਟੇ ਦੇਰੀ ਨਾਲ ਪੁੱਜੇ ਕੇਂਦਰੀ ਮੰਤਰੀ ਦੀ ਸੁਰੱਖਿਆ ਸਬੰਧੀ ਪੂਰੀ ਜ਼ਿੰਮੇਵਾਰੀ ਪੰਜਾਬ ਪੁਲੀਸ ਦੀ ਥਾਂ ਸੀਆਰਪੀਐੱਫ ਨੇ ਸੰਭਾਲੀ ਹੋਈ ਸੀ। ਦਿੱਲੀ ਦੇ ਬਾਰਡਰਾਂ ’ਤੇ ਕਿਸਾਨੀ ਸੰਘਰਸ਼ ਦੌਰਾਨ ਸਰਕਾਰੀ ਪੱਖ ਪੂਰਨ ਵਾਲੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਕਿਸੇ ਲੁਕਵੇਂ ਰੂਟ ਰਾਹੀਂ ਪੁਲੀਸ ਨੇ ਰੈਲੀ ਵਾਲੀ ਜਗ੍ਹਾ ਲਿਆਂਦਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਿਜਾਬ ਵਿਵਾਦ: ਕਰਨਾਟਕ ਵਿੱਚ ਹਾਈ ਸਕੂਲ ਖੁੱਲ੍ਹੇ
Next article‘ਆਪ’ ਪੰਜਾਬੀਅਤ ਦੀ ਦੋਖੀ ਪਾਰਟੀ: ਤਿਵਾੜੀ