(ਸਮਾਜ ਵੀਕਲੀ)
ਬਹੁਤੇ ਵਿਦਵਾਨਾਂ ਦਾ ਮੰਨਣਾ ਹੈ ਕਿ ਗੁਰਮੁਖੀ ਲਿਪੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਅਤੇ ਇਸ ਤੋਂ ਪਹਿਲਾਂ ਵੀ ਪ੍ਰਚਲਿਤ ਸੀ।ਪਰ ਗੁਰਮੁਖੀ ਲਿਪੀ ਨੂੰ ਤਰਤੀਬ ਬੱਧ ਗੁਰੂ ਅੰਗਦ ਦੇਵ ਜੀ ਨੇ ਕੀਤਾ ਹੈ। ਅੱਜ ਵਰਤਮਾਨ ਸਮੇਂ ਵਿੱਚ ਪ੍ਰਚਲਿਤ ਪੰਜਾਬੀ ਲਿੱਪੀ ਦਾ ਸਿਹਰਾ ਗੁਰੂ ਅੰਗਦ ਦੇਵ ਜੀ ਨੂੰ ਦਿੱਤਾ ਜਾਂਦਾ ਹੈ।
ਪਰ ਅੱਜ ਲੋਕ ਗੁਰਮੁਖੀ ਲਿਪੀ ( ਪੰਜਾਬੀ ਵਰਣਮਾਲਾ) ਨੂੰ ਮਹੱਤਵ ਨਹੀਂ ਦਿੰਦੇ। ਲੱਗਦਾ ਸ਼ਾਇਦ ਉਹ ਗੁਰੂਆਂ ਦੀ ਦੇਣ ਨੂੰ ਭੁੱਲ ਗਏ ਹਨ। ਅੱਜ ਤਾਂ ਅਜਿਹਾ ਦੌਰ ਚੱਲ ਰਿਹਾ ਹੈ ਕਿ ਜੇਕਰ ਕੋਈ ਪੰਜਾਬੀ ਬੋਲਦਾ ਹੈ ਤਾਂ ਉਸਨੂੰ ਅਨਪੜ੍ਹ ਮੰਨਿਆ ਜਾਂਦਾ ਹੈ। ਪਰ ਅਜਿਹਾ ਮੰਨਣਾ ਗ਼ਲਤ ਹੈ ਕਿਉਂਕਿ ਜੇਕਰ ਕਿਸੇ ਦੀ ਮਾਂ ਸੋਹਣੀ ਹੈ ਤਾਂ ਕੀ ਆਪਾਂ ਆਪਣੀ ਭੋਲੀ ਜਿਹੀ ਮਾਂ ਨੂੰ ਕਿਸੇ ਦੂਜੇ ਦੀ ਸੋਹਣੀ ਮਾਂ ਦੇਖ ਕੇ ਛੱਡ ਤਾਂ ਨਹੀਂ ਸਕਦੇ?
ਆਪਣੀ ਮਾਂ ਨੂੰ ਦੂਜਿਆਂ ਸਾਹਮਣੇ ਮਾਂ ਕਹਿਣ ਤੋਂ ਕਦੇ ਵੀ ਸ਼ਰਮ ਨਹੀਂ ਮੰਨਣੀ ਚਾਹੀਦੀ। ਉਸੇ ਤਰ੍ਹਾਂ ਹੀ ਪੰਜਾਬੀ ਵੀ ਸਾਡੀ ਮਾਤ ਭਾਸ਼ਾ ਹੈ। ਆਪਣੀ ਮਾਂ ਬੋਲੀ ਨੂੰ ਬੋਲਣ ਵਿਚ ਜੋ ਸੰਗ ਮਹਿਸੂਸ ਕਰੇ। ਉਹ ਗੁਰਮੁਖੀ ਦਾ ਵਾਰਿਸ ਨਹੀਂ। ਦੂਜੀਆਂ ਭਾਸ਼ਾਵਾਂ ਵੀ ਸਿੱਖਣੀਆਂ ਜ਼ਰੂਰੀ ਹਨ ਪਰ ਆਪਣੀ ਮਾਂ ਬੋਲੀ ਨੂੰ ਵਿਸਾਰ ਕੇ ਨਹੀਂ। ਕਿਉਂਕਿ ਹਰੇਕ ਬੱਚੇ ਦਾ ਆਧਾਰ ਉਸਦੀ ਮਾਂ ਬੋਲੀ ਹੁੰਦੀ ਹੈ ਕਿਉਂਕਿ ਉਹ ਤਾਂ ਪੇਟ ਵਿੱਚ ਹੀ ਆਪਣੀ ਮਾਤ ਭਾਸ਼ਾ ਗ੍ਰਹਿਣ ਕਰ ਲੈਂਦਾ ਹੈ ਅਤੇ ਉਸ ਨੂੰ ਮਾਂ ਬੋਲੀ ਤੋਂ ਛੋਟੀ ਉਮਰ ਵਿਚ ਹੀ ਵਿਸਾਰ ਕੇ ਉਸਦੀ ਸਥਿਤੀ ਧੋਬੀ ਦੇ ਕੁੱਤੇ ਵਰਗੀ ਹੋ ਜਾਂਦੀ ਹੈ ਨਾ ਤਾਂ ਉਹ ਮਾਤ ਭਾਸ਼ਾ ਬੋਲਦਮ ਸਕਦਾ ਹੈ ਅਤੇ ਦੂਸਰੀ ਭਾਸ਼ਾ ਸਿੱਖਣ ਤੇ ਉਸਨੂੰ ਬਹੁਤ ਔਖਾਈ ਆਉਂਦੀ ਹੈ।
ਕਿਸੇ ਨੇ ਸਹੀ ਹੀ ਕਿਹਾ ਹੈ ਜੇਕਰ ਸਾਡੇ ਘਰ ਕੋਈ ਚੀਜ਼ ਨਹੀਂ ਹੁੰਦੀ ਤਾਂ ਅਸੀਂ ਗੁਆਂਢੀਆਂ ਦੇ ਮੰਗਣ ਜਾਂਦੇ ਹਾਂ।ਪਰ ਸਾਡੇ ਕੋਲ ਤਾਂ ਪਹਿਲਾਂ ਹੀ ਬਹੁਤ ਕੁਝ ਹੈ ਭਾਵ ਗੁਰੂਆਂ ਨੇ ਸਾਡੇ ਝੋਲੀ ਗੁਰਮੁਖੀ ਦੇ ” ਪੈਂਤੀ ਅੱਖਰ” ਪਾਏ ਹਨ।ਪਰ ਫਿਰ ਵੀ ਸਾਡੀ ਮੱਤ ਨੂੰ ਪਤਾ ਨਹੀਂ ਕੀ ਹੋਇਆ ਹੈ? ਅਸੀਂ ਆਪਣੀ ਪੈਂਤੀ ਅੱਖਰੀ ਵਿਸਾਰ ਕੇ ਅੰਗਰੇਜ਼ੀ ਦੇ ਛੱਬੀ ਅੱਖਰ ਮੰਗ ਰਹੇ ਹਾਂ।
ਹਰ ਪੰਜਾਬੀ ਕਹਿੰਦਾ ਤਾਂ ਹੈ ਕਿ ਮੈਂ “ਗੁਰਮੁਖੀ ਦਾ ਵਾਰਿਸ” ਹਾਂ ਪਰ ਇਸ ਗੱਲ ਉੱਤੇ ਅਮਲ ਬਹੁਤ ਘੱਟ ਹੁੰਦਾ ਹੈ। ਚਾਰ ਪੜ੍ਹੇ- ਲਿਖੇ ਬੰਦਿਆਂ ਵਿਚ ਹਰ ਕੋਈ ਆਪਣਾ ਪ੍ਰਭਾਵ ਪਾਉਣ ਲਈ ਵੱਧ ਤੋਂ ਵੱਧ ਅੰਗਰੇਜ਼ੀ ਬੋਲਣ ਦਾ ਯਤਨ ਕਰਦਾ ਹੈ। ਉਦੋਂ ਅਸੀਂ ਕਿਤੇ ਨਾ ਕਿਤੇ ਵਿਰਾਸਤ ਵਿਚ ਮਿਲੀ ਅਨਮੋਲ ਦਾਤ ਗੁਰਮੁਖੀ ਲਿਪੀ ਨੂੰ ਨਕਾਰ ਦਿੰਦੇ ਹਾਂ । ਕੀ ਅੱਜ ਬਸ ਪੰਜਾਬੀ ਦਿਖਾਵੇ ਦੇ ਹੀ ” ਗੁਰਮੁਖੀ ਦੇ ਵਾਰਿਸ” ਰਹਿ ਗਏ ਹਨ?
ਇਸ ਪ੍ਰਸ਼ਨ ਦਾ ਉੱਤਰ ਹਾਂ ਹੈ।ਪਰ ਜਿਵੇਂ ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ ਉਸੇ ਤਰ੍ਹਾਂ ਹੀ ਅੱਜ ਵੀ ਕੁਝ ਅਜਿਹੇ ਪੰਜਾਬੀ। ਵੀ ਹਨ ਜੋ ਪੰਜਾਬ ਹੋਵੇ ਜਾਂ ਕੋਈ ਵਿਦੇਸ਼ੀ ਮੁਲਕ ਵਿਚ ਰਹਿ ਕੇ ਪੰਜਾਬੀ ਬੋਲਣ ਵਿਚ ਉਹ ਬਹੁਤ ਮਾਣ ਮਹਿਸੂਸ ਕਰਦੇ ਹਨ। ਆਪਾਂ ਸਭ ਨੇ ‘ਸੁਰਜੀਤ ਪਾਤਰ ਜੀ’ ਦੀ ਲਿਖੀ ਹੋਈ ਕਵਿਤਾ ” ਆਇਆ ਨੰਦ ਕਿਸ਼ੋਰ” ਪੜ੍ਹੀ ਹੈ। ਕਿਉਂਕਿ ਉਹ ਨੌਵੀਂ ਦੇ ਸਿਲੇਬਸ ਵਿੱਚ ਸ਼ਾਮਲ ਹੈ। ਇਹ ਕਵਿਤਾ ਪੰਜਾਬ ਦੇ ਬਿਲਕੁਲ ਅੱਜ ਦੇ ਹਾਲਾਤ ਪੇਸ਼ ਕਰਦੀ ਹੈ ਕਿ ਕਿਸ ਤਰ੍ਹਾਂ ਬੰਗਾਲ, ਬਿਹਾਰ ਤੋਂ ਅਨੇਕਾਂ ਹੀ ਨੰਦ ਕਿਸ਼ੋਰ ਪੰਜਾਬ ਵਿੱਚ ਰਿਜ਼ਕ ਲਈ ਆ ਰਹੇ ਹਨ ਅਤੇ ਇੱਥੇ ਹੀ ਵੱਸ ਗਏ ਹਨ।ਪਰ ਦੂਜੇ ਪਾਸੇ ਪੰਜਾਬੀ ਅੱਛਰ ਸਿੰਘ ਵਰਗੇ ਸਰਦਾਰ ਆਪਣੇ ਬੱਚਿਆਂ ਨੂੰ ਕੌਨਵੈਂਟ ਸਕੂਲਾਂ ਵਿਚ ਪੜ੍ਹਾ ਰਹੇ ਹਨ। ਪਰ ਨੰਦ ਕਿਸ਼ੋਰ ਵਰਗੇ ਅਨੇਕਾਂ ਹੀ ਪ੍ਰਵਾਸੀਆਂ ਨੇ ਪੰਜਾਬ ਨੂੰ ਅਪਣਾ ਲਿਆ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾ ਕੇ ਗੁਰਮੁਖੀ ਦੇ ਵਾਰਿਸ ਬਣਾ ਰਹੇ ਹਨ।
ਅਸੀਂ ਛੋਟੇ ਤੋਂ ਛੋਟੇ ਬੱਚੇ ਨੂੰ ਅੰਗਰੇਜ਼ੀ ਸਿਖਾਉਣ ਲੱਗ ਜਾਂਦੇ ਹਾਂ। ਪਰ ਜੇਕਰ ਬੱਚੇ ਨੂੰ ਸਿਖਾਉਣਾ ਹੈ ਤਾਂ ਉਸਨੂੰ ਪਹਿਲਾਂ ਆਪਣੀ ਮਾਤ ਭਾਸ਼ਾ ਸਿਖਾਉ ਕਿਉਂਕਿ ਬਾਲ ਅਵਸਥਾ ਵਿਚ ਜਦੋਂ ਅਸੀਂ ਬੱਚੇ ਤੋਂ ਉਸਦੀ ਮਾਤ ਭਾਸ਼ਾ ਖੋਹ ਲੈਂਦੇਂ ਹਾਂ। ਜੋ ਕਿ ਉਹ ਮਾਂ ਦੇ ਪੇਟ ਵਿੱਚ ਹੁੰਦਾ ਹੋਇਆ ਗ੍ਰਹਿਣ ਕਰ ਲੈਂਦਾ ਹੈ। ਅਤੇ ਕਿਸੇ ਦੂਸਰੀ ਭਾਸ਼ਾ ਨੂੰ ਸਿੱਖਣ ਵਿੱਚ ਦਿੱਕਤ ਮਹਿਸੂਸ ਕਰਦਾ ਹੈ। ਜਿਸ ਕਾਰਨ ਬਹੁਤ ਵਾਰ ਬੱਚੇ ਦਾ ਮਾਨਸਿਕ ਵਿਕਾਸ ਰੁਕ ਜਾਂਦਾ ਹੈ।
ਅੱਜ ਪੰਜਾਬ ਵਿਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਰੁਝਾਨ ਹੈ। ਕਿਉਂਕਿ ਸਭ ਸਮਝਦੇ ਹਨ ਕਿ ਪੰਜਾਬ ਵਿੱਚ ਰਹਿ ਕੇ ਨਾ ਨੌਕਰੀ ਮਿਲ ਸਕਦੀ ਹੈ ਅਤੇ ਨਾ ਹੀ ਪੈਸਾ ਕਮਾਇਆ ਜਾ ਸਕਦਾ ਹੈ। ਪਰ ਹਰ ਮੁਸ਼ਕਿਲ ਦਾ ਹੱਲ ਉਸ ਤੋਂ ਦੂਰ ਭੱਜਣਾ ਨਹੀਂ ਹੁੰਦਾ। ਕਿਉਂਕਿ ਬਹਾਦਰ ਉਹੀ ਅਖਵਾਉਂਦਾ ਹੈ ਜੋ ਮੁਸ਼ਕਿਲਾਂ ਨੂੰ ਹੱਲ ਕਰਦਾ ਹੈ ਨਾ ਕਿ ਉਨ੍ਹਾਂ ਤੋਂ ਦੂਰ ਭੱਜਦਾ ਹੈ।
ਕਦੇ ਧਿਆਨ ਨਾਲ ਸੋਚਣਾ…!
ਸਾਡੇ ਪੰਜਾਬ ਦਾ ਬਹੁਤ ਅਮੀਰ ਵਿਰਸਾ ਹੈ। ਪਰ ਜ਼ਰੂਰਤ ਸਿਰਫ਼ ਇਸਨੂੰ ਸਮਝਣ ਤੇ ਸੰਭਾਲਣ ਦੀ ਹੈ। ਜੇਕਰ ਹਰ ਇਨਸਾਨ ਚੰਗਾ ਅਤੇ ਇਮਾਨਦਾਰ ਇਨਸਾਨ ਬਣਨ ਦੀ ਕੋਸ਼ਿਸ਼ ਕਰੇ ਤਾਂ ਦੁਨੀਆਂ ਦੇ ਬੇਈਮਾਨ ਅਤੇ ਬੁਰੇ ਇਨਸਾਨਾਂ ਦੀ ਲਿਸਟ ਆਪਣੇ ਆਪ ਛੋਟੀ ਹੋ ਜਾਵੇਗੀ।ਬਸ ਉਸੇ ਤਰ੍ਹਾਂ ਹੀ ਸਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਪੰਜਾਬ ਦੀ ਹਾਲਤ ਸੁਧਾਰਨ ਦੀ ਅਤੇ ਉਸਦੀ ਤਰੱਕੀ ਲਈ ਯਤਨਸ਼ੀਲ ਹੋਣਾ ਪੈਣਾ। ਪੰਜਾਬ ਕੋਲ ਅਮੀਰ ਵਿਰਸੇ ਦੇ ਨਾਲ ਨਾਲ ਬਹੁਤ ਹੌਸਲਾ, ਦੌਲਤ ਹੈ।
ਪਰ ਉਨ੍ਹਾਂ ਦਾ ਇਸ ਪਾਸੇ ਧਿਆਨ ਦਿਵਾਉਣ ਦੀ ਲੋੜ ਹੈ। ਜਿਸ ਦਿਨ ਪੰਜਾਬੀਆਂ ਨੂੰ ਆਪਣੀ ਤਾਕਤ ਦਾ ਅੰਦਾਜ਼ਾ ਹੋ ਗਿਆ, ਉਸ ਦਿਨ ਯਕੀਨਨ ਮੇਰਾ ਪੰਜਾਬ ਬੁਲੰਦੀਆਂ ਛੂਹੇਗਾ। ਫਿਰ ਕਿਸੇ ਪੰਜਾਬੀ ਨੂੰ ਕੈਨੇਡਾ ਜਾਣ ਦੀ ਜ਼ਰੂਰਤ ਨਹੀਂ ਪੈਣੀ ਸਗੋਂ ਕੈਨੇਡਾ ਮੇਰੇ ਪੰਜਾਬ ਆਵੇਗਾ। ਪਰ ਸਭ ਤੋਂ ਪਹਿਲਾਂ ਸਾਨੂੰ ਗੁਰਮੁਖੀ ਦੇ ਦਿਖਾਵੇ ਦੇ ਨਹੀਂ ਸਗੋਂ ਅਸਲੀ ਵਾਰਿਸ ਬਣਨਾ ਪੈਣਾ । ਆਪਣੀ ਮਾਂ ਬੋਲੀ ਲਈ ਕੁਝ ਕਰਨਾ ਪੈਣਾ।
ਉਮੀਦ ਹੈ ਉਹ ਦਿਨ ਵੀ ਜਲਦੀ ਆਉਣਗੇ, ਜਦੋਂ ਮੇਰਾ ਪੰਜਾਬ ਭਾਰਤ ਦਾ ਇਕ ਅਮੀਰ ਅਤੇ ਆਤਮ ਨਿਰਭਰ ਰਾਜ ਬਣ ਜਾਵੇਗਾ ਆਪਣੇ ਪੰਜਾਬੀਆਂ ਨੂੰ ਕੇਨੈਡਾ ਤੋਂ ਵਾਪਸ ਮੋੜ ਲੈ ਆਵੇਗਾ।
ਨਿੱਕੀ ਕੌਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly