29 ਜੁਲਾਈ ਦੀ ਪਟਿਆਲਾ ਮਹਾਂ ਰੈਲੀ ਲਈ ਸਿਹਤ ਕਾਮੇਂ ਪੱਬਾਂ ਭਾਰ

ਤਿਆਰੀਆਂ ਨੂੰ ਲੈ ਕੇ ਕੀਤੀ ਹੰਗਾਮੀ ਮੀਟਿੰਗ

ਮਾਨਸਾ  (ਔਲਖ) (ਸਮਾਜ ਵੀਕਲੀ): ਸਿਹਤ ਮੁਲਾਜਮਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਅਤੇ ਛੇਵੇਂ ਪੇਅ ਕਮਿਸ਼ਨ ਦੇ ਵਿਰੋਧ ਵਿੱਚ ਪੰਜਾਬ-ਯੂ.ਟੀ. ਮੁਲਾਜਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ਤੇ ਹੋਣ ਵਾਲੀ ਪਟਿਆਲਾ ਮਹਾਂ-ਰੈਲੀ ਦੀ ਤਿਆਰੀ ਸਬੰਧੀ ਸਿਹਤ ਮੁਲਾਜਮ ਤਾਲਮੇਲ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਦਫਤਰ ਸਿਵਲ ਸਰਜਨ ਮਾਨਸਾ ਵਿਖੇ ਹੋਈ ਜਿਸ ਵਿੱਚ ਸਿਹਤ ਵਿਭਾਗ ਦੇ ਸਾਰੇ ਵਰਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ। ਜਿਕਰਯੋਗ ਹੈ ਇਸ ਤਾਲਮੇਲ ਕਮੇਟੀ ਵਿੱਚ ਮੈਡੀਕਲ ਅਫਸਰਾਂ ਤੋਂ ਲੈ ਕੇ ਆਸ਼ਾ ਵਰਕਰਜ਼ ਤੱਕ ਸਿਹਤ ਵਿਭਾਗ ਦੇ ਸਮੁੱਚੇ ਕੇਡਰ ਸ਼ਾਮਲ ਸਨ।

ਇਸ ਮੌਕੇ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਰਸ਼ਦੀਪ ਸਿੰਘ ਨੇ ਕਿਹਾ ਕਿ ਛੇਵੇਂ ਪੇਅ ਕਮਿਸ਼ਨ ਦੇ ਵਿਰੋਧ ਵਿੱਚ ਪੂਰੇ ਪੰਜਾਬ ਦੇ ਮੁਲਾਜਮਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ ਜੋ ਕਿ ਕਿਸੇ ਵੀ ਕੀਮਤ ਤੇ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਕਾਮਿਆਂ ਵੱਲੋਂ ਪਹਿਲਕਦਮੀ ਕਰਦਿਆਂ ਪੂਰੇ ਪੰਜਾਬ ਵਿੱਚ ਲਗਾਤਾਰ ਇਸ ਧੱਕੇਸ਼ਾਹੀ ਦਾ ਪਿੱਟ ਸ਼ਿਆਪਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਸੂਬਾ ਕਮੇਟੀ ਦੇ ਸੱਦੇ ਤੇ 29 ਜੁਲਾਈ ਨੂੰ ਪਟਿਆਲਾ ਵਿਖੇ ਮਹਾਂ ਰੈਲੀ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾ ਕਿਹਾ ਕਿ ਇਸ ਮਹਾਂਰੈਲੀ ਨੂੰ ਕਾਮਯਾਬ ਕਰਨ ਲਈ ਸਮੁੱਚੇ ਮਾਨਸਾ ਜਿਲ੍ਹੇ ਦੇ ਸਿਹਤ ਕਾਮਿਆਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।

ਇਸ ਮੌਕੇ ਬੋਲਦਿਆਂ ਸਿਹਤ ਇੰਸਪੈਕਟਰ ਜਗਦੀਸ਼ ਸਿੰਘ ਪੱਖੋ ਨੇ ਕਿਹਾ ਕਿ ਕਰੋਨਾਂ ਮਹਾਂਮਾਰੀ ਦੌਰਾਨ ਵੀ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਵਾਲੇ ਸਿਹਤ ਕਾਮਿਆਂ ਨੂੰ ਸਰਕਾਰ ਨੇ ਬੋਨਸ ਦੇ ਰੂਪ ਵਿੱਚ ਤਨਖਾਹਾਂ ਤੇ ਕਟੌਤੀ ਕਰਕੇ ਆਪਣਾ ਤਾਨਾਸ਼ਾਹੀ ਚਿਹਰਾ ਜੱਗ ਜਾਹਿਰ ਕੀਤਾ ਹੈ। ਆਗੂ ਨੇ ਕਿਹਾ ਕਿ ਛੇਵਾਂ ਤਨਖਾਹ ਕਮਿਸ਼ਨ ਹਰ ਵਰਗ ਲਈ ਨੁਕਸਾਨਦੇਹ ਹੈ ਜਿਸ ਕਾਰਨ ਪੂਰੇ ਪੰਜਾਬ ਦੀਆਂ ਸਮੂਹ ਮੁਲਾਜਮ ਜਥੇਬੰਦੀਆਂ ਇਸਦੇ ਲਗਾਤਾਰ ਵਿਰੋਧ ਵਿੱਚ ਡਟੀਆਂ ਹੋਈਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪਟਿਆਲਾ ਰੈਲੀ ਵਿੱਚ ਸ਼ਿਰਕਤ ਕਰਨ ਲਈ ਸਿਹਤ ਕਰਮਚਾਰੀਆਂ ਲਈ ਬੱਸਾਂ ਦਾ ਖਾਸ ਪ੍ਰਬੰਧ ਕਰ ਲਿਆ ਗਿਆ ਹੈ।

ਇਸ ਮੌਕੇ ਤੇ ਬੁਢਲਾਡਾ ਵਿਖੇ ਕੋਵਿਡ ਟੀਕਾਕਰਨ ਦੌਰਾਨ ਇੱਕ ਏ.ਐੱਨ.ਐੱਮ. ਵਿਰੱਧ ਕੀਤੇ ਗਏ ਝੂਠੇ ਅਤੇ ਬੇਬੁਨਿਆਦ ਪਰਚੇ ਨੂੰ ਰੱਦ ਕਰਵਾਉਣ ਸਬੰਧੀ ਵੀ ਮਤਾ ਪਾਸ ਕੀਤਾ ਗਿਆ। ਤਾਲਮੇਲ ਕਮੇਟੀ ਦੇ ਬੁਲਾਰੇ ਕੇਵਲ ਸਿੰਘ ਨੇ ਕਿਹਾ ਕਿ ਜੇਕਰ ਫੌਰੀ ਤੇ ਇਹ ਝੂਠਾ ਪਰਚਾ ਰੱਦ ਨਾ ਕੀਤਾ ਗਿਆ ਤਾਂ ਤਾਲਮੇਲ ਕਮੇਟੀ ਵੱਲੋਂ ਇਸ ਵਿਰੁਧ ਤਿੱਖਾ ਸੰਘਰਸ਼ ਵਿਿਢਆ ਜਾਵੇਗਾ ਜਿਸ ਦੀ ਨਿਰੋਲ ਜਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੰਦੀਪ ਸਿੰਘ, ਚਾਨਣ ਦੀਪ ਸਿੰਘ ਔਲਖ, ਅਵਤਾਰ ਸਿੰਘ, ਕੇਵਲ ਸਿੰਘ ਬਲਾਕ ਐਜੂਕੇਟਰ, ਬਰਜਿੰਦਰ ਸਿੰਘ, ਡਾ ਵਿਸ਼ਵਜੀਤ ਸਿੰਘ, ਅਵਤਾਰ ਸਿੰਘ ਐੱਲ.ਟੀ., ਜਗਦੇਵ ਸਿੰਘ, ਲਕਸ਼ਵੀਰ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਕੌਰ ਆਸ਼ਾ ਵਰਕਰ, ਸੁਖਵਿੰਦਰ ਕੌਰ ਆਸ਼ਾ ਵਰਕਰ ਅਤੇ ਸੰਦੀਪ ਕੌਰ ਵਿਸ਼ੇਸ਼ ਤੌਰ ਤੇ ਹਾਜਿਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲ ਸਰੋਤ ਵਿਭਾਗ ਦੇ ਇੰਜਨੀਅਰ ਗੁਰਪਿੰਦਰ ਸਿੰਘ ਸੰਧੂ ਨੇ ਸੰਭਾਲਿਆ ਚਾਰਜ
Next articleKumaraswamy plays down snooping report