
(ਸਮਾਜ ਵੀਕਲੀ) ਧੰਨ ਧੰਨ ਮਾਤਾ ਸਾਹਿਬ ਕੌਰ ਜੀ ਨੂੰ ਖ਼ਾਲਸਾ ਪੰਥ ਦੀ ਧਰਮ ਮਾਂ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਆਪ ਜੀ ਨੂੰ ਮਾਤਾ ਸਾਹਿਬ ਦੇਵਾਂ ਜੀ ਵੀ ਕਿਹਾ ਜਾਂਦਾ ਹੈ ਅਤੇ ਆਪ ਜੀ ਦਾ ਜਨਮ ਮਿਤੀ 1 ਨਵੰਬਰ 1681 ਨੂੰ ਰੋਹਤਾਸ, ਜ਼ਿਲ੍ਹਾ ਜਿਹਲਮ (ਉਸ ਸਮੇਂ ਮੁਗਲ ਸਮਰਾਜ ਦੇ ਅਧੀਨ ਪੰਜਾਬ, ਹੁਣ ਦੇ ਪਾਕਿਸਤਾਨ) ਵਿੱਚ ਹੋਇਆ।ਆਪ ਜੀ ਦੇ ਪਿਤਾ ਜੀ ਦਾ ਨਾਂ ਭਾਈ ਰਾਮਾ (ਜਾਂ ਹਰ ਭਗਵਾਨ ਦੇਵਨ ਬਾਸੀ) ਅਤੇ ਮਾਤਾ ਜਸਦੇਵੀ ਸਨ। ਆਪ ਦਾ ਬਚਪਨ ਧਾਰਮਿਕ ਸਿੱਖ ਪਰਿਵਾਰ ਵਿੱਚ ਬਤੀਤ ਹੋਇਆ ਸੀ ਇਸ ਕਾਰਣ ਆਪ ਛੋਟੀ ਉਮਰ ਤੋਂ ਹੀ ਗੁਰਬਾਣੀ ਅਤੇ ਸਿੱਖ ਸਿੱਖਿਆਵਾਂ ਦਾ ਚਿੰਤਨ ਕਰਦੇ ਅਤੇ ਆਪਣਾ ਜ਼ਿਆਦਾਤਰ ਸਮਾਂ ਭਗਤੀ ਵਿੱਚ ਬਿਤਾਉਂਦੇ ਸਨ।ਆਪ ਜੀ ਬਾਲ ਅਵਸਥਾ ਤੋਂ ਹੀ ਸਰਬਗੁਣਾਂ ਨਾਲ ਸ਼ਸ਼ੋਬਿਤ ਸਨ ਅਤੇ ਆਪ ਜੀ ਨੂੰ ਬਹੁਤ ਸਾਰੀ ਬਾਣੀ ਕੰਠ ਸੀ।
ਗੁਰੂ ਗੋਬਿੰਦ ਸਿੰਘ ਜੀ ਨਾਲ ਆਤਮਿਕ ਸੰਯੋਗ
ਜਦੋਂ ਉਸ ਦੀ ਉਮਰ ਵਿਆਹ ਯੋਗ ਹੋਈ ਤਾਂ ਉਸਦੇ ਪਿਤਾ ਨੇ ਉਸ ਦਾ ਵਿਆਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਦੀ ਉਪਰਾਲਾ ਕੀਤਾ। ਜਦੋਂ ਭਾਈ ਰਾਮਾ ਜੀ ਨੂੰ ਪਤਾ ਲੱਗਿਆਂ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾਂ ਹੀ ਆਨੰਦ ਕਾਰਜ ਹੋ ਚੁੱਕਿਆਂ ਹੈ ਤਾਂ ਉਹ ਕਾਫ਼ੀ ਚਿੰਤਿਤ ਹੋਏ। ਉਨਾਂ ਨੇ ਇਸ ਸਬੰਧੀ ਜਦੋਂ ਆਪਣੀ ਸਪੁੱਤਰੀ ਬੀਬੀ ਸਾਹਿਬ ਕੌਰ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਇਹ ਮਸਲਾ ਸੰਗਤਾਂ ਦੀ ਕਚਹਿਰੀ ਵਿੱਚ ਪੇਸ਼ ਕਰਨ ਬਾਬਤ ਵਿਚਾਰ ਦਿੱਤਾ। ਇਲਾਕੇ ਦੀਆਂ ਸੰਗਤਾਂ ਨੇ ਸ੍ਰੀ ਚੋਆ ਸਾਹਿਬ ਵਿਖੇ ਇਕੱਤਰਤਾ ਕੀਤੀ ਅਤੇ ਅਰਦਾਸਾਂ ਕਰਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਪੋਠੋਹਾਰ ਦੀਆਂ ਸੰਗਤਾਂ ਨੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਡੋਲ੍ਹਾ ਕਬੂਲ ਕਰਨ ਦੀ ਬੇਨਤੀ ਕੀਤੀ। ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਗੁਰੂ ਸਾਹਿਬ ਨੇ ਮਾਤਾ ਸਾਹਿਬ ਕੌਰ ਜੀ ਨੂੰ ਕੁਆਰੇ ਡੋਲੇ ਦੇ ਰੂਪ ਵਿੱਚ ਮਹਿਲਾਂ ਵਿੱਚ ਪ੍ਰਵੇਸ਼ ਕਰਵਾਇਆ। ਧੰਨ ਧੰਨ ਮਾਤਾ ਸਾਹਿਬ ਕੌਰ ਜੀ ਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਅਨੰਦ ਕਾਰਜ ਸ੍ਰੀ ਅਨੰਦਪੁਰ ਸਾਹਿਬ ਵਿਖੇ 18 ਵੈਸਾਖ 1757 ਬਿ ਨੂੰ ਹੋਇਆ ਸੀ। ਵਿਆਹ ਹੋਣ ਤੋਂ ਬਾਅਦ ਦਸਮੇਸ਼ ਪਿਤਾ ਜੀ ਦੇ ਹੁਕਮ ਅਨੁਸਾਰ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਨੇ ਸਾਰੀ ਜ਼ਿੰਦਗੀ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿਚ ਧਿਆਨ ਜੋੜ ਕੇ ਕੁਆਰੇ ਡੋਲ਼ੇ ਦੇ ਰੂਪ ਵਿਚ ਗੁਜਾਰੀ ਅਤੇ ਕਦੇ ਵੀ ਗੁਰੂ ਕੇ ਮਹਿਲ ਹੋਣ ਦਾ ਅਭਿਮਾਨ ਨਹੀਂ ਕੀਤਾ ਸੀ।ਇਸ ਪ੍ਰਤੀਕਾਤਮਕ ਸੰਬੰਧ ਨੇ ਉਸਨੂੰ “ਖਾਲਸਾ ਦੀ ਮਾਂ” ਦੇ ਖਿਤਾਬ ਨਾਲ ਸੰਸਾਰ ਭਰ ਵਿੱਚ ਅਮਰ ਕਰ ਦਿੱਤਾ।
ਖਾਲਸਾ ਦੀ ਸਥਾਪਨਾ ਵਿੱਚ ਭੂਮਿਕਾ
30 ਮਾਰਚ 1699 (ਬੈਸਾਖੀ) ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੇ ਅੰਮ੍ਰਿਤ-ਸੰਚਾਰ ਰਾਹੀਂ ਖਾਲਸਾ ਪੰਥ ਦੀ ਸਥਾਪਨਾ ਕੀਤੀ। ਧੰਨ ਧੰਨ ਮਾਤਾ ਸਾਹਿਬ ਕੌਰ ਜੀ ਨੇ ਅੰਮ੍ਰਿਤ ਵਿੱਚ ਮਿੱਠਾਸ ਰੂਪੀ ਪਤਾਸੇ ਸ਼ਾਮਲ ਕਰ ਕੇ ਇੱਕ ਪਵਿੱਤਰ ਸੇਵਾ ਕੀਤੀ ਜੋ ਇਹ ਦਰਸਾਉਂਦੀ ਹੈ ਕਿ ਖਾਲਸੇ ਦੀ ਯੋਧੇ ਰੂਪੀ ਆਤਮਾ ਨੂੰ ਦਇਆ ਅਤੇ ਨਿਮਰਤਾ ਨਾਲ ਸੰਤੁਲਿਤ ਕੀਤਾ ਜਾਣਾ ਚਾਹੀਦਾ ਹੈ।
ਸੇਵਾ ਅਤੇ ਮਾਰਗਦਰਸ਼ਨ ਦਾ ਜੀਵਨ
ਧੰਨ ਧੰਨ ਮਾਤਾ ਸਾਹਿਬ ਕੌਰ ਜੀ ਨੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਧਰਮ ਪ੍ਰਚਾਰ ਲਈ ਕਈ ਯਾਤਰਾਵਾਂ ਕੀਤੀਆਂ ਸਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਨ 1708 ਵਿੱਚ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਤਾ ਸਾਹਿਬ ਕੌਰ ਜੀ ਖਾਲਸਾ ਪੰਥ ਲਈ ਇੱਕ ਮਾਰਗਦਰਸ਼ਕ ਬਣ ਕੇ ਵਿਚਰਦੇ ਰਹੇ ਅਤੇ ਆਪ ਜੀ ਨੇ ਦਿੱਲੀ ਵਿੱਚ ਰਹਿ ਕੇ ਪੰਥ ਖਾਲਸਾ ਦੇ ਨਾਮ ‘ਤੇ ਕਈ ਹੁਕਮਨਾਮੇ ਜਾਰੀ ਕੀਤੇ। ਗੁਰੂ ਜੀ ਨੇ ਨਾਂਦੇੜ ਵਿੱਚ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਮਾਤਾ ਸਾਹਿਬ ਕੌਰ ਜੀ ਨੂੰ ਪੰਜ ਪਵਿੱਤਰ ਹਥਿਆਰ ਬਖਸ਼ਿਸ਼ ਦਿੱਤੇ ਸਨ ਅਤੇ ਇਹ ਹਥਿਆਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਤੀਕ ਹਨ ਜਿਨ੍ਹਾਂ ਨੂੰ ਆਪ ਜੀ ਨੇ ਆਪਣੀ ਸਾਰੀ ਜ਼ਿੰਦਗੀ ਸੰਭਾਲ ਕੇ ਰੱਖਿਆ ਸੀ।
ਅੰਤਿਮ ਸਾਲ ਅਤੇ ਵਿਰਾਸਤ
ਧੰਨ ਧੰਨ ਮਾਤਾ ਸਾਹਿਬ ਕੌਰ ਜੀ ਸੰਨ 1747 ਨੂੰ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ। ਆਪ ਜੀ ਦੇ ਅੰਤਿਮ ਕਰਮ ਗੁਰਦੁਆਰਾ ਬਾਲਾ ਸਾਹਿਬ ਦਿੱਲੀ ਵਿੱਚ ਕੀਤੇ ਗਏ। ਧੰਨ ਧੰਨ ਮਾਤਾ ਸਾਹਿਬ ਕੌਰ ਜੀ ਦਾ ਜੀਵਨ ਆਤਮਿਕ ਅਗਵਾਈ, ਦਇਆ ਅਤੇ ਸੇਵਾ ਦੇ ਮੁੱਲਾਂ ਨੂੰ ਦਰਸਾਉਂਦਾ ਹੈ—ਜੋ ਖ਼ਾਲਸਾ ਪੰਥ ਦੀ ਪਛਾਣ ਦੇ ਮੁੱਖ ਅੰਗ ਹਨ। ਖਾਲਸਾ ਪੰਥ ਦੀ ਸਥਾਪਨਾ ਦੌਰਾਨ ਆਪ ਜੀ ਦੁਆਰਾ ਅੰਮ੍ਰਿਤ ਸੰਚਾਰ ਦੌਰਾਨ ਪਤਾਸੇ ਮਿਲਾਉਣ ਦਾ ਪ੍ਰਤੀਕਾਤਮਕ ਕਾਰਜ ਇਹ ਦਰਸਾਉਂਦਾ ਹੈ ਕਿ ਸ਼ਕਤੀ ਨੂੰ ਪ੍ਰੇਮ ਨਾਲ ਸੰਤੁਲਿਤ ਕੀਤਾ ਜਾਣਾ ਚਾਹੀਦਾ ਹੈ। ਧੰਨ ਧੰਨ ਮਾਤਾ ਸਾਹਿਬ ਕੌਰ ਜੀ ਸਿੱਖ ਵਿਰਾਸਤ ਵਿੱਚ ਬਹੁਤ ਮਹੱਤਵਪੂਰਨ ਅਤੇ ਵਿਲੱਖਣ ਸ਼ਖ਼ਸੀਅਤ ਸਨ ਅਤੇ ਆਪ ਜੀ ਦਾ ਸਮੁੱਚਾ ਜੀਵਨ ਭਕਤੀ, ਸ਼ਕਤੀ ਅਤੇ ਦਇਆ ਦਾ ਅਟੁੱਟ ਸੁਮੇਲ ਸੀ। ਆਪ ਜੀ ਦੁਆਰਾ ਖਾਲਸਾ ਪੰਥ ਦੀ ਨਿਸ਼ਕਾਮ ਸੇਵਾ ਅਤੇ ਅਡਿਗ ਵਿਸ਼ਵਾਸ ਦੁਨੀਆ ਭਰ ਦੇ ਵੱਸਦੇ ਸਿੱਖਾਂ ਨੂੰ ਸਦੀਵੀ ਰੂਪ ਵਿੱਚ ਪ੍ਰੇਰਿਤ ਕਰਦੀ ਰਹਿੰਦਾ ਹੈ।
ਭੁੱਲ ਚੁੱਕ ਦਾ ਖਿਮਾ ਯਾਚਕ
ਦਾਸ ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



