(ਸਮਾਜ ਵੀਕਲੀ)
ਸੁਣ, ਨੀਂ ਤੂੰ ਪੀੜੇ
ਹਾੜਾ, ਇੰਝ ਨਾ ਨਿਚੋੜ ਸਾਨੂੰ
ਡੰਗ ਤੇਰੇ ਹੱਸ ਕੇ ਜਰਾਂ
ਵਾਰ-ਵਾਰ ਪੁੱਛੇ ਬਾਪੂ
ਹੋਰ ਪੁੱਤ, ਕਿਵੇਂ ਐਂ ਤੂੰ
ਡਰਦੀ ਮੈਂ ਗੱਲ ਨਾ ਕਰਾਂ
ਡੱਕ-ਡੱਕ ਰੱਖਾਂ ਭਾਵੇਂ
ਲੱਖ ਵੱਗ ਹੰਝੂਆਂ ਦੇ
ਚਿਹਰਾ ਪੜ੍ਹ ਲੈਂਦੀ ਮੇਰੀ ਮਾਂ
ਢਲ ਚੱਲੇ ਸੂਰਜਾਂ ਦੇ
ਲਹਿੰਦੇ ਪਰਛਾਂਵਿਆਂ ਨੂੰ
ਦੁੱਖ ਕਿੰਝ ਬੋਲ ਕੇ ਕਹਾਂ
ਦੱਸ ਟੂਣੇਹਾਰੀਏ ਨੀਂ
ਕਿਹੜੀ ਕੋਠੀ ਸਾਂਭ ਰੱਖਾਂ
ਕੀਹਦੇ ਕੋਲ ਸ਼ਿਕਵਾ ਕਰਾਂ
ਅਮਰਵੇਲ ਚਾੜ ਵਿਹਡ਼ੇ
ਵਾਹੀ ਗੋਡੀ ਸਿੰਜ ਬੈਠੀ
ਰਤਾ ਪਤਾ ਲੱਗਿਆ ਈ ਨਾ
ਹਾਸਿਆਂ ਨੂੰ ਨੋਚ ਨੋਚ
ਆਪੇ ਆਪਾ ਝੰਬ ਬੈਠੀ
ਸੀਸ ਦਿੱਤਾ ਸਾਹਵੇਂ ਨੀਂ ਨਿਵਾਂ
ਕਾਹਦੀ ਤੂੰ ਜਵਾਨ ਹੋਈ
ਅੱਖ ਲਾਈ ਲੱਗਦੀ ਨਾ
ਪੀ ਗਈ ਮੇਰਾ ਮਾਨਸਰਾਂ
ਸਿਰ ਚੜ ਕੂਕਦੀ ਐਂ
ਨਿੱਤ ਮੇਰੇ ਅੜੀਏ ਨੀਂ
ਕੀਹਤੋਂ-ਕੀਹਤੋਂ ਦੱਸ ਨੀਂ ਲੁਕਾਂ
ਹੋਵੇਂ ਜੇ ਨਾ ਜਿੱਦੀ ਤੇ
ਹਠੀਲੀ ਐਨੀ ਭੈੜੀਏ ਨੀਂ
ਗੋਦੀ ਚੁੱਕ ਲੋਰੀਆਂ ਦਵਾਂ
ਕੱਲਾ ਕੱਲਾ ਚੁੱਗ ਮੋਤੀ
ਬਾਗ ਮੈਂ ਉਜਾੜ ਲਿਆ
ਰੂਹ ਤੇਰੇ ਕਦਮੀ ਧਰਾਂ
ਰੱਖ ਭਾਂਵੇ ਮਾਰ
ਥੋਥੀ ਜਿੰਦ ਦੀ ਸੰਦੂਕੜੀ ਨੂੰ
ਨਿੱਤ ਤੇਰੇ ਤਰਲੇ ਕਰਾਂ
ਇੱਕੋ ਰੁੱਗ ਬਾਲ ਸਾਨੂੰ
ਟੋਟਾ-ਟੋਟਾ ਪਿੰਜ ਨਾ ਨੀਂ
ਪੋਟਾ-ਪੋਟਾ ਰੋਜ਼ ਬਲਾਂ
ਸੁਣ, ਨੀਂ ਤੂੰ ਪੀੜੇ
ਹਾੜਾ, ਇੰਝ ਨਾ ਨਿਚੋੜ ਸਾਨੂੰ
ਡੰਗ ਤੇਰੇ ਹੱਸ ਕੇ ਜਰਾਂ
ਦੀਪ ਸੰਧੂ
+61 459 966 392