ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਖੇਤਰ ਦੇ ਪਿੰਡ ਮਾਣੇਵਾਲ ਨੂੰ ਮੇਨ ਹਾਈਵੇ ਤੋਂ ਜਾਂਦੀ ਲਿੰਕ ਸੜਕ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ ਜਿਸ ਕਾਰਨ ਇਸ ਸੜਕ ਤੋਂ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜ਼ਿਕਰਯੋਗ ਹੈ ਕਿ ਬਲਾਚੌਰ-ਰੋਪੜ ਰਾਸ਼ਟਰੀ ਮਾਰਗ ‘ਤੇ ਸਥਿਤ ਪਿੰਡ ਸੁੱਧਾ ਮਾਜਰਾ ਕੋਲ ਬਿਸਤ ਦੁਆਬ ਨਹਿਰ ਦੇ ਪੁਲ ਤੋਂ ਲਹਿੰਦੇ ਪਾਸੇ ਪਿੰਡ ਮਾਣੇਵਾਲ ਅਤੇ ਮੰਡ ਖੇਤਰ ਨੂੰ ਜੋੜਦੀ ਲਿੰਕ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਇਸ ਸੜਕ ਦੀ ਪ੍ਰੀਮਿਕਸ ਉਖੜਨ ਦੇ ਨਾਲ-ਨਾਲ ਸੜਕ ਵਿੱਚ ਥਾਂ ਥਾਂ ਖੱਡੇ ਬਣੇ ਹੋਏ ਹਨ। ਇਸ ਸੜਕ ਤੋਂ ਵੱਡੀ ਗਿਣਤੀ ਵਿੱਚ ਵਾਹਨ ਚਾਲਕਾਂ ਦੀ ਆਵਾਜਾਈ ਰਹਿੰਦੀ ਹੈ ਜਦਕਿ ਹੁਣ ਕਣਕ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਇਸ ਖੇਤਰ ਵਿੱਚੋਂ ਕਣਕ, ਤੂੜੀ ਦੀਆਂ ਟਰੈਕਟਰ- ਟਰਾਲੀਆਂ ਅਤੇ ਹੋਰ ਵਾਹਨਾਂ ਦਾ ਆਉਣਾ ਜਾਣਾ ਪਹਿਲਾਂ ਤੋਂ ਜਿਆਦਾ ਹੋ ਗਿਆ ਹੈ ਪ੍ਰੰਤੂ ਖਸਤਾ ਹਾਲ ਸੜਕ ਕਾਰਨ ਲੋਕਾਂ ਦੇ ਵਾਹਨ ਵੀ ਖਸਤਾ ਹੋ ਰਹੇ ਹਨ ਜਦਕਿ ਦੋਪਹੀਆ ਵਾਹਨ ਚਾਲਕਾਂ ਨੂੰ ਤਾਂ ਹਾਦਸਿਆਂ ਦਾ ਡਰ ਹੀ ਸਤਾਉਂਦਾ ਰਹਿੰਦਾ ਹੈ। ਰਾਤ ਸਮੇਂ ਤਾਂ ਇਸ ਸੜਕ ਤੋਂ ਲੰਘਣਾ ਕਿਸੇ ਖਤਰੇ ਤੋਂ ਖਾਲੀ ਨਹੀਂ ਹੁੰਦਾ। ਪਿੰਡ ਮਾਣੇਵਾਲ ਅਤੇ ਮੰਡ ਖੇਤਰ ਦੇ ਲੋਕਾਂ ਨੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਕਰੀਬ 1 ਕਿਲੋਮੀਟਰ ਦੀ ਉਕਤ ਖਸਤਾ ਹਾਲ ਲਿੰਕ ਸੜਕ ਦੀ ਮੁਰੰਮਤ ਪਹਿਲੇ ਅਧਾਰ ‘ਤੇ ਕਰਵਾਈ ਜਾਵੇ ਤਾਂ ਜੋ ਵਾਹਨ ਚਾਲਕ ਅਤੇ ਰਾਹਗੀਰ ਪ੍ਰੇਸ਼ਾਨ ਨਾ ਹੋਣ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



