(ਸਮਾਜ ਵੀਕਲੀ) ਸਮਾਜ ਸੇਵਾ ਲਈ ਹਮੇਸ਼ਾਂ ਤੱਤਪਰ ਰਹਿਣ ਵਾਲੇ ਸਮਾਜ ਸੇਵੀ ਸੁਖਪਾਲ ਸਿੰਘ ਸਿੱਧੂ ਵੱਲੋਂ ਸੁਖ ਸੇਵਾ ਸੁਸਾਇਟੀ ਪੰਜਾਬ ਅਤੇ ਗੁਰੂ ਨਾਨਕ ਚੈਰੀਟੇਬਲ ਹੈਲਥ ਕੇਅਰ ਸੁਸਾਇਟੀ ਬਠਿੰਡਾ ਦੇ ਸਹਿਯੋਗ ਨਾਲ਼ ਸਰਕਾਰੀ ਹਾਈ ਸਮਾਰਟ ਸਕੂਲ ਪੂਹਲੀ ਵਿਖੇ ਹੀਮੋਗਲੋਬਿਨ ਚੈੱਕ ਅੱਪ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸੁਖਪਾਲ ਸਿੰਘ ਸਿੱਧੂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੜਕੀਆਂ ਵਿੱਚ ਹੀਮੋਗਲੋਬਿਨ ਪ੍ਰਤੀ ਜਾਗਰੂਕਤਾ ਬਹੁਤ ਜਰੂਰੀ ਹੈ ਕਿਉਂਕਿ ਇਸ ਦੀ ਘਾਟ ਨਾਲ ਸਰੀਰ ਵਿੱਚ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ ਜਿਸ ਦਾ ਪੜ੍ਹਾਈ ‘ਤੇ ਵੀ ਅਸਰ ਪੈਂਦਾ ਹੈ। ਇਸ ਮੌਕੇ ਸੁਖਪਾਲ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਰਗ ਦੀਆਂ ਲੜਕੀਆਂ ਨੂੰ ਖੂਨ ਦੀ ਕਮੀ ਕਾਰਨ ਅੱਗੇ ਭਵਿੱਖ ਵਿੱਚ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡਾ ਮਕਸਦ ਬੱਚਿਆਂ ਨੂੰ ਜਾਗਰੂਕ ਕਰਕੇ ਇਸ ਸਮੱਸਿਆ ਦੇ ਆਉਣ ਤੋਂ ਪਹਿਲਾਂ ਹੀ ਇਸ ਦਾ ਹੱਲ ਕਰਨਾ ਹੈ। ਕਿਉਂਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਆਉਣ ਵਾਲੀ ਪੀੜ੍ਹੀ ਤਾਂ ਹੀ ਤੰਦਰੁਸਤ ਹੋ ਸਕਦੀ ਹੈ ਜੇ ਅੱਜ ਸਾਡੀਆਂ ਬੱਚੀਆਂ ਤੰਦਰੁਸਤ ਹੋਣਗੀਆਂ। ਉਨ੍ਹਾਂ ਕਿਹਾ ਕਿ ਪਹਿਲੇ ਗੇੜ ਦੌਰਾਨ ਸੁਖ ਸੇਵਾ ਸੁਸਾਇਟੀ ਪੰਜਾਬ ਦੇ ਸਹਿਯੋਗ ਨਾਲ 1000 ਵਿਦਿਆਰਥਣਾਂ ਦੇ ਹੀਮੋਗਲੋਬਿਨ ਜਾਂਚ ਕੀਤੀ ਜਾਵੇਗੀ ਅਤੇ ਜਿੰਨ੍ਹਾਂ ਵਿਦਿਆਰਥਣਾਂ ਦਾ ਹੀਮੋਗਲੋਬਿਨ ਘੱਟ ਹੋਵੇਗਾ ਉਨ੍ਹਾਂ ਦੀ ਕੌਂਸਲਿੰਗ ਕੀਤੀ ਜਾਵੇਗੀ। ਸੁਖ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਐਸ.ਪੀ.ਸਿੱਧੂ ਵੱਲੋਂ ਬੱਚਿਆਂ ਨੂੰ ਆਇਰਨ ਦੀ ਕਮੀ ਨੂੰ ਪੂਰਾ ਕਰਨ ਵਾਲੇ ਸਰੋਤਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਪੌਸ਼ਟਿਕ ਖੁਰਾਕ ਲੈਣ ਦੀ ਸਲਾਹ ਦਿੱਤੀ ਗਈ। ਸਰਕਾਰੀ ਹਾਈ ਸਮਾਰਟ ਸਕੂਲ ਪੂਹਲੀ ਦੀ ਹੈੱਡ ਮਿਸਟਰੈਸ ਗਗਨਦੀਪ ਕੌਰ ਵੱਲੋਂ ਸੁਖਪਾਲ ਸਿੰਘ ਸਿੱਧੂ ਦੇ ਇਸ ਨਿਵੇਕਲੇ ਕਦਮ ਦੀ ਸ਼ਲਾਘਾ ਕੀਤੀ ਗਈ ਅਤੇ ਹਰ ਤਰ੍ਹਾਂ ਦੇ ਸਹਿਯੋਗ ਦੇਣ ਲਈ ਵਚਨਬੱਧ ਹੋਏ। ਸੈਂਟਰ ਹੈੱਡ ਟੀਚਰ ਸਤਨਾਮ ਸਿੰਘ ਅਤੇ ਜਤਿੰਦਰ ਕੁਮਾਰ ਸ਼ਰਮਾ ਜ਼ਿਲ੍ਹਾ ਸਹਾਇਕ ਕੋਆਰਡੀਨੇਟਰ ਵੱਲੋਂ ਸੁਖਪਾਲ ਸਿੰਘ ਸਿੱਧੂ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕੀਤੀ ਗਈ। ਇਸ ਕੈਂਪ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਅਤੇ ਮਹਿਲਾ ਅਧਿਆਪਕਾਂ ਦਾ ਹੀਮੋਗਲੋਬਿਨ ਵੀ ਚੈੱਕ ਕੀਤਾ ਗਿਆ। ਇਸ ਮੌਕੇ ਸੁਖ ਸੇਵਾ ਸੁਸਾਇਟੀ ਪੰਜਾਬ ਦੇ ਮੀਡੀਆ ਇੰਚਾਰਜ ਰਾਜਵਿੰਦਰ ਸਿੰਘ ਰੰਗੀਲਾ, ਸਮੂਹ ਸਟਾਫ਼, ਸਕੂਲ ਮੈਨੇਜਮੈਂਟ ਕਮੇਟੀ ਅਤੇ ਵਿਦਿਆਰਥੀ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly