ਲੈਸਟਰ (ਇੰਗਲੈਂਡ), (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਇੰਗਲੈਂਡ ਦੇ ਕੇਂਟ ਇਲਾਕੇ ਵਿੱਚ ਰਹਿੰਦੇ ਫੌਜ ਦੇ ਸਾਬਕਾ ਜਵਾਨ ਲਈ ਨਵਾਂ ਸਾਲ ਖੁਸ਼ੀਆਂ ਦੀ ਵੱਡੀ ਸੌਗਾਤ ਲੈ ਕੇ ਆਇਆ ਹੈ। ਲੰਬੇ ਸਮੇਂ ਤੱਕ ਮੁਸ਼ਕਲਾਂ ਅਤੇ ਨਿੱਜੀ ਦੁੱਖਾਂ ਨਾਲ ਭਰਪੂਰ ਰਹੇ ਇਕ ਮੰਦੇ ਸਾਲ ਤੋਂ ਬਾਅਦ ਇਸ ਸਾਬਕਾ ਫੌਜੀ ਨੇ ਪੀਪਲਜ਼ ਪੋਸਟਕੋਡ ਲਾਟਰੀ ਵਿੱਚ ਇਕ ਲੱਖ ਪਚਵੰਜਾ ਹਜ਼ਾਰ ਪੌਂਡ ਤੋਂ ਵੱਧ ਦੀ ਰਕਮ ਜਿੱਤ ਕੇ ਆਪਣੀ ਕਿਸਮਤ ਨੂੰ ਨਵਾਂ ਮੋੜ ਦਿੱਤਾ ਹੈ।ਜਾਣਕਾਰੀ ਅਨੁਸਾਰ ਕੇਂਟ ਦੇ ਗ੍ਰੇਟਸਟੋਨ ਇਲਾਕੇ ਵਿੱਚ ਰਹਿੰਦੇ ਪੌਲ ਸਾਲਟ, ਜੋ ਬ੍ਰਿਟਿਸ਼ ਫੌਜ ਵਿੱਚ 25 ਸਾਲਾਂ ਤੱਕ ਸੇਵਾ ਨਿਭਾ ਚੁੱਕੇ ਹਨ, ਨੂੰ ਇਸ ਵਾਰ ਲਾਟਰੀ ਵਿੱਚ 1 ਲੱਖ 15 ਹਜ਼ਾਰ 383 ਪੌਂਡ ਦੀ ਰਕਮ ਮਿਲੀ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਪੌਲ ਸਾਲਟ ਦੀ ਪੀਪਲਜ਼ ਪੋਸਟਕੋਡ ਲਾਟਰੀ ਵਿੱਚ ਦੂਜੀ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਉਹਨਾਂ ਨੂੰ ਕੁਝ ਸਾਲ ਪਹਿਲਾਂ 3 ਹਜ਼ਾਰ ਪੌਂਡ ਦੀ ਰਕਮ ਵੀ ਮਿਲ ਚੁੱਕੀ ਹੈ। ਸਾਬਕਾ ਫੌਜੀ ਪੌਲ ਸਾਲਟ ਨੇ ਦੱਸਿਆ ਕਿ ਪਿਛਲਾ ਸਾਲ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਲਈ ਕਾਫੀ ਦੁੱਖਦਾਇਕ ਰਿਹਾ। ਸਿਹਤ ਸੰਬੰਧੀ ਸਮੱਸਿਆਵਾਂ, ਨਿੱਜੀ ਤਣਾਅ ਅਤੇ ਹੋਰ ਘਰੇਲੂ ਮੁਸ਼ਕਲਾਂ ਕਾਰਨ ਉਹ ਮਾਨਸਿਕ ਤੌਰ ’ਤੇ ਕਾਫੀ ਪਰੇਸ਼ਾਨ ਰਹੇ। ਉਹਨਾਂ ਮੁਤਾਬਕ ਇਹ ਅਚਾਨਕ ਮਿਲੀ ਲਾਟਰੀ ਦੀ ਰਕਮ ਉਹਨਾਂ ਲਈ ਸਿਰਫ਼ ਮਾਲੀ ਸਹਾਰਾ ਹੀ ਨਹੀਂ, ਸਗੋਂ ਜ਼ਿੰਦਗੀ ਨੂੰ ਦੁਬਾਰਾ ਸਧਾਰਨ ਰਾਹ ’ਤੇ ਲਿਆਉਣ ਵਾਲੀ ਉਮੀਦ ਵੀ ਹੈ। ਲਾਟਰੀ ਜਿੱਤਣ ਦੀ ਇਹ ਖੁਸ਼ੀ ਸਿਰਫ਼ ਪੌਲ ਸਾਲਟ ਤੱਕ ਸੀਮਿਤ ਨਹੀਂ ਰਹੀ, ਸਗੋਂ ਗ੍ਰੇਟਸਟੋਨ ਇਲਾਕੇ ਦੇ 18 ਹੋਰ ਪੜੋਸੀਆਂ ਨੇ ਵੀ ਇਸ ਡਰਾਅ ਵਿੱਚ ਇਨਾਮ ਜਿੱਤੇ ਹਨ, ਜਿਸ ਨਾਲ ਪੂਰੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਵਸਨੀਕਾਂ ਨੇ ਇਕ-ਦੂਜੇ ਨੂੰ ਵਧਾਈਆਂ ਦਿੰਦਿਆਂ ਇਸਨੂੰ ਨਵੇਂ ਸਾਲ ਦੀ ਵੱਡੀ ਖੁਸ਼ਖਬਰੀ ਕਰਾਰ ਦਿੱਤਾ। ਪੌਲ ਸਾਲਟ ਨੇ ਕਿਹਾ ਕਿ ਉਹ ਇਸ ਰਕਮ ਦਾ ਵਰਤੋਂ ਆਪਣੇ ਅਤੇ ਆਪਣੀ ਪਤਨੀ ਦੇ ਭਵਿੱਖ ਨੂੰ ਸੁਖਾਲਾ ਬਣਾਉਣ, ਸਿਹਤ ਸੰਬੰਧੀ ਜ਼ਰੂਰਤਾਂ ਪੂਰੀਆਂ ਕਰਨ ਅਤੇ ਪਰਿਵਾਰ ਨਾਲ ਕੁਝ ਸੁਖਦ ਪਲ ਗੁਜ਼ਾਰਨ ਲਈ ਕਰਨਗੇ। ਉਹਨਾਂ ਨੇ ਕਿਹਾ ਕਿ ਇਹ ਜਿੱਤ ਉਹਨਾਂ ਲਈ ਜ਼ਿੰਦਗੀ ਵਿੱਚ ਆਈ ਹਨੇਰੀ ਤੋਂ ਬਾਅਦ ਇਕ ਨਵੀਂ ਰੌਸ਼ਨੀ ਵਾਂਗ ਹੈ। ਸਥਾਨਕ ਪੱਧਰ ’ਤੇ ਇਹ ਲਾਟਰੀ ਜਿੱਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕ ਇਸਨੂੰ ਕਿਸਮਤ ਅਤੇ ਧੀਰਜ ਦੀ ਜਿੱਤ ਵਜੋਂ ਦੇਖ ਰਹੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



