(ਸਮਾਜ ਵੀਕਲੀ)
ਮੇਰੇ ਲੇਖ ਸੰਗ੍ਰਹਿ ‘ਲੁਕਵਾਂ ਸੱਚ’ ਵਿੱਚੋਂ…
ਅਕਸਰ ਹੀ ਅਸੀਂ ਕਿਸੇ ਨਾ ਕਿਸੇ ਦੇ ਮੂੰਹੋਂ ਸੁਣਦੇ ਰਹਿੰਦੇ ਹਾਂ ਕਿ ਫਲਾਣਾ ਬੰਦਾ ਜਾਂ ਫਲਾਣੀ ਔਰਤ ਚਰਿੱਤਰਹੀਣ ਹੈ। ਅਕਸਰ ਅਜਿਹੇ ਸ਼ਬਦਾਂ ਦੀ ਵਰਤੋਂ ਉਨ੍ਹਾਂ ਵਿਅਕਤੀਆਂ ਵੱਲੋਂ ਵੀ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਸ਼ਾਇਦ ਚਰਿੱਤਰ ਸ਼ਬਦ ਦੇ ਅਰਥ ਵੀ ਪਤਾ ਨਹੀਂ ਹੁੰਦੇ ਜਾਂ ਜਿਨ੍ਹਾਂ ਦਾ ਆਪਣਾ ਚਰਿੱਤਰ ਵੀ ਕੋਈ ਬਹੁਤਾ ਵਧੀਆ ਨਹੀਂ ਹੁੰਦਾ। ਪੰਜਾਬੀ ਦੀ ਪ੍ਰਸਿੱਧ ਅਖਾਣ ਹੈ ਕਿ ‘ਆਪਣੀਆਂ ਕੱਛ ਵਿੱਚ ਤੇ ਦੂਜੇ ਦੀਆਂ ਹੱਥ ਵਿੱਚ’ ਕਿਉਂਕਿ ਆਪਣੇ ਅੰਦਰ ਤਾਂ ਕੋਈ ਵਿਅਕਤੀ ਝਾਤੀ ਮਾਰਨ ਦੀ ਕੋਸ਼ਿਸ਼ ਹੀ ਨਹੀਂ ਕਰਦਾ, ਇਸ ਲਈ ਹਰ ਕਿਸੇ ਨੂੰ ਕੇਵਲ ਦੂਜਿਆਂ ਦੇ ਐਬ ਹੀ ਦਿਖਾਈ ਦਿੰਦੇ ਹਨ। ਅਸੀਂ ਦੇਖਦੇ ਹਾਂ ਕਿ ਹਰ ਵਿਅਕਤੀ ਨੇ ਕਈ-ਕਈ ਮੁਖੌਟੇ ਪਹਿਨ ਰੱਖੇ ਹਨ ਅਤੇ ਉਸ ਦਾ ਅਸਲੀ ਚਿਹਰਾ ਤਾਂ ਕਿਸੇ ਨੂੰ ਦਿਖਾਈ ਹੀ ਨਹੀਂ ਦਿੰਦਾ। ਇਸੇ ਕਰਕੇ ਮਨੁੱਖ ਦਾ ਸਭ ਤੋਂ ਵੱਧ ਜ਼ੋਰ ਇਸੇ ਗੱਲ ’ਤੇ ਹੀ ਲੱਗਿਆ ਰਹਿੰਦਾ ਹੈ ਕਿ ਉਸ ਦਾ ਅਸਲੀ ਆਪਾ ਲੋਕਾਂ ਸਾਹਮਣੇ ਪ੍ਰਗਟ ਨਾ ਹੋ ਜਾਵੇ ਅਤੇ ਦੁਨੀਆ ਨੂੰ ਸਿਰਫ਼ ਉਹੀ ਕੁੱਝ ਦਿਖਾਈ ਦੇਵੇ, ਜਿਹੜਾ ਉਹ ਦੇਖਣਾ ਚਾਹੁੰਦੀ ਹੈ।
ਅਜਿਹਾ ਕਰਦਿਆਂ ਲੱਗਭੱਗ ਹਰ ਵਿਅਕਤੀ ਹੀ ਆਪਣੇ ਅਸਲੀ ਸੱਚ ਨੂੰ ਲੁਕੋਣ ਦੇ ਚੱਕਰ ਵਿੱਚ ਦੂਹਰੀ ਜ਼ਿੰਦਗੀ ਜਿਊਂਦਾ ਪ੍ਰਤੀਤ ਹੁੰਦਾ ਹੈ ਕਿਉਂਕਿ ਜਿਹੜੇ ਦਾਅਵੇ ਉਹ ਆਪਣੇ ਬਾਰੇ ਕਰ ਰਿਹਾ ਹੁੰਦਾ ਹੈ, ਉਹੋ ਜਿਹੀ ਤਾਂ ਉਸ ਵਿੱਚ ਕੋਈ ਗੱਲਬਾਤ ਹੀ ਨਹੀਂ ਹੁੰਦੀ।
ਚਰਿੱਤਰ ਨੂੰ ਕੇਵਲ ਸੈਕਸ ਨਾਲ ਜੋੜ ਕੇ ਵੀ ਇਸ ਦਾ ਮੂੰਹ-ਮੁਹਾਂਦਰਾ ਵਿਗਾੜਨ ਦਾ ਕੋਸ਼ਿਸ਼ ਕੀਤੀ ਗਈ ਹੈ। ਅਜੋਕੇ ਸਮੇਂ ਵਿੱਚ ਚਰਿੱਤਰ ਦਾ ਮਤਲਬ ਸਿਰਫ਼ ਐਨਾ ਕੁ ਹੀ ਸਮਝਿਆ ਜਾ ਰਿਹਾ ਹੈ ਕਿ ਕਿਸੇ ਔਰਤ ਦੇ ਆਪਣੇ ਪਤੀ ਜਾਂ ਕਿਸੇ ਮਰਦ ਦੇ ਆਪਣੀ ਪਤਨੀ ਤੋਂ ਇਲਾਵਾ ਕਿਤੇ ਹੋਰ ਵੀ ਸਰੀਰਕ ਸਬੰਧ ਹਨ ਜਾਂ ਨਹੀਂ। ਇਸ ਦੇ ਉਲਟ ਜੇਕਰ ਉਹ ਆਪਣੀ ਪਤਨੀ ਨਾਲ ਉਸ ਦੀ ਮਰਜ਼ੀ ਦੇ ਖ਼ਿਲਾਫ਼ ਮਾਰ-ਕੁੱਟ ਕਰ ਕੇ ਬਲਾਤਕਾਰ ਵੀ ਕਰਦਾ ਹੈ, ਤਾਂ ਵੀ ਉਹ ਸਮਾਜ ਦੀਆਂ ਨਜ਼ਰਾਂ ਵਿੱਚ ਚਰਿੱਤਰਵਾਨ ਬਣਿਆ ਰਹਿੰਦਾ ਹੈ।
ਇਸ ਹਾਲਤ ਵਿੱਚ ਸੱਚਮੁੱਚ ਹੀ ਬੜੀ ਹਾਸੋ-ਹੀਣੀ ਸਥਿਤੀ ਬਣ ਜਾਂਦੀ ਹੈ ਕਿ ਬੇਸ਼ੱਕ ਕਿਸੇ ਲੜਕੇ ਜਾਂ ਲੜਕੀ ਨੂੰ ਬਿਨਾਂ ਪੁੱਛੇ ਹੀ, ਜਿਹਦੇ ਨਾਲ ਮਰਜ਼ੀ ਵਿਆਹ ਦਿੱਤਾ ਜਾਵੇ, ਫਿਰ ਵੀ ਉਸ ਦਾ ਨੈਤਿਕ ਫ਼ਰਜ਼ ਬਣ ਜਾਂਦਾ ਹੈ ਕਿ ਉਹ ਉਸ ਨੂੰ ਪਿਆਰ ਕਰੇ ਅਤੇ ਪਸੰਦ ਨਾ ਹੋਣ ਦੀ ਸੂਰਤ ਵਿੱਚ ਵੀ ਆਪਣੀ ਜ਼ਮੀਰ ਨੂੰ ਮਾਰ ਕੇ ਉਸ ਦੀ ਸਰੀਰਕ ਹਵਸ ਪੂਰੀ ਕਰੇ, ਕਿਉਂਕਿ ਚੰਗੇ ਚਰਿੱਤਰ ਦੀ ਪਰਿਭਾਸ਼ਾ ਹੀ ਇਹੋ ਮੰਨੀ ਗਈ ਹੈ। ਜੇਕਰ ਵਿਅਕਤੀ ਆਪਣੀ ਮਰਜ਼ੀ ਨਾਲ ਕਿਤੇ ਹੋਰ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਨਾਲ ਉਸ ਨੂੰ ਪਿਆਰ ਵੀ ਹੁੰਦਾ ਹੈ ਅਤੇ ਜਿਹੜਾ ਉਸ ਨੂੰ ਚੰਗਾ ਵੀ ਲੱਗਦਾ ਹੈ, ਤਾਂ ਸਾਡਾ ਸਮਾਜ ਝੱਟ ਉਸ ਨੂੰ ਚਰਿੱਤਰਹੀਣ ਹੋਣ ਦਾ ਸਰਟੀਫਿਕੇਟ ਦੇ ਦਿੰਦਾ ਹੈ। ਇਸ ਦਾ ਇੱਕੋ-ਇੱਕ ਮਤਲਬ ਤਾਂ ਇਹੋ ਹੀ ਨਿਕਲਦਾ ਹੈ ਕਿ ਜੇਕਰ ਵਿਅਕਤੀ ਨੇ ਚਰਿੱਤਰਵਾਨ ਬਣਿਆ ਰਹਿਣਾ ਹੈ, ਤਾਂ ਉਸ ਨੂੰ ਆਪਣੇ ਲਈ ਨਹੀਂ ਬਲਕਿ ਦੂਜਿਆਂ ਦੀ ਮਰਜ਼ੀ ਮੁਤਾਬਿਕ ਜਿਊਣਾ ਪੈਣਾ ਹੈ।
ਚਰਿੱਤਰ ਦਾ ਸਬੰਧ ਕੇਵਲ ਸੈਕਸ ਨਾਲ ਹੀ ਨਹੀਂ ਬਲਕਿ ਮਨੁੱਖ ਦੀ ਸਮੁੱਚੀ ਸ਼ਖ਼ਸੀਅਤ ਨਾਲ ਹੁੰਦਾ ਹੈ। ਜੇਕਰ ਵਿਅਕਤੀ ਕਿਸੇ ਤੋਂ ਉਧਾਰ ਲੈਂਦਾ ਹੈ, ਤਾਂ ਸਹੀ ਸਮੇਂ ’ਤੇ ਵਾਪਸ ਕਰਨਾ ਚਾਹੀਦਾ ਹੈ। ਵਿਅਕਤੀ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ। ਵਿਅਕਤੀ ਦਾ ਆਪਣੇ ਆਂਢ-ਗੁਆਂਢ ਵਿੱਚ ਆਪਸੀ ਸਹਿਚਾਰ ਸਕਿਆਂ-ਸਬੰਧੀਆਂ ਵਾਲਾ ਹੋਣਾ ਚਾਹੀਦਾ ਹੈ। ਵਿਅਕਤੀ ਨੂੰ ਆਪਣੇ ਮਾਪਿਆਂ ਅਤੇ ਬੱਚਿਆਂ ਸਬੰਧੀ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ।
ਜੇਕਰ ਵਿਅਕਤੀ ਦੁਕਾਨਦਾਰੀ ਕਰਦਾ ਹੈ, ਤਾਂ ਉਸ ਨੂੰ ਘੱਟ ਨਹੀਂ ਤੋਲਣਾ ਚਾਹੀਦਾ ਅਤੇ ਜੇਕਰ ਉਹ ਵਕੀਲ ਜਾਂ ਜੱਜ ਹੋਵੇ ਤਾਂ ਉਸ ਨੂੰ ਝੂਠ ਦੀ ਹਮਾਇਤ ਨਹੀਂ ਕਰਨੀ ਚਾਹੀਦੀ। ਜੇਕਰ ਵਿਅਕਤੀ ਸਿਆਸਤਦਾਨ ਹੋਵੇ, ਤਾਂ ਉਸ ਨੂੰ ਆਪਣੇ ਵੋਟਰਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਅਤੇ ਜੇਕਰ ਉਹ ਪੁਲਿਸ ਵਿੱਚ ਹੋਵੇ, ਤਾਂ ਉਸ ਨੂੰ ਨਿਰਦੋਸ਼ਾਂ ਉੱਤੇ ਜ਼ੁਲਮ ਨਹੀਂ ਕਰਨਾ ਚਾਹੀਦਾ। ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਮਨ ਲਾ ਕੇ ਪੜ੍ਹਾਵੇ ਅਤੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਪੜ੍ਹ-ਲਿਖ ਕੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ। ਮੇਰੇ ਕਹਿਣ ਦਾ ਮਤਲਬ ਹੈ ਕਿ ਵਿਅਕਤੀ ਜਿਸ ਖੇਤਰ ਵਿੱਚ ਵੀ ਕਾਰਜਸ਼ੀਲ ਹੋਵੇ, ਉਸ ਨੂੰ ਆਪਣੀ ਭੂਮਿਕਾ ਸਹੀ ਅਰਥਾਂ ਵਿੱਚ ਨਿਭਾਉਣੀ ਚਾਹੀਦੀ ਹੈ। ਮੇਰੇ ਖ਼ਿਆਲ ਵਿੱਚ ਇਸੇ ਸਮੁੱਚੇ ਜਿਊਣ ਢੰਗ ਦੇ ਆਧਾਰ ’ਤੇ ਹੀ ਕਿਸੇ ਮਨੁੱਖ ਨੂੰ ਚਰਿੱਤਰਵਾਨ ਜਾਂ ਚਰਿੱਤਰਹੀਣ ਕਿਹਾ ਜਾ ਸਕਦਾ ਹੈ।
ਇਸ ਮਸਲੇ ਨੂੰ ਭੰਬਲਭੂਸੇ ਵਿੱਚ ਪਾਉਣ ਲਈ ਸਭ ਤੋਂ ਵੱਡਾ ਯੋਗਦਾਨ ਧਰਮ ਗ੍ਰੰਥਾਂ ਨੇ ਪਾਇਆ ਹੈ ਕਿਉਂਕਿ ਉਨ੍ਹਾਂ ਵੱਲੋਂ ਪ੍ਰਚਾਰ ਤਾਂ ਕੁੱਝ ਹੋਰ ਕੀਤਾ ਜਾਂਦਾ ਹੈ ਪਰ ਉਨ੍ਹਾਂ ਦੇ ਧਾਰਮਿਕ ਆਗੂਆਂ ਦਾ ਚਰਿੱਤਰ, ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਉੱਕਾ ਹੀ ਮੇਲ ਨਹੀਂ ਖਾਂਦਾ। ਪਰਾਈ ਔਰਤ ਵੱਲ ਦੇਖਣਾ ਪਾਪ ਵੀ ਕਿਹਾ ਜਾਂਦਾ ਹੈ ਅਤੇ ਗੌਤਮ ਰਿਸ਼ੀ ਦੀ ਪਤਨੀ ਅਹੱਲਿਆ ਨਾਲ ਬਲਾਤਕਾਰ ਵੀ ਕੀਤਾ ਜਾਂਦਾ ਹੈ। ਸ਼ਕਤੀਸ਼ਾਲੀ ਰਾਖਸ਼ ਜਲਨਧਰ ਨੂੰ ਜੰਗ ਵਿੱਚ ਹਰਾਉਣ ਲਈ ਉਸ ਦੀ ਪਤਨੀ ਵਰਿੰਦਾ ਦਾ ਵੀ ਸਤ ਭੰਗ ਕੀਤਾ ਜਾਂਦਾ ਹੈ ਕਿਉਂਕਿ ਸਮਝਿਆ ਗਿਆ ਸੀ ਕਿ ਉਸ ਦੀ ਪਤਨੀ ਦੇ ਪਤੀਵਰਤਾ ਧਰਮ ਦੀ ਸ਼ਕਤੀ ਕਾਰਨ ਹੀ ਉਸ ਰਾਖਸ਼ ਤੋਂ ਵਾਰ-ਵਾਰ ਹਾਰਨਾ ਪਿਆ ਹੈ। ਕਿੰਨੀਆਂ ਹੀ ਧਾਰਮਿਕ ਸ਼ਖ਼ਸੀਅਤਾਂ ਦਾ ਜਨਮ ਕੁਆਰੀਆਂ ਔਰਤਾਂ ਦੇ ਪੇਟੋਂ ਹੋਇਆ ਸਮਝਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਪਿਤਾ ਕਿਸੇ ਨਾ ਕਿਸੇ ਕੁਦਰਤੀ ਸ਼ਕਤੀ ਨੂੰ ਮੰਨਿਆ ਜਾਂਦਾ ਹੈ। ਦੇਵਦਾਸੀ ਪ੍ਰਥਾ ਤਾਂ ਮਨੁੱਖਤਾ ਦੇ ਮੱਥੇ ਦਾ ਅਜਿਹਾ ਸ਼ਰਮਨਾਕ ਦਾਗ਼ ਹੈ, ਜਿਸ ਦੀ ਚਰਚਾ ਛਿੜਦਿਆਂ ਹੀ ਸਿਰ ਝੁਕ ਜਾਂਦਾ ਹੈ। ਵਿਰੋਧੀਆਂ ਨੂੰ ਮਾਰਨ ਲਈ ਹਰ ਤਰ੍ਹਾਂ ਦੇ ਛਲ, ਕਪਟ ਅਤੇ ਝੂਠ ਦਾ ਸਹਾਰਾ ਲਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਮਨੁੱਖ ਨੂੰ ਸੱਚਾ-ਸੁੱਚਾ ਜੀਵਨ ਜਿਊਣ ਦਾ ਉਪਦੇਸ਼ ਵੀ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਧਰਮ ਪ੍ਰਚਾਰਕਾਂ ਦੀ ਕਹਿਣੀ ਅਤੇ ਕਰਨੀ ਦਾ ਅੰਤਰ ਵੀ ਲੋਕਾਂ ਦੇ ਮਨਾਂ ਵਿੱਚ ਭੁਲੇਖੇ ਖੜ੍ਹੇ ਕਰਦਾ ਹੈ।
ਹਰੇਕ ਧਰਮ ਅਤੇ ਸਮਾਜ ਦੇ ਅਸੂਲ ਵੀ ਇੱਕ-ਦੂਜੇ ਨਾਲ ਬਿਲਕੁੱਲ ਹੀ ਮੇਲ ਨਹੀਂ ਖਾਂਦੇ। ਕਿਸੇ ਦਾ ਮੰਨਣਾ ਹੈ ਕਿ ਮਾਸ ਨਹੀਂ ਖਾਣਾ ਪਰ ਕਿਸੇ ਹੋਰ ਲਈ ਇਹ ਬਿਲਕੁੱਲ ਵੀ ਵਰਜਿਤ ਨਹੀਂ ਹੈ। ਕਿਸੇ ਲਈ ਗਊ ਪੂਜਣਯੋਗ ਹੈ ਪਰ ਕੋਈ ਹੋਰ ਉਸ ਦਾ ਮਾਸ ਬੜੇ ਸੁਆਦ ਨਾਲ ਖਾਂਦਾ ਹੈ। ਕਿਸੇ ਲਈ ਕੇਸ ਕੱਟਣੇ ਬਹੁਤ ਵੱਡਾ ਗੁਨਾਹ ਹੈ ਪਰ ਕਿਸੇ ਲਈ ਮੁੰਡਨ ਸੰਸਕਾਰ ਕਰਵਾਉਣਾ ਬੇਹੱਦ ਜ਼ਰੂਰੀ ਹੈ। ਕਿਸੇ ਲਈ ਪੱਥਰ ਦੀ ਮੂਰਤੀ ਵੀ ਭਗਵਾਨ ਦਾ ਰੂਪ ਹੋ ਸਕਦੀ ਹੈ ਪਰ ਕਿਸੇ ਲਈ ਮੂਰਤੀ ਪੂਜਾ ਕਰਨਾ ਉੱਕਾ ਹੀ ਵਰਜਿਤ ਕਰ ਦਿੱਤਾ ਗਿਆ ਹੈ। ਕਿਸੇ ਸਮਾਜ ਵੱਲੋਂ ਮਾਮੇ ਜਾਂ ਮਾਸੀ ਦੀ ਕੁੜੀ ਸਕੀ ਭੈਣ ਸਮਝੀ ਜਾਂਦੀ ਹੈ ਪਰ ਕੋਈ ਸਮਾਜ ਉਨ੍ਹਾਂ ਨਾਲ ਸ਼ਾਦੀ ਕਰਨ ਦੀ ਆਗਿਆ ਵੀ ਦਿੰਦਾ ਹੈ। ਬੜੇ ਹੀ ਮੱਤਭੇਦ ਜਾਂ ਫ਼ਰਕ ਗਿਣਾਏ ਜਾ ਸਕਦੇ ਹਨ ਪਰ ਹਰ ਕਿਸੇ ਨੂੰ ਆਪਣਾ ਹੀ ਜਿਊਣ ਢੰਗ ਚੰਗਾ ਅਤੇ ਸਹੀ ਲੱਗਦਾ ਹੈ। ਜਿਹੜਾ ਕੰਮ ਇੱਕ ਵਿਅਕਤੀ ਲਈ ਕਰਨਾ ਜਾਇਜ਼ ਹੈ, ਉਹੋ ਹੀ ਕੰਮ ਕਿਸੇ ਹੋਰ ਵਿਅਕਤੀ ਲਈ ਨਾਜਾਇਜ਼ ਹੋ ਸਕਦਾ ਹੈ। ਅਸਲ ਵਿੱਚ ਇਹ ਸਾਰੇ ਨਿਯਮ ਉਨ੍ਹਾਂ ਪ੍ਰਸਥਿਤੀਆਂ ਦੇ ਅਨੁਸਾਰ ਹੀ ਹੁੰਦੇ ਹਨ, ਜਿਨ੍ਹਾਂ ਵਿੱਚ ਇਹ ਹੋਂਦ ਵਿੱਚ ਆਉਂਦੇ ਹਨ ਅਤੇ ਇਹ ਸਮਝ ਲੈਣਾ ਵੀ ਜ਼ਰੂਰੀ ਹੈ ਕਿ ਮਨੁੱਖ ਇਨ੍ਹਾਂ ਨਿਯਮਾਂ ਲਈ ਨਹੀਂ ਹੁੰਦਾ ਬਲਕਿ ਇਹ ਨਿਯਮ ਮਨੁੱਖ ਲਈ ਹੁੰਦੇ ਹਨ।
ਅਸੀਂ ਜਾਣਦੇ ਹਾਂ ਕਿ ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਉਸ ਦੇ ਮਾਪਿਆਂ ਵਾਲੀ ਜਾਤ, ਧਰਮ ਅਤੇ ਨਾਗਿਰਕਤਾ ਸੁਭਾਵਿਕ ਹੀ ਉਸ ਦੀ ਹੋ ਜਾਂਦੀ ਹੈ। ਆਪਣੇ ਧਰਮ, ਸਮਾਜ ਅਤੇ ਰਾਜ ਦੇ ਨਿਯਮਾਂ ਦੀ ਪਾਲਣਾ ਕਰਨੀ ਉਸ ਲਈ ਜ਼ਰੂਰੀ ਹੁੰਦੀ ਹੈ ਅਤੇ ਉਸ ਨੇ ਪੀੜ੍ਹੀ ਦਰ ਪੀੜ੍ਹੀ ਚੱਲੇ ਆ ਰਹੇ ਰੀਤੀ-ਰਿਵਾਜ਼, ਰਸਮਾਂ, ਸੰਸਕਾਰ ਅਤੇ ਰਵਾਇਤਾਂ ਅਨੁਸਾਰ ਹੀ ਜਿਊਣਾ ਹੁੰਦਾ ਹੈ। ਇਸੇ ਨਿਯਮਾਵਲੀ ਨੂੰ ਹੀ ਨੈਤਿਕਤਾ ਕਿਹਾ ਜਾਂਦਾ ਹੈ ਅਤੇ ਸਰਕਾਰਾਂ ਵੱਲੋਂ ਕਾਨੂੰਨ ਵੀ ਇਨ੍ਹਾਂ ਨੈਤਿਕ ਕਦਰਾਂ-ਕੀਮਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਬਣਾਏ ਜਾਂਦੇ ਹਨ। ਵੱਖੋ-ਵੱਖਰੇ ਵਿਸ਼ਵਾਸ ਅਤੇ ਨਿਯਮ ਹੋਣ ਕਰ ਕੇ ਕਈ ਵਾਰੀ ਧਰਮ, ਸਮਾਜ ਅਤੇ ਰਾਜ ਦਰਮਿਆਨ ਟਕਰਾਅ ਵਾਲੇ ਹਾਲਾਤ ਵੀ ਪੈਦਾ ਹੋ ਜਾਂਦੇ ਹਨ। ਅਜਿਹੀਆਂ ਪ੍ਰਸਥਿਤੀਆਂ ਵਿੱਚ ਮਨੁੱਖ ਨੂੰ ਕਾਬੂ ਵਿੱਚ ਰੱਖਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਪੱਛਮੀ ਦੇਸ਼ਾਂ ਵਿੱਚ ਧਰਮ ਅਤੇ ਸਮਾਜ ਭਾਵੇਂ ਜਿੰਨੇ ਮਰਜ਼ੀ ਤਾਕਤਵਰ ਹੋਣ ਪਰ ਉੱਥੇ ਸਿਰਫ਼ ਰਾਜ ਦੇ ਕਾਨੂੰਨਾਂ ਅਨੁਸਾਰ ਹੀ ਫ਼ੈਸਲੇ ਹੁੰਦੇ ਹਨ।
ਇਸਲਾਮਿਕ ਦੇਸ਼ਾਂ ਵਿੱਚ ਧਾਰਮਿਕ ਅਸੂਲਾਂ ਨੂੰ ਵੀ ਕਾਨੂੰਨ ਸਮਝਿਆ ਜਾਂਦਾ ਹੈ ਅਤੇ ਬਹੁਤੇ ਫ਼ੈਸਲੇ ਧਰਮ ਗ੍ਰੰਥਾਂ ਅਨੁਸਾਰ ਹੀ ਹੁੰਦੇ ਹਨ। ਨਾਸਤਿਕ ਦੇਸ਼ਾਂ ਵਿੱਚ ਬਹੁਤੇ ਲੋਕ ਪੂਰੀ ਤਰ੍ਹਾਂ ਧਰਮ ਨੂੰ ਤਿਆਗ ਕਰ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਸਿਰਫ਼ ਦੇਸ਼ ਦੇ ਕਾਨੂੰਨ ਨੂੰ ਹੀ ਮਾਣਤਾ ਦਿੱਤੀ ਜਾਂਦੀ ਹੈ। ਇਸ ਦੇ ਬਾਵਜੂਦ ਵੀ ਹਰੇਕ ਧਰਮ, ਸਮਾਜ ਅਤੇ ਰਾਜ ਦੀਆਂ ਨੈਤਿਕ ਕਦਰਾਂ-ਕੀਮਤਾਂ ਵਿੱਚ ਕੋਈ ਨਾ ਕੋਈ ਸਾਂਝ ਜ਼ਰੂਰ ਹੁੰਦੀ ਹੈ, ਜਿਸ ਨੂੰ ਮਾਨਵੀ ਜੀਵਨ ਮੁੱਲ ਕਿਹਾ ਜਾ ਸਕਦਾ ਹੈ। ਇਸ ਲਈ ਮਨੁੱਖ ਦੇ ਚਰਿੱਤਰ ਦੀ ਪੜਚੋਲ ਇਨ੍ਹਾਂ ਮਾਨਵੀ ਜੀਵਨ ਮੁੱਲਾਂ ਦੇ ਆਧਾਰ ’ਤੇ ਹੀ ਹੋਣੀ ਚਾਹੀਦੀ ਹੈ, ਜਿਨ੍ਹਾਂ ਤੋਂ ਸੱਖਣੇ ਵਿਅਕਤੀ ਬੇਸ਼ੱਕ ਸਾਡੇ ਸਮਾਜਿਕ ਤਾਣੇ-ਬਾਣੇ ਵਿੱਚ ਚਰਿੱਤਰਵਾਨ ਹੋਣ ਦਾ ਰੁਤਬਾ ਪ੍ਰਾਪਤ ਕਰ ਲੈਣ ਪਰ ਇਹ ਡਰ ਹਮੇਸ਼ਾ ਹੀ ਉਨ੍ਹਾਂ ਲਈ ਸਿਰਦਰਦੀ ਬਣਿਆ ਰਹਿੰਦਾ ਹੈ ਕਿ ਕਿਤੇ ਉਨ੍ਹਾਂ ਦਾ ਲੁਕਵਾਂ ਸੱਚ ਉਜਾਗਰ ਹੋ ਕੇ ਉਨ੍ਹਾਂ ਦੀ ਝੂਠੀ ਨੈਤਿਕਤਾ ਦੇ ਮੁਖੌਟੇ ਨੂੰ ਤਾਰ-ਤਾਰ ਨਾ ਕਰ ਦੇਵੇ।
ਕਰਮ ਸਿੰਘ ਜ਼ਖ਼ਮੀ
ਗੁਰੂ ਤੇਗ ਬਹਾਦਰ ਨਗਰ,
ਹਰੇੜੀ ਰੋਡ, ਸੰਗਰੂਰ-148001
ਸੰਪਰਕ: 98146-28027
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly