- ਭਲਕੇ ਹਾਈਕਮਾਂਡ ਨੂੰ ਮਿਲਣਗੇ ਸਿੱਧੂਹਰੀਸ਼ ਰਾਵਤ ਤੇ ਕੇਸੀ ਵੇਣੂਗੋਪਾਲ ਵੀ ਮੀਟਿੰਗ ਵਿੱਚ ਲੈਣਗੇ ਹਿੱਸਾ
ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਅਸਤੀਫ਼ਾ ਦੇਣ ਮਗਰੋਂ ਨਵਜੋਤ ਸਿੰਘ ਸਿੱਧੂ ਵੀਰਵਾਰ ਨੂੰ ਕਾਂਗਰਸ ਹਾਈਕਮਾਂਡ ਨਾਲ ਮੁਲਾਕਾਤ ਕਰਨਗੇ। ਸਿੱਧੂ ਦੇ ਅਸਤੀਫ਼ਾ ਦੇਣ ਦੇ ਐਲਾਨ ਮਗਰੋਂ ਪੰਜਾਬ ਕਾਂਗਰਸ ਦਾ ਕੰਮ ਦੋ ਹਫ਼ਤਿਆਂ ਤੋਂ ਪੂਰੀ ਤਰ੍ਹਾਂ ਠੱਪ ਪਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ’ਚ ਆਈ ਖੜੋਤ ਹਾਈਕਮਾਂਡ ਨੂੰ ਵਾਰਾ ਨਹੀਂ ਖਾ ਰਹੀ ਹੈ। ਇਸ ਲਈ ਉਹ ਨਵਜੋਤ ਸਿੱਧੂ ਤੋਂ ਕਾਫ਼ੀ ਖ਼ਫਾ ਜਾਪਦੀ ਹੈ। ਨਵਜੋਤ ਸਿੱਧੂ ਦਾ ਅਸਤੀਫ਼ਾ ਹਾਈਕਮਾਂਡ ਨੇ ਪ੍ਰਵਾਨ ਕਰ ਲਿਆ ਹੈ ਜਾਂ ਨਹੀਂ, ਇਸ ਬਾਰੇ ਵੀ ਭੇਤ ਬਰਕਰਾਰ ਹੈ। ਉਧਰ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਅੱਜ ਕੀਤੇ ਟਵੀਟ ਨੇ ਅਸਿੱਧੇ ਤੌਰ ’ਤੇ ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣ ਦੀ ਪੁਸ਼ਟੀ ਕਰ ਦਿੱਤੀ ਹੈ। ਹਰੀਸ਼ ਰਾਵਤ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਨਵਜੋਤ ਸਿੰਘ ਸਿੱਧੂ 14 ਅਕਤੂਬਰ ਨੂੰ ਉਨ੍ਹਾਂ ਨਾਲ ਅਤੇ ਕੇ.ਸੀ. ਵੇਣੂਗੋਪਾਲ ਨਾਲ ਮੀਟਿੰਗ ਕਰਨ ਲਈ ਦਿੱਲੀ ਆ ਰਹੇ ਹਨ। ਮੀਟਿੰਗ ਵਿਚ ਪਾਰਟੀ ਦੇ ਜਥੇਬੰਦਕ ਢਾਂਚੇ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਹਰੀਸ਼ ਰਾਵਤ ਦਾ ਟਵੀਟ ਇਸ਼ਾਰਾ ਕਰਦਾ ਹੈ ਕਿ ਹਾਈਕਮਾਂਡ ਹੁਣ ਆਪਣਾ ਹੱਥ ਉੱਪਰ ਰੱਖ ਰਹੀ ਹੈ। ਸੂਤਰ ਦੱਸਦੇ ਹਨ ਕਿ ਹਾਈਕਮਾਂਡ ਨਵਜੋਤ ਸਿੱਧੂ ਦੀ ਕਾਰਜਸ਼ੈਲੀ ਨੂੰ ਲੈ ਕੇ ਖ਼ਫ਼ਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਮਗਰੋਂ ਹੁਣ ਉਹ ਮੁੱਖ ਮੰਤਰੀ ਚਰਨਜੀਤ ਚੰਨੀ ’ਤੇ ਵੀ ਹੱਲੇ ਬੋਲਣ ਲੱਗੇ ਹਨ। ਇੱਕ ਸੀਨੀਅਰ ਕਾਂਗਰਸੀ ਆਗੂ ਨੇ ਦੱਸਿਆ ਕਿ ਹਾਈਕਮਾਂਡ ਦਬਾਅ ਬਣਾ ਰਹੀ ਹੈ ਕਿ ਨਵਜੋਤ ਸਿੱਧੂ ਹੁਣ ਖ਼ੁਦ ਟਵੀਟ ਕਰਕੇ ਆਪਣਾ ਅਸਤੀਫ਼ਾ ਵਾਪਸ ਲਵੇ। ਚੇਤੇ ਰਹੇ ਕਿ ਨਵਜੋਤ ਸਿੱਧੂ ਨੇ 28 ਸਤੰਬਰ ਨੂੰ ਟਵੀਟ ਕਰਕੇ ਆਪਣਾ ਅਸਤੀਫ਼ਾ ਦੇ ਦਿੱਤਾ ਸੀ ਅਤੇ ਪੰਜਾਬ ਦੇ ਡੀਜੀਪੀ ਅਤੇ ਐਡਵੋਕੇਟ ਜਨਰਲ ਦੇ ਤਬਾਦਲੇ ਦਾ ਮਾਮਲਾ ਉਠਾਇਆ ਸੀ। ਪ੍ਰਧਾਨ ਬਣਨ ਦੇ 72 ਦਿਨਾਂ ਮਗਰੋਂ ਹੀ ਅਸਤੀਫ਼ਾ ਦਿੱਤੇ ਜਾਣ ਕਾਰਨ ਨਵਜੋਤ ਸਿੱਧੂ ਦੇ ਅਕਸ ਨੂੰ ਢਾਹ ਲੱਗੀ ਹੈ। ਇਸੇ ਦੌਰਾਨ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ 11 ਅਕਤੂਬਰ ਨੂੰ ਕੈਬਨਿਟ ਮੀਟਿੰਗ ਵਿੱਚ ਸ਼ਾਮਲ ਹੋ ਕੇ ਸਪਸ਼ਟ ਕਰ ਦਿੱਤਾ ਕਿ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਨਹੀਂ ਹੋਇਆ ਜਾਂ ਉਨ੍ਹਾਂ ਨੇ ਖ਼ੁਦ ਹੀ ਵਾਪਸ ਲੈ ਲਿਆ ਹੈ।
ਟਕਸਾਲੀ ਕਾਂਗਰਸੀ ਆਗੂ ਮਹਿਸੂਸ ਕਰ ਰਹੇ ਹਨ ਕਿ ਨਵਜੋਤ ਸਿੱਧੂ ਨੇ ਹੁਣ ਚਰਨਜੀਤ ਚੰਨੀ ਨਾਲ ਸਿਆਸੀ ਫ਼ਰੰਟ ਖੋਲ੍ਹ ਕੇ ਅੰਦਰੂਨੀ ਕਲੇਸ਼ ਦੇ ਅਧਿਆਇ ਨੂੰ ਜਾਰੀ ਰੱਖਿਆ ਹੈ। ਮੌਜੂਦਾ ਹਾਲਾਤ ਤੋਂ ਇੰਜ ਜਾਪਦਾ ਹੈ ਕਿ ਪੰਜਾਬ ਸਰਕਾਰ ਨਵੇਂ ਐਡਵੋਕੇਟ ਜਨਰਲ ਨੂੰ ਤਬਦੀਲ ਨਹੀਂ ਕਰੇਗੀ। ਡੀਜੀਪੀ ਲਈ ਦਸ ਨਾਵਾਂ ਦਾ ਪੈੱਨਲ ਵੀ ਕੇਂਦਰ ਨੂੰ ਭੇਜਿਆ ਜਾ ਚੁੱਕਿਆ ਹੈ, ਜਿਸ ਬਾਰੇ ਫੌਰੀ ਫ਼ੈਸਲਾ ਹੋਣ ਦੀ ਸੰਭਾਵਨਾ ਨਹੀਂ ਜਾਪ ਰਹੀ। ਮੁੱਢਲੇ ਦਿਨਾਂ ਨੂੰ ਛੱਡ ਕੇ ਨਵਜੋਤ ਸਿੱਧੂ ਆਪਣੇ ਵੱਖਰੇ ਪ੍ਰੋਗਰਾਮ ਉਲੀਕ ਰਹੇ ਹਨ। ਉਂਜ, ਨਵਜੋਤ ਸਿੱਧੂ ਨੇ ਲਖੀਮਪੁਰ ਖੀਰੀ ਵਿਚ ਭੁੱਖ ਹੜਤਾਲ ਰੱਖ ਕੇ ਆਪਣੀ ਸਿਆਸੀ ਵਾਪਸੀ ਜ਼ਰੂਰ ਕੀਤੀ ਹੈ।
ਆਉਂਦੇ ਦਿਨਾਂ ਵਿਚ ਕਾਂਗਰਸੀ ਕਲੇਸ਼ ਭਖੇ ਰਹਿਣ ਦੇ ਸੰਕੇਤ ਹਨ। ਨਵਜੋਤ ਸਿੱਧੂ ਖ਼ੁਦ ਹੀ ਟਵੀਟ ਕਰਕੇ ਆਖ ਚੁੱਕੇ ਹਨ ਕਿ ਉਹ ਮੁੱਦਿਆਂ ਦੇ ਮਾਮਲੇ ’ਤੇ ਸਮਝੌਤਾ ਨਹੀਂ ਕਰਦੇ। ਜੇ ਡੀਜੀਪੀ ਅਤੇ ਐਡਵੋਕੇਟ ਜਨਰਲ ਨਹੀਂ ਬਦਲੇ ਜਾਂਦੇ ਤਾਂ ਕੀ ਨਵਜੋਤ ਸਿੱਧੂ ਪ੍ਰਧਾਨਗੀ ਦੀ ਸੀਟ ’ਤੇ ਬਣੇ ਰਹਿਣਗੇ? ਇਹ ਸਵਾਲ ਪੰਜਾਬ ਦੇ ਆਮ ਲੋਕਾਂ ਵਿੱਚ ਉੱਠ ਰਿਹਾ ਹੈ। ਉੱਧਰ, ਹਾਈਕਮਾਂਡ ਦਾ ਨਵਜੋਤ ਸਿੱਧੂ ਪ੍ਰਤੀ ਮੋਹ ਉਵੇਂ ਦਾ ਨਹੀਂ ਰਿਹਾ, ਜੋ ਪ੍ਰਧਾਨਗੀ ਸੌਂਪਣ ਵੇਲੇ ਸੀ। ਪਾਰਟੀ ਸਮਝਦੀ ਹੈ ਕਿ ਅੰਦਰੂਨੀ ਕਲੇਸ਼ ਨੂੰ ਸਮੇਟਣ ਲਈ ਨਵਜੋਤ ਸਿੱਧੂ ਨੂੰ ਪਹਿਲਾਂ ਪ੍ਰਧਾਨਗੀ ਸੌਂਪੀ ਗਈ ਅਤੇ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੀ ਛੁੱਟੀ ਕੀਤੀ ਗਈ। ਫਿਰ ਵੀ ਰੱਫੜ ਜਾਰੀ ਹੈ ਤੇ ਨਵਜੋਤ ਸਿੱਧੂ ਨਾਖ਼ੁਸ਼ ਹਨ, ਅਜਿਹੇ ਹਾਲਾਤ ਪਾਰਟੀ ਲਈ ਖੁਸ਼ਵਗਾਰ ਨਹੀਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly