ਪ੍ਰਿੰਸੀਪਲ ਪਰਮਜੀਤ ਜੱਸਲ
(ਸਮਾਜ ਵੀਕਲੀ) ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ। ਆਪ ਜੀ ਦਾ ਜਨਮ ਸੰਨ 1469 ਈਸਵੀਂ ਨੂੰ ਰਾਏ ਭੋਇ ਦੀ ਤਲਵੰਡੀ, (ਨਨਕਾਣਾ ਸਾਹਿਬ) ਵਿੱਚ ਹੋਇਆ ,ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਆਪ ਜੀ ਦੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਅਤੇ ਸਤਿਕਾਰਯੋਗ ਪਿਤਾ ਮਹਿਤਾ ਕਾਲੂ ਜੀ ਸਨ ,ਜੋ ਉਸ ਸਮੇਂ ਪਟਵਾਰੀ ਸਨ। ਆਪ ਜੀ ਦੀ ਇੱਕ ਭੈਣ ਬੀਬੀ ਨਾਨਕੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੱਖ -ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਤਥਾਗਤ ਬੁੱਧ ਦੀ ਜਨਮ ਭੂਮੀ ‘ਤੇ ਉਹਨਾਂ ਨੂੰ ‘ਨਾਨਕ ਲਾਮਾ’ਨਾਂ ਨਾਲ ਪੁਕਾਰਿਆ ਜਾਂਦਾ ਹੈ। ਪਾਕਿਸਤਾਨ ਵਿੱਚ ‘ਬਾਬਾ ਨਾਨਕ’ ਨਾਮ ਨਾਲ ਯਾਦ ਕੀਤਾ ਜਾਂਦਾ ਹੈ, ਇੱਥੇ ਉਹਨਾਂ ਦੇ ਨਾਂ ‘ਤੇ ‘ਬਾਬਾ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ(ਪਾਕਿਸਤਾਨ)’ਚੱਲ ਰਹੀ ਹੈ। ਜਿੱਥੇ ਹਜ਼ਾਰਾਂ ਵਿਦਿਆਰਥੀ ਸਿੱਖਿਆ ਗ੍ਰਹਿਣ ਕਰ ਰਹੇ ਹਨ। ਜਦੋਂ ਗੁਰੂ ਨਾਨਕ ਜੀ ਮੱਕੇ ਵਿੱਚ ਜਾਂਦੇ ਹਨ ਤਾਂ ਉਹ ‘ਪੀਰ’ ਬਣ ਜਾਂਦੇ ਹਨ। ਜਾਂ ਉਹਨਾਂ ਨੂੰ ‘ਪੀਰ’ ਕਿਹਾ ਜਾਂਦਾ ਹੈ।ਦਰਅਸਲ ਉਹ ਸਾਡੇ ਸਾਰਿਆਂ ਦੇ ਸਾਂਝੇ ਗੁਰੂ ਹਨ। ਆਪ ਜੀ ਨੇ ਕੇਵਲ ਬਾਣੀ ਹੀ ਨਹੀਂ ਰਚੀ ਸਗੋਂ ਮਹਾਨ ਸਮਾਜ ਸੁਧਾਰਕ ਵਜੋਂ ਲੋਕ ਚੇਤਨਾ ਵੀ ਜਗਾਈ। ਜਿਹਨਾਂ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਖੜਾ ਕਰਕੇ ਸਿਰ ਦਾ ਤਾਜ ਬਣਾਇਆ। ਵਹਿਮਾਂ ਭਰਮਾਂ ਵਿੱਚ ਫਸੇ ਹੋਏ ਲੋਕਾਂ ਨੂੰ ਕੱਢਿਆ। ਪਖੰਡਵਾਦ ਦਾ ਭਾਂਡਾ ਚੁਰਾਹੇ ਵਿੱਚ ਭੰਨਿਆ। ਖੁਦ ਮੋਦੀਖਾਨੇ ਵਿੱਚ ਨੌਕਰੀ ਕਰਕੇ ਹੱਥੀਂ ਕਿਰਤ ਕਰਨ ਦਾ ਸੁਨੇਹਾ ਦਿੱਤਾ। ਸੱਚ ‘ਤੇ ਚੱਲਣ ਦਾ ਉਪਦੇਸ਼ ਦਿੱਤਾ। ‘ਵਿਦਿਆ ਵਿਚਾਰੀ ਤਾਂ ਪਰਉਪਕਾਰੀ’ ਦੇ ਸੰਦੇਸ਼ ਨੂੰ ਜਨ ਜਨ ਤੱਕ ਪਹੁੰਚਾਇਆ ਤੇ ਵਿੱਦਿਆ ਪੜ੍ਹਨ ਲਈ ਪ੍ਰੇਰਿਤ ਕੀਤਾ ਤਾਂ ਜੋ ਮਨੁੱਖ ਵਿੱਚ ਫੈਲੇ ਹੋਏ ਅੰਧਵਿਸ਼ਵਾਸ਼ਾਂ ,ਅਗਿਆਨਤਾ , ਝੂਠ , ਅਡੰਬਰਵਾਦ, ਪਾਖੰਡਵਾਦ ਆਦਿ ਨੂੰ ਸਦਾ ਲਈ ਦੂਰ ਕਰਕੇ ਮਾਨਵਤਾਵਾਦੀ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਮਨੁੱਖ ਨੂੰ ਮਨੁੱਖ ਸਮਾਨ (ਬਰਾਬਰ) ਸਮਝੇ। ਮਨੁੱਖਤਾ ਵਿੱਚ ਭਾਈਚਾਰਕ ਸਾਂਝ ਹੋਵੇ ਤੇ ਉਹ ਹਮੇਸ਼ਾ ਲਈ ਆਪਣੀ ਜ਼ਿੰਦਗੀ ਵਿੱਚ ਤਰੱਕੀ ਕਰ ਸਕੇ। ਅਜਿਹੀ ਸੋਚ ਦੇ ਧਾਰਨੀ ਸਤਿਗੁਰੂ ਨਾਨਕ ਜੀ ਨੇ ਸਾਨੂੰ ਬਣਾਇਆ। ਗੁਰੂ ਜੀ ਨੇ ਆਪਣੀ ਬਾਣੀ ‘ਜਪੁਜੀ ਸਾਹਿਬ’ ਰਾਹੀਂ ਸੱਚ ‘ਤੇ ਚੱਲਣ ਦਾ ਉਪਦੇਸ਼ ਦਿੱਤਾ- “ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁਠੇ ਪਾਲਿ। ਹੁਕਮ ਰਜਾਈ ਚਲਣਾ ,ਨਾਨਕ ਲਿਖਿਆ ਨਾਲਿ।” ਭਾਵ ਇਹ ਹੈ ਕਿ ਮਨੁੱਖ ਲਈ ਸਭ ਤੋਂ ਵੱਡੀ ਗੱਲ ‘ਸਚਿਆਰਾ’ ਹੋਣ ਦੀ ਹੈ ਭਾਵ ਪਰਮਾਤਮਾ ਅੱਗੇ ਆਪਣੇ ਆਪ ਨੂੰ ਸੱਚਾ ਸਾਬਿਤ ਕਰ ਸਕੇ ਕਿ ਉਸ ਨੇ ਸੰਸਾਰ ਅੰਦਰ ਰਹਿੰਦਿਆਂ ਪਰਮਾਤਮਾ ਦੀ ਭਜਨ ਬੰਦਗੀ ਕੀਤੀ ਹੈ ਅਤੇ ਚੰਗੇ ਕੰਮ ਕੀਤੇ ਹਨ ।ਮਨੁੱਖ ਨੇ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਉਸ ਦੀ ਰਜ਼ਾ ਵਿੱਚ ਰਹਿੰਦਿਆਂ ਤੁਰਨਾ ਚਾਹੀਦਾ ਹੈ ਪ੍ਰੰਤੂ ਨਾਮ (ਭਾਵ ਪ੍ਰੇਮ ਭਗਤੀ) ਦਾ ਮਾਰਗ ਹੀ ਮਨੁੱਖ ਨੂੰ ਸਚਿਆਰਾ ਅਤੇ ਪ੍ਰਭੂ ਪਿਆਰ ਦਾ ਭਾਗੀ ਬਣਾਉਣ ਦੇ ਯੋਗ ਤੇ ਸਮਰੱਥ ਹੈ। ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਹੱਕ ਦਿੰਦੇ ਹੋਏ ਆਪਣੀ ਬਾਣੀ ਵਿੱਚ ਗੁਰੂ ਨਾਨਕ ਜੀ ਨੇ ਫੁਰਮਾਇਆ ਹੈ: “ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।। ਭੰਡਹੁ ਹੋਵੇ ਦੋਸਤੀ ਭੰਡਹੁ ਚਲੇੈ ਰਾਹੁ ।।
ਭੰਡੁ ਮੁੂਆ ਭੰਡੁ ਭਾਲੀਐ ਭੰਡਿ ਹੋਵੇ ਬੰਧਾਨੁ ।। ਸੋ ਕਿਉ ਮੰਦਾ ਆਖੀਐ , ਜਿਤੁ ਜੰਮਹਿ ਰਾਜਾਨ ।। ” ਮਨੁੱਖ ਇਸਤਰੀ ਤੋਂ ਜਨਮ ਲੈਂਦਾ ਹੈ।ਇਸਤਰੀ ਦੇ ਪੇਟ ਵਿੱਚ ਪਲਦਾ ਹੈ ,ਇਸਤਰੀ ਨਾਲ ਮੰਗਣੀ ਅਤੇ ਵਿਆਹ ਹੁੰਦਾ ਹੈ ।ਇਸਤਰੀ ਨਾਲ ਸੰਸਾਰਕ ਸੰਬੰਧ ਜੁੜਦਾ ਹੈ ।ਇਸਤਰੀ ਤੋਂ ਹੀ ਪਰਿਵਾਰਕ ਵਿਕਾਸ ਦਾ ਰਸਤਾ ਚੱਲਦਾ ਹੈ ।ਇਕ ਇਸਤਰੀ ਦੇ ਮਰਨ ਉਪਰੰਤ ਹੋਰ ਇਸਤਰੀ ਦੀ ਭਾਲ ਕੀਤੀ ਜਾਂਦੀ ਹੈ ।ਇਸਤਰੀ ਨਾਲ ਹੀ ਸਮਾਜਿਕ ਬੰਧੇਜ਼ ਹੁੰਦਾ ਹੈ। ਉਸ ਇਸਤਰੀ ਨੂੰ ਮੰਦਾ ਬੁਰਾ ਭਲਾ ਕਿਉਂ ਕਿਹਾ ਜਾਵੇ ,ਜਿਸ ਦੀ ਕੁੱਖੋਂ ਰਾਜੇ ਅਰਥਾਤ ਵੱਡੇ -ਵੱਡੇ ਲੋਕ ਜਨਮ ਲੈਂਦੇ ਹਨ। ਗੁਰੂ ਨਾਨਕ ਜੀ ਹਵਾ ,ਪਾਣੀ ਅਤੇ ਧਰਤੀ ਬਾਰੇ ਆਪਣੀ ਬਾਣੀ ਵਿੱਚ ਇੰਝ ਫੁਰਮਾਉਂਦੇ ਹਨ: ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ।।ਦਿਵਸੁ ਰਾਤਿ ਦੂਇ ਦਾਈ ਦਾਇਆ ਖੇਲੈ ਸਗਲ ਜਗਤੁ।। ਚੰਗਿਆਈਆਂ ਬੁਰਿਆਈਆਂ ਵਾਚੇੈ ਧਰਮ ਹਦੂਰਿ।। ਕਰਮੀ ਆਪੋ ਆਪਣੇ ਕੇ ਨੇੜੈ ਕੇ ਦੂਰਿ ।।ਜਿਨੀ ਨਾਮੁ ਧਿਆਇਆ ਗਏ ਮਸ਼ਕਤਿ ਘਾਲਿ।। ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ।। ਉਪਰੋਕਤ ਸ਼ਬਦ ਵਿੱਚ ਗੁਰੂ ਨਾਨਕ ਜੀ ਉਪਦੇਸ਼ ਦਿੰਦੇ ਹੋਏ ਸਮਝਾਉਂਦੇ ਹਨ ਕਿ ਹਵਾ ਗੁਰੂ ਹੈ, ਪਾਣੀ ਪਿਤਾ ਹੈ ਅਤੇ ਵਿਸ਼ਾਲ ਧਰਤੀ ਮਾਤਾ ਹੈ ।ਦਿਨ ਅਤੇ ਰਾਤ ਦੋਵੇਂ ਪਾਲਣ ਅਤੇ ਖਿਡਾਉਣ ਵਾਲੇ ਅਤੇ ਸਾਰਾ ਸੰਸਾਰ ਉਹਨਾਂ ਦੇ ਹੱਥਾਂ ਵਿੱਚ ਖੇਡ ਰਿਹਾ ਹੈ।ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਜੀਵਾਂ ਦੇ ਕੀਤੇ ਹੋਏ ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ ।ਆਪੋ -ਆਪਣੇ (ਇਹਨਾਂ ਦੇ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਕਈ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਨ ।ਜਿਨਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ ਅਕਾਲ ਪੁਰਖ ਦੇ ਦਰ ‘ਤੇ ਉਹ ਉੱਜਲ ਮੁੱਖ ਵਾਲੇ ਹਨ ਅਤੇ ਹੋਰ ਵੀ ਕਈ ਜੀਵ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਬੰਧਨਾਂ ਤੋਂ ਆਜ਼ਾਦ ਹੋ ਗਏ ਭਾਵ ਮੁਕਤੀ ਪ੍ਰਾਪਤ ਕਰ ਗਏ। ਦੂਸਰੇ ਲਫਜ਼ਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਹਵਾ ਗੁਰੂ ਹੈ ,ਪਾਣੀ ਪਿਤਾ ਹੈ ਅਤੇ ਵਿਸ਼ਾਲ ਧਰਤੀ ਸਾਡੀ ਮਾਤਾ ਹੈ। ਪਰ ਅਜੋਕੇ ਸਮੇਂ ਦੌਰਾਨ ਮਨੁੱਖ ਨੇ ਆਪਣੇ ਸਵਾਰਥ , ਲਾਲਚ ਅਤੇ ਗਲਤੀਆਂ ਕਾਰਨ ਹਵਾ, ਪਾਣੀ ਅਤੇ ਧਰਤੀ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ । ਜਿਸ ਨਾਲ ਮਨੁੱਖ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਆਪਣੇ ਹੀਰੇ ਵਰਗੀ ਜ਼ਿੰਦਗੀ ਨੂੰ ਰੋਲ ਰਿਹਾ ਹੈ। ਪ੍ਰਦੂਸ਼ਣ ਕਰਕੇ ਹਰ ਇਨਸਾਨ ਦਾ ਸਾਹ ਲੈਣਾ ਮੁਸ਼ਕਿਲ ਹੋਇਆ ਪਿਆ ਹੈ। ਏ. ਕਿਊ.ਆਰ. ਖਤਰੇ ਦੇ ਨਿਸ਼ਾਨ ਤੋਂ ਉਪਰ ਜਾ ਰਿਹਾ ਹੈ। ਅਸੀਂ ਤੇ ਸਾਡੀਆਂ ਸਰਕਾਰਾਂ ਕੁੰਭ ਕਰਨ ਦੀ ਨੀਂਦੇ ਸੁੱਤੀਆਂ ਪਈਆਂ ਹਨ। ਕੋਈ ਠੋਸ ਉਪਰਾਲਾ ਹੀ ਨਹੀਂ ਕੀਤਾ ਜਾ ਰਿਹਾ। ਦੂਸਰਾ ਅਸੀਂ ਆਪਣੇ ਰਹਿਬਰ ਜਾਂ ਗੁਰੂਆਂ ਦੀ ਗੱਲ ਨੂੰ ਨਹੀਂ ਮੰਨਿਆ ਤਾਂ ਅਸੀਂ ਅਜਿਹਾ ਸੰਤਾਪ ਭੋਗ ਰਹੇ ਹਾਂ। ਗੁਰੂ ਨਾਨਕ ਜੀ ਆਪਣੀ ਬਾਣੀ ਵਿੱਚ ਅੱਗੇ ਮਨੁੱਖ ਨੂੰ ਸਮਝਾਉਂਦੇ ਹਨ ਕਿ ਗੁਰੂ ਦੀ ਸ਼ਰਨ ਤੋਂ ਬਿਨਾਂ ਪ੍ਰਭੂ ਚਰਨਾਂ ਦੀ ਪ੍ਰੀਤ ਪੈਦਾ ਨਹੀਂ ਹੁੰਦੀ। ਜਿਵੇਂ “ਬਿਨੁ ਗੁਰ ਪ੍ਰੀਤਿ ਨ ਉਪਜੈ ਹਉਮੈ ਮੈਲੁ ਨ ਜਾਈ ।ਸੋਹੰ ਆਪੁ ਪਛਾਣੀਐ ਸਬਦ ਭੇਦਿ ਪਤੀਆਇ । ਗੁਰਮੁਖਿ ਆਪੁ ਪਛਾਣੀਐ ਅਵਰ ਕਿ ਕਹੇ ਕਹਾਇ।” ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਿਹਾ । ਬਾਣੀ ਅਨੁਸਾਰ : “ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨ ਆਇਆ ” ਭਾਵ ਕਿ ਇੰਨਾ ਜ਼ੁਲਮ ਜ਼ਿਆਦਤੀ ਹੋਈ ਹੈ। ਸਾਰੀ ਦੁਨੀਆ ਜ਼ੁਲਮ ਨਾਲ ਕੁਰਲਾ ਰਹੀ ਹੈ ।ਤੈਨੂੰ ਰਤੀ ਭਰ ਵੀ ਦਰਦ ਮਹਿਸੂਸ ਨਹੀਂ ਹੋਇਆ। ਤੂੰ(ਬਾਬਰ) ਐਨਾ ਕਠੋਰ ਦਿਲ ਵਾਲਾ ਹੈ। ਔਰਤਾਂ ਨਾਲ ਜ਼ੁਲਮ , ਧੱਕੇਸ਼ਾਹੀ, ਅਨਿਆ ਹੋ ਰਿਹਾ ਹੈ। ਗੁਰੂ ਨਾਨਕ ਦੇਵ ਜੀ ਹਮੇਸ਼ਾ ਨੀਵਿਆ ਲੋਕਾਂ ਨਾਲ ਖੜੇ ਹੋਏ । ਗੁਰੂ ਜੀ ਨੇ ਅਮੀਰ ਲੋਕਾਂ ਦੁਆਰਾ ਗਰੀਬ ਲੋਕਾਂ ਦੀ ਲੁੱਟ -ਕਸੁੱਟ ਨਾਲ ਕਮਾਈ ਹੋਈ ਰੋਟੀ ਨੂੰ ਵੀ ਨਕਾਰਿਆ , ਸਗੋਂ ਗਰੀਬ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਦਾ ਝੰਡਾ ਬੁਲੰਦ ਕੀਤਾ ਤੇ ਕਿਹਾ: “ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤਿ ਨੀਚ ।ਨਾਨਕ ਤਿਨੁ ਕੇ ਸੰਗਿ ਸਾਥ ਵੱਡਿਓ ਸਿਉ ਕਿਆ
ਰੀਸ।” ਗੁਰੂ ਜੀ ਨੇ ਮਾਨਵਤਾਵਾਦੀ ਸੁਨੇਹਾ ਦਿੰਦਿਆਂ ਕਿਹਾ, “ਨਾਮ ਜਪੋ ,ਕਿਰਤ ਕਰੋ ਅਤੇ ਵੰਡ ਛਕੋ ।” ਆਪ ਜੀ ਦੀ ਬਾਣੀ ਦੇ 974 ਸ਼ਬਦ ਅਤੇ ਇੱਕ ਸ਼ਲੋਕ, 19 ਰਾਗਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਆਪ ਜੀ ਦੀਆਂ ਪ੍ਰਸਿੱਧ ਬਾਣੀਆਂ ਵਿੱਚੋਂ -ਜਪੁਜੀ ਸਾਹਿਬ ,ਆਸਾ ਦੀ ਵਾਰ ,ਮਾਝ ਦੀ ਵਾਰ , ਮਲ੍ਹਾਰ ਦੀ ਵਾਰ, ਦੱਖਣੀ ਓਅੰਕਾਰ ,ਸਿੱਧ ਗੋਸ਼ਟਿ ਅਤੇ ਬਾਰਾਮਾਹ ਤੁਖਾਰੀ ਹਨ। ‘ਜਪੁਜੀ ਸਾਹਿਬ ‘ਗੁਰਸਿੱਖਾਂ ਦੇ ਨਿਤਨੇਮ ਦੀ ਮੁੱਖ ਬਾਣੀ ਹੈ ।ਇਸ ਵਿੱਚ ਗੁਰਮਤਿ ਸਿਧਾਂਤ ਨੂੰ ਪੂਰਨ ਰੂਪ ਵਿੱਚ ਪੇਸ਼ ਕੀਤਾ ਹੈ। ਸੰਖੇਪਤਾ ਇਸ ਦਾ ਵੱਡਾ ਗੁਣ ਹੈ। ‘ਆਸਾ ਦੀ ਵਾਰ’ ਗੁਰੂ ਸਾਹਿਬ ਦੀ ਦੂਜੀ ਮਹਾਨ ਕਿਰਤ ਹੈ ।ਇਸ ਨਾਲ ਗੁਰੂ ਜੀ ਨੇ ਅਧਿਆਤਮਕ ਵਾਰਾਂ ਦੀ ਪ੍ਰਥਾ ਚਲਾਈ ।ਇਸ ਦੀਆਂ 24 ਪੌੜੀਆਂ ਹਨ ਤੇ ਉਹਨਾਂ ਦੇ ਨਾਲ- ਨਾਲ ਸ਼ਲੋਕ ਦਿੱਤੇ ਗਏ ਹਨ। ਆਪ ਜੀ ਦਾ ਮੇਲ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨਾਲ ਚੂਹੜਕਾਣੇ (ਸੱਚਾ ਸੌਦਾ ਕਰਨ ਵੇਲੇ), ਉਦਾਸੀਆਂ ਦੌਰਾਨ ਬਨਾਰਸ ਵਿਖੇ ਹੋਇਆ। ਸਤਿਗੁਰੂ ਨਾਨਕ ਦੇਵ ਜੀ ਸਤਿਗੁਰ ਰਵਿਦਾਸ ਮਹਾਰਾਜ ਜੀ ਤੋਂ ਬਾਣੀ ਬਨਾਰਸ ਤੋਂ ਪ੍ਰਾਪਤ ਕੀਤੀ। ਜੋ 40 ਸ਼ਬਦ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਹਨ। ਬਾਣੀ ਦਰਜ ਕਰਨ ਸਮੇਂ “ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਜੀਉ ਕੀ ।”ਲਿਖ ਕੇ ਮਹਾਂਪੁਰਸ਼ਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਹੈ। ਆਪ ਜੀ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਕਰਤਾਰਪੁਰ ਵਿਖੇ ‘ਚ ਬਤੀਤ ਕੀਤਾ। ਆਓ! ਆਪਾਂ ਸਾਰੇ ਰਲ ਮਿਲ ਕੇ ਸਤਿਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ‘ਤੇ ਉਹਨਾਂ ਦੀਆਂ ਦੱਸੀਆਂ ਹੋਈਆਂ ਸਿੱਖਿਆਵਾਂ ਅਤੇ ਬਾਣੀ ਅਨੁਸਾਰ ਚੱਲੀਏ । –
ਪ੍ਰਿੰਸੀਪਲ ਪਰਮਜੀਤ ਜੱਸਲ ਡਾ. ਬੀ. ਆਰ. ਅੰਬੇਡਕਰ ਸਕੂਲ ਬੁਲੰਦਪੁਰ, ਜਲੰਧਰ ।
ਮੋਬ:98721 80653
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly