(ਸਮਾਜ ਵੀਕਲੀ)
ਹਰਮਨ ਜੋਂ ਕਿ ਸੋਹਣੀ ਸੁਨੱਖੀ ਤੇ ਹੋਣਹਾਰ ਲੜਕੀ ਸੀ , ਪਰ ਉਸਦਾ ਪਤੀ ਭਾਵੇਂ ਸਰਕਾਰੀ ਨੌਕਰੀ ਤੇ ਸੀ ਪਰ ਅੱਤ ਦਾ ਸ਼ਰਾਬੀ ਸੀ । ਵਿਆਹ ਨੂੰ ਅਜੇ 3 ਸਾਲ ਹੋਏ ਸੀ ਤੇ ਪਰਮਾਤਮਾ ਨੇ ਇੱਕ ਧੀਂ ਵੀ ਦਿੱਤੀ .. ਆਪਣੇ ਪਤੀ ਕਰਕੇ ਹਰਮਨ ਨੇ ਸਹੁਰੇ ਘਰ ਕਦੇ ਇੱਕ ਵੀ ਦਿਨ ਖੁਸ਼ੀ ਦਾ ਨਹੀਂ ਸੀ ਕੱਢਿਆ । ਕਦੇ – ਕਦੇ ਉਹ ਸੋਚਦੀ ਕਿ ਉਹ ਇਸ ਰਿਸ਼ਤੇ ਤੋ ਆਜ਼ਾਦ ਹੋ ਜਾਏ । ਪਰ ਅਗਲੇ ਹੀ ਪਲ ਉਸਨੂੰ ਆਪਣੀ ਧੀ ਦਾ ਖ਼ਿਆਲ ਆ ਜਾਂਦਾ ਕਿਉੰਕਿ ਉਹ ਮਹਿਸੂਸ ਕਰਦੀ ਵੀ ਜੇਕਰ ਮੈਂ ਘਰ ਛੱਡ ਕੇ ਗਈ ਤਾਂ ਮੇਰੇ ਪੇਕੇ ਜਲਦੀ ਹੀ ਦੂਜਾ ਵਿਆਹ ਕਰ ਦੇਣਗੇ ਤੇ ਮੇਰੀ ਧੀ ਨੇ ਰੁੱਲ ਜਾਣਾ। ਹਰਮਨ ਦੀ ਸੱਸ ਵੀ ਬਹੁਤ ਚੰਗੀ ਸੀ ਜਿਹੜੀ ਉਸਨੂੰ ਆਪਣੀਆਂ ਧੀਆਂ ਵਾਂਗ ਪਿਆਰ ਕਰਦੀ ਸੀ । ਇੱਕ ਦਿਨ ਨਸ਼ੇ ਦੀ ਜਿਆਦਾ ਮਾਤਰਾ ਲੈਣ ਕਰਕੇ ਹਰਮਨ ਦੇ ਪਤੀ ਦੀ ਮੌਤ ਹੋ ਗਈ ।
ਹਰਮਨ ਲਈ ਜਿੰਦਗੀ ਪਹਾੜ ਬਣ ਗਈ ਅਜੇ ਸਾਰੀ ਜਿੰਦਗੀ ਪਈ ਸੀ ਉਸਦੀ ਜੇ ਆਪਣੀ ਜਿੰਦਗੀ ਬਾਰੇ ਸੋਚਦੀ ਤਾਂ ਆਪਣੀ ਬੁੱਢੀ ਸੱਸ ਜਿਸਦਾ ਕੋਈ ਸਹਾਰਾ ਨਹੀਂ ਸੀ ਉਸ ਦਾ ਖਿਆਲ ਆਉਂਦਾ ..ਫਿਰ ਹਰਮਨ ਨੇ ਫ਼ੈਸਲਾ ਲਿਆ ਕਿ ਉਹ ਸਾਰੀ ਜਿੰਦਗੀ ਆਪਣੀ ਧੀ ਤੇ ਸੱਸ ਨਾਲ ਹੀ ਬਤੀਤ ਕਰ ਲਵੇਗੀ । ਹਰਮਨ ਦੇ ਪਤੀ ਨੇ ਨਸ਼ੇ ਵਿਚ ਸਭ ਉਡਾ ਦਿੱਤਾ ਸੀ ਹੁਣ ਘਰ ਦਾ ਗੁਜ਼ਾਰਾ ਵੀ ਔਖਾ ਹੋ ਗਿਆ ਸੀ । ਹਰਮਨ ਨੇ ਸਿਲਾਈ ਦਾ ਕੰਮ ਸ਼ੁਰੂ ਕਰ ਲਿਆ ਤੇ ਸੁੱਖ ਨਾਲ ਗਾਹਕ ਵੀ ਵਧੀਆਂ ਲੱਗ ਗਏ..
ਹਰਮਨ ਦੀ ਸੱਸ ਹਰਮਨ ਨੂੰ ਇਸ ਤਰ੍ਹਾਂ ਦੇਖ ਕੇ ਬਹੁਤ ਦੁਖੀ ਹੋਈ ਤੇ ਇੱਕ ਦਿਨ ਉਸਨੇ ਹਰਮਨ ਨੂੰ ਕਿਹਾ .. ਧੀਏ ! ਜਿੰਦਗੀ ਬਹੁਤ ਲੰਮੀ ਹੈ .. ਮੈਂ ਕਿਹੜਾ ਸਾਰੀ ਜਿੰਦਗੀ ਤੇਰੇ ਨਾਲ ਬੈਠੀ ਰਹਿਣਾ .. ਤੇ ਤੇਰੀ ਧੀ ਨੇ ਵੀ ਇੱਕ ਦਿਨ ਵਿਆਹੀ ਜਾਣਾ .ਇਸ ਲਈ ਤੂੰ ਆਪਣੇ ਪਤੀ ਦੀ ਨੌਕਰੀ ਕਰ ਲੈਂ .. ਤੇਰਾ ਵਕਤ ਸੌਖਾ ਲੰਘ ਜਾਊ .. ਹਰਮਨ ਨੇ ਆਪਣੀ ਪਤੀ ਦੀ ਨੌਕਰੀ ਦੀ ਅਰਜੀ ਦਿੱਤੀ ਤੇ ਤੇ ਉਸਨੂੰ ਨੌਕਰੀ ਮਿਲ ਗਈ ।
ਹੁਣ ਹਰਮਨ ਨੇ ਕੰਮ ਤੇ ਜਾਣਾ ਸੁਰੂ ਕੀਤਾ ..ਹਰਮਨ ਨੇ ਭਾਵੇਂ ਨੌਕਰੀ ਕਰ ਲਈ ਪਰ ਸਿਲਾਈ ਨਾ ਛੱਡੀ ..ਕੰਮ ਲਈ ਅਕਸਰ ਹਰਮਨ ਨੂੰ ਫੋਨ ਆਉਂਦੇ ਰਹਿੰਦੇ ਸੀ ਪਰ ਘਰ ਉਸ ਕੋਲ ਟਾਈਮ ਨਾ ਹੁੰਦਾ ਤੇ ਉਹ ਡਿਊਟੀ ਜਾਣ ਵਕਤ ਬੱਸ ਵਿੱਚ ਬੈਠ ਕੇ ਉਹਨਾਂ ਦਾ ਜਵਾਬ ਦਿੰਦੀ ..ਹਰਮਨ ਦਾ ਇੱਕ ਸਹਿਕਰਮੀ ਪਿਛਲੇ ਪਿੰਡ ਤੋਂ ਹੀ ਬੱਸ ਵਿੱਚ ਬੈਠ ਕੇ ਆਉਂਦਾ ਸੀ ਤੇ ਉਸਨੇ ਕੰਮ ਵਾਲੀ ਥਾਂ ਤੇ ਜਾ ਕੇ ਹਰਮਨ ਦੀ ਬਦਨਾਮੀ ਕਰਤੀ ਅਖੇ ,” ਮਸਾ ਬਾਹਰ ਨਿਕਲੀ ..ਹੁਣ ਕੰਨ ਤੋ ਫੋਨ ਨਹੀਂ ਲੈਂਦਾ ।” ਪਰ ਹਰਮਨ ਸਬਰ ਦਾ ਕੌੜਾ ਘੁੱਟ ਭਰ ਗਈ ਕਿਉੰਕਿ ਉਹ ਜਾਣ ਚੁੱਕੀ ਸੀ ਕਿ ਵਿਧਵਾ ਕਰਕੇ ਕਈ ਉਸਨੂੰ ਮੈਲੀਆਂ ਅੱਖਾਂ ਨਾਲ ਹੀ ਦੇਖਦੇ ਸੀ ।
ਇੱਕ ਦਿਨ ਜਦੋਂ ਹਰਮਨ ਤਿਆਰ ਹੋ ਰਹੀ ਦੀ ਤਾਂ ਉਸਦੀ ਸੱਸ ਨੇ ਕਿਹਾ .. ਧੀਏ ! ਮੇਰੇ ਪੁੱਤ ਨੇ ਤੈਨੂੰ ਇੱਕ ਵੀ ਸੁੱਖ ਨੀ ਦਿੱਤਾ .. ਭਰ ਜਵਾਨੀ ਵਿਚ ਤੈਨੂੰ ਧੋਖਾ ਦੇ ਦਿੱਤਾ ..ਇਹ ਉਮਰ ਤਾ ਤੇਰੀ ਖਾਣ- ਹੰਢਾਉਣ ਦੀ ਸੀ .. ਮੇਰੇ ਤੋ ਤੇਰੇ ਇਹ ਫਿੱਕੇ ਰੰਗ ਨਹੀਂ ਦੇਖੇ ਜਾਂਦੇ.. ਤੂੰ ਵਧੀਆ ਪਹਿਣਿਆ ਕਰ .. ਲੋਕਾਂ ਦਾ ਕੀ ਹੈ.. ਜਿੰਦਗੀ ਤੇਰੀ ਹੈ. ਤੇ ਮੈਨੂੰ ਤੇਰੇ ਤੇ ਭਰੋਸ਼ਾ ਹੈ.. ਹਰਮਨ ਨੇ ਆਪਣੇ ਚਿਹਰੇ ਨੂੰ ਸ਼ੀਸ਼ੇ ਵੱਲ ਦੇਖਿਆ ਤੇ ਕਹਿਣ ਲੱਗੀ ,” ਸੱਚੀ ! ਮੈਂ ਕਿਸੇ ਸਹੀਦ ਦੀ ਪਤਨੀ ਤਾਂ ਨਹੀਂ .. ਜਿਹੜੀ ਸਾਰੀ ਜ਼ਿੰਦਗੀ ਚਿੱਟੀ ਚੁੰਨੀ ਵਿੱਚ ਉਸ ਨੂੰ ਸ਼ਰਧਾਂਜਲੀ ਦਿੰਦੀ ਰਹਾ.. ਮੈ ਤਾਂ ਇੱਕ ਨਸ਼ੇੜੀ ਦੀ ਵਿਧਵਾ ਜਿਸਨੇ ਮੈਨੂੰ ਕਦੇ ਕੋਈ ਸੁੱਖ ਨਹੀਂ ਦਿੱਤਾ ਤੇ ਮੈਂ ਉਸ ਲਈ ਆਪਣੀ ਜਿੰਦਗੀ ਦੇ ਰੰਗ ਖਤਮ ਨਹੀਂ ਕਰਨੇ..ਮੈਨੂੰ ਵੀ ਤਤ ਜਿੰਦਗੀ ਜਿਊਣ ਦਾ ਹੱਕ ਹੈ ।”
ਕਹਿੰਦੇ ਉਸਨੇ ਆਪਣੇ ਨਵੇਂ ਸੂਟ ਕੱਢੇ ਤੇ ਪਾ ਕੇ ਕੰਮ ਤੇ ਗਈ ਤੇ ਜਦੋ ਆਪਣੀ ਕੰਮ ਵਾਲੀ ਜਗ੍ਹਾ ਤੇ ਦਾਖਿਲ ਹੋਈ ਤਾਂ ਸਹਿਕਰਮੀਆਂ ਦੀ ਘੁਸਰ – ਮੁਸ਼ਰ ਸੁਰੂ ਹੋ ਗਈ .. ” ਦੇਖਿਆ ! ਬਦਲ ਗਏ ਨਾ ਰੰਗ ਹੁਣ . ਦੇਖ ਲਿਓ ਥੋੜੇ ਟਾਈਮ ਚ ਹੀ ਵਿਆਹ ਵੀ ਕਰਾ ਲੈਣਾ.. ਦੇਖਿਆ ..ਮੈ ਕੱਲ ਕਿਸੇ ਨੂੰ ਬੱਸ ਚ ਕਪੜਿਆਂ ਦਾ ਲਿਫ਼ਾਫ਼ਾ ਪੜ੍ਹਾਉਂਦੇ..” ਹਰਮਨ ਨੇ ਫਿਰ ਕੌੜਾ ਘੁੱਟ ਭਰਿਆ ਕਿਉੰਕਿ ਉਹ ਕਪੜਿਆਂ ਦਾ ਲਿਫ਼ਾਫ਼ਾ ਕਿਸੇ ਦਾ ਨੌਕਰ ਹਰਮਨ ਨੂੰ ਬੱਸ ਵਿੱਚ ਸਿਲਾਈ ਕਰਨ ਲਈ ਫੜਾ ਕੇ ਗਿਆ ਸੀ ।
ਹਰਮਨ ਦਾ ਦਿਲ ਟੁੱਟ ਗਿਆ .. ਉਹ ਘਰ ਆ ਕੇ ਬਹੁਤ ਰੋਈ ਤੇ ਆਪਣੀ ਸੱਸ ਨੂੰ ਸਾਰੀ ਗੱਲ ਦੱਸੀ ਤਾਂ ਉਸਦੀ ਸੱਸ ਨੇ ਕਿਹਾ .. ਧੀਏ ! ਇਹ ਦੁਨੀਆਂ .. ਇੱਥੇ ਬਹੁਤ ਲੋਕ ਹੋਣਗੇ ਤੈਨੂੰ ਤੰਗ ਕਰਨ ਵਾਲੇ .. ਤੇਰੇ ਤੇ ਉਂਗਲਾ ਚੁੱਕਣ ਵਾਲੇ.. ਜਿੰਦਗੀ ਤੇਰੀ ਹੈ ਤੇ ਤੈਨੂੰ ਹੱਕ ਹੈ ਆਪਣੇ ਢੰਗ ਨਾਲ ਜਿਊਣ ਦਾ .. ਜੇਕਰ ਇਹਨਾਂ ਘਟੀਆ ਲੋਕਾ ਅੱਗੇ ਹਾਰ ਕੇ ਰੋਣ ਲੱਗ ਗਈ ਤਾਂ ਕੁਝ ਨੀ ਬਣਨਾ ਤੇਰਾ .. ਸੋ ਆਪਣੇ ਨਾਲ ਹੁੰਦੀਆਂ ਨੂੰ ਤੂੰ ਬਹਾਦਰ ਬਣ ਕੇ ਆਪ ਹੀ ਟਾਲ…” ਸੱਸ ਦੀਆਂ ਗੱਲਾ ਨੇ ਹਰਮਨ ਵਿੱਚ ਹਿੰਮਤ ਭਰ ਦਿੱਤੀ ਤੇ ਅਗਲੀ ਸਵੇਰ ਜਦੋਂ ਉਹ ਤਿਆਰ ਹੋ ਰਹੀ ਸੀ ਤਾਂ ਉਸਨੇ ਆਪਣੀ ਉੱਚੀ ਅੱਡੀ ਦੇ ਸੈਂਡਲ ਕੱਢ ਲਏ .. ਉਹ ਉੱਚੀ ਅੱਡੀ ਦੇ ਸੈਂਡਲ ਜਿਹਨਾਂ ਨੂੰ ਉਸਨੇ ਬੜੇ ਹੀ ਚਾਅ ਨਾਲ ਖਰੀਦਿਆ ਸੀ ਪਰ ਦੁੱਖਾਂ ਕਰਕੇ ਕਦੇ ਪਾ ਨਾ ਸਕੀ ।
ਹਰਮਨ ਅੱਜ ਜਦੋ ਇਹ ਸੈਂਡਲ ਪਾ ਕੇ ਦਫ਼ਤਰ ਪਹੁੰਚੀ ਤਾਂ ਇਹਨਾਂ ਦੀ ਆਵਾਜ਼ ਸੁਣ ਇੱਕਠੇ ਹੋਏ ਸਹਿਕਰਮੀ ਆਪਣੀ ਆਦਤ ਮੁਤਾਬਕ ਫਿਰ ਬੋਲੇ..” ਦੇਖਿਆ ਅੱਜ ਤਾਂ ਉੱਚੀ ਅੱਡੀ ਵੀ ਪਾ ਲਈ.. ਨਿੱਤ ਖੰਭ ਨਿਕਲਦੇ ਹੁਣ ਤਾਂ.. ਇਸ ਦੀ ਤਾਂ ਲਾਟਰੀ ਲੱਗ ਗਈ .. ਪਤੀ ਦੀ ਨੌਕਰੀ ਵੀ ਮਿਲ ਗਈ ਤੇ ਅਯਾਸ਼ੀ ਕਰਨ ਲਈ ਮੌਕਾ ਵੀ.. ਇਸ ਲਈ ਤਾਂ ਮਸਾ ਹੀ ਮਰਿਆ..। ” ਹਰਮਨ ਦੇ ਕਾਲਜੇ ਦਾ ਰੁੱਗ ਭਰ ਕੇ ਨਿਕਲ ਗਿਆ..ਉਸਦੇ ਅੰਦਰ ਇੱਕ ਜਵਾਲਾਮੁਖੀ ਫੁੱਟੀ… ਅੱਖਾਂ ‘ ਚ ਖੂਨ ਉਤਰ ਆਇਆ ਤੇ ਉਹ ਉਸ ਵਿੱਚ ਚੰਡੀ ਦਾ ਰੂਪ ਆ ਗਿਆ.. ਅੱਜ ਉਸਦੇ ਸਬਰ ਦੀ ਹੱਦ ਪਾਰ ਹੋ ਗਈ ਸੀ .. ਅੱਜ ਉਹ ਨੀਵੀਂ ਪਾ ਕੇ ਆਪਣੀ ਸੀਟ ਤੇ ਨਹੀਂ ਗਈ ਸਗੋ ਆਪਣੇ ਸਹਿਕਰਮੀਆਂ ਵੱਲ ਮੁੜੀ ਤੇ ਆਪਣੇ ਪਾਏ ਹੋਏ ਉੱਚੀ ਅੱਡੀ ਦੇ ਸੈਂਡਲ ਵੱਲ ਉਸਦਾ ਹੱਥ ਵੱਧ ਰਿਹਾ ਸੀ ..ਹਰਮਨ ਦਾ ਇਹ ਨਵਾ ਰੂਪ ਦੇਖ ਉਸਦੇ ਸਹਿਕਰਮੀ ਡਰ ਗਏ ਤੇ ਉਥੋਂ ਖਿਸਕਣ ਲੱਗ ਗਏ .. ਤੇ ਹੁਣ ਨਿੱਤ ਜਦੋਂ ਹਰਮਨ ਕੰਮ ਤੇ ਆਉਂਦੀ ਤਾਂ ਉਸਦੀ ਉੱਚੀ ਅੱਡੀ ਦੀ ਆਵਾਜ਼ ਸੁਣ ਕੇ ਉਸਦੇ ਸਹਿਕਰਮੀ ਪਹਿਲਾਂ ਹੀ ਡਰ ਕੇ ਖਿਸਕ ਜਾਂਦੇ ।
ਪਰਮਜੀਤ ਕੌਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly