ਬੰਗਾ, (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਨਵੇਂ ਸਾਲ ਦੀ ਆਮਦ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਿਖੇ ਸਥਾਪਿਤ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਭਾਈ ਜੋਗਾ ਸਿੰਘ ਰਾਗੀ ਜੱਥੇ ਨੇ ਰਸਭਿੰਨਾ ਕੀਰਤਨ ਕੀਤਾ। ਅਰਦਾਸ ‘ਚ ਸਭ ਲਈ ਸਿੱਖਿਆ ਅਤੇ ਸਿਹਤ ਦੀਆਂ ਨਿਆਮਤਾਂ ਵਰਤਣ ਦੀ ਕਾਮਨਾ ਕੀਤੀ ਗਈ। ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਸਭ ਨੂੰ ਕੁਦਰਤ ਦੇ ਭਾਣੇ ਵਿੱਚ ਰਹਿ ਕੇ ਜੀਵਨ ਨੂੰ ਸਾਰਥਿਕ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਚੰਗੇ ਭਵਿੱਖ ਲਈ ਢੁੱਕਵੀਂ ਵਿਊਂਤਬੰਦੀ ਅਪਣਾਉਣ ਲਈ ਪ੍ਰੇਰਿਆ। ਇਸ ਮੌਕੇ ਟਰੱਸਟ ਦੇ ਸਮੂਹ ਅਦਾਰਿਆਂ ਤੋਂ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਉਪਰੰਤ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ, ਅਮਰਜੀਤ ਸਿੰਘ ਕਲੇਰਾਂ, ਦਰਸ਼ਨ ਸਿੰਘ ਮਾਹਲ ਅਤੇ ਜਗਜੀਤ ਸਿੰਘ ਸੋਢੀ ਨੇ ਸਾਂਝੇ ਰੂਪ ਵਿੱਚ ਟਰੱਸਟ ਦੇ ਮਾਸਿਕ ਬੁਲਾਰੇ ਢਾਹਾਂ ਕਲੇਰਾਂ ਦਰਪਣ ਦਾ ਨਵੇਂ ਸਾਲ ਦਾ ਵਿਸ਼ੇਸ਼ ਅੰਕ ਰਿਲੀਜ਼ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਇਸ ਦਸਤਾਵੇਜ਼ ਵਿੱਚ ਟਰੱਸਟ ਦੀਆਂ ਸਿੱਖਿਆ ਅਤੇ ਮੈਡੀਕਲ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮੈਡੀਕਲ ਸੁਪਰਡੈਂਟ ਡਾ. ਰਵਿੰਦਰ ਖਜੂਰੀਆ, ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਪ੍ਰਿੰਸੀਪਲ ਮੈਡਮ ਵਨੀਤਾ ਚੋਟ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਾਇਸ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਅਤੇ ਟਰੱਸਟ ਦਫ਼ਤਰ ਦੇ ਸੁਪਰਡੈਂਟ ਮਹਿੰਦਰਪਾਲ ਸਿੰਘ ਵੀ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj