ਗੁਰੂ ਨਾਨਕ—ਇਕ ‘ਕਵੀ’

ਤੇਜਿੰਦਰ ਚੰਡਿਹੋਕ, ਐਮ ਏ,
(ਸਮਾਜ ਵੀਕਲੀ) 
‘ਆਪੇ ਹਰ ਇਕ ਰੰਗ ਤੂੰ ਆਪੇ ਬਹੁਰੰਗੀ।
ਜੋ ਤੁਧ ਭਾਵੇ ਨਾਨਕਾ ਸਾਈ ਗੱਲ ਚੰਗੀ॥’
      ਇਸ ਗੱਲ ਦਾ ਇਤਿਹਾਸ ਗਵਾਹ ਹੈ ਕਿ ਸੰਸਾਰ ਵਿਚ ਜਦੋਂ ਵੀ ਅਤਿਆਚਾਰ ਜਾਂ ਅਨਿਆਂ ਦਾ ਬੋਲਬਾਲਾ ਹੋਇਆ ਹੈ ਤਾਂ ਕਿਸੇ ਨਾ ਕਿਸੇ ਰੱਬੀ ਨੂਰ ਨੇ ਅਵਤਾਰ ਧਾਰਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਸ ਸਮੇਂ ਦੇ ਅਤਿਆਚਾਰ ਅਤੇ ਅਨਿਆਂ ਦਾ ਵਿਨਾਸ ਕਰਨ ਲਈ ਅਵਤਾਰ ਲੈਣਾ ਵੀ ਇਤਿਹਾਸਕ ਦੌਰ ਰਿਹਾ ਹੈ। ਲੋਕਾਂ ਉੱਤੇ ਵੱਧ ਰਹੇ ਅਤਿਆਚਾਰ ਅਤੇ ਅਨਿਆਂ ਦਾ ਸਾਹਮਣਾ ਕਰਨ ਅਤੇ ਲੋਕਾਂ ਨੂੰ ਭਟਕੇ ਰਾਹ ਤੋਂ ਸਿੱਧੇ ਰਾਹ ਪਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਏਭੋਇ ਦੀ ਤਲਵੰਡੀ ਨਨਕਾਣਾ ਸਾਹਿਬ ਹੁਣ ਪਾਕਿਸਤਾਨ ਵਿਚ ਸੰਨ 1469 ਈ: ਨੂੰ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਪਿਤਾ ਮਹਿਤਾ ਕਾਲੂ ਜੀ ਦੇ ਘਰ ਪ੍ਰਕਾਸ਼ ਲਿਆ। ਇਹਨਾਂ ਦਾ ਪਰਿਵਾਰ ‘ਬੇਦੀ’ ਵੰਸ਼ ਨਾਲ ਸਬੰਧਤ ਹੈ। ਆਪਜੀ ਮੁੱਢ ਤੋਂ ਹੀ ਪ੍ਰਮਾਤਮਾ ਦੀ ਭਗਤੀ ਵਿਚ ਲੀਨ ਰਹੇ।
      ਜਿਥੇ ਗੁਰੂ ਨਾਨਕ ਦੇਵ ਜੀ ਪ੍ਰਭੂ ਭਗਤੀ ਵਿਚ ਲੀਨ ਰਹਿੰਦੇ ਉਥੇ ਆਪ ਇਕ ਚੰਗੇ ਕਵੀ ਵੀ ਰਹੇ ਜੋ ਕਿ ਸਾਹਿਤ ਦਾ ਇਕ ਕੋਮਲ ਹਿੱਸਾ ਹੈ। ਆਪਜੀ ਦੇ ਮੁੱਖ ਵਿਚੋ ਉਚਾਰੇ ਸ਼ਬਦ ਇਕ ਕਾਵਿ ਦਾ ਰੂਪ ਸਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਕਾਵਿ ਰੂਪ ਵਿਚ ਹੈ। ਆਪ ਨੇ ਲੋਕਾਂ ਨੂੰ ਜਿਥੇ ਰਾਜਨਿਤਕ , ਆਰਥਿਕ ਅਤੇ ਸਮਾਜ ਪਖੋਂ ਆਪਣੀ ਬਾਣੀ ਰਾਹੀਂ ਜਾਗਰੂਕ ਕੀਤਾ ਉਥੇ ਆਪ ਜੋਰ-ਜਬਰ ਦੇ ਅਤੇ ਜੰਗ ਦੀ ਨਿਖੇਧੀ ਕੀਤੀ ਹੈ। ਆਪ ਨੇ ਤਿਆਗ ਦੀ ਨੀਤੀ ਛੱਡ ਕੇ ਗ੍ਰਹਿਸਥੀ ਜੀਵਨ ਜੀਉਂਣ ਅਤੇ ਸੱਚ ਦੇ ਮਾਰਗ ਉਪੱਰ ਚੱਲਣ ਨੂੰ ਉਚਮਤਾ ਦਿਤੀ ਹੈ।
      ਆਪਜੀ ਦੇ ਪ੍ਰਕਾਸ਼ ਸਮੇਂ ਸੰਸਾਰ ਦੇ ਲੋਕਾਂ ਖਾਸ ਕਰਕੇ ਭਾਰਤ ਦੇ ਲੋਕਾਂ ਦੀ ਸਮਾਜਿਕ, ਰਾਜਨਿਤਕ ਅਤੇ ਆਰਥਿਕ ਹਾਲਤ ਬਹੁਤ ਮਾੜੀ ਸੀ। ਆਪਜੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸਨ। ਆਪ ਲਈ ਹਿੰਦੂ, ਮੁਸਲਿਮ, ਈਸਾਈ ਸਭ ਬਰਾਬਰ ਸਨ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਸੀ। ਇਸੇ ਕਰਕੇ ਆਪ ਜਦੋਂ ‘ਬੇਈਂ ਨਦੀ’ ’ਚੋਂ ਤਿੰਨ ਦਿਨ ਬਾਅਦ ਬਾਹਰ ਆਏ ਤਾਂ ਆਪਜੀ ਦੇ ਬਚਨ ਸਨ,
‘ਨਾ ਕੋ ਹਿੰਦੂ ਨਾ ਮੁਸਲਮਾਨ।’
      ਭਾਵ ਆਪਜੀ ਨੂੰ ਜਾਤੀ ਪ੍ਰਥਾ ਉਤੇ ਵਿਸ਼ਵਾਸ਼ ਨਹੀਂ ਸੀ ਅਤੇ ਆਪ ਸਭ ਧਰਮਾਂ ਨੂੰ ਬਰਾਬਰ ਸਮਝਦੇ ਸਨ। ਇਸੇ ਕਰਕੇ ਆਜੀ ਨੂੰ ਹਿੰਦੂ ‘ਗੁਰੂ’ ਅਤੇ ਮੁਸਲਮਾਨ ‘ਪੀਰ’ ਮੰਨਦੇ ਸਨ।
      ਅਸੀ ਗੁਰੂ ਨਾਨਕ ਦੇਵ ਜੀ ਨੂੰ ਇਕ ਸਿੱਖ ਗੁਰੂ ਜਾਂ ਅਵਤਾਰ ਮੰਨਣ ਦੇ ਨਾਲ ਨਾਲ ਉਹਨਾਂ ਦੀ ਬਾਣੀ ਦੇ ਸੰਦਰਭ ਵਿਚ ਉਹਨਾਂ ਨੂੰ ਇਕ ਸਰਵ ਸ੍ਰੇਸ਼ਟ ਕਵੀ ਵੀ ਮੰਨਦੇ ਹਾਂ। ਉਹਨਾਂ ਨੇ ਆਪਣੀਆਂ ਜੋ ਵੀ ਰਚਨਾਵਾਂ ਕੀਤੀਆਂ ਊਹ ਉਸ ਸਮੇਂ ਅਤੇ ਹਾਲਾਤਾਂ ਅਨੁਸਾਰ ਕੀਤੀਆਂ ਜਿਨ੍ਹਾਂ ਦਾ ਵਿਚਾਰ ਅਸੀ ਕਰਾਂਗੇ। ਜਨਤਾ ਉੱਤੇ ਢਹਿੰਦੇ ਜੁਲ਼ਮ, ਅਤਿਆਰਚਾਰ ਨੂੰ ਦੇਖਦਿਆਂ ਉਹ ਅਕਾਲ ਪੁਰਖ ਨੂੰ ਕਹਿੰਦੇ ਹਨ,
‘ਏਤੀ ਮਾਰ ਪਈ ਕੁਰਲਾਣੈ
      ਤੈਂ ਕੀ ਦਰਦ ਨਾ ਆਇਆ।’
ਜਾਂ
‘ਨਾਨਕ ਦੁਖੀਆ ਸਭੁ ਸੰਸਾਰ
 ਸੋ ਸੁਖੀਆ ਜਿਸ ਨਾਮੁ ਅਧਾਰ।’
      ਆਪ ਨੂੰ ਉਸ ਸਮੇਂ ਸਾਰੀ ਕਾਇਨਾਤ ਦੁੱਖਾਂ ਵਿਚ ਗ੍ਰਸੀ ਲਗਦੀ ਸੀ। ਆਪ ਨੇ ਉਕਤ ਪੰਕਤੀਆਂ ਵਿਚ ਦਸਿਆ ਹੈ ਕਿ ਸਾਰਾ ਸੰਸਾਰ ਹੀ ਦੁੱਖਾਂ ਵਿਚ ਫਸਿਆ ਹੋਇਆ ਹੈ ਸਿਰਫ਼ ਉਹ ਹੀ ਸੁੱਖੀ ਰਹਿ ਸਕਦਾ ਹੈ ਜੋ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦਾ ਹੈ।
      ਆਪ ਸੱਚ ਤੇ ਵਿਸ਼ਵਾਸ਼ ਰਖਣ ਵਾਲੇ ਅਤੇ ਸੱਚ ਉਤੇ ਤੁਰਨ ਦਾ ਉਪਦੇਸ ਦਿੰਦੇ ਰਹੇ। ਆਪ ‘ਜਪੁ ਜੀ ਸਾਹਿਬ’ ਵਿਚ ਪ੍ਰਸ਼ਨ ਕਰਦੇ ਹਨ ਕਿ ਸੱਚਾ ਕਿਵੇਂ ਹੋਇਆ ਜਾ ਸਕਦਾ ਹੈ ਅਤੇ ਫ਼ਿਰ ਆਪਣੇ ਜਵਾਬ ਵਿਚ ਦਸਦੇ ਹਨ ਕਿ ‘ਉਸ ਪ੍ਰਮਾਤਮਾਂ’ ਦੀ ਰਜਾ ਵਿਚ ਚਲਣਾ ਹੀ ਸੱਚ ਹੈ। ਸਾਹਿਬ ਫ਼ੁਰਮਾਉਂਦੇ ਹਨ,
‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।।’
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲ॥’
      ਆਪ ਨੇ ਸੰਸਾਰ ਦੀ ਇਕ ਕੌੜੀ ਸਚਾਈ ਦਾ ਵਰਨਣ ਵੀ ਕੀਤਾ ਹੈ ਜਿਸ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿਉਂਕਿ ਹਰ ਜੀਵ ਚਾਹੇ ਉਹ ਮਨੁੱਖ ਹੈ, ਪਸ਼ੂ ਹੈ ਜਾਂ ਪੰਛੀ ਹੈ ਜੋ ਸੰਸਾਰ ਵਿਚ ਜਨਮ ਲੈਂਦਾ ਹੈ, ਆਖ਼ਰ ਉਸ ਨੂੰ ਆਪੋ ਆਪਣੀ ਵਾਰੀ ਸੱਚੀ ਦਰਗਾਹ ਵਿਚ ਵਾਪਸ ਜਾਣਾ ਹੀ ਪੈਂਦਾ ਹੈ।
‘ਜੋ ਆਇਆ ਸੋ ਚਲਸੀ
ਸਭੁ ਕੋਈ ਆਈ ਵਾਰੀਐ।।’
      ਆਪ ਨੇ ਜਿਥੇ ਸੱਚ ਨੂੰ ਮਹਤਵਪੂਰਨ ਦਸਿਆ ਹੈ, ਉਥੇ ਸੁੱਚ ਨੂੰ ਵੀ ਮਹਾਨ ਦਸਿਆ ਹੈ। ਆਪ ਅਨੁਸਾਰ ਸੱਚ ਉਥੇ ਹੀ ਪਾਇਆ ਜਾ ਸਕਦਾ ਹੈ ਜਿਥੇ ਸੁੱਚ ਹੋਵੇ ਭਾਵ ਮਨ ਦੀ ਸੁਧੀ ਦੇ ਨਾਲ ਨਾਲ ਤਨ ਦੀ ਸੁੱਧੀ ਵੀ ਜਰੂਰੀ ਹੈ। ਜਿਵੇ,
‘ਸੂਚ ਹੋਵੈ ਤਾਂ ਸੱਚੁ ਪਾਈਐ।’
  ਅਤੇ
‘ਸੂਚੇ ਏਹਿ ਨ ਆਖੀਅਹਿ ਬਹਿਨ ਜਿ ਪਿੰਡਾ ਧੋਇ।।
ਸੂਚੇ ਸੇਈ ਨਾਨਕਾ ਜਿਨੁ ਮਨਿ ਵਸਿਆ ਸੋਇ॥’
      ਭਾਵ ਮਨ ਦੀ ਸੁਧੀ ਤਨ ਦੀ ਸੁਧੀ ਨਾਲੋ ਅਤਿ ਜਰੂਰੀ ਹੈ। ਸੱਚ ਦਾ ਹਮੇਸ਼ਾ ਬੋਲਬਾਲਾ ਰਹਿੰਦਾ ਹੈ ਜਿਸ ਨੂੰ ਆਂਚ ਨਹੀਂ ਆਉਂਦੀ ਜਿਵੇਂ,
‘ਕੂੜ ਨਿਖੁਟੇ ਨਾਨਕਾ ਓੜਕ ਸਚੁ ਰਹੀ।।’
ਅਤੇ
‘ਨਾਨਕੁ ਵਖਾਣੈ ਬੇਨਤੀ ਜਿਨੁ ਸਚੁ ਪਲੈ ਹੋਇ।।’
ਉਸ ਸਮੇਂ ਦੀ ਰਾਜਨਿਤੀ ਦਾ ਵਰਨਣ ਆਪਣੀਆਂ ਕਾਵਿ ਸਤੱਰਾਂ ਵਿਚ ਇੰਝ ਕਰਦੇ ਹਨ,
‘ਰਾਜੇ ਸ਼ੀਂਹ ਮੁਕਦੱਮ ਕੁੱਤੇ
ਜਾਇ ਜਗਾਇਨ ਬੈਠੇ ਸੁੱਤੇ।।’
      ਸਮਾਜ ਵਿਚ ਹੋ ਰਹੀ ਲੁੱਟ ਖੋਹ ਅਤੇ ਹੱਕਾਂ ਤੇ ਪੈ ਰਹੇ ਡਾਕੇ ਅਤੇ ਸ਼ਰਮ ਹਯਾ, ਇਜੱਤ ਖ਼ਤਮ ਹੋ ਚੁੱਕੀ ਸੀ ਉਸ ਸਥਿਤੀ ਦੇ ਹਵਾਲੇ ਨਾਲ ਗੁਰੂ ਜੀ ਨੇ ਉਚਾਰਣ ਕੀਤਾ ਹੈ,
‘ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ।।’
==
‘ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ।।’
ਅਤੇ
‘ਸਰਮ ਧਰਮ ਦੋਇ ਛਪ ਖਲੋਏ॥ ਕੂੜ ਫਿਰੈ ਪ੍ਰਧਾਨ ਵੇ ਲਾਲੋ।।’
      ਸਮਾਜ ਵਿਚ ਇਸਤ੍ਰੀ ਦੀ ਹੋ ਰਹੀ ਦੁਰਗਤੀ ਅਤੇ ਅਤਿਆਚਾਰ ਨੂੰ ਵੇਖਦਿਆਂ ਗੁਰੂ ਜੀ ਨੇ ਦਸਿਆ ਕਿ ਇਸਤ੍ਰੀ ਜਾਤ ਦੀ ਕੋਈ ਕਦਰ ਨਹੀਂ ਸੀ ਅਤੇ ਉਸ ਨੂੰ ਦਬਾਅ ਕੇ ਰਖਿਆ ਜਾਂਦਾ ਸੀ। ਇਸਤ੍ਰੀਆਂ ਦੀ ਕੋਈ ਸੁਣਵਾਈ ਨਹੀਂ ਸੀ ਅਤੇ ਉਹਨਾ ਦੀ ਇਜੱਤ ਪੈਰਾਂ ਵਿਚ ਰੋਲੀ ਜਾ ਰਹੀ ਸੀ। ਰਾਜੇ ਮਹਾਰਾਜੇ ਉਸ ਨੂੰ ਆਪਣੇ ਦਰਬਾਰ ਵਿਚ ਨਚਾਉਦੇ ਅਤੇ ਉਸਨੂੰ ਬੇ ਆਬਰੂ ਕਰਦੇ ਸਨ ਹਾਲਾਂ ਕਿ ਹਰ ਕਿਸੇ ਦੀ ਜਨਮਦਾਤੀ ਔਰਤ ਹੀ ਹੈ। ਸਭ ਮਨੁੱਖ ਉਸ ਦੀ ਕੁੱਖ ਤੋਂ ਜਨਮ ਲੈਂਦੇ ਹਨ। ਇਸਤ੍ਰੀ ਨੂੰ ‘ਭੰਡਿ’ ਦਾ ਚਿੰਨ ਦੇ ਕੇ ਆਪਣੀ ਰਚਨਾ ਵਿਚ ਇਸ ਤਰ੍ਹਾਂ ਬਿਆਨ ਕੀਤਾ ਹੈ,
‘ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ।।
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।’
      ਆਪ ਦਾ ਉਦੇਸ਼ ਇਹ ਵੀ ਰਿਹਾ ਹੈ ਕਿ ਦੁਨੀਆਂ ਨੂੰ ਦਸਿਆ ਜਾਵੇ ਕਿ ਕਿਰਤ ਕਰਨੀ ਅਤੇ ਦਾਨ ਦੇਣਾ ਵੀ ਉਤੱਮ ਹੈ। ਪ੍ਰਮਾਤਮਾ ਉਹਨਾਂ ਦੀ ਮਦਦ ਕਰਦਾ ਹੈ ਜੋ ਦੂਜਿਆਂ ਦੀ ਮਦਦ ਕਰਦੇ ਹਨ ਅਤੇ ਇਸ ਦੇ ਨਾਲ ਹੀ ਨਾਮ ਜਪਣਾ ਵੀ ਜਰੂਰੀ ਹੈ। ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦਾ ਉਪਦੇਸ ਹਰ ਥਾਂ ਦਿਤਾ ਗਿਆ।
‘ਘਾਲਿ ਖਾਇ ਕਿਛੁ ਹਥਹੁ ਦੇਇ
ਨਾਨਕ ਰਾਹੁ ਪਛਾਣੈ ਸੇਇ।।’
      ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਮਨੁੱਖ ਦਾ ਦੁਸ਼ਮਣ ਹੈ। ਜਿਹੜਾ ਮਨੁੱਖ ਇਹਨਾ ਕੁਰੀਤੀਆਂ ਨੂੰ ਖ਼ਤਮ ਕਰ ਲੈਂਦਾ ਹੈ ਉਹ ਸਰਵ ਸ੍ਰੇਸ਼ਠ ਹੁੰਦਾ ਹੈ। ਸਿੰਮਲ ਦਾ ਰੁੱਖ ਕਿੰਨਾ ਉੱਚਾ ਅਤੇ ਸੋਹਣਾ ਹੁੰਦਾ ਹੈ ਪਰ ਉਸ ਦੇ ਨਾ ਤਾਂ ਫ਼ਲ ਸਵਾਦ ਹੁੰਦੇ ਹਨ ਅਤੇ ਨਾ ਹੀ ਫ਼ੁੱਲ ਅਤੇ ਨਾ ਹੀ ਉਸ ਦੇ ਪਤੇ ਕਿਸੇ ਕੰਮ ਆਉਂਦੇ ਹਨ। ਮਨੁੱਖ ਨੂੰ ਨਿਵ ਕੇ ਚਲਣਾ ਚਾਹੀਦਾ ਹੈ। ਗੁਰਬਾਣੀ ਵਿਚ ਉਲੇਖ ਕੀਤਾ ਹੈ,
‘ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ॥
ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ।।
ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ॥
ਮਿਠੁਤ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।।’
ਅਤੇ
‘ਨਿਵੈ ਸੁ ਗਉਰਾ ਹੋਇ।।’
ਅਤੇ
‘ਨਾਨਕ ਨੀਵਾਂ ਜੋ ਚਲੈ ਲਾਗੈ ਨਾ ਤਾਤੀ ਵਾਓ।।’
      ਗੁਰੂ ਜੀ ਦੇ ਸਮੇਂ ਜਨੇਊ ਪਾਉਣ ਦਾ ਰਿਵਾਜ਼ ਬਹੁਤ ਪ੍ਰਚਲਤ ਸੀ ਪਰ ਗੁਰੂ ਜੀ ਅਜਿਹੀਆਂ ਕੁਰੀਤੀਆਂ ਦੇ ਖ਼ਿਲਾਫ਼ ਸਨ । ਉਹਨਾਂ ਅਨੁਸਾਰ ਦਿਆ, ਸੰਤੋਖ਼ ਸਭ ਤੋ ਵੱਡੇ ਜਨੇਊ ਹਨ ਇਹ ਧਾਰਨ ਨਾਲ ਮਨੁੱਖ ਵਿਚ ਪ੍ਰਮਾਤਮਾਂ ਨੂੰ ਪਾਇਆ ਜਾ ਸਕਦਾ ਹੈ। ਇਸ ਲਈ ਇਕ ਪੰਡਤ ਨੂੰ ਜਦੋ ਜਨੇਊ ਪਾਉਣ ਦੀ ਗਲ ਕਰਦਾ ਹੈ ਤਾਂ ਉਹ ਫ਼ੁਰਮਾਉਦੇ ਹਨ,
‘ਦਇਆ ਕਪਾਹ ਸੰਤੋਖ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ।।
ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥’
      ਲੋਕਾਂ ਵਿਚ ਫ਼ੈਲੇ ਅੰਧਵਿਸ਼ਵਾਸ਼ ਅਤੇ ਵਹਿਮ ਭਰਮਾਂ ਨੂੰ ਦੂਰ ਕਰਨ ਲਈ ਗੁਰੂ ਸਾਹਿਬ ਨੇ ਕਈ ਮਿਸਾਲਾਂ ਦਿਤੀਆਂ ਅਤੇ ਦਸਿਆ ਕਿ ਜਿਸ ਨੂੰ ਅਸੀ ‘ਸੂਤਕ’ ਮੰਨਦੇ ਹਾਂ, ਉਹ ਤਾਂ ਸਭ ਵਸਤਾਂ ਵਿਚ ਹੁੰਦਾ ਹੈ। ਉਹਨਾ ਕਿਹਾ ਕਿ,
‘ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕ ਹੋਇ॥
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ।।
ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥
      ਉਹਨਾਂ ਇਹ ਵੀ ਦਸਿਆ ਕਿ ਪ੍ਰਮਾਤਮਾ ਨੂੰ ਪਾਉਣ ਲਈ ਜੰਗਲਾਂ ਵਿਚ ਘੁੰਮਣ, ਘਰ ਪਰਿਵਾਰ ਦਾ ਤਿਆਗ ਕਰਨਾ ਜਾਂ ਮੂੰਹ ਉਤੇ ਸਵਾਹ ਆਦਿ ਲਾਉਣ ਵਰਗੇ ਪਾਖੰਡ ਕਰਨ ਦੀ ਕੋਈ ਲੋੜ ਨਹੀਂ ਹੈ। ਪ੍ਰਮਾਤਮਾ ਸਰਬ ਵਿਆਪੀ ਹੈ ਅਤੇ ਹਰ ਥਾਂ ਵਾਸ ਕਰਦਾ ਹੈ ਅਤੇ ਸਾਡੇ ਕੋਲ ਹੀ ਹੈ। ਸਾਫ਼ ਮਨ ਨਾਲ ਇਕਾਗਰ ਹੋ ਕੇ ਯਾਦ ਕਰੋ ਤਾਂ ਉਹ ਹਾਜਰ ਹੁੰਦਾ ਹੈ।
‘ਇਕ ਕੰਦ ਮੂਲ ਚੁਣ ਖਾਇ ਵਣੁ ਮਹਿ ਵਾਸਾ।।
ਇਕ ਭਗਵਾ ਵੇਸੁ ਕਰ ਫਿਰੇ ਜੋਗੀ ਸਨਿਆਸਾ।।
ਅੰਦਰ ਤ੍ਰਿਸ਼ਣਾ ਬਹੁ ਛਾਦਨੁ ਭੋਜਨ ਕੀ ਆਸਾ।।
ਬ੍ਰਿਥਾ ਜਨਮ ਗਵਾਇ ਨਾ ਗ੍ਰਹਿ ਨਾ ਉਦਾਸਾ।।
ਜਮੁ ਕਾਲ ਸਿਰੁ ਲਾ ਊਤਰਿ ਤ੍ਰਿਵੇਧ ਮਨਸਾ।।
ਗੁਰਮੁਤਿ ਕਾਲ ਨਾ ਆਵੈ ਨੇੜੇ ਜਾ ਦਾਸਨ ਦਾਸਾ।।
ਸਚਾ ਸ਼ਬਦੁ ਸਚੁ ਮਨ ਘਰ ਹੀ ਮਾਹਿ ਉਦਾਸਾ।।
ਨਾਨਕ ਸਤਿਗੁਰੂ ਸੇਵੇ ਆਪੁਣਾ ਸੇ ਆਸਾ ਤੇ ਨਿਰਾਸਾ।।’
ਅਤੇ
ਵਾਇਨਿ ਚਲੇ ਨਚਨਿ ਗੁਰ।।
ਪੈਰ ਹਿਲਾਇਨਿ ਫੇਰਨਿ ਸਿਰ।।
‘ਉਡਿ ਉਡਿ ਰਾਵਾ ਝਾਟੈ ਪਾਇ।।
ਵੇਖੈ ਲੋਕੁ ਹਸੈ ਘਰਿ ਜਾਇ।।
ਰੋਟੀਆ ਕਾਰਣਿ ਪੂਰਹਿ ਤਾਲ॥
ਆਪੁ ਪਛਾੜਹਿ ਧਰਤੀ ਨਾਲਿ।।
      ਗੁਰੂ ਤੋਂ ਬਿਨਾਂ ਕਿਸੇ ਦੀ ਗੱਤ ਨਹੀਂ ਹੁੰਦੀ। ਇਸ ਬਾਰੇ ਗੁਰੂ ਜੀ ਨੇ ਆਪਣੀ ਰਚਨਾ ਵਿਚ ਦਰਜ ਕੀਤਾ ਹੈ ਕਿ
‘ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ।।
ਏਤੇ ਚਾਨਣੁ ਹੋਦਆਂ ਗੁਰਬਿਨੁ ਘੋਰ ਅੰਧਾਰ॥’
      ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਦਸਿਆ ਹੈ ਕਿ ਕਈ ਆਕਾਸ਼ ਪਤਾਲ ਹਨ ਇਹ ਨਹੀਂ ਕਿਹਾ ਜਾ ਸਕਦਾ ਕਿ ਇਕ ਧਰਤੀ ਜਾਂ ਆਸਮਾਨ ਹੈ। ਗੁਰੂ ਜੀ ਵਰਨਣ ਕਰਦੇ ਹਨ
‘ਪਾਤਾਲਾ ਪਾਤਾਲ ਲਖ ਅਗਾਸਾ ਆਗਾਸ ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ॥
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸ॥ੁ
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ।।
      ਗੁਰੂ ਨਾਨਕ ਦੇਵ ਜੀ ਨੇ ਸੰਸਾਰ ਵਿਚ ਉਦਾਸੀਆਂ ਵੀ ਕੀਤੀਆਂ ਅਤੇ ਆਪਣੀਆਂ ਉਦਾਸੀਆਂ ਦੌਰਾਨ ਉਹਨਾਂ ਨੇ ਕਈ ਸਾਧੂ ਸੰਤਾਂ ਨੂੰ ਸਿੱਧੇ ਰਾਹ ਪਾਇਆ। ਇਕ ਸਿਧ ਗੋਸ਼ਟੀ ਵਿਚ ਉਚਾਰਨ ਕਰਦੇ ਹਨ,
‘ਗੁਰਮੁਖਿ ਮਨ ਜੀਤਾ ਹਾਉਮੈ ਮਾਰ।।
ਗੁਰਮੁਖਿ ਸਾਚ ਰਖਿਆ ਉਰਧਾਰ।।
ਗੁਰਮੁਖਿ ਜਗ ਜੀਤਾ ਜਮਕਾਲ ਬਿਧਾਰ।।
ਗੁਰਮੁਖਿ ਦਰਗਹਿ ਨਾ ਆਵੈ ਹਾਰ॥
ਗੁਰਮੁਖਿ ਮੇਲ ਮਿਲਾਇ ਸੋ ਜਾਗੈ॥
ਨਾਨਕ ਗੁਰਮੁਖਿ ਸਬਦੁ ਪਛਾਣੈ।।’
ਅਤੇ
‘ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥
ਸਚੇ ਤੇਰੇ ਲੋਅ ਸਚੇ ਆਕਾਰ॥
ਸਚੇ ਤੇਰੇ ਕਰਣੇ ਸਰਬ ਬੀਚਾਰ॥
ਸਚਾ ਤੇਰਾ ਅਮਰੁ ਸਚਾ ਦੀਬਾਣੁ॥
ਸਚਾ ਤੇਰਾ ਹੁਕਮੁ ਸਚਾ ਫੁਰਮਾਣੁ॥
ਸਚਾ ਤੇਰਾ ਕਰਮੁ ਸਚਾ ਨਿਸਾਣੁ॥
ਸਚੇ ਤੁਧੁ ਆਖਹਿ ਲਖ ਕਰੋੜਿ॥
ਸਚੈ ਸਭਿ ਤਾਣਿ ਸਚੈ ਸਭਿ ਜੋਰਿ॥
ਸਚੀ ਤੇਰੀ ਸਿਫਤਿ ਸਚੀ ਸਾਲਾਹ॥
ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ॥
ਨਾਨਕ ਸਚੁ ਧਿਆਇਨਿ ਸਚੁ॥
ਜੋ ਮਰਿ ਜੰਮੇ ਸੁ ਕਚੁ ਨਿਕਚੁ॥’
      ਸਰਬੱਤ ਦਾ ਭਲਾ ਮੰਗਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਮਾਤਮਾ ਦੇ ਨਾਮ ਦੀ ਖ਼ੁਮਾਰੀ ਵਿਚ ਰਹਿੰਦੇ ਸਨ ਜੋ ਦਿਨ ਰਾਤ ਚੜੀ ਰਹਿੰਦੀ ਸੀ । ਪ੍ਰਮਾਤਮਾ ਦੀ ਭਗਤੀ ਨੇ ਮਨੁੱਖ ਨੂੰ ਪਾਰ ਲੰਘਾਉਂਣਾ ਹੈ। ਉਹ ਹਮੇਸਾਂ ਸਭ ਦਾ ਭਲਾ ਮੰਗਦੇ ਸਨ । ਇਸ ਲਈ ਉਹ ਕਹਿੰਦੇ ਹਨ,
‘ਨਾਨਕ ਨਾਮ ਜਹਾਜ ਹੈ ਚੜਿ ਸੋ ਉਤਰੈ ਪਾਰ।।’
==
‘ਨਾਮ ਖ਼ੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ।ਲੂ।ਲੂਲੂ ’
==
‘ਨਾਨਕ ਨਾਮ ਚੜ੍ਹਦੀ ਕਲਾ ॥ ਤੇਰੇ ਭਾਣੈ ਸਰਬੱਤ ਦਾ ਭਲਾ॥’
==
‘ਜੀਅ ਜੰਤ ਸਭਿ ਸਰਣਿ ਤੁਮਾਰੀ ਸਰਬ ਚਿੰਤ ਤੁਧੁ ਪਾਸੇ॥
ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ।।’
      ਇਸ ਤਰ੍ਰਾਂ ਗੁਰੂ ਨਾਨਕ ਦੇਵ ਜੀ ਇਸ ਕਵੀ ਦੇ ਤੌਰ ਤੇ ਵੀ ਸਾਡੇ ਸਾਹਮਣੇ ਆਉਂਦੇ ਹਨ। ਉਹਨਾ ਦੀਆਂ ਕਾਵਿ ਰਚਨਾਵਾਂ ਗੁਰਬਾਣੀ ਵਿਚ ਅੰਕਤ ਹਨ ਜਿਵੇਂ ਜਪੁਜੀ ਸਾਹਿਬ, ਆਸਾ ਦੀ ਵਾਰ, ਅਨੰਦ ਸਾਹਿਬ, ਬਾਰਾਂ ਮਾਹ, ਸਿਧ ਗੋਸ਼ਟ ਆਦਿ। ਭਾਵੇਂ ਉਸ ਸਮੇ ਮੁਗਲ ਰਾਜ ਹੋਣ ਕਰਕੇ ਜਿਆਦਾਤਰ ਅਰਬੀ, ਫ਼ਾਰਸੀ, ਉਰਦੂ ਅਤੇ ਸੰਸਕ੍ਰਿਤ ਭਾਸ਼ਾਵਾਂ ਹੀ ਪਰਚਲਤ ਸਨ ਪਰ ਫ਼ਿਰ ਵੀ ਗੁਰੂ ਸਾਹਿਬ ਨੇ ਪੰਜਾਬੀ ਭਾਸ਼ਾ ਦੀ ਉਤਪਤੀ ਅਤੇ ਵਿਕਾਸ ਲਈ ਕਾਰਜ ਕੀਤੇ । ਉਸ ਸਮੇਂ ਸਾਹਿਤ ਦੀ ਬਹੁਤੀ ਲੋਕਾਂ ਨੂੰ ਸਮਝ ਨਹੀਂ ਸੀ ਅਤੇ ਨਾ ਹੀ ਪੰਜਾਬੀ ਸਾਹਿਤ ਸਥਾਪਤ ਸੀ ਪਰ ਉਸ ਸਮੇਂ ਕਹੀਆਂ ਜਾਂਦੀਆਂ ਗੱਲਾਂ ਵੀ ਕਾਵਿ ਟੋਟੇ ਬਣ ਜਾਇਆ ਕਰਦੀਆਂ ਸਨ ਜਿਨ੍ਹਾਂ ਦਾ ਵਿਕਾਸ ਬਾਅਦ ਵਿਚ ਕਈ ਰੂਪਾਂ ਵਿਚ ਹੋਇਆ ਹੈ। ਇਸ ਉਪਰੰਤ ਹੀ ਕਿਸਾ ਕਾਵਿ ਆਦਿ ਦੀ ਸੁਰੂਆਤ ਹੋਈ ਮੰਨੀ ਜਾਂਦੀ ਹੈ। ਇਸ ਤਰ੍ਹਾਂ ਅਸੀ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਜਿਥੇ ਪ੍ਰਭੂ ਭਗਤੀ ਵਿਚ ਰੰਗੇ ਹੋਏ ਸਨ ਉਥੇ ਉਹ ਇਕ ਉਚ ਕੋਟੀ ਦੇ ਕਵੀ ਵੀ ਸਨ।
ਤੇਜਿੰਦਰ ਚੰਡਿਹੋਕ, ਐਮ ਏ,
ਰਿਟਾ: ਸਹਾਇਕ ਸੁਪਰਡੰਟ ਜੇਲ੍ਹ।
095-010-00224

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਧੁੰਦ-ਧੁੰਦ ਦੀ ਲਪੇਟ ‘ਚ ਦਿੱਲੀ-NCR, 10 ਉਡਾਣਾਂ ਦਾ ਰੁਖ ਕਈ ਖੇਤਰਾਂ ਵਿੱਚ AQI 500 ਦੇ ਨੇੜੇ ਹੈ
Next articleजिलाधिकारी आजमगढ़ से राहुल के विद्यालय को बचाने के लिए राहुल सांकृत्यायन संवर्धन अभियान ने की मुलाकात