(ਸਮਾਜ ਵੀਕਲੀ)
ਪਟਵਾਰੀ ਦੀਆਂ 1153 ਪੋਸਟਾਂ ਵਾਸਤੇ ਮੁਢਲੀ ਲਿਖਤੀ ਪ੍ਰੀਖਿਆ (Preliminary Exam.) ਪਿਛਲੇ ਐਤਵਾਰ ਮਿਤੀ 8 ਅਗਸਤ 2021 ਨੂੰ ਸੰਪੰਨ ਹੋਈ; ਜਿਸ ਵਿੱਚ ਲਗਭਗ 2 ਲੱਖ 34 ਹਜ਼ਾਰ ਉਮੀਦਵਾਰ ਅਪੀਅਰ ਹੋਏ। (ਕਹਿਣ ਦਾ ਭਾਵ ਇੱਕ ਪੋਸਟ ਪਿੱਛੇ ਲਗਭਗ 202 ਉਮੀਦਵਾਰ ਖੜ੍ਹੇ ਹਨ।)
ਪਟਵਾਰੀ ਪੋਸਟ ਦੀ ਮੁਢਲੀ ਲਿਖਤੀ ਪ੍ਰੀਖਿਆ ਲਈ, ਪੰਜਾਬ ਸਰਕਾਰ ਦੇ ਇੰਤਜ਼ਾਮਾਤ ਨਾਕਾਫ਼ੀ ਸਨ, ਇੰਤਜ਼ਾਮ ਬੇਢੰਗੇ, ਕੁਚੱਜੇ, ਕੁਢੁਕਵੇਂ ਸਨ। ਇਸ ਦੀ ਰਤਾ ਕੁ ਝਾਤ ਦਿਖਾਉਂਦੇ ਹਾਂ :
*ਕਿਸੇ ਉਮੀਦਵਾਰ ਦਾ ਸੈਂਟਰ ਲੋਕਲ ਨਹੀਂ ਸੀ। ਹਰੇਕ ਉਮੀਦਵਾਰ ਨੇ ਆਪਣੇ ਸੈਂਟਰ ਤੱਕ ਪਹੁੰਚਣ ਲਈ ਘੱਟੋ–ਘੱਟ 30 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਸਫ਼ਰ ਲਈ ਜ਼ਿਆਦਾਤਰ ਜਨਤਕ ਸਾਧਨਾਂ (ਸਰਕਾਰੀ ਤੇ ਗ਼ੈਰ–ਸਰਕਾਰੀ ਬੱਸਾਂ) ਨੂੰ ਹੀ ਪ੍ਰੈਫ਼ਰ ਕੀਤਾ ਗਿਆ। ਹੁੰਮਸ ਭਰੇ ਇਨ੍ਹਾਂ ਦਿਨਾਂ ਵਿੱਚ ਘੱਟੋ–ਘੱਟ 30 ਕਿਲੋਮੀਟਰ ਅਤੇ ਵੱਧੋ–ਵੱਧ 100 ਕਿਲੋਮੀਟਰ ਦਾ ਸਫ਼ਰ ਜਨਤਕ ਸਾਧਨਾਂ ਰਾਹੀਂ ਤੈਅ ਕਰਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਸੀ। ਇਸ ਨਾਲ਼ ਇੱਕ ਗੱਲ ਹੋਰ ਵੀ ਜੁੜ ਜਾਂਦੀ ਹੈ ਕਿ 2 ਲੱਖ 34 ਹਜ਼ਾਰ ਉਮੀਦਵਾਰਾਂ ਦੇ ਨਾਲ਼, ਕੋਈ ਇੱਕ ਹੋਰ ਉਨ੍ਹਾਂ ਦਾ ਜਾਣਕਾਰ ਵੀ ਨਾਲ਼ ਗਿਆ ਸੀ। ਭਾਵ ਸਵਾਰੀਆਂ ਦੀ ਗਿਣਤੀ ਲਗਭਗ 4 ਲੱਖ ਦੇ ਨੇੜੇ–ਤੇੜੇ ਜਾ ਪੁੱਜਦੀ ਹੈ (ਕਈ ਆਪਣੇ ਸਾਧਨਾਂ ਰਾਹੀਂ ਵੀ ਗਏ ਹੋਣਗੇ।) ਬੱਸਾਂ ਓਨੀਆਂ ਹੀ ਸਨ ਜਿੰਨੀਆਂ ਕਿ ਰੋਜ਼ ਰੁਟੀਨ ਵਿੱਚ ਚਲਦੀਆਂ ਹਨ। ਸੋਚ ਕੇ ਦੇਖੋ ਕਿ ਉਨ੍ਹਾਂ ਬੱਸਾਂ ਵਿੱਚ ਇਕਦਮ 4 ਲੱਖ ਵਾਧੂ ਸਵਾਰੀਆਂ ਚੜ੍ਹਾ ਦਿੱਤੀਆਂ ਜਾਣ, ਉਨ੍ਹਾਂ ਬੱਸਾਂ ਦਾ ਤੇ ਸਵਾਰੀਆਂ ਦਾ ਕੀ ਹਾਲ ਹੋਵੇਗਾ ? ਇਹ ਸੋਚ ਕੇ ਹੀ ਝੁਣਝੁਣੀ ਛਿੜ ਪੈਂਦੀ ਹੈ।
*ਬੱਸਾਂ ਨੱਕੋ–ਨੱਕ ਭਰ ਕੇ ਜਾ ਰਹੀਆਂ ਸਨ। ਉਮੀਦਵਾਰ ਮੁੰਡੇ ਅਤੇ ਸਮੇਤ ਕੁੜੀਆਂ ਬੱਸਾਂ ਦੀਆਂ ਛੱਤਾਂ ਉੱਤੇ ਬਹਿ ਕੇ ਜਾ ਰਹੇ ਸਨ। ਬੱਸ ਦੀ ਛੱਤ ਉੱਤੇ, ਬੱਸ ਦੀਆਂ ਤਾਕੀਆਂ ਨਾਲ਼, ਛੱਤ ‘ਤੇ ਚੜ੍ਹਨ ਵਾਲ਼ੀਆਂ ਪੌੜੀਆਂ ਨਾਲ਼ ਲਮਕੇ ਵਿਦਿਆਰਥੀ ਮੈਂ ਆਪ ਆਪਣੇ ਅੱਖੀਂ ਵੇਖੇ। ਅਜਿਹੀ ਅਸੁਵਿਧਾ ਵਿੱਚ ਬਹੁਤ ਕੁਝ ਅਣਕਿਆਸਾ ਵੀ ਵਾਪਰਿਆ ਹੋਵੇਗਾ ਜਿਸ ਦੀ ਸਾਨੂੰ ਸੂਚਨਾ ਨਹੀਂ ਮਿਲੀ। ਅਜਿਹੇ ਵਿੱਚ ਬਹੁਤੇ ਸਟੂਡੈਂਟ ਸੈਂਟਰਾਂ ਤੱਕ ਪਹੁੰਚੇ ਹੀ ਨਹੀਂ ਹੋਣਗੇ, ਬਹੁਤ ਜਣੇ ਪੇਪਰ ਦੇਣ ਤੋਂ ਵਾਂਝੇ ਰਹਿ ਗਏ ਹੋਣਗੇ। ਗਰਮੀ, ਹੁੰਮਸ, ਘਬਰਾਹਟ, ਅਸੁਵਿਧਾ ਕਰਕੇ ਕਈਆਂ ਨੇ ਸਰੀਰਕ ਅਤੇ ਮਾਨਸਿਕ ਰੂਪ ਵਿੱਚ ਸੰਤਾਪ ਭੋਗਿਆ ਹੋਵੇਗਾ। ਅਜਿਹੇ ਵਿਪਰੀਤ ਹਾਲਾਤ ਵਿੱਚ ਪ੍ਰੀਖਿਆ ਹਾਲ ਵਿੱਚ ਬਹਿ ਕੇ ਇੱਕ ਮਨ, ਇੱਕ ਚਿੱਤ ਹੋ ਕੇ ਪੇਪਰ ਕਰਨ ਵਾਲ਼ੇ ਉਮੀਦਵਾਰਾਂ ਨੂੰ ਸਲਾਮ ਕਹਿਣਾ ਤਾਂ ਬਣਦਾ ਹੀ ਹੈ।
*ਮੈਂ ਸੁਣਿਆ ਕਿ ਕਈ ਸੈਂਟਰਾਂ ਵਿੱਚ ਉਮੀਦਵਾਰ ਵਿਦਿਆਰਥੀਆਂ ਨੂੰ ਹੋਰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ‘ਤੇ ਉਹ ਹੁਕਮ ਵੀ ਚਾੜ੍ਹੇ ਗਏ ਜਿਹੜੇ ਕਿ Punjab Subordinate Services Selection Board ਵੱਲ੍ਹੋਂ ਦਿੱਤੇ ਹੀ ਨਹੀਂ ਗਏ ਸਨ। ਬੋਰਡ ਵੱਲ੍ਹੋਂ ਬੱਸ ਇੰਨੀ ਕੁ ਹਿਦਾਇਤ ਹੀ ਸੀ ਕਿ ਕੋਈ ਵੀ ਇਲੈਕਟ੍ਰਾਨਿਕ ਡਿਵਾਈਸ ਦੀ ਮਨਾਹੀ ਹੈ। ਕੋਈ ਵੀ ਪਰਸ, ਕਿੱਟ, ਪੈੱਨ ਦੀ ਮਨਾਹੀ ਹੈ। ਪਾਣੀ ਦੀ ਬੋਤਲ ਟ੍ਰਾਂਸਪੇਰੈਂਟ ਹੋਣੀ ਚਾਹੀਦੀ ਹੈ। ਬੱਸ।
ਪਰ ਮੈਂ ਸੁਣਿਆ ਕਈ ਸੈਂਟਰਾਂ ਵਿੱਚ ਨਾਦਰਸ਼ਾਹੀ ਫ਼ੁਰਮਾਨ ਜਾਰੀ ਕੀਤੇ ਗਏ। ਉਮੀਦਵਾਰਾਂ ਦੇ ਗਹਿਣੇ ਆਦਿ ਲਹਾਏ ਗਏ, ਬੈਲਟਾਂ ਉਤਰਵਾਈਆਂ ਗਈਆਂ, ਨਵਵਿਆਹੀਆਂ ਦੇ ਚੂੜੇ ਲਹਾਏ ਗਏ, ਵਾਲ਼ਾਂ ‘ਤੇ ਲੱਗੀਆਂ ਸੂਈਆਂ, ਪਿੰਨ ਲਹਾਏ ਗਏ। ਕਈਆਂ ਨੇ ਸੈਂਟਰ ਵਿੱਚੋਂ ਵਾਪਸ ਜਾ ਕੇ ਕਿਸੇ ਸੁਨਾਰ ਤੋਂ, ਕਿਸੇ ਲੁਹਾਰ ਤੋਂ ਟਾਈਟ ਹੋਏ ਕੜੇ ਤੱਕ ਕਟਵਾਏ। ਇਹ ਸਰਕਾਰੀ ਹੁਕਮ ਨਹੀਂ ਸੀ ਪਰ ਕਈ ਸੈਂਟਰਾਂ ਦੇ ਸੁਪਰਡੈਂਟਾਂ ਨੇ ਧੱਕੇਸ਼ਾਹੀ ਕੀਤੀ। ਸੁਣਨ ਵਿੱਚ ਆਇਆ ਹੈ ਕਿ ਇੱਕ ਔਰਤ ਦਾ ਕੋਕਾ ਨਹੀਂ ਸੀ ਲਹਿ ਰਿਹਾ, ਧੱਕਾ ਕੀਤਾ ਤਾਂ ਉਸ ਦੇ ਨੱਕ ਦੀ ਪਰਤ ਪਾਟ ਗਈ, ਜਿਸ ਕਰਕੇ ਉਹ ਲਹੂ–ਲੁਹਾਨ ਹੋ ਗਈ, ਬੇਹੋਸ਼ ਹੋ ਗਈ, ਪੇਪਰ ਨਾ ਦੇ ਸਕੀ। ਇੱਕ ਨਵਵਿਆਹੀ ਕੁੜੀ ਨੇ ਚੂੜਾ ਨਾ ਉਤਾਰਿਆ ਅਤੇ ਪੇਪਰ ਨਾ ਦੇਣ ਦਾ ਐਲਾਨ ਕਰ ਦਿੱਤਾ। ਇਹ ਸਭ ਕੁਝ ਸ਼ਰਮਨਾਕ ਸੀ।
*ਜਿਨ੍ਹਾਂ ਦੇ ਨਾਲ਼ ਕੋਈ ਜਾਣਕਾਰ ਨਹੀਂ ਸੀ ਗਿਆ, ਉਹ ਵੀ ਬਹੁਤ ਜਣੇ ਪੇਪਰ ਦੇਣ ਤੋਂ ਵਾਂਝੇ ਰਹਿ ਗਏ। ਆਪਣੇ ਘਰਾਂ ਤੋਂ ਬਾਹਰ ਗਏ (30 ਤੋਂ 100 ਕਿਲੋਮੀਟਰ ਤੱਕ) ਉਮੀਦਵਾਰ ਨਾਲ਼ ਟਿਕਟ ਜੋਗੇ ਪੈਸੇ, ਪਰਸ, ਮੋਬਾਇਲ ਆਦਿ ਤਾਂ ਲੈ ਕੇ ਹੀ ਜਾਂਦੇ ਹਨ। ਉਨ੍ਹਾਂ ਦਾ ਇਹ ਸਮਾਨ ਸੈਂਟਰ ਵਿੱਚ ਲਿਜਾਉਣ ਨਾ ਦਿੱਤਾ ਅਤੇ ਉਹ ਕਿਸੇ ਨੂੰ ਫੜਾ ਵੀ ਨਹੀਂ ਸਨ ਸਕਦੇ, ਸੋ ਬਹੁਤਿਆਂ ਨੇ ਇਸ ਕਰਕੇ ਵੀ ਪੇਪਰ ਨਹੀਂ ਦਿੱਤਾ।
*ਇਹ ਉਪਰੋਕਤ ਫ਼ਾਰਮੈਲਿਟੀਆਂ ਤੋਂ ਬਿਨਾਂ ਉਮੀਦਵਾਰਾਂ ਦੀ ਬਾਇਓਮੈਟਰਿਕ ਹਾਜ਼ਰੀ ਲੱਗੀ। ਫੇਰ ਕਾਗਜ਼ਾਂ ‘ਤੇ ਹਾਜ਼ਰੀ ਲੱਗੀ। ਸੈਂਟਰਾਂ ਵਿੱਚ ਜੈਮਰ ਲੱਗੇ ਹੋਏ ਸਨ, ਕੋਈ ਡਿਵਾਈਸ ਨਹੀਂ ਸੀ ਚੱਲ ਰਹੀ। ਇਹ ਸਭ ਕੁਝ ਦਰਸਾਉਂਦਾ ਹੈ ਕਿ ਸਰਕਾਰ ਇਨ੍ਹਾਂ ਪ੍ਰੀਖਿਆਵਾਂ ਵਿੱਚ ਕੋਈ ਬੇਈਮਾਨੀ ਨਹੀਂ ਕਰਨਾ ਜਾਂ ਕਰਾਉਣਾ ਚਾਹੁੰਦੀ।
**ਕੀ ਇਹ ਸੱਚ ਹੈ ? ਕੀ ਸੱਚਮੁੱਚ ਸਰਕਾਰੀ ਤੰਤਰ ਇੰਝ ਚਾਹੁੰਦਾ ਹੈ ਕਿ ਮੈਰਿਟ ਵਾਲ਼ੇ ਹੀ ਸਿਲੈਕਟ ਹੋਣ !! ਕੋਈ ਵੀ ਬੇਈਮਾਨੀ ਨਾ ਹੋਵੇ ? ਪੂਰੀ ਪਾਰਦਰਸ਼ਤਾ ਹੋਵੇ। ਕੋਈ ਸਿਫ਼ਾਰਸ਼ੀ ਭਰਤੀ ਨਾ ਹੋਵੇ !!
– ਜੇ ਸਚਮੁੱਚ ਇੰਝ ਹੈ ਤਾਂ ਇਹ ਇੱਕ ਸ਼ੁਭ ਸ਼ਗਨ ਹੈ ਪਰ ਜੇ ਇਸ ਦੇ ਬਾਵਜੂਦ ਵੀ ਮੈਰਿਟ ਵਾਲ਼ੇ ਉਮੀਦਵਾਰ ਨਹੀਂ ਚੁਣੇ ਜਾਂਦੇ ਤਾਂ ਇਹ ਸਭ ਕੁਝ ਅਡੰਬਰ ਹੀ ਜਾਪੇਗਾ। ਪੇਪਰ ਲੀਕ ਹੋਣ ਦੀ ਅਫ਼ਵਾਹ ਉੱਠੀ ਤਾਂ ਪੇਪਰ ਕੈਂਸਲ ਹੋ ਸਕਦਾ ਹੈ ਅਤੇ ਉਮੀਦਵਾਰਾਂ ਦੀਆਂ ਭਰੀਆਂ ਫੀਸਾਂ ਅਤੇ ਇੰਨੀ ਘਾਲਣਾ ਮਿੱਟੀ ਹੋ ਜਾਵੇਗੀ।
** ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਅੱਗੇ ਹੋਣ ਵਾਲ਼ੀਆਂ ਪ੍ਰੀਖਿਆਵਾਂ ਬਾਰੇ ਉਹ ਰਤਾ ਕੁ ਜ਼ੁੰਮੇਵਾਰ ਹੋਵੇ। (ਮੈਂ ਸੁਣਿਆ ਹੈ ਕਿ ਐੱਸ.ਆਈ. ਦੀ ਪ੍ਰੀਖਿਆ ਦੇਣ ਲਈ 8 ਲੱਖ ਉਮੀਦਵਾਰ ਤਿਆਰ ਹਨ।) ਘੱਟੋ–ਘੱਟ ਸੈਂਟਰ ਲੋਕਲ ਹੀ ਅਲਾੱਟ ਕਰੇ। ਜੇ ਸੈਂਟਰ ਦੁਰਾਡੇ ਹੈ ਤਾਂ ਸਰਕਾਰ ਰੂਟ ਵਧਾਵੇ, ਬੱਸਾਂ ਦੀ ਜਾਂ ਹੋਰ ਸਾਧਨਾਂ ਦੀ ਗਿਣਤੀ ਵਧਾਵੇ ਤਾਂ ਕਿ ਵਿਦਿਆਰਥੀ ਖੱਜਲ਼–ਖੁਆਰ ਨਾ ਹੋਣ। ਵਿਦਿਆਰਥੀ ਇਕਾਗਰਚਿੱਤ ਹੋ ਕੇ ਪ੍ਰੀਖਿਆ ਦੇ ਸਕਣ।
** ਸੈਂਟਰਾਂ ਨਾਲ਼ ਜੁੜੇ ਅਹੁਦੇਦਾਰਾਂ ਨੂੰ ਬੇਨਤੀ ਹੈ ਕਿ ਉਹ ਬੋਰਡ ਵੱਲ੍ਹੋਂ ਭੇਜੀਆਂ ਗਈਆਂ ਹਿਦਾਇਤਾਂ ਨੂੰ ਬਹੁਤ ਧਿਆਨ ਨਾਲ਼ ਪੜ੍ਹਨ ਅਤੇ ਲਾਗੂ ਕਰਨ। ਆਪਣੇ ਨਾਦਰਸ਼ਾਹੀ ਫ਼ੁਰਮਾਨ ਆਪਣੇ ਕੋਲ਼ ਹੀ ਸਾਂਭ ਕੇ ਰੱਖਣ।
ਇਸ ਆਸ ਨਾਲ਼ ਕਿ ਭਵਿੱਖ ਵਿੱਚ ਕੁਝ ਚੰਗਾ ਵਾਪਰੇਗਾ, ਇੰਨਾ ਆਖਦਾ ਹੋਇਆ ਇਜਾਜ਼ਤ ਚਾਹੁੰਦਾ ਹਾਂ।
– ਜੈ ਹੋ
ਡਾ. ਸਵਾਮੀ ਸਰਬਜੀਤ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly