(ਸਮਾਜ ਵੀਕਲੀ)
ਪਿੰਡਾਂ ਸ਼ਹਿਰਾਂ ਦੇ ਵਿਰਾਸਤੀ ਮੇਲੇ ਵਿੱਛੜ ਗਏ, ਹੁਣ ਤਾਂ ਬਾਜਾਰ ਹੀ ਮੇਲਾ ਹੈ!
ਬਾਜ਼ਾਰੂ ਮੇਲੇ ਵਿੱਚ ਉਹ ਹੀ ਦਾਖਲ ਹੁੰਦਾ ਵੇ ਜਿਸ ਪਾਸ ਕੋਈ ਪੈਸਾ ਧੇਲਾ ਹੈ।
ਦਿਹਾੜੀ ਦੱਪਾ ਜਾਂ ਨਿੱਤ ਦੀ ਮਜ਼ਦੂਰੀ,ਜਾਂ ਖੇਤੀ ਵਿਚਰਦਾ ਕਠਿਨ ਜੀਵਨ ਜੋ,
ਹਰ ਘਰ ਲਈ ਹੋਣਾ ਤਿੰਨਾਂ ਡੰਗਾਂ ਦੀ ਰੋਟੀ ਦਾ ਮਸਲਾ ਬੜਾ ਵੱਡਾ ਝਮੇਲਾ ਹੈ!
ਫੇਸ ਬੁੱਕ ਅਤੇ ਇੰਸਟਾਗ੍ਰਾਮ ਤੇ ਹਮਦਰਦੀਆਂ ਦੀ ਰੌਣਕ ਬਣੀ ਰਹਿੰਦੀ ਕਿਆ,
ਪਰ ਅਸਲੀ ਰੁੱਝ ਕੇ ਸੋਚੇ ਇੱਕ ਨਿਮਾਣਾ,ਉਹ ਤਾਂ ਰਹਿੰਦਾ ਹੀ ਕੱਲਮ-ਕੱਲਾ ਹੈ!
ਆਪਣੇ ਮੌਲਿਕ ਮਿਲੇ ਹੱਕਾਂ ਦੀ ਰਾਖੀ,ਜੇ ਵੋਟਰਾਂ ਦੀ ਸਿਰਦਰਦੀ ਨਹੀਂ ਕਿਉਂਕਿ,
ਉਨ੍ਹਾਂ ਦਾ ਧਰਮੀ ਰੰਗਿਆ ਬਚਕਾਨਾ ਮਤਲਬ,ਠੰਡਾਠਾਰ ਅਤੇ ਬਰਫ਼ੀਲਾ ਹੈ!
ਗੱਦੀ ਬੈਠਣ ਲਈ ਆਉਂਦਾ ਅੱਜਕਲ੍ਹ ਅਜਿਹਾ ਜੋ ਇੱਲ ਦਾ ਨਾਂ ਕੁੱਕੜ ਨਾ ਜਾਣੇ,
ਕਰਨਾ ਕੁੱਝ ਨਹੀਂ,ਹੋਣਾ ਕੁੱਝ ਨਹੀਂ,ਲੋਕ ਕਹਿ ਰਹੇ ਪਰ ਭਾਸ਼ਣ ਬੜਾ ਰੰਗੀਲਾ ਹੈ ।
ਪੈਰ ਤਲ਼ੇ ਚੱਟਦੇ,ਚਿਮਚੀਆਂ ਮਾਰਦੇ ਬੜੇ ਬੜੇ ਅਧਿਕਾਰੀ ਦੇਖਾਂ ਮੈਂ ਆਪਣੇ ਅੱਖੀਂ,
ਸਾਊ ਮਿਹਨਤੀ ਅਖਵਾਈ ਜਾਂਦੇ ਉੱਪਰੋਂ ਜਿੰਨ੍ਹਾਂ ਤੋੜਿਆ ਕਦੇ ਵੀ ਕੋਈ ਤੀਲਾ ਨਾ!
ਦਰਖਾਸਤਾਂ ਸ਼ਿਕਾਇਤਾਂ ਦੇ ਢੇਰਾਂ ‘ਚ ਭਰੇ ਹੋਏ ਥਾਣੇ,ਵਿਸ਼ਵਾਸ ਦੇਣਾ ਤੇ ਮੁੱਕਰਨਾ,
ਬਹੁਤੀ ਪੁਲਸ ਨੇ ਪ੍ਰੇਸ਼ਾਨ ਕਰਨ ਦਾ ਕਿਓਂ ਅਪਣਾਇਆ ਏਹੋ ਜਿਹਾ ਵਸੀਲਾ ਹੈ ।
ਗਰੀਬੀ ਜ਼ਹਿਮਤ ਅਸੀਂ ਪਿੰਡੇ ਹੰਢਾਈ ਬੜੀ ਰੱਜਕੇ,ਦੋ ਦਹਾਕੇ ਮੱਲ ਮਾਰ ਗਈ,
ਪਰ ਮੇਰੇ ਇੱਕ ਆੜੀ ਦੇ ਘਰ ਅਜੇ ਵੀ ਰਹਿੰਦਾ ਚੁੱਲ੍ਹੇ ਉੱਤੇ ਖਾਲੀ ਹੀ ਪਤੀਲਾ ਹੈ ।
ਮੰਤਰੀ ਰਹੀ ਦੋਸ਼ਾਂ ਨੂੰ ਦੱਸਦੀ,ਕਿੱਲ੍ਹ ਕਿੱਲ੍ਹ ਕੇ ਵੰਗਾਂ ਖੜਕਾਅ ਕੇ ਹਮਦਰਦੀ ਫੜੇ,
ਸੱਚ ਜਾਣਿਓਂ ਸਰਕਾਰ ਦੇ ਵਿੱਚੇ ਸਿਮਰਤੀ ਦਾ ਰੰਗ ਰੋਅਬ ਬੜਾ ‘ ਚਮਕੀਲਾ ‘ ਹੈ !
ਸੁਖਦੇਵ ਸਿੱਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly