ਗੁਰੂ ਨਾਨਕ ਜੀ ਦੀ ਸਿੱਖਿਆ ਸਰਲ ਤੇ ਸੌਖੀ।

ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ) ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਹੁਤ ਸਰਲ ਤੇ ਆਸਾਨ ਹਨ। ਉਹਨਾਂ ਨੇ ਸਾਨੂੰ ਇੱਕ ਸੁਚੱਜਾ ਰਾਹ ਦਿਖਾਇਆ ਜਿਸ ਰਾਹੀਂ ਅਸੀਂ ਸੌਖੀ ਅਤੇ ਚੰਗੀ ਜ਼ਿੰਦਗੀ ਜੀ ਸਕਦੇ ਹਾਂ। ਉਹਨਾਂ ਦੀਆਂ ਸਿੱਖਿਆਵਾਂ ਦਾ ਮੁੱਖ ਉਦੇਸ਼ ਲੋਕਾਂ ਦਾ ਭਲਾ ਕਰਨਾ ਹੈ।
ਉਹਨਾਂ ਨੇ ਤਿੰਨ ਗੱਲਾਂ ਮੁੱਖ ਦੱਸੀਆਂ
ਕਿਰਤ ਕਰੋ
ਨਾਮ ਜਪੋ
ਵੰਡ ਛਕੋ
ਇਸ ਤੋਂ ਆਸਾਨ ਤੇ ਵਧੀਆ ਕੋਈ ਤਰੀਕਾ ਨਹੀਂ ਜ਼ਿੰਦਗੀ ਨੂੰ ਜਿਉਣ ਦਾ। ਸਭ ਤੋਂ ਪਹਿਲੀ ਗੱਲ ਕਿਰਤ ਕਰੋ ਦਾ ਭਾਵ ਹੈ ਆਪਣਾ ਕੰਮ ਕਰਨਾ। ਹਰ ਮਨੁੱਖ ਨੂੰ ਆਪਣਾ ਕੰਮ ਨੇਕ ਨੀਤੀ ਨਾਲ ਕਰਨਾ ਚਾਹੀਦਾ ਹੈ। ਗੁਰੂ ਜੀ ਨੇ ਕਿਰਤ ਦੀ ਮਹੱਤਤਾ ਨੂੰ ਦੱਸਦਿਆਂ ਇਹ ਗੱਲ ਕਹੀ ਕਿ ਦਸ ਨਹੁੰਆਂ ਨਾਲ ਕੀਤੀ ਕਿਰਤ ਦੀ ਕਮਾਈ ਹੀ ਮਨੁੱਖ ਲਈ ਉੱਤਮ ਹੈ। ਇਸ ਤਰ੍ਹਾਂ ਨਾਲ ਕੀਤੀ ਨੇਕ ਕਮਾਈ ਹੀ ਮਨੁੱਖ ਨੂੰ ਫਲਦੀ ਹੈ। ਕੰਮ ਕੋਈ ਵੀ ਵੱਡਾ ਜਿਹਾ ਛੋਟਾ ਨਹੀਂ ਬਸ ਆਪਣੇ ਕੰਮ ਨੂੰ ਪੂਰੇ ਸਮਰਪਣ ਨਾਲ ਕਰਨਾ ਚਾਹੀਦਾ ਹੈ।
ਦੂਸਰੀ ਗੱਲ ਉਹਨਾਂ ਨੇ ਕਹੀ ਨਾਮ ਜਪੋ।
ਨਾਮ ਜਪਣ ਦਾ ਆਪਣਾ ਮਹੱਤਵ ਹੈ। ਇਸ ਨਾਲ ਤੁਹਾਡੀ ਇਕਾਗਰਤਾ ਵਧਦੀ ਹੈ। ਤੁਸੀਂ ਉਸ ਪਰਮੇਸ਼ਵਰ ਨੂੰ ਹਮੇਸ਼ਾ ਯਾਦ ਰੱਖਦੇ ਹੋ ਅਤੇ ਇਸ ਨਾਲ ਤੁਹਾਡੀ ਬਿਰਤੀ ਉਸ ਨਾਲ ਜੁੜਦੀ ਹੈ। ਜਦ ਤੱਕ ਅਸੀਂ ਕਿਸੇ ਗੱਲ ਵੱਲ ਧਿਆਨ ਨਾ ਲਾਈਏ ਅਸੀਂ ਸਹੀ ਤਰੀਕੇ ਨਾਲ ਕੋਈ ਵੀ ਕੰਮ ਨਹੀਂ ਕਰ ਸਕਦੇ। ਨਾਮ ਜਪਣ ਦਾ ਭਾਵ ਇਹ ਨਹੀਂ ਕਿ ਉਸਨੂੰ ਬਾਰ-ਬਾਰ ਦੁਹਰਾਉਂਦੇ ਰਹੋ।। ਇਸ ਦਾ ਭਾਵ ਇਹ ਹੈ ਕਿ ਉਸਨੂੰ ਸਮਝੋ। ਉਸਦੇ ਉਦੇਸ਼ ਪ੍ਰਤੀ ਸਮਰਪਿਤ ਰਹੋ।
ਤੀਜੀ ਸਿੱਖਿਆ ਉਹਨਾਂ ਨੇ ਵੰਡ ਛਕੋ ਦੀ ਦਿੱਤੀ। ਇਹ ਗੱਲ ਬਹੁਤ ਮਹੱਤਵ ਰੱਖਦੀ ਹੈ ਕਿ ਅਸੀਂ ਆਪਣੇ ਕੋਲ ਜੋ ਵੀ ਸਾਧਨ ਹਨ ਉਹਨਾਂ ਨੂੰ ਦੂਸਰਿਆਂ ਨਾਲ ਸਾਂਝਾ ਕਰੀਏ। ਜੋ ਵੀ ਸਾਡੇ ਕੋਲ ਹੈ ਉਹ ਸਾਨੂੰ ਆਪਣੀ ਲੋੜ ਤੋਂ ਵੱਧ ਇਕੱਠਾ ਕਰਕੇ ਰੱਖਣ ਦੀ ਜਰੂਰਤ ਨਹੀਂ। ਜਰੂਰੀ ਹੈ ਕਿ ਅਸੀਂ ਉਸਨੂੰ ਲੋੜਵੰਦਾਂ ਵਿੱਚ ਵੰਡੀਏ। ਜਦੋਂ ਹਰ ਮਨੁੱਖ ਅਜਿਹਾ ਕਰਨ ਲੱਗੇਗਾ ਤਾਂ ਕੋਈ ਵੀ ਕਿਸੇ ਸਹੂਲਤ ਤੋਂ ਵਾਂਝਾ ਨਹੀਂ ਰਹੇਗਾ। ਵੰਡ ਛਕਣ ਦਾ ਮਤਲਬ ਲੰਗਰ ਤੱਕ ਸੀਮਤ ਨਹੀਂ ਹੈ। ਇਹ ਹਰ ਤਰ੍ਹਾਂ ਦੇ ਵਸੀਲਿਆਂ ਦੀ ਗੱਲ ਹੈ। ਇਸ ਦਾ ਅਰਥ ਇਹ ਹੈ ਕਿ ਕੋਈ ਵੀ ਸਾਧਨ ਕਿਸੇ ਇੱਕ ਕੋਲ ਸੀਮਤ ਨਾ ਰਹੇ।
ਅੱਜ ਦੇ ਸਮੇਂ ਵਿੱਚ ਜਦੋਂ ਮਨੁੱਖ ਕਿਰਤ ਕਰਨਾ ਛੱਡ ਰਿਹਾ ਹੈ। ਉਸ ਨੂੰ ਕਿਰਤ ਕਰਨ ਦੀ ਆਦਤ ਹੀ ਨਹੀਂ ਰਹੀ। ਖਾਸ ਤੌਰ ਤੇ ਪੰਜਾਬੀਆਂ ਵਿੱਚ ਕਿਰਤ ਕਰਨ ਦਾ ਰੁਝਾਨ ਬਹੁਤ ਘੱਟ ਰਿਹਾ ਹੈ। ਅਜਿਹੇ ਸਮੇਂ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਇਹ ਸਿੱਖਿਆਵਾਂ ਬਹੁਤ ਮਹੱਤਵ ਰੱਖਦੀਆਂ ਹਨ। ਵੰਡ ਛਕਣ ਨੂੰ ਜੀ ਅਸੀਂ ਕੇਵਲ ਲੰਗਰ ਤੱਕ ਹੀ ਸੀਮਤ ਕਰ ਲਿਆ ਹੈ। ਥੋੜੇ ਜਿਹੇ ਲੋਕ ਹੀ ਅਜਿਹੇ ਹਨ ਜੋ ਗੁਰੂ ਨਾਨਕ ਦੇਵ ਜੀ ਦੇ ਇਸ ਉਪਦੇਸ਼ ਨੂੰ ਸਮਝਦੇ ਹਨ ਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਵੀ ਕਰਦੇ ਹਨ। ਸਾਨੂੰ ਇੱਕ ਦੂਜੇ ਦੀ ਹਰ ਤਰੀਕੇ ਨਾਲ ਮਦਦ ਕਰਨੀ ਚਾਹੀਦੀ ਹੈ।
ਗੁਰੂ ਨਾਨਕ ਦੇਵ ਜੀ ਦੀਆਂ ਇਹਨਾਂ ਸਰਲ ਸਿੱਖਿਆਵਾਂ ਵਿੱਚੋਂ ਸਾਨੂੰ ਇੱਕ ਅਜਿਹੀ ਜੀਵਨ ਜਾਂਚ ਮਿਲਦੀ ਹੈ। ਜੋ ਮਨੁੱਖ ਨੂੰ ਮਨੁੱਖ ਬਣਾਉਂਦੀ ਹੈ। ਪਰ ਅਸੀਂ ਕਰ ਕੀ ਰਹੇ ਹਾਂ ਅਸੀਂ ਕੇਵਲ ਤੇ ਕੇਵਲ ਇਹਨਾਂ ਦੀ ਗੱਲ ਕਰਦੇ ਹਾਂ ਇਹਨਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਨਹੀਂ ਅਪਣਾਉਂਦੇ। ਜਰੂਰਤ ਇਹ ਹੈ ਕਿ ਅਸੀਂ ਇਹਨਾਂ ਨੂੰ ਅਪਣਾਈਏ ਤੇ ਇਹਨਾਂ ਗੁਣਾਂ ਦੇ ਧਾਰਨੀ ਬਣੀਏ।
ਸਾਡਾ ਹਾਲ ਤਾਂ ਉਹ ਹੋ ਗਿਆ ਹੈ ਕਿ ਜਿਵੇਂ ਅਸੀਂ ਕਿਸੇ ਘਰ ਦੇ ਬਜ਼ੁਰਗ ਨੂੰ ਸੋਹਣੇ ਕੱਪੜੇ ਪੁਆ ਦਿੰਦੇ ਹਾਂ, ਚੰਗਾ ਖਾਣ ਪਹਿਨਣ ਨੂੰ ਦਿੰਦੇ ਹਾਂ ਤੇ ਫਿਰ ਉਸਦੀ ਕੋਈ ਗੱਲ ਨਹੀਂ ਸੁਣਦੇ। ਜ਼ਰੂਰਤ ਉਸ ਦੀ ਗੱਲ ਨੂੰ ਮੰਨਣ ਦੀ ਹੈ। ਗੁਰੂ ਨਾਨਕ ਦੇਵ ਨੇ ਜਿਸ ਧਰਮ ਦੀ ਗੱਲ ਕੀਤੀ ਸੀ ਉਹ ਹਰ ਤਰ੍ਹਾਂ ਦੇ ਕਰਮ ਕਾਂਡ ਤੋਂ ਮੁਕਤ ਸੀ।
ਅੱਜ ਅਸੀਂ ਫਿਰ ਕਈ ਤਰ੍ਹਾਂ ਦੇ ਕਰਮਕਾਂਡ ਵਿੱਚ ਉਲਝਦੇ ਜਾ ਰਹੇ ਹਾਂ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਅਰਥ ਹੀ ਇਹ ਹੈ ਕਿ ਅਸੀਂ ਉਹਨਾਂ ਦੀਆਂ ਕਹੀਆਂ ਗੱਲਾਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਈਏ। ਮੋਮਬੱਤੀਆਂ ਲਾਉਣ ਜਾਂ ਰੋਸ਼ਨੀ ਕਰਨ ਨਾਲ ਇਸ ਦਿਨ ਨੂੰ ਮਨਾਉਣਾ ਸਾਰਥਕ ਨਹੀਂ ਹੋਵੇਗਾ। ਬੇਸ਼ੱਕ ਤੁਹਾਡਾ ਦਿਲ ਕਰਦਾ ਹੈ ਤਾਂ ਤੁਸੀਂ ਇਹ ਵੀ ਕਰੋ। ਪਰ ਬਹੁਤ ਜਰੂਰੀ ਹੈ ਕਿ ਤੁਸੀਂ ਗੁਰੂ ਨਾਨਕ ਦੇ ਦੱਸੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਜ਼ਾਰ ਵਿੱਚ ਬਾਬਾ ਨਾਨਕ
Next articleਇੱਕ ਬਾਬਾ ਨਾਨਕ ਸੀ,,,,,