ਲੋਟੂ ਟੋਲੇ ਦੀ ਨਜ਼ਰ ਸਿਰਫ਼ ਤੇ ਸਿਰਫ਼ ਗੁਰੂ ਦੀ ਗੋਲਕ ਅਤੇ ਕੁਰਸੀ ਤੇ – ਝੀਂਡਾ
ਕਮੇਟੀ ਸ਼ਾਨ ਨਾਲ ਆਪਣਾ ਕੰਮ ਕਰ ਰਹੀ ਹੈ

ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਪ੍ਰਬੰਧ ਬੁਰੀ ਤਰ੍ਹਾਂ ਨਾਲ ਡਗਮਗਾ ਗਿਆ ਹੈ । ਗੁਰੂ ਘਰਾਂ ਦੇ ਪ੍ਰਬੰਧਾਂ ਵਿੱਚ ਬਹੁਤ ਭਾਰੀ ਗਿਰਾਵਟ ਆ ਚੁੱਕੀ ਹੈ ਅਤੇ ਧਰਮ ਪ੍ਰਚਾਰ ਅਤੇ ਵਿੱਦਿਆ ਖੇਤਰ ਬੁਰੀ ਤਰ੍ਹਾਂ ਨਾਲ ਅਸਫਲ ਹੋ ਚੁੱਕਾ ਹੈ। ਗੁਰੂ ਕੀ ਗੋਲਕ ਦੇ ਫੰਡਾਂ ਦੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਰੱਜ ਕੇ ਦੁਰਵਰਤੋਂ ਕਰ ਰਿਹਾ ਹੁਣ ਤੱਕ ਦੇ ਸਮੂੰਹ ਪ੍ਰਧਾਨਾਂ ‘ਚੋਂ ਝੀਂਡਾ ਸਭ ਤੋਂ ਨਿਕੰਮਾ ਪ੍ਰਧਾਨ ਸਾਬਤ ਹੋਇਆ ਹੈ । ਅਜਿਹੇ ਨਿਕੰਮੇ ਪ੍ਰਧਾਨ ਨੂੰ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨਾਂ ਵੱਲੋਂ ਕੀਤਾ ਗਿਆ ਜਿਨ੍ਹਾਂ ਵਿੱਚ ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ, ਗੁਰਬੀਰ ਸਿੰਘ ਤਲਾਕੌਰ ਜੂਨੀਅਰ ਮੀਤ ਪ੍ਰਧਾਨ, ਜਗਤਾਰ ਸਿੰਘ ਮਾਨ ਅੰਤਰਿੰਗ ਮੈਂਬਰ, ਤਜਿੰਦਰਪਾਲ ਸਿੰਘ ਨਾਰਨੌਲ ਅੰਤ੍ਰਿੰਗ ਮੈਂਬਰ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ, ਸੀਨੀਅਰ ਮੈਂਬਰ ਦੀਦਾਰ ਸਿੰਘ ਨਲਵੀ, ਰਜਿੰਦਰ ਸਿੰਘ ਬਰਾੜਾ ਮੈਂਬਰ, ਗੁਰਤੇਜ ਸਿੰਘ ਅੰਬਾਲਾ ਮੈਂਬਰ, ਮੇਅਰ ਭੁਪਿੰਦਰ ਸਿੰਘ ਪਾਣੀਪਤ ਮੈਂਬਰ, ਸਵਰਨ ਸਿੰਘ ਬੁੰਗਾ ਟਿੱਬੀ ਮੈਂਬਰ, ਸਰਪੰਚ ਭੁਪਿੰਦਰ ਸਿੰਘ ਲਾਡੀ ਸੌਂਕੜਾ ਮੈਂਬਰ ਪ੍ਰਤੀਨਿਧ (ਬੀਬੀ ਕਪੂਰ ਕੌਰ ਸੌਂਕੜਾ ਮੈਂਬਰ), ਭੁਪਿੰਦਰ ਸਿੰਘ ਸੈਣੀ ਮੈਂਬਰ ਪ੍ਰਤੀਨਿਧ (ਕੈਪਟਨ ਦਿਲਬਾਗ ਸਿੰਘ ਸੈਣੀ ਮੈਂਬਰ), ਸੁਖਵਿੰਦਰ ਸਿੰਘ ਮੰਡੇਬਰ ਸਾਬਕਾ ਜਰਨਲ ਸਕੱਤਰ ਸ਼ਾਮਿਲ ਸਨ । ਸਮੁੱਚੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਨੇ ਇਕਸੁਰਤਾ ਨਾਲ ਕਿਹਾ ਕਿ ਜਗਦੀਸ਼ ਸਿੰਘ ਝੀਂਡਾ ਨੇ ਪ੍ਰਧਾਨ ਬਣਦਿਆਂ ਜੋ ਐਲਾਨ ਕੀਤੇ ਸਨ ਇੱਕ ਵੀ ਪੂਰਾ ਨਹੀਂ ਕੀਤਾ ਜਿਵੇਂ ਯੂਨੀਵਰਸਿਟੀ ਸਕੂਲ ਖੋਲ੍ਹਣ ਦਾ ਐਲਾਨ, ਸਿਰੋਪੇ ਨਾ ਦੇਣ ਦਾ ਐਲਾਨ, ਗੁਰਦੁਆਰੇ ਦੀਆਂ ਗੱਡੀਆਂ ਦੀ ਵਰਤੋਂ ਨਾ ਕਰਨ ਦਾ ਐਲਾਨ, ਮੁਲਾਜ਼ਮਾਂ ਦੀ ਦੁਰਵਰਤੋਂ ਨਾ ਕਰਨ ਦਾ ਐਲਾਨ, ਵੀਆਈਪੀ ਕਲਚਰ ਬੰਦ ਕਰਨ ਦਾ ਐਲਾਨ ਝੀਂਡਾ ਵੱਲੋਂ ਕੀਤਾ ਗਿਆ ਸੀ ਪਰ ਹੁਣ ਇਸ ਤੋਂ ਉਲਟ ਝੀਂਡਾ ਖੁਦ ਪਤਿਤ ਲੋਕਾਂ ਨੂੰ ਵੀ ਕੇਸਰੀ ਸਿਰੋਪੇ ਵੰਡ ਰਿਹਾ ਹੈ । ਕਮੇਟੀ ਦੀਆਂ ਦੋ ਗੱਡੀਆਂ ਤੇ 12 ਮੁਲਾਜ਼ਮਾਂ ਦੀ ਨਿੱਜੀ ਵਰਤੋਂ ਕਰ ਰਿਹਾ ਹੈ । ਕਾਲਾ ਦਿਵਸ ਦੇ ਨਾਂ ਤੇ ਗੁਰਦੁਆਰੇ ਦੀਆਂ ਗੋਲਕਾਂ ਤੇ ਮੁਲਾਜ਼ਮਾਂ ਦੀ ਦੁਰਵਰਤੋਂ ਕੀਤੀ । ਹੜ੍ਹ ਪੀੜਤਾਂ ਦੇ ਨਾਂ ਤੇ ਆਪਣਾ ਨਿੱਜੀ ਅਕਾਊਂਟ ਦੇ ਕੇ ਪੈਸਾ ਇਕੱਠਾ ਕੀਤਾ ਹੈ । ਵਿੱਦਿਆ ਖੇਤਰ ਨਰਸਿੰਗ ਕਾਲਜ ਅਤੇ ਤਿਲੋਕੇਵਾਲਾ ਸਕੂਲ ਵਿੱਚ ਮਨਮਰਜ਼ੀ ਦੀਆਂ ਬਦਲੀਆਂ ਕਰਕੇ ਸਕੂਲ ਸਿਸਟਮ ਫੇਲ ਕਰ ਦਿੱਤਾ ਹੈ । ਜਗਦੀਸ ਸਿੰਘ ਝੀਂਡਾ ਕਮੇਟੀ ਦਾ ਡਿਕਟੇਟਰ ਬਣਿਆ ਹੋਇਆ ਹੈ। 2 ਜਰਨਲ ਹਾਊਸ ਅਤੇ 3 ਐਗਜ਼ੈਕਟਿਵ ਮੀਟਿੰਗਾਂ ਫੇਲ ਹੋ ਚੁੱਕੀਆਂ ਹਨ । ਝੀਂਡਾ ਐਸਾ ਪਹਿਲਾ ਪ੍ਰਧਾਨ ਹੈ ਜੋ ਆਪਣਾ ਬਜ਼ਟ ਆਪ ਫੇਲ ਕਰ ਚੁੱਕਾ ਹੈ। ਸਮੂਹ ਅਹੁਦੇਦਾਰ ਅਤੇ ਮੈਂਬਰ ਉਨ੍ਹਾਂ ਕਿਹਾ ਸਰਕਾਰ ਨੂੰ ਅਪੀਲ ਹੈ ਕਿ ਇਨ੍ਹਾਂ ਦੋਨਾਂ ਗੁਰਦੁਆਰਾ ਜੁਡੀਸ਼ਲ ਕਮਿਸ਼ਨਰਾਂ ਨੂੰ ਤਬਦੀਲ ਕਰਕੇ ਚੰਗੇ ਇਨਸਾਫ ਪਸੰਦ ਕਮਿਸ਼ਨਰ ਇਨਾਂ ਦੀ ਜਗਾਂ ਤੇ ਲਗਾਏ ਜਾਣ ਜੋ ਇਨਸਾਫ਼ ਦੇਣ। ਜਥੇਦਾਰ ਦਾਦੂਵਾਲ ਸਮੇਤ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਨੇ ਇੱਕਸੁਰਤਾ ਨਾਲ ਕਿਹਾ ਕਿ ਝੀਂਡਾ ਗੁਰਦੁਆਰਾ ਫੰਡਾਂ ਦੀ ਦੁਰਵਰਤੋਂ ਤੁਰੰਤ ਬੰਦ ਕਰੇ ਨਹੀਂ ਤਾਂ ਇਹ ਫੰਡ ਗਲਤ ਸਾਥ ਦੇ ਰਹੇ ਮੁਲਾਜ਼ਮਾਂ ਅਤੇ ਝੀਂਡਾ ਨੂੰ ਆਪਣੀ ਜੇਬ ਵਿਚੋਂ ਭਰਨਾ ਪਵੇਗਾ । ਗੁਰਦੁਆਰਾ ਪ੍ਰਬੰਧਾਂ ਅਤੇ ਧਰਮ ਪ੍ਰਚਾਰ ਦੇ ਹਰ ਫਰੰਟ ਤੇ ਫੇਲ ਹੋਇਆ ਪ੍ਰਧਾਨ ਝੀਂਡਾ ਤੁਰੰਤ ਅਸਤੀਫ਼ਾ ਦੇਵੇ। ਦੂਜੇ ਪਾਸੇ ਜਦੋਂ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨਾਲ ਇਸ ਬਾਬਤ ਗੱਲ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਇਹ ਆਪ ਸਭ ਬਜਟ ਪਾਸ ਨਹੀਂ ਹੋਣ ਦਿੰਦੇ ਤਾਂ ਕਿ ਕਿਸੇ ਤਰੀਕੇ ਗੋਲਕ ਤੇ ਕਾਬਜ਼ ਹੋ ਜਾਣ, ਨਾਲੇ ਇਸ ਲੋਟੂ ਟੋਲੇ ਦੀ ਹਰ ਗੱਲ ਦਾ ਜੁਆਬ ਮੈਂ ਦੇਵਾਂ ਇਹ ਜਰੂਰੀ ਨਹੀਂ । ਇਹਨਾਂ ਨੂੰ ਕੁਰਸੀ ਅਤੇ ਗੋਲਕ ਚਾਹੀਦੀ ਹੈ ਜੋ ਸੰਗਤ ਨੇ ਇਹਨਾ ਤੋਂ ਖੋਹ ਲਈ ਹੈ। ਬਾਕੀ ਕਮੇਟੀ ਦੇ ਕੰਮ ਨੂੰ ਦੇਸ਼ ਵਿਦੇਸ਼ ਦੀ ਸੰਗਤ ਵੇਖ ਰਹੀ ਹੈ ਅਤੇ ਸਲਾਹ ਰਹੀ ਹੈ।
https://play.google.com/store/apps/details?id=in.yourhost.samajweekly



