ਰੂਹ ਨਾਲ ਲੱਗੀ ਏ-     

ਖੁਸ਼ੀ ਮੁਹੰਮਦ (ਚੱਠਾ)

(ਸਮਾਜ ਵੀਕਲੀ)

ਬਹੁਤੇ ਯਾਰ ਬਣਾਈ ਫਿਰਦੇ

ਪਰ ਇੱਕ ਦਾ ਲੜ ਫੜਦੇ ਨਹੀਂ
ਦਰ ਦਰ ਉੱਤੇ ਨੱਕ ਰਗੜਦੇ
ਪਰ  ਹੁੰਦੇ  ਇੱਕ  ਦਰ ਦੇ  ਨਹੀਂ
ਸਾਡੀ ਤਾਂ ਇਉਂ, ਜਿਉਂ ਟਿੰਡਾਂ ਦੀ
ਖੂਹ ਨਾਲ ਲੱਗੀ ਏ
ਸਾਨੂੰ ਇੱਕੋ ਈ ਯਾਰ ਬਥੇਰਾ, ਸਾਡੀ
ਰੂਹ ਨਾਲ ਲੱਗੀ ਏ
ਬਚਪਨ ਵਾਲੀ ਯਾਦ ਨੈਣਾਂ ‘ਚੋਂ
ਲੰਘਦੀ ਰਹਿੰਦੀ ਏ
ਪਿੰਡ ਦੀ ਯਾਦ ਹਮੇਸ਼ਾਂ ਦਿਲ ਨੂੰ
ਡੰਗਦੀ ਰਹਿੰਦੀ ਏ
ਵਿੱਚ ਪ੍ਰਦੇਸਾਂ ਰਹਿ ਵੀ ਪਿੰਡ ਦੀ
ਜੂਹ ਨਾਲ ਲੱਗੀ ਏ
ਸਾਨੂੰ ਇੱਕੋ ਈ ਯਾਰ ਬਥੇਰਾ, ਸਾਡੀ
ਰੂਹ ਨਾਲ ਲੱਗੀ ਏ
ਲੱਗੀਆਂ ਦੀ ਲੱਜ ਪਾਲੀ਼ ਦਾਤਾ
ਹੋ ਜਾਊ ਬੱਲੇ – ਬੱਲੇ
ਬਿਨ ਤੇਰੀ ਰਹਿਮਤ ਤੋਂ ਦਾਤਾ
ਕੁਝ ਨਾ ਮੇਰੇ ਪੱਲੇ
ਦਿਲ ਮੇਰੇ ਦੀ ਹੂਕ ਦੀ ਅੱਲਾਹ-
ਹੂ  ਨਾਲ ਲੱਗੀ ਏ
ਸਾਨੂੰ ਇੱਕੋ ਈ ਯਾਰ ਬਥੇਰਾ
ਰੂਹ ਨਾਲ ਲੱਗੀ ਏ
ਰਹਿਣ ਦੇ ਲੱਗੀ ਜਿੱਥੇ ਜੀਹਦੀ
ਧੌਂਸ ਨਹੀਂ ਝਾੜੀ ਦੀ
“ਖੁਸ਼ੀ ਮੁਹੰਮਦਾ” ਰੱਖ ਖਬਰ
ਹਰ ਚੰਗੀ ਮਾੜੀ ਦੀ
ਲੈਣ ਨੂੰ ਬਿੜਕਾਂ ਜਿਉਂ ਕੰਨਾਂ ਦੀ
ਸੂਹ ਨਾਲ ਲੱਗੀ ਏ
ਸਾਨੂੰ ਇੱਕੋ ਈ ਯਾਰ ਬਥੇਰਾ, ਸਾਡੀ
ਰੂਹ ਨਾਲ ਲੱਗੀ ਏ
ਖੁਸ਼ੀ ਮੁਹੰਮਦ “ਚੱਠਾ”

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਰਾ ਪਿੰਡ ਖਿਲਾਫ       
Next articleਵਤਨੋਂ ਤੁਰ ਜਾਣ ਵਾਲਿਓ…