ਹਰਿਆਣਾ: ਕਿਸਾਨਾਂ ਵੱਲੋਂ ਵਧੀਆਂ ਟੌਲ ਦਰਾਂ ਖ਼ਿਲਾਫ਼ ਧਰਨਾ

ਚੰਡੀਗੜ੍ਹ (ਸਮਾਜ ਵੀਕਲੀ): 

ਭਾਰਤੀ ਕਿਸਾਨ ਯੂਨੀਅਨ (ਚੜੂਨੀ) ਵੱਲੋਂ ਅੱਜ ਕਣਕ ’ਤੇ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ ਲਈ ਅਤੇ ਟੌਲ ਦੀਆਂ ਵਧੀਆਂ ਦਰਾਂ ਖ਼ਿਲਾਫ਼ ਹਰਿਆਣਾ ਵਿੱਚ ਟੌਲ ਪਲਾਜ਼ਿਆ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨ ਦੌਰਾਨ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਸੂਬੇ ਦੇ ਟੌਲ ਪਲਾਜ਼ੇ ਪਰਚੀ ਮੁਕਤ ਕਰਵਾਏ ਗਏ। ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਸੂਬੇ ਦੇ ਟੌਲ ਪਲਾਜ਼ਿਆ ’ਤੇ ਚੱਲ ਰਹੇ ਧਰਨਿਆਂ ਵਿੱਚ ਪਹੁੰਚ ਕੇ ਸਾਰਿਆਂ ਦੀ ਹੌਸਲਾ-ਅਫਜ਼ਾਈ ਕੀਤੀ।

ਸੰਬੋਧਨ ਕਰਦਿਆਂ ਸ੍ਰੀ ਚੜੂਨੀ ਨੇ ਸਰਕਾਰ ਤੋਂ ਕਣਕ ਦੀ ਫ਼ਸਲ ’ਤੇ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਮੌਜੂਦਾ ਹਾੜ੍ਹੀ ਸੀਜ਼ਨ ਵਿੱਚ ਫ਼ਸਲਾਂ ਦਾ ਝਾੜ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਨਿਕਲ ਰਿਹਾ ਹੈ, ਜਿਸ ਦਾ ਅਸਰ ਕਿਸਾਨਾਂ ਦੀ ਆਮਦਨ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੇ ਵਧ ਰਹੇ ਭਾਅ ਕਿਸਾਨਾਂ ’ਤੇ ਫ਼ਸਲ ਦੀ ਵਾਢੀ ਅਤੇ ਸਾਂਭ-ਸੰਭਾਲ ਲਈ ਪਹਿਲਾਂ ਦੇ ਮੁਕਾਬਲੇ ਵੱਧ ਖਰਚਾ ਪੈ ਰਿਹਾ ਹੈ। ਚੜੂਨੀ ਨੇ ਪਹਿਲੀ ਅਪਰੈਲ ਤੋਂ ਟੌਲ ਪਲਾਜ਼ਿਆਂ ਦੀ ਦਰਾਂ ਵਿੱਚ ਹੋਏ ਵਾਧੇ ਦਾ ਵਿਰੋਧ ਕਰਦਿਆਂ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਟੌਲ ਪਲਾਜ਼ਿਆਂ ਦੀਆਂ ਦਰਾਂ ਵਿੱਚ 10 ਤੋਂ 18 ਫ਼ੀਸਦ ਤੱਕ ਦਾ ਵਾਧਾ ਕਰ ਦਿੱਤਾ ਹੈ ਅਤੇ ਇਸ ਵਾਧੇ ਦਾ ਅਸਰ ਵੀ ਆਮ ਲੋਕਾਂ ਦੀ ਜੇਬ ’ਤੇ ਪੈ ਰਿਹਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਟੌਲ ਪਲਾਜ਼ਿਆ ਦੀ ਵਧੀਆਂ ਦਰਾਂ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਟੌਲ ਪਲਾਜ਼ਿਆਂ ਦੇ ਆਲੇ-ਦੁਆਲੇ 15 ਕਿਲੋਮੀਟਰ ਦੇ ਇਲਾਕੇ ਵਿੱਚ ਰਹਿੰਦੇ ਲੋਕਾਂ ਦੇ ਟੌਲ ਟੈਕਸ ਮੁਆਫ਼ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਟੌਲ ਨੇੜਲੇ ਇਲਾਕੇ ਦੇ ਲੋਕਾਂ ਨੂੰ ਨਿੱਤ ਆਉਣ-ਜਾਣ ਲਈ ਟੌਲ ਟੈਕਸ ਦੇਣਾ ਪੈਂਦਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਫ਼ਸਲਾਂ ’ਤੇ ਬਣਦਾ ਬੋਨਸ ਦਿੱਤਾ ਜਾਵੇ, ਨਹੀਂ ਤਾਂ ਭਵਿੱਖ ਵਿੱਚ ਵੀ ਕਿਸਾਨ ਜਥੇਬੰਦੀਆਂ ਵੱਲੋਂ ਸੂਬਾ ਸਰਕਾਰ ਦਾ ਵਿਰੋਧ ਜਾਰੀ ਰਹੇਗਾ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੀਰਮ ਤੇ ਭਾਰਤ ਬਾਇਓਟੈੱਕ ਨੇ ਇਹਤਿਆਤੀ ਡੋਜ਼ ਦੀਆਂ ਕੀਮਤਾਂ ਘਟਾਈਆਂ
Next article‘ਮੁਫ਼ਤ ਸਹੂਲਤਾਂ ਦੀ ਵਿਹਾਰਕਤਾ ਬਾਰੇ ਫ਼ੈਸਲਾ ਲੈਣਾ ਵੋਟਰਾਂ ਦੇ ਹੱਥ’