(ਸਮਾਜ ਵੀਕਲੀ) ਵੇਖਣ ਵਿੱਚ ਆ ਰਿਹਾ ਹੈ, ਰਵਿਦਾਸੀਆ ਸਮਾਜ ਦੇ ਕੁਝ ਕੁ ਲੋਕ ਗੁਰੂ ਰਵਿਦਾਸ ਜੀ ਦੀ ਪੱਗ ਵਾਲੀ ਫੋਟੋ ਤੇ ਇਤਰਾਜ਼ ਕਰਦੇ ਹਨ। ਜਦੋਂ ਕਿ ਸਿਆਣੇ ਲੋਕ ਇਹ ਜਾਣਦੇ ਹਨ ਕਿ, ਕਿਸੇ ਦੇ ਸਿਰ ਤੋਂ ਦਸਤਾਰ ਲਾਹੁਣੀ/ਲਹਾਉਣੀ ਉਸ ਦਾ ਅਪਮਾਨ ਕਰਨਾ ਹੁੰਦਾ ਅਤੇ ਕਿਸੇ ਦੇ ਸਿਰ ਤੇ ਦਸਤਾਰ ਸਜਾਉਣੀ ‘ਸਨਮਾਨ’ ਕਰਨਾ ਹੁੰਦਾ ਹੈ।
ਪੱਗ ਬੰਨਣ ਦਾ ਰਿਵਾਜ਼ ਸਦੀਆਂ ਪੁਰਾਣਾ ਚੱਲਿਆ ਆ ਰਿਹਾ ਹੈ, ਇਸੇ ਕਰਕੇ ਗੁਰੂ ਰਵਿਦਾਸ ਜੀ ਨੇ ਵੀ ਆਪਣੀ ਬਾਣੀ ਵਿੱਚ ਪੱਗ ਦਾ ਜ਼ਿਕਰ ਕੀਤਾ ਹੈ।
‘ਬੰਕੇ ਬਾਲ ਪਾਗ ਸਿਰਿ ਡੇਰੀ॥
ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥659॥
ਇਹ ਜ਼ਿਕਰ ਤਦ ਹੀ ਹੋਇਆ ਜੇ ਉਸ ਸਮੇਂ ਲੋਕ ਪੱਗ ਬੰਨਦੇ ਹੁੰਦੇ ਸੀ।
ਸਿੱਖ ਧਰਮ ਅੰਦਰ ਹਰ ਇਕ ਸਿੱਖ ਲਈ ਪੱਗ ਬੰਨਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਗੈਰ ਸਿੱਖਾਂ ਨੂੰ ਵੱਖ ਵੱਖ ਪ੍ਰੋਗਰਾਮਾਂ ਤੇ ਪੱਗ (ਦਸਤਾਰ) ਨਾਲ ਸਨਮਾਨ ਕੀਤਾ ਆਮ ਵੇਖਿਆ ਜਾ ਸਕਦਾ ਹੈ।ਇਸ ਤੋਂ ਅਗਲੀ ਗੱਲ, ਗੁਰੂ ਰਵਿਦਾਸ ਜੀ ਦੀਆਂ ਤਿੰਨ ਕੁ ਤਸਵੀਰਾਂ ਵੇਖਣ ਨੂੰ ਮਿਲਦੀਆਂ ਹਨ, ਜਿਸ ਵਿੱਚ ਇੱਕ ਨੰਗੇ ਸਿਰ ਕੇਸਾਂ ਵਾਲੀ , ਦੂਜੀ ਗਿੱਚੀ ਤੇ ਜੂੜੇ ਵਾਲੀ,ਤੀਜੀ ਪੱਗ ਵਾਲੀ। ਇਹਨਾਂ ਵਿਚੋਂ ਅਸਲੀ ਕੋਈ ਵੀ ਨਹੀਂ ਹੈ ਅਤੇ ਨਾ ਹੀ ਉਸ ਵਕਤ ਦੇ ਹੋਰ ਮਹਾਂਪੁਰਖਾਂ ਦੀਆਂ ਫੋਟੋਆਂ ਅਸਲ ਹਨ। ਫਿਰ ਵੀ ਅਣਜਾਣੇ ਵਿੱਚ ਕੁਝ ਲੋਕ ਪੱਗ ਵਾਲੀ ਫੋਟੋ ਦਾ ਬਿਨਾਂ ਵਜ੍ਹਾ ਵਿਰੋਧ ਕਰਦੇ ਵੇਖੇ ਜਾ ਸਕਦੇ ਹਨ, ਜ਼ੋ ਕਿ ਹੋਣਾ ਨਹੀਂ ਚਾਹੀਦਾ। ਵਿਰੋਧ ਤਾਂ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਦੇ ਉਲਟ ਹੋ ਰਹੇ ਕਰਮਕਾਂਡਾਂ ਦਾ ਹੋਣਾ ਚਾਹੀਦਾ ਹੈ, ਜਿਹੜਾ ਕਿ ਬਹੁਤੇ ਥਾਈਂ ਗੁਰੂ ਰਵਿਦਾਸ ਜੀ ਨਾਲ ਸਬੰਧਤ ਗੁਰਦੁਆਰਿਆਂ,ਮੰਦਰਾਂ ‘ਤੇ ਡੇਰਿਆ ਵਿਚ ਹੋ ਰਹੇ ਹਨ।
ਵਿਰੋਧ ਤਾਂ ਛੱਡੋ, ਜਥੇਬੰਦੀਆਂ ਬੇਨਤੀ ਕਰਨ ਵੀ ਨਹੀਂ ਜਾਂਦੀਆਂ ਕਿ ਗੁਰੂ ਜੀ ਦੇ ਅਸਥਾਨਾਂ ਤੇ ਗੁਰੂ ਜੀ ਦੀ ਸੋਚ ਮੁਤਾਬਿਕ ਹੀ ਕਾਰਜ ਹੋਣੇ ਚਾਹੀਦੇ ਹਨ। ਇਥੋ ਤੱਕ ਗੁਰੁ ਰਵਿਦਾਸ ਜੀ ਦੀ ਬਾਣੀ ਵਿਚ ਮਿਲਾਵਟ ਕੀਤੀ ਗਈ, ਜਿਸਦਾ ਕਿਸੇ ਜਥੇਬੰਦੀ ਨੇ ਵਿਰੋਧ ਨਹੀਂ ਕੀਤਾ ਅਤੇ ਨਾ ਕੋਈ ਚਾਰਾਜੋਈ ਕੀਤੀ ਗਈ ਲਗਦੀ “ਕਿ ਬਾਬਾ ਜੀ ਇੰਝ ਨਾ ਕਰੋ।” ਜਿਸ ਦਾ ਜ਼ਿਕਰ ਮੈਂ ਆਪਣੇ ਲੇਖ ਵਿਚ ਪਹਿਲਾਂ ਕਰ ਚੁੱਕਾਂ ਹਾਂ।
ਅਗਲੀ ਗੱਲ, ਗੁਰੂ ਰਵਿਦਾਸ ਜੀ ਇਕੱਲੇ ਚਮਾਰਾਂ ਦਾ ਗੁਰੂ ਨਹੀਂ ਹਨ, ਇਸ ਮਹਾਂਪੁਰਸ਼ ਨੇ ਇਕੱਲੇ ਚਮਾਰਾਂ ਲਈ ਸੰਘਰਸ਼ ਨਹੀਂ ਕੀਤਾ, ਬਲਕਿ ਸਾਰੇ ਮਜ਼ਲੂਮ ਲੋਕਾਂ ਦੇ ਲਈ ਹੱਕ ਸੱਚ ਦੀ ਅਵਾਜ਼ ਬੁਲੰਦ ਕੀਤੀ ਸੀ। ਜਿਸ ਕਰਕੇ ਚਮਾਰਾਂ ਤੋਂ ਬਿਨਾਂ ਹੋਰ ਬਹੁਤ ਸਾਰੇ ਅਣਗਿਣਤ ਲੋਕ ਵੀ ਗੁਰੂ ਰਵਿਦਾਸ ਜੀ ਦਾ ਸਤਿਕਾਰ ਕਰਦੇ ਹਨ ਅਤੇ ਇਸਨੂੰ ਮੰਨਦੇ ਹਨ।
ਇਸ ਤੋਂ ਅਗਲੀ ਗੱਲ 20ਵੀਂ ਸਦੀ ਦੇ ਸਾਡੇ ਗੈਰ ਸਿੱਖ ਰਹਿਬਰਾਂ ਨੇ ਵੀ ਦਸਤਾਰਾਂ ਸਜਾਈਆਂ ਹਨ। ਜਿਵੇਂ ਕਿ ਜੋਤੀ ਰਾਓ ਫੂਲੇ ਜੀ, ਡਾ.ਭੀਮ ਰਾਓ ਅੰਬੇਡਕਰ ਜੀ,ਅਤੇ ਬਾਬੂ ਕਾਂਸ਼ੀ ਰਾਮ ਜੀ ਨੂੰ ਤਾਂ ਕਈ ਵਾਰ ਦਸਤਾਰ ਸਜਾਈ ਗਈ ਅਤੇ ਕਿਰਪਾਨ ਭੇਟ ਕੀਤੀ ਗਈ। ਡਾ.ਭੀਮ ਰਾਓ ‘ਅੰਬੇਡਕਰ’ ਜੀ ਤਾਂ ਖੁਦ੍ਹ “ਵਿਸਾਖੀ ਵਾਲੇ ਦਿਨ 1936 ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ‘ਸਰਬ ਹਿੰਦ ਸਿੱਖ ਸੰਮੇਲਨ ਦੇ ਜਲਸੇ ਵਿਚ, ਦਸਤਾਰ ਸਜਾ ਕੇ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਸੀ । ਇਸ ਤੋਂ ਇਲਾਵਾ ਗੁਰੂ ਰਵਿਦਾਸ ਜੀ ਦੇ ਨਾਮ ਤੇ ਚੱਲ ਰਹੇ ਲਗਭਗ ਪੰਜਾਬ ਦੇ ਸਾਰੇ ਡੇਰਿਆਂ ਦੇ ਮੁਖੀ ਸੰਤ ਦਸਤਾਰਾਂ ਬੰਨਦੇ ਹਨ। ਪੰਜਾਬ ਵਿੱਚ ਵੱਡੀ ਤਦਾਦ ਵਿੱਚ ਰਵਿਦਾਸੀਆ ਭਾਈਚਾਰੇ ਦੇ ਲੋਕ ਸਿੱਖ ਧਰਮ ਨਾਲ ਵੀ ਜੁੜੇ ਹੋਏ ਹਨ, ਜ਼ੋ ਕਿ ਸਾਰੇ ਦਸਤਾਰਾਂ ਬੰਨਦੇ ਹਨ। ਸਾਡੇ ਦਿਮਾਗ ਵਿੱਚ ਗੁਰੂ ਜੀ ਦੀ ਕਾਲਪਨਿਕ ਫੋਟੋ ਨਹੀਂ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਹੋਣੀ ਤੇ ਦਿਸਣੀ ਚਾਹੀਦੀ ਹੈ। ਫਿਰ ਹੀ ਗੁਰੂ ਦੇ ਵਾਰਸ ਕਹਾਉਣ ਦੇ ਹੱਕਦਾਰ ਹੋ ਸਕਦੇ ਹਾਂ।
ਮੇਜਰ ਸਿੰਘ ‘ਬੁਢਲਾਡਾ’
94176-42327
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj