ਬੰਗਲੂਰੂ (ਸਮਾਜ ਵੀਕਲੀ): ਕਰਨਾਟਕ ਦੇ ਕਈ ਹਿੱਸਿਆਂ ’ਚ ਵਿਦਿਆਰਥਣਾਂ ਹਿਜਾਬ ਪਹਿਨ ਕੇ ਜਮਾਤਾਂ ਲਾਉਣ ਲਈ ਬਜ਼ਿਦ ਹਨ। ਸ਼ਨਿਚਰਵਾਰ ਨੂੰ ਵੀ ਕਈ ਵਿਦਿਅਕ ਅਦਾਰਿਆਂ ’ਚ ਵਿਦਿਆਰਥਣਾਂ ਹਿਜਾਬ ਪਹਿਨ ਕੇ ਪਹੁੰਚੀਆਂ ਪਰ ਉਨ੍ਹਾਂ ਨੂੰ ਅੰਦਰ ਦਾਖ਼ਲ ਨਹੀਂ ਹੋੋਣ ਦਿੱਤਾ ਗਿਆ। ਸ਼ਿਵਮੋਗਾ ਜ਼ਿਲ੍ਹੇ ਦੇ ਸ਼ਿਰਲਾਕੋਪਾ ’ਚ 58 ਵਿਦਿਆਰਥਣਾਂ ਨੂੰ ਹਿਜਾਬ ਨਾ ਹਟਾਉਣ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਖ਼ਿਲਾਫ਼ ਕਾਰਵਾਈ ਸ਼ੁੱਕਰਵਾਰ ਨੂੰ ਕੀਤੀ ਗਈ ਹੈ ਅਤੇ ਵਿਦਿਆਰਥਣਾਂ ਨੂੰ ਕਿਹਾ ਗਿਆ ਕਿ ਉਹ ਕਾਲਜ ਨਾ ਆਉਣ। ਇਹ ਵਿਦਿਆਰਥਣਾਂ ਅੱਜ ਵੀ ਕਾਲਜ ਆਈਆਂ ਅਤੇ ਹਿਜਾਬ ਦੇ ਪੱਖ ’ਚ ਨਾਅਰੇਬਾਜ਼ੀ ਕੀਤੀ। ਉਂਜ ਉਨ੍ਹਾਂ ਨੂੰ ਕਾਲਜ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਦਾਵਨਗਿਰੀ ਦੇ ਹਰੀਹਰ ’ਚ ਐੱਸਜੇਵੀਪੀ ਕਾਲਜ ’ਚ ਵਿਦਿਆਰਥਣਾਂ ਹਿਜਾਬ ਪਹਿਨ ਕੇ ਆਈਆਂ ਪਰ ਉਨ੍ਹਾਂ ਨੂੰ ਬਾਹਰੋਂ ਹੀ ਘਰ ਵਾਪਸ ਭੇਜ ਦਿੱਤਾ ਗਿਆ।
ਵਿਦਿਆਰਥਣਾਂ ਨੇ ਕਿਹਾ ਕਿ ਹਿਜਾਬ ਸਿੱਖਿਆ ਵਾਂਗ ਹੀ ਜ਼ਰੂਰੀ ਹੈ ਅਤੇ ਉਹ ਆਪਣੇ ਹੱਕ ਨੂੰ ਛੱਡ ਨਹੀਂ ਸਕਦੀਆਂ ਹਨ। ਬੇਲਗਾਵੀ ਦੇ ਵਿਜੈ ਪੈਰਾਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੇ ਪੱਤਰਕਾਰਾਂ ਨੂੰ ਸ਼ਿਕਾਇਤ ਕੀਤੀ ਕਿ ਹਿਜਾਬ ਮੁੱਦੇ ਕਾਰਨ ਕਾਲਜ ਨੇ ਅਣਮਿੱਥੇ ਸਮੇਂ ਲਈ ਛੁੱਟੀਆਂ ਐਲਾਨ ਦਿੱਤੀਆਂ ਹਨ। ਇਕ ਵਿਦਿਆਰਥਣ ਨੇ ਕਿਹਾ ਕਿ ਉਹ ਹਿਜਾਬ ਤੋਂ ਬਿਨਾਂ ਕਾਲਜ ਅੰਦਰ ਨਹੀਂ ਬੈਠਣਗੀਆਂ ਜਦਕਿ ਕਾਲਜ ਅਤੇ ਪ੍ਰਿੰਸੀਪਲ ਸਮਝ ਨਹੀਂ ਰਹੇ ਕਿ ਇਸ ਦਾ ਅਸਰ ਉਨ੍ਹਾਂ ਦੀ ਸਿੱਖਿਆ ’ਤੇ ਪੈ ਰਿਹਾ ਹੈ। ਬਲਾਰੀ ਦੇ ਸਰਲਾ ਦੇਵੀ ਕਾਲਜ ’ਚ ਵੀ ਵਿਦਿਆਰਥਣਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਜਿਹੇ ਦ੍ਰਿਸ਼ ਕੋਪਾਲ ਦੇ ਗੰਗਾਵਤੀ ਸਰਕਾਰੀ ਕਾਲਜ ’ਚ ਨਜ਼ਰ ਆਏ। ਰਾਮਨਗਰ ਜ਼ਿਲ੍ਹੇ ਦੇ ਕੁਡੂਰ ਪਿੰਡ ’ਚ ਕੁਝ ਵਿਦਿਆਰਥਣਾਂ ਨੇ ਕਾਲਜ ’ਚ ਦਾਖ਼ਲ ਨਾ ਹੋਣ ਦੇਣ ’ਤੇ ਪ੍ਰਦਰਸ਼ਨ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly