HOME ਹਰਿਗੋਵਿੰਦੁ ਸਦਾ ਵਿਗਸੰਦਾ 

ਹਰਿਗੋਵਿੰਦੁ ਸਦਾ ਵਿਗਸੰਦਾ 

1
ਗੁਰੂ ਹਰਿਗੋਬਿੰਦ ਸਾਹਿਬ

 ਡਾ. ਸਤਿੰਦਰ ਪਾਲ ਸਿੰਘ 

ਡਾ. ਸਤਿੰਦਰ ਪਾਲ ਸਿੰਘ

    (ਸਮਾਜ ਵੀਕਲੀ)   ਗੁਰੂ ਹਰਿਗੋਬਿੰਦ ਸਾਹਿਬ ਦਾ ਸੰਸਾਰ ਵਿੱਚ ਆਗਮਨ ਸ੍ਰੇਸ਼ਟ ਮਨੁੱਖੀ ਕਦਰਾਂ, ਕੀਮਤਾਂ ਨੂੰ ਦ੍ਰਿੜ੍ਹਤਾ ਪ੍ਰਦਾਨ ਕਰਨ ਵਾਲਾ ਧੁਰੋਂ ਲਿਖਿਆ ਸੰਜੋਗ ਸੀ । ਇਸ ਸੰਜੋਗ ਨੇ ਨਾ ਕੇਵਲ ਸਮੇਂ ਦੀ ਸੰਭਾਲ ਕੀਤੀ , ਭਵਿੱਖ ਦੀ ਦਿਸ਼ਾ ਵੀ ਤੈ ਕਰ ਦਿੱਤੀ ਕਿ ਧਾਰਮਿਕ ਪਵਿੱਤਰਤਾ ਦਾ ਨਿਰਵੈਰ , ਨਿਰਲੇਪ ਰੂਪ ਹਰ ਸਥਿਤੀ ਵਿੱਚ ਕਾਇਮ ਰਹਿੰਦਾ ਹੈ ‘ ਤੇ ਕਿਸੇ ਵੀ ਚੁਨੌਤੀ ਦਾ ਸਾਹਮਣਾ ਕਰਨ ‘ ਚ ਪੂਰਨ ਸਮਰੱਥ ਹੁੰਦਾ ਹੈ I ਪਰਮਾਤਮਾ ਤੇ ਅਡੋਲ ਭਰੋਸੇ ਦਾ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਸਿਰਜਣਾ, ਨਾਲ ਹੀ ਸ਼ਸਤਰ ਧਾਰਨ ਕਰ ਇੱਕ ਜੋਧਾ ਜਿਹਾ ਬਣ ਜਾਣਾ , ਪਰਮਾਤਮਾ ਪ੍ਰੀਤਿ ਤੇ ਸਹਿਜ ਦੀ ਅਵਸਥਾ ਵਿੱਚ ਰੰਗੇ ਰਹਿਣਾ ਪਰ ਦਸਤਾਰ  ਤੇ ਕਲਗੀ ਸਜਾ ਕੇ ਰਾਜਸੀ ਦਿੱਖ ਪ੍ਰਗਟ ਕਰਨਾ ਅਧਿਆਤਮ ਦਾ ਗੂੜ੍ਹਾ ਰਹੱਸ ਸੀ ਜਿਸ ਨੂੰ ਆਪ ਗੁਰੂ ਹਰਿਗੋਬਿੰਦ ਸਾਹਿਬ ਹੀ ਜਾਣਦੇ ਸਨ । ਇਤਿਹਾਸ ਤਾਂ ਸਿੱਟੇ ਤੇ ਪੁੱਜਦਾ ਹੈ ਕਿ ਇਹ ਧਰਮ ਦੀ ਚੜ੍ਹਦੀਕਲਾ ਦਾ ਆਗਾਜ਼ ਸੀ ਜਿਸ ਨੂੰ ਖਾਲਸਾ ਸਾਜ ਕੇ ਦਸਮ ਪਿਤਾ ਨੇ ਸੰਪੂਰਨਤਾ ਬਖਸ਼ੀ ਸੀ । ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪਰਮਾਤਮਾ ਦੀ ਦਾਤ ਦੇ ਰੂਪ ਵਿੱਚ ਵੇਖਿਆ ਗਿਆ I ਗੁਰੂ ਅਰਜਨ ਸਾਹਿਬ ਨੇ ਗੁਰੂ ਹਰਿਗੋਬਿੰਦ ਜੀ ਦੇ ਪ੍ਰਕਾਸ਼ ਨੂੰ ਪਰਮਾਤਮਾ ਦੇ ਭਗਤ ਦਾ ਸੰਸਾਰ ਅੰਦਰ ਆਗਮਨ ਦੱਸਿਆ I                                                                         

                                                ਜੰਮਿਆ ਪੂਤੁ ਭਗਤੁ ਗੋਵਿੰਦ ਕਾ II 

                                                ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ II  ਰਹਾਉ II 

                                                                      ( ਪੰਨਾ ੩੯੬ ) 

ਗੁਰੂ ਅਰਜਨ ਸਾਹਿਬ ਨੇ ਵਚਨ ਕੀਤਾ ਕਿ ਗੁਰੂ ਹਰਿਗੋਬਿੰਦ ਸਾਹਿਬ ਪਰਮਾਤਮਾ ਦੇ ਹੁਕਮ ਅਨੁਸਾਰ ਸੰਸਾਰ ਵਿੱਚ ਆਏ ਸਨ I ਪਰਮਾਤਮਾ ਨੇ ਉਨ੍ਹਾਂ ਨੂੰ ਧਰਮ ਹਿਤ ਸੰਸਾਰਿਕ ਜੀਵਨ ਦਾ ਭਰਪੂਰ ਸਮਾਂ ਬਖਸ਼ਿਆ I ਆਪ ਦਾ ਗੁਰਤਾ ਕਾਲ ੩੮ ਵਰ੍ਹਿਆਂ ਦਾ ਸੀ I ਆਪ ਨੇ ਸੰਸਾਰ ਅੰਦਰ ਜੋ ਸੰਕਲਪ ਪੂਰੇ ਕੀਤੇ ਉਹ ਪਰਮਾਤਮਾ ਦੀ ਦਰਗਾਹ ਤੋਂ ਹੀ ਲਿਖਵਾ ਕੇ ਆਏ ਸਨ I ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪਰਮਾਤਮਾ ਦੇ ਭਗਤ ਦੇ ਰੂਪ ਵਿੱਚ ਹੋਇਆ ਤੇ ਸਾਰਾ ਜੀਵਨ  ਭਗਤੀ ਵਿੱਚ ਹੀ ਲੱਗਾ I ਉਨ੍ਹਾਂ ਦੇ ਸ਼ਸਤਰ , ਫੌਜ , ਜੰਗਾਂ ਸਭ ਭਗਤੀ ਦਾ ਹੀ ਪੱਖ ਸਨ I ਭਗਤੀ ਮਨ ਅੰਦਰ ਸੀ । ਸ਼ਸਤਰ ਉਸ ਭਗਤੀ ਭਾਵਨਾ ਦੀ ਰਾਖੀ ਦਾ ਮਾਧਿਅਮ ਬਣੇ ਜੋ ਕਿ ਸਮੇਂ ਦੀ ਲੋੜ ਸੀ । ਸੰਸਾਰ ਅੰਦਰ ਜਿਨ੍ਹਾਂ ਵੀ ਸ਼ਸਤਰ ਧਾਰਨ ਕੀਤੇ , ਆਪਨੇ ਨਿਜੀ ਰੁਤਬੇ , ਰਾਜ ਤੇ ਦੁਨਿਆਵੀ ਪਦਾਰਥਾਂ ਲਈ I ਗੁਰੂ ਹਰਿਗੋਬਿੰਦ ਸਾਹਿਬ ਦੇ ਸ਼ਸਤਰ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਲਈ ਸਨ I ਗੁਰੂ ਸਾਹਿਬ ਕੋਲ ਕਈ ਅਉਸਰ ਆਏ ਜਦੋਂ ਉਹ ਆਪਣਾ ਰਾਜ ਕਾਇਮ ਕਰ ਸੱਕਦੇ ਸਨ , ਪਰ ਉਨ੍ਹਾਂ ਇਸ ਵਿੱਚ ਕੋਈ ਦਿਲਚਸਪੀ ਨਹੀ ਵਿਖਾਈ ਤੇ ਫੌਜ ਸਮੇਤ ਜੰਗ ਖਤਮ ਹੁੰਦੀਆਂ ਹੀ ਅਧਿਆਤਮਕ ਅਵਸਥਾ ਵਿੱਚ ਪਰਤ ਆਏ I ਗੁਰੂ ਸਾਹਿਬ ਨੇ ਚਾਰ ਵੱਡੀਆਂ ਜੰਗਾਂ ਲੜਿਆਂ ਤੇ ਚਾਰੋ ਜਿੱਤੀਆਂ I ਇਹ ਜੰਗਾਂ ਦਰਅਸਲ ਗੁਰੂ ਸਾਹਿਬ ਤੇ ਹਮਲੇ ਸਨ ਜਿਨ੍ਹਾਂ ਦਾ ਜਵਾਬ ਦੇਣਾ ਗੁਰੂ ਸਾਹਿਬ ਨੇ ਆਪਣਾ ਧਰਮ ਮੰਨਿਆ । ਉਨ੍ਹਾਂ ਦੇ ਅਪਾਰ ਬਲ ਕਾਰਨ ਕੋਈ ਵੀ ਜੰਗ ਤਿੰਨ ਚਾਰ ਦਿਨਾਂ ਤੋਂ ਜਿਆਦਾ ਨਹੀ ਚੱਲੀ I ਪਰ ਗੁਰੂ ਸਾਹਿਬ ਇਸ ਨੂੰ ਪਰਮਾਤਮਾ ਦੀ ਰੱਖਿਆ ਤੇ ਕਿਰਪਾ ਮੰਨਦੇ ਸਨ I ਬਚਪਨ ਵਿੱਚ ਜਦੋਂ ਗੁਰੂ ਸਾਹਿਬ ਚੇਚਕ ਦੀ ਗੰਭੀਰ ਬੀਮਾਰੀਤੋਂ ਬਾਅਦ ਸਿਹਤਮੰਦ ਹੋਏ ਤਾਂ ਗੁਰੂ ਅਰਜਨ ਸਾਹਿਬ ਨੇ ਜੋ ਵਚਨ ਕੀਤੇ ਸਨ ਉਹ ਬੜੇ ਹੀ ਗੂੜ੍ਹ ਅਰਥਾਂ ਵਾਲੇ ਸਨ I 

                              ਹਰਿਗੋਬਿੰਦੁ ਰਖਿਉ ਪਰਮੇਸਰਿ ਅਪੁਨੀ ਕਿਰਪਾ ਧਾਰਿ II 

                                                      ( ਪੰਨਾ ੫੦੦ ) 

ਪਿਤਾ ਗੁਰੂ ਅਰਜਨ ਸਾਹਿਬ ਦੀ ਲਾਹੌਰ ਵਿੱਚ ਸਹੀਦੀ ਹੋਣ ਤੋਂ ਬਾਅਦ ਸ਼ਸਤਰ ਧਾਰਨ ਕਰਣਾ ਗੁਰੂ ਹਰਿਗੋਬਿੰਦ ਸਾਹਿਬ ਦੇ ਪਰਮਾਤਮਾ ਤੇ ਧਰਮ ਲਈ ਸਮਰਪਣ ਅਤੇ ਦ੍ਰਿੜ੍ਹ ਸੰਕਲਪ ਦਾ ਪ੍ਰਤੀਕ ਸੀ I ਅਧਰਮੀ ਤੇ ਸਾਕਤ ਸ਼ਕਤੀਆਂ ਜਦੋਂ ਵੀ ਅਜਿਹੇ ਜੁਲਮ ਕਰਦਿਆਂ ਹਨ ਤਾਂ ਉਨ੍ਹਾਂ ਦਾ ਮਕਸਦ ਧਰਮੀ ਤੇ ਸਚ ਦੇ ਮਾਰਗ ਤੇ ਚੱਲਣ ਵਾਲੇ ਲੋਕਾਂ ਦਾ ਆਤਮ ਵਿਸ਼ਵਾਸ ਤੋੜਨਾ ‘ ਤੇ ਧਰਮ ਤੋਂ ਵਿਮੁਖ ਕਰਨਾ ਹੁੰਦਾ ਹੈ I ਆਮ ਲੋਕਾਂ ਦੇ ਡਰ ਤੇ ਡੋਲ ਜਾਣ ‘ ਚ  ਹੀ ਉਨ੍ਹਾਂ ਦੀ ਜਿੱਤ ਹੁੰਦੀ ਹੈ I ਗੁਰੂ ਹਰਿਗੋਬਿੰਦ ਸਾਹਿਬ ਦੇ ਸ਼ਸਤਰ ਧਾਰਨ ਕਰਨ ਤੇ ਫੌਜ ਤਿਆਰ ਕਰਨ ਨਾਲ ਆਤਮ ਬਲ ਤੇ ਘਾਤ ਕਰਨ ਦੇ ਅਧਰਮੀਆਂ ਦੇ ਮਨਸੂਬੇ ਕਾਮਿਆਬ ਨਾ ਹੋਏ I ਸਿੱਖ ਦਾ ਆਤਮ ਬਲ ਜੋ ਗੁਰੂ ਸਾਹਿਬ ਦੇ ਸ਼ਸਤਰ ਧਾਰਨ ਕਰਨ ਨਾਲ ਕਾਇਮ ਹੋਇਆ ਸੀ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਨਾਲ ਉਛਾਲਾਂ ਮਾਰਨ ਲੱਗ ਪਿਆ ਸੀ I ਇਹ ਸਿਧਾ ਸੁਨੇਹਾ ਸੀ ਕਿ ਪਰਮਾਤਮਾ ਸੰਸਾਰ ਦੀ ਸਭ ਤੋਂ ਸ੍ਰੇਸ਼ਟ ਤੇ ਸਮਰਥ ਸੱਤਾ ਹੈ ਤੇ ਅਸੀਂ ਸਾਰੇ ਉਸ ਦੇ ਜੇਰੇ ਸਾਇਆ ਹਾਂ I ਸ੍ਰੀ ਅਕਾਲ ਤਖਤ ਸਾਹਿਬ ਦੁਨਿਆ ਦੀਆਂ ਸਾਰੀਆਂ ਕੂੜ੍ਹ ਸ਼ਕਤੀਆਂ  ਲਈ ਚਿਤਾਵਨੀ ਤੇ ਵਰਜਣਾ ਸੀ ।  ਅੱਜ ਤੱਕ ਧਰਮ ਧਿਆਨ , ਸਿਮਰਨ , ਤੀਰਥ ਇਸਨਾਨ ਤੇ ਪੂਜਾ ਅਸਥਾਨਾਂ ਤੱਕ ਸਿਮਟਿਆ ਹੋਇਆ ਸੀ I ਸਿੱਖ ਗੁਰੂ ਸਾਹਿਬਾਨ ਨੇ ਪਹਿਲੀ ਵਾਰ ਧਰਮ ਨੂੰ ਸਾਮਾਜਿਕ ਸਰੋਕਾਰਾਂ ਤੇ ਮਨੁੱਖੀ ਜੀਵਨ ਦੇ ਹਰ ਪੱਖ ਨਾਲ ਜੋੜਿਆ ਸੀ I ਗੁਰੂ ਹਰਿਗੋਬਿੰਦ ਸਾਹਿਬ ਨੇ ਉਸ ਜਤਨ ਨੂੰ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਰਾਹੀ ਪ੍ਰਤੀਕਾਤਮਕ ਰੂਪ ਦਿੱਤਾ I ਜਹਾਂਗੀਰ ਨੇ ਜਦੋਂ ਗੁਰੂ ਸਾਹਿਬ ਨੂੰ ਫਰੇਬ ਨਾਲ ਗਵਾਲੀਅਰ ਦੇ ਕਿਲੇ ਵਿੱਚ ਬੰਦੀ ਬਣਾ ਲਿਆ ਸੀ ਤਾਂ ਗੁਰੂ ਸਾਹਿਬ ਨੇ ਜਿਸ ਸੰਜਮ ਤੇ ਸਹਿਜ ਨਾਲ ਸਥਿਤੀ ਨੂੰ ਨਜਿੱਠਿਆ ਉਹ ਆਪਨੇ ਆਪ ਵਿੱਚ ਇੱਕ ਅਦੁੱਤੀ ਮਿਸਾਲ ਸੀ I ਜੋ ਗੁਰੂ ਸਾਹਿਬ ਤਲਵਾਰ ਤੇ ਇੱਕ ਵਾਰ ਨਾਲ ਸ਼ੇਰ ਦੇ ਟੁਕੜੇ ਕਰ ਜਹਾਂਗੀਰ ਦੀ ਜਾਨ ਬਚਾ ਸਕਦੇ ਸਨ ਉਨ੍ਹਾਂ  ਨੂੰ ਬੰਦੀ ਬਣਾਉਣਾ ਸੌਖਾ ਨਹੀ I ਸਿੱਖ ਬਜਿੱਦ ਹੋ ਗਏ ਕਿ ਕਿਲੇ ਤੇ ਹੰਮਲਾ ਕਰ ਗੁਰੂ ਸਾਹਿਬ ਨੂੰ ਕਿਲੇ ਤੋਂ ਬਾਹਰ ਲੈ ਆਉਣਾ ਹੈ I ਗੁਰੂ ਹਰਿਗੋਬਿੰਦ ਸਾਹਿਬ ਭਵਿੱਖ ਵੱਲ ਵੇਖ ਰਹੇ ਸਨ I ਉਨ੍ਹਾਂ ਨੂੰ ਬਵੰਜਾ ਕੈਦੀ ਰਾਜਿਆਂ ਦੀ ਵੀ ਚਿੰਤਾ ਸੀ Iਇਸ ਕਾਰਨ ਉਹ ਗਵਾਲੀਅਰ ਵਿੱਚ ਸਹਿਜ ਭਾਵ ਨਾਲ ਰਹੇ I ਜਹਾਂਗੀਰ ਨੂੰ ਸ਼ਰਮਸਾਰ ਹੋ ਕੇ ਗੁਰੂ ਸਾਹਿਬ ਨੂੰ ਹੀ ਨਹੀ , ਉਨ੍ਹਾਂ ਦੇ ਕਹਿਣ ਤੇ ਬਵੰਜਾ ਕੈਦੀ ਰਾਜਿਆਂ ਨੂੰ ਵੀ ਰਿਹਾ ਕਰਣਾ ਪਿਆ I ਉਧਰ ਗੁਰੂ ਸਾਹਿਬ ਦੀ ਗੈਰ ਮੌਜੂਦਗੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਵੀ ਲਗਾਤਾਰ ਚੱਲਦੀ ਰਹੀ I ਇਹ ਘਟਨਾ ਸਿੱਖਾਂ ਅੰਦਰ ਪਰਮਾਤਮਾ ਤੇ ਭਰੋਸਾ ਰੱਖਨ ਦੀ ਸਦੀਵੀ ਵੱਡੀ ਪ੍ਰੇਰਨਾ ਬਣ ਗਈ I

ਭਾਈ ਗੁਰਦਾਸ ਜੀ ਵੱਡੇ ਸਿੱਖ ਵਿਦਵਾਨ ਸਨ ਜਿਨ੍ਹਾਂ ਦਾ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ ਬਹੁਤ ਸਨਮਾਨ ਸੀ I ਗੁਰੂ ਹਰਿਗੋਬਿੰਦ ਸਾਹਿਬ ਵੀ ਭਾਈ ਜੀ ਨੂੰ ਪੂਰਾ ਸਨਮਾਨ ਦਿੰਦੇ ਸਨ. ਭਾਈ ਜੀ ਨੂੰ ਲੰਬੇ ਸਮੇਂ ਤੱਕ ਗੁਰੂ ਸਾਹਿਬ ਦੀ ਨੇੜਤਾ ਪ੍ਰਾਪਤ ਹੋਈ . ਭਾਈ ਜੀ ਨੇ ਗੁਰੂ ਸਾਹਿਬ ਵਿੱਚ ਪਰਮਾਤਮਾ ਦੇ ਦਰਸ਼ਨ ਕੀਤੇ I    

                                         ਏਕੰਕਾਰ ਅਕਾਰੁ ਕਰਿ ਗੁਰੁ ਗੋਵਿੰਦੁ ਨਾਉ ਸਦਵਾਇਆ

                                         ਪਾਰਬ੍ਰਹਮੁ ਪੂਰਨ ਬ੍ਰਹਮੁ ਨਿਰਗੁਣ ਸਰਗੁਣ ਅਲਖੁ ਲਖਾਇਆ I 

                                                                   ( ਭਾਈ ਗੁਰਦਾਸ ਜੀ , ਵਾਰ ੨੫ , ਪਉੜੀ ੧ ) 

ਬੇਸ਼ਕ ਗੁਰੂ  ਹਰਿਗੋਬਿੰਦ ਸਾਹਿਬ ਦਾ ਬਾਨਾ ਰਾਜਸੀ ਸੀ ਪਰ ਭਗਤੀ ਦੀਆਂ ਕਿਰਨਾਂ ਉਸ ਬਾਨੇ ਤੋਂ ਇਵੇਂ ਨਿਕਲਦੀਆਂ  ਸਨ ਜਿਵੇਂ ਸੂਰਜ ਸਾਰੀ ਧਰਤੀ ਤੇ ਚਾਨਣ ਬਿਖੇਰਦਾ ਹੈ I ਭਾਈ ਗੁਰਦਾਸ ਜੀ ਨੇ ਉਹ ਚਾਨਣ ਵੇਖ ਕੇ ਹੀ ਲਿਖਿਆ ਕਿ ਪਰਮਾਤਮਾ ਨਿਰੰਕਾਰ ਹੈ ਪਰ ਉਹ ਗੁਰੂ ਹਰਿਗੋਬਿੰਦ ਸਾਹਿਬ ਦਾ  ਆਕਾਰ ਲੈ ਕੇ ਧਰਤੀ  ਤੇ ਆਇਆ ਹੈ I ਪਰਮਾਤਮਾ ਨਿਰਗੁਣ ਰੂਪ ਹੈ ਪਰ ਸਰਗੁਣ ਰੂਪ ਵਿੱਚ ਦਰਸ਼ਨ ਦੇ ਰਿਹਾ ਹੈ I ਗੁਰੂ ਸਾਹਿਬ ਸਾਧ ਸੰਗਤ ਵਿੱਚ ਸ਼ਸਤਰਾਂ ਤੇ ਫੌਜਾਂ ਦੀ ਨਹੀ , ਗੁਰਬਾਣੀ ਤੇ ਧਰਮ ਦੀ ਚਰਚਾ ਤੇ ਵਿਆਖਿਆ ਕਰਦੇ ਸਨ I ਇੱਕ ਵਾਰ ਆਪ ਸੰਗਤ ਨੂੰ ਜਪੁ ਜੀ ਸਾਹਿਬ ਦੀ ਬਾਣੀ ਦੀ ਮਹੱਤਾ  ਦੱਸ ਰਹੇ ਸਨ ਤਾਂ ਇੱਕ ਸ਼ਰਧਾਲੂ ਸਿੱਖ ਭਾਈ ਗੋਪਾਲ ਜੀ ਜਪੁ ਜੀ ਸਾਹਿਬ ਦਾ ਪਾਠ ਸੁਣਾਉਣ ਲਈ ਤਿਆਰ ਹੋ ਗਏ I ਗੁਰੂ ਸਾਹਿਬ ਨੇ ਭਾਈ ਗੋਪਾਲ ਜੀ ਨੂੰ ਆਸਨ ਦੇ ਕੇ ਠੀਕ ਆਪਨੇ ਸਾਹਮਣੇ ਬਿਠਾਇਆ I ਗੁਰੂ  ਸਾਹਿਬ ਬੜੀ ਇਕਾਗਰਤਾ ਨਾਲ ਭਾਈ ਗੋਪਾਲ ਜੀ ਦਾ ਪਾਠ ਸੁਣ ਰਹੇ ਸਨ I ਭਾਈ ਗੋਪਾਲ ਜੀ ਦਾ ਸ਼ੁੱਧ ਤੇ ਚਿੱਤ ਲਾ ਕੇ ਕੀਤਾ ਜਾ ਰਿਹਾ ਪਾਠ ਸੁਣ ਕੇ ਗੁਰੂ ਸਾਹਿਬ ਬਹੁਤ ਪ੍ਰਸੰਨ ਹੋ ਰਹੇ ਸਨ I ਗੁਰੂ ਸਾਹਿਬ ਨੇ ਸੋਚਿਆ ਕਿ ਭਾਈ ਗੋਪਾਲ ਜੀ ਤਾਂ ਊਚੀ ਵਡਿਆਈ ਦੇ ਹੱਕਦਾਰ ਹਨ I ਉਨ੍ਹਾਂ ਇੱਥੋਂ ਤੱਕ ਸੋਚ ਲਿਆ ਕਿ ਭਾਈ ਗੋਪਾਲ ਜੀ ਨੂੰ ਗੁਰਗੱਦੀ ਮਿਲਣੀ ਚਾਹੀਦੀ ਹੈ I ਪਰ ਪਾਠ ਪੂਰਨ ਹੋਣ ਹੀ ਵਾਲਾ ਸੀ ਕਿ ਭਾਈ ਗੋਪਾਲ ਜੀ ਦੇ  ਮਨ ਵਿੱਚ ਸੰਸਾਰਿਕ ਕਾਮਨਾ ਜਾਗ ਪਈ ਤਾਂ ਅੰਤਰਯਾਮੀ ਗੁਰੂ ਸਾਹਿਬ ਨੂੰ ਆਪਣਾ ਫੈਸਲਾ ਬਦਲਣਾ ਪਿਆ I  ਭਾਵਨਾ ਅਧੀਨ ਗੁਰੂ ਸਾਹਿਬ ਆਪਣਾ ਗੁਰੂ ਪਦ ਤਿਆਗਣ ਲਈ ਤਿਆਰ ਹੋ ਗਏ ਸਨ। ਇਹ ਇੱਕ ਮਹਾਨ ਘਟਨਾ ਸੀ । ਗੁਰਬਾਣੀ ਲਈ ਇੰਨਾ ਪਿਆਰ ਤੇ ਭਾਵਨਾ ਗੁਰੂ ਹਰਿਗੋਬਿੰਦ ਸਾਹਿਬ ਦੇ ਜੀਵਨ ਵਿੱਚ ਨਿਤ ਹੀ ਪਰਗਟ ਹੁੰਦਾ ਰਿਹਾ I  ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ ਤਾਂ ਗੁਰੂ ਹਰਿਰਾਇ ਜੀ ਨੇ ਪੁਛਿਆ ਸੀ ਕਿ ਮੁਗਲ ਬਹੁਤ ਤਾਕਤਵਰ ਹਨ I ਜੇ ਉਨ੍ਹਾਂ ਚੜ੍ਹਾਈ ਕਰ ਦੇਵੇ ਤਾ ਸਾਨੂੰ ਕੀ ਕਰਣਾ ਚਾਹੀਦੇ I ਗੁਰੂ ਹਰਿਗੋਬਿੰਦ ਸਾਹਿਬ ਨੇ ਉਨ੍ਹਾਂ ਦੀ ਸ਼ੰਕਾ ਨਿਵ੍ਰਿਤੀ ਕਰਦਿਆਂ ਕਿਹਾ ਸੀ ਕਿ ਜੋ ਤੁਹਾਡੇ ਵਿਰੁੱਧ ਦੁਸ਼ਮਨੀ ਦੀ ਭਾਵਨਾ ਮਨ ਵਿੱਚ ਰੱਖ ਕੇ ਆਵੇਗਾ ਉਹ ਕਦੀ ਵੀ ਤੁਹਾਨੂੰ  ਜਿੱਤ ਨਹੀ ਸਕੇਗਾ I ਪਰਮਾਤਮਾ ਤੁਹਾਡੇ ਨਾਲ ਹੋਵੇਗਾ ਤੇ ਸਹਾਇਤਾ ਕਰੇਗਾ I ਗੁਰੂ ਹਰਿਗੋਬਿੰਦ ਸਾਹਿਬ ਦਾ ਪਰਮਾਤਮਾ ਤੇ ਅਡੋਲ ਭਰੋਸਾ ਤੇ ਧਰਮ ਲਈ ਦ੍ਰਿੜ੍ਹ ਭਾਵਨਾ ਹੀ ਉਨ੍ਹਾਂ ਦੀਆਂ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਦਾ ਤੇਜ ਸੀ I 

ਗੁਰੂ ਹਰਿਗੋਬਿੰਦ ਸਾਹਿਬ ਦਾ ਜੀਵਨ ਉੱਚੇ ਸੁੱਚੇ, ਨਿਰਵੈਰ, ਨਿਰਭਉ ਜੀਵਨ ਦੀ ਸਦੀਵੀ ਪ੍ਰੇਰਨਾ ਹੈ । ਗੁਰਸਿੱਖ ਦੇ ਮਨ ਅੰਦਰ ਅਡੋਲ ਭਰੋਸਾ ਜਾਗਦਾ ਹੈ ਕਿ ਗੁਰੂ ਸਾਹਿਬ ਦੀ ਮੀਰੀ ਤੇ ਪੀਰੀ ਦੀ ਰੱਖਿਆ ਉਸ ਦੇ ਧਰਮ ਮਾਰਗ ਨੂੰ ਨਿਰਵਿਘਨ ਤੇ ਨਿਹਕਂਟਕ ਬਣਾਉਣ ਵਾਲੀ ਹੈ। 

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

 

                                                                                 

                                                                              

                                                                                

Previous articleਕਾਰ ਨੂੰ ਅਣਪਛਾਤੇ ਟਰੱਕ ਨੇ ਮਾਰੀ ਟੱਕਰ ਕਾਰ ਨੁਕਸਾਨੀ ਗਈ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ
Next articleडॉ. भीमराव अम्बेडकर की हिन्दू पुरोहित व्यवस्था, मन्दिर प्रशासन और मन्दिर की सम्पत्ति के सामाजिक उपयोग पर दृष्टि : आदर्श और वर्तमान परिदृश्य