ਕਾਬੁਲ (ਸਮਾਜ ਵੀਕਲੀ): ਤਾਲਿਬਾਨ ਨੇ ਅੱਜ ਐਲਾਨ ਕੀਤਾ ਹੈ ਕਿ ਜੰਗ ਪ੍ਰਭਾਵਿਤ ਮੁਲਕ ਅਫ਼ਗਾਨਿਸਤਾਨ ਦੀ ਨਵੀਂ ਤਾਲਿਬਾਨ ਸਰਕਾਰ ਦੀ ਅਗਵਾਈ ਅਫ਼ਗਾਨਿਸਤਾਨ ਇਸਲਾਮਿਕ ਅਮੀਰਾਤ ਦੇ ਮੁੱਖ ਆਗੂ ਮੁੱਲ੍ਹਾ ਹਿਬਤੁੱਲ੍ਹਾ ਅਖੁੰਦਜ਼ਾਦਾ ਕਰਨਗੇ। ਟੋਲੋ ਨਿਊਜ਼ ਦੀ ਖ਼ਬਰ ਅਨੁਸਾਰ ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਅਗਲੀ ਸਰਕਾਰ ਦੇ ਢਾਂਚੇ ਅਤੇ ਨਾਂ ਸਬੰਧੀ ਤਾਲਿਬਾਨ ਵੱਲੋਂ ਵਿਦੇਸ਼ੀਆਂ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੁਜਾਹਿਦ ਨੇ ਕਿਹਾ, ‘‘ਅਸੀਂ ਅਫ਼ਗਾਨਿਸਤਾਨ ਦੇ ਮਾਮਲਿਆਂ ਵਿਚ ਕਿਸੇ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ। ਸਰਕਾਰ ਦਾ ਨਾਂ, ਇਸ ਦੀ ਕਿਸਮ ਅਤੇ ਗਠਨ ਅਫ਼ਗਾਨਿਸਤਾਨ ਦੇ ਲੋਕਾਂ ਨਾਲ ਸਬੰਧਤ ਹੈ ਅਤੇ ਉਹੀ ਇਸ ਸਬੰਧੀ ਫ਼ੈਸਲਾ ਲੈਣਗੇ।’’ ਤਾਲਿਬਾਨ ਨੇ ਕਿਹਾ ਕਿ ਨਵੀਂ ਸਰਕਾਰ ਦਾ ਨਾਂ ‘ਅਫ਼ਗਾਨਿਸਤਾਨ ਦੀ ਇਸਲਾਮਿਕ ਅਮੀਰਾਤ’ ਹੈ।
ਤਾਲਿਬਾਨ ਸਭਿਆਚਾਰਕ ਕਮਿਸ਼ਨ ਦੇ ਇਕ ਮੈਂਬਰ ਅਨਾਮੁੱਲ੍ਹਾ ਸਮਾਂਗਾਨੀ ਨੇ ਕਿਹਾ, ‘‘ਅਫ਼ਗਾਨਿਸਤਾਨ ਵਿਚ ਨਵੀਂ ਸਰਕਾਰ ਨੇ ਅਫ਼ਗਾਨਿਸਤਾਨ ਦੀ ਇਸਲਾਮਿਕ ਅਮੀਰਾਤ ਦੇ ਨਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।’’ਜ਼ਿਕਰਯੋਗ ਹੈ ਕਿ ਮੁੱਲ੍ਹਾ ਮੁਹੰਮਦ ਹਸਨ ਅਖੁੰਦ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ, ਮੁੱਲ੍ਹਾ ਅਬਦੁਲ ਗਨੀ ਬਰਾਦਰ ਤੇ ਅਬਦੁਲ ਸਲਾਮ ਹਨਾਫੀ ਨੂੰ ਕਾਰਕਾਰੀ ਉਪ ਪ੍ਰਧਾਨ ਮੰਤਰੀ, ਮੁਹੰਮਦ ਯਾਕੂਬ ਨੂੰ ਕਾਰਜਕਾਰੀ ਰੱਖਿਆ ਮੰਤਰੀ ਲਗਾਇਆ ਗਿਆ ਹੈ। ਇਸੇ ਤਰ੍ਹਾਂ ਆਮਿਰ ਖਾਨ ਮੁੱਤਾਕੀ ਨੂੰ ਕਾਰਜਕਾਰੀ ਵਿਦੇਸ਼ ਮੰਤਰੀ ਤੇ ਸਰਾਜੂਦੀਨ ਹੱਕਾਨੀ ਨੂੰ ਕਾਰਜਕਾਰੀ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਹੈ।
ਉੱਧਰ, ਤਾਲਿਬਾਨ ਅਨੁਸਾਰ ਇਹ ਨਿਯੁਕਤੀਆਂ ਪੱਕੀਆਂ ਨਹੀਂ ਹਨ ਬਲਕਿ ਇਹ ਕਾਰਜਕਾਰੀ ਅਹੁਦੇ ਹਨ ਅਤੇ ਬਾਕੀ ਨਿਯੁਕਤੀਆਂ ਬਾਰੇ ਐਲਾਨ ਬਾਅਦ ਵਿਚ ਕੀਤਾ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly