ਰੂਸ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ; 8 ਲਾਪਤਾ

ਮਾਸਕੋ (ਸਮਾਜ ਵੀਕਲੀ):  ਸੈਲਾਨੀਆਂ ਨੂੰ ਲਿਜਾ ਰਿਹਾ ਇੱਕ ਹੈਲੀਕਾਪਟਰ ਅੱਜ ਰੂਸ ਦੇ ਦੁਰੇਡੇ ਪੂਰਬੀ ਇਲਾਕੇ ਕਾਮਚਟਕਾ ਦੀਪ ’ਤੇ ਇੱਕ ਜਵਾਲਾਮੁਖੀ ਨੇੜੇ ਝੀਲ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਬਚਾਅ ਦਲ ਵੱਲੋਂ ਹੈਲੀਕਾਪਟਰ ’ਚ ਸਵਾਰ ਅੱਠ ਜਣਿਆਂ ਦੀ ਝੀਲ ਵਿੱਚੋਂ ਭਾਲ ਦੀ ਕੀਤੀ ਜਾ ਰਹੀ ਹੈ। ਜਦਕਿ ਘੱਟੋ-ਘੱਟ ਅੱਠ ਜਣੇ ਹੋਰ ਹਾਦਸੇ ’ਚ ਕਥਿਤ ਤੌਰ ’ਤੇ ਬਚ ਗਏ ਹਨ। ਹੈਲੀਕਾਪਟਰ ਕਰੋਨੋਟਸਕੀ ਕੁਦਰਤੀ ਰੱਖ ਵਿੱਚ ਹੇਠਾਂ ਵੱਲ ਚਲਾ ਗਿਆ ਸੀ।

ਖੇਤਰੀ ਪ੍ਰਸ਼ਾਸਨ ਨੇ ਦੱਸਿਆ ਕਿ ਬਚਾਅ ਅਮਲਾ ਕੁਰੀਲ ਝੀਲ ’ਚ ਲਾਪਤਾ ਲੋਕਾਂ ਦੀ ਭਾਲ ਕਰ ਰਿਹਾ ਹੈ। ਇਹ ਝੀਲ ਜਵਾਲਾਮੁਖੀ ਫਟਣ ਮਗਰੋਂ ਬਣੀ ਹੈ। ਸਰਕਾਰੀ ਖ਼ਬਰ ਏਜੰਸੀ ਆਰਆਈਏ ਨੋਵੋਸਤੀ ਮੁਤਾਬਕ ਰੂਸ ਦੇ ਹੰਗਾਮੀ ਮਾਮਲਿਆਂ ਸਬੰਧੀ ਮੰਤਰਾਲੇ ਨੇ ਦੱਸਿਆ ਕਿ ‘ਐੱਮਆਈ-8’ ਹੈਲੀਕਾਪਟਰ ਚ 13 ਯਾਤਰੀ ਅਤੇ ਚਾਲਕ ਦਲ ਦੇ 3 ਮੈਂਬਰ ਸਵਾਰ ਸਨ। ਇਨ੍ਹਾਂ ਵਿੱਚੋਂ ਅੱਠ ਜਣੇ ਬਚ ਗਏ ਹਨ, ਜਿਨ੍ਹਾਂ ਵਿੱਚੋਂ ਦੋ ਜਣੇ ਗੰਭੀਰ ਜ਼ਖ਼ਮੀ ਹੋਏ ਹਨ। ਖ਼ਬਰ ਏਜੰਸੀ ‘ਦਿ ਇੰਟਰਫੈਕਸ’ ਨੇ ਦੋ ਜਣਿਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਪੁਸ਼ਟੀ ਦੀ ਕੀਤੀ ਹੈ।

ਕਾਮਚਟਕਾ ਸਰਕਾਰ ਨੇ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿੱਚ ਬਚੇ ਹੋਏ ਲੋਕਾਂ ਵਿੱਚੋਂ ਇੱਕ ਵਿਕਟਰ ਸਟ੍ਰੇਲੇਕਨ ਨੇ ਕਿਹਾ, ‘ਪਾਣੀ ਬੇਹੱਦ ਠੰਢਾ ਸੀ। ਕੋਹਰਾ ਘੱਟ ਸੀ। ਬਚਾਅ ਕਿਸ਼ਤੀਆਂ ਸਮੇਂ ’ਤੇ ਪਹੁੰਚ ਗਈਆਂ, ਜਿਨ੍ਹਾਂ ਨੇ ਮੈਨੂੰ ਬਚਾਅ ਲਿਆ।’ ਰੂਸੀ ਮੀਡੀਆ ਦੀਆਂ ਖ਼ਬਰਾਂ ਵਿੱਚ ਹੈਲੀਕਾਪਟਰ ’ਚ ਸਵਾਰ ਸੈਲਾਨੀਆਂ ਦੀ ਕੌਮੀਅਤ ਬਾਰੇ ਨਹੀਂ ਦੱਸਿਆ ਗਿਆ ਹੈ, ਹਾਲਾਂਕਿ ਇਹ ਜ਼ਰੂਰ ਕਿਹਾ ਗਿਆ ਹੈ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਮਾਸਕੋ ਅਤੇ ਸੇਂਟ ਪੀਟਰਜ਼ਬਰਗ ਤੋਂ ਸਨ। ਖੇਤਰੀ ਪ੍ਰਸ਼ਾਸਨ ਵੱਲੋਂ ਉਡਾਣ ਸੁਰੱਖਿਆ ਨਿਯਮਾਂ ਦੀ ਸੰਭਾਵਿਤ ਉਲੰਘਣਾ ਬਾਰੇ ਜਾਂਚ ਕੀਤੀ ਜਾ ਰਹੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਰਪ ’ਚ ਇਟਲੀ ਸਭ ਤੋਂ ਵਧ ਤਪਿਆ
Next article2nd Test: Root takes England to 119/3 after India score 364 on Day 2