ਗੁਰੂ ਗੋਬਿੰਦ ਸਿੰਘ ਜੀ 22 ਪੋਹ 1705 ਨੂੰ ਪਹੁੰਚੇ ਸਨ ਪਿੰਡ ਦੀਨਾ ਸਾਹਿਬ ।

22 ਪੋਹ ਲਈ ਵਿਸ਼ੇਸ਼ 
ਅਮਰਜੀਤ ਸਿੰਘ ਫ਼ੌਜੀ
(ਸਮਾਜ ਵੀਕਲੀ) ਪਿੰਡ ਦੀਨਾ ਸਾਹਿਬ (ਜ਼ਿਲ੍ਹਾ ਮੋਗਾ) ਜੋ ਕਿ ਇਤਿਹਾਸ ਵਿੱਚ ਦੀਨਾ ਕਾਂਗੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਮੋਗੇ ਤੋਂ ਪੰਤਾਲੀ ਕਿਲੋਮੀਟਰ ਤਹਿਸੀਲ ਨਿਹਾਲ ਸਿੰਘ ਵਾਲਾ ਵਿੱਚ ਪੈਂਦਾ ਹੈ  ਇਸ ਪਿੰਡ ਵਿੱਚ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 22 ਪੋਹ 1705 ਨੂੰ ਪਹੁੰਚੇ ਸਨ ਤੇ ਤਿੰਨ ਮਹੀਨੇ ਤੇਰਾਂ ਦਿਨ ਨਿਵਾਸ ਕੀਤਾ। ਇਸ ਥਾਂ ਤੇ ਗੁਰਦੁਆਰਾ ਜ਼ਫ਼ਰਨਾਮਾ ਲੋਹਗੜ੍ਹ ਸਾਹਿਬ  ਬਣਿਆ ਹੋਇਆ ਹੈ ਅਤੇ ਗੁਰਦੁਆਰਾ ਸਾਹਿਬ ਦੇ ਨਾਮ ਕਾਫੀ ਜ਼ਮੀਨ ਵੀ ਜੋ ਤਕਰੀਬਨ ਡੇਢ਼ ਸੌ ਏਕੜ ਤੋਂ ਵੀ ਜ਼ਿਆਦਾ ਹੈ। ਇਤਿਹਾਸ ਮੁਤਾਬਿਕ ਪਿੰਡ ਵਿੱਚ ਜਿਸ ਸਥਾਨ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਉਸ ਥਾਂ ਤੇ ਭਾਈ ਦੇਸੂ ਤਰਖਾਣ ਰਹਿੰਦਾ ਸੀ ਜਿਸ ਦੇ ਮਨ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਿਲਣ ਦੀ ਹਮੇਸ਼ਾ ਤਾਂਘ ਰਹਿੰਦੀ ਸੀ।
ਇੱਕ ਵਾਰ ਭਾਈ ਦੇਸੂ ਜੀ ਨੇ ਘਰ ਵਰਤੋਂ ਲਈ ਇੱਕ ਪਲੰਘ ਤਿਆਰ ਕੀਤਾ ਜੋ ਕਿ ਬਹੁਤ ਹੀ ਸੁੰਦਰ ਬਣਿਆ ਸੀ ਜਦੋਂ
ਪਲੰਘ ਬਣ ਕੇ ਤਿਆਰ ਹੋ ਗਿਆ ਤਾਂ ਭਾਈ ਦੇਸੂ ਜੀ ਨੇ ਅਪਣੇ ਘਰ ਦੇ ਕੱਚੇ ਚੁਬਾਰੇ ਵਿੱਚ ਪਲੰਘ ਡਾਹ ਕੇ ਵਿਛੌਣਾ ਕੀਤਾ ਤਾਂ ਉਸ ਨੇ ਉਸ ਉਪਰ ਬੈਠਣਾ ਜਾਂ ਸੌਣਾ ਚੰਗਾ ਨਹੀਂ ਸਮਝਿਆ ਅਤੇ ਪਲੰਘ ਤੇ ਬੈਠਣ ਅਤੇ ਵਿਸ਼ਰਾਮ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਉਡੀਕ ਕਰਨ ਲੱਗਾ ਕਿ ਗੁਰੂ ਸਾਹਿਬ ਹੀ ਆ ਕੇ ਇਸ ਪਲੰਘ ਉੱਤੇ ਵਿਸ਼ਰਾਮ ਕਰਨ।
ਓਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖਾਲਸਾ ਪੰਥ ਦੀ ਸਾਜਨਾ ਕਰਨ ਉਪਰੰਤ ਅਨੰਦਪੁਰ ਛੱਡਣ ਤੋਂ ਬਾਅਦ ਚਮਕੌਰ ਦੀ ਜੰਗ ਜਿੱਤਣ ਉਪਰੰਤ ਮਾਛੀਵਾੜਾ, ਆਲਮਗੀਰ, ਰਾਏਕੋਟ, ਲੰਮੇ ਜੱਟਪੁਰਾ, ਤਖਤੂਪੁਰਾ ਹੁੰਦੇ ਹੋਏ ਪਿੰਡ ਮਧੇ ਕੇ ਪਹੁੰਚੇ ਉਸ ਸਮੇਂ ਗੁਰੂ ਸਾਹਿਬ ਜੀ ਦੇ ਪੈਰ ਦੇ ਅੰਗੂਠੇ ਤੇ ਪਾਕਾ  ਨਿਕਲਿਆ ਹੋਇਆ ਸੀ ਇਸ ਲਈ ਗੁਰੂ ਸਾਹਿਬ ਜੀ ਨੇ ਇਥੇ ਨਿਵਾਸ ਰੱਖ ਕੇ ਦਵਾਈ ਬੂਟੀ  ਵੀ ਕੀਤੀ ਅਤੇ ਉਥੇ ਵੀ ਗੁਰਦੁਆਰਾ ਪਾਕਾ ਸਹਿਬ ਬਣਿਆ ਹੋਇਆ ਹੈ।
ਜਦੋਂ ਇਸ ਗੱਲ ਦਾ ਪਤਾ ਦੀਨੇ ਪਿੰਡ ਦੀਆਂ ਸੰਗਤਾਂ ਨੂੰ ਲੱਗਾ ਕਿ ਗੁਰੂ ਸਾਹਿਬ ਮਧੇ ਕੇ ਪਿੰਡ ਆਏ ਹੋਏ ਹਨ ਜੋ ਕਿ ਪਿੰਡ ਦੀਨਾ ਸਾਹਿਬ ਤੋਂ ਤਕਰੀਬਨ ਸੱਤ ਅੱਠ ਕਿਲੋਮੀਟਰ ਦੂਰ ਹੈ ਤਾਂ ਗੁਰੂ ਸਾਹਿਬ ਦੇ ਅੰਨਿਨ ਸੇਵਕ ਰਾਏ ਜੋਧ ਦੇ ਪੋਤਰੇ ਭਾਈ ਲਖਮੀਰ, ਭਾਈ ਸ਼ਮੀਰ, ਭਾਈ ਤਖ਼ਤ ਮੱਲ, ਅਤੇ ਪਿੰਡ ਦੀਆਂ ਹੋਰ ਸੰਗਤਾਂ ਨੇ ਪਿੰਡ ਮਧੇ ਕੇ ਜਾ ਕੇ ਗੁਰੂ ਸਾਹਿਬ ਜੀ ਨੂੰ ਦੀਨੇ ਪਿੰਡ ਆਉਣ ਲਈ ਬੇਨਤੀ ਕੀਤੀ ਅਤੇ ਬੇਨਤੀ ਪ੍ਰਵਾਨ ਹੋਣ ਤੇ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਗੁਰੂ ਸਾਹਿਬ ਜੀ ਨੂੰ ਬਾਈ ਪੋਹ (22 ਪੋਹ) ਸਤਾਰਾਂ ਸੌ ਪੰਜ ਵਾਲੇ ਦਿਨ ਪਿੰਡ ਦੀਨਾ ਸਾਹਿਬ ਲੈ ਕੇ ਆਏ ਜਦੋਂ ਪਿੰਡ ਦੀਨੇ ਪਹੁੰਚੇ ਤਾਂ ਭਾਈ ਲਖਮੀਰ ਸ਼ਮੀਰ ਨੇ ਗੁਰੂ ਸਾਹਿਬ ਨੂੰ ਅਪਣੇ ਘਰ ਠਹਿਰਣ ਲਈ ਬੇਨਤੀ ਕੀਤੀ ਪਰ ਗੁਰੂ ਸਾਹਿਬ ਜੀ ਨੇ ਅਪਣੇ ਸੇਵਕ ਭਾਈ ਦੇਸੂ ਜੀ ਦੀ ਭਾਵਨਾ ਨੂੰ ਸਮਝਦੇ ਹੋਏ ਉਨ੍ਹਾਂ ਦੇ ਘਰ ਠਹਿਰਣ ਦੀ ਇੱਛਾ ਜਤਾਈ”ਅਤੇ ਸੰਗਤਾਂ ਸਮੇਤ ਭਾਈ ਦੇਸੂ ਜੀ ਦੇ ਘਰ ਪਹੁੰਚੇ, ਜਿਥੇ ਭਾਈ ਦੇਸੂ ਜੀ ਨੇ ਕੱਚੇ ਚੁਬਾਰੇ ਵਿੱਚ ਓਸੇ ਪਲੰਘ ਤੇ ਗੁਰੂ ਸਾਹਿਬ ਜੀ ਨੂੰ ਵਿਸ਼ਰਾਮ ਕਰਵਾਇਆ।
ਗੁਰੂ ਸਾਹਿਬ ਸਿੰਘ ਜੀ ਨੇ ਇਥੇ ਲੰਮਾ ਸਮਾਂ ਤਕਰੀਬਨ ਤਿੰਨ ਮਹੀਨੇ ਤੇਰਾਂ ਦਿਨ ਨਿਵਾਸ ਰੱਖ ਕੇ ਸਿੱਖ ਪੰਥ ਨੂੰ ਦੁਬਾਰਾ ਜਥੇਬੰਦ ਕੀਤਾ, ਅੰਮ੍ਰਿਤ ਛਕਾਇਆ, ਯੁੱਧ ਅਭਿਆਸ ਕਰਵਾਇਆ ਅਤੇ ਏਸੇ ਅਸਥਾਨ ਤੇ ਹੀ ਫਤਿਹ ਦੀ ਚਿੱਠੀ (ਜ਼ਫ਼ਰਨਾਮਾ) ਲਿਖ ਕੇ ਔਰੰਗਜ਼ੇਬ ਨੂੰ ਭੇਜਿਆ ਜਿਸ ਵਿੱਚ ਔਰੰਗਜ਼ੇਬ ਦੀਆਂ ਕਾਲੀਆਂ ਕਰਤੂਤਾਂ ਦਾ ਖੁਲ੍ਹ ਕੇ ਵਰਨਣ ਕੀਤਾ ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਸ਼ਰਮਸਾਰ ਹੋਇਆ ਅਤੇ ਏਸੇ ਪਛਤਾਵੇ ਕਾਰਨ ਹੀ ਉਸ ਦੀ ਮੌਤ ਹੋ ਗਈ।ਇਸ ਅਸਥਾਨ ਨੂੰ ਲੋਹਗੜ੍ਹ ਦਾ ਖਿਤਾਬ ਦਿੱਤਾ ਅਤੇ ਸਮੁੱਚੇ ਮਾਲਵੇ ਨੂੰ ਅਨੇਕਾਂ ਵਰਦਾਨ ਦਿੱਤੇ।
ਹੁਣ ਵੀ ਪਿੰਡ ਦੀਨਾ ਸਾਹਿਬ ਅਤੇ ਇਲਾਕੇ ਦੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਸ ਪਿੰਡ ਵਿੱਚ ਆਉਣ ਦੀ ਯਾਦ ਨੂੰ ਮਨਾਉਂਦੀਆਂ ਹੋਈਆਂ ਹਰ ਸਾਲ ਬਾਈ ਪੋਹ ਦੇ ਦਿਨ ਪਿੰਡ ਮਧੇ ਕੇ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਗਰ ਕੀਰਤਨ ਦੇ ਰੂਪ ਵਿੱਚ ਪਿੰਡ ਦੀਨਾ ਸਾਹਿਬ ਲੈ ਕੇ ਆਉਂਦੀਆਂ ਹਨ ਅਤੇ ਵਡਭਾਗੀ ਬਣਦੀਆਂ ਹਨ,ਇਸ ਦਿਨ ਰਾਗੀ ਢਾਡੀ, ਕਵੀਸ਼ਰ ਅਤੇ ਪ੍ਰਚਾਰਕ ਗੁਰ ਇਤਿਹਾਸ ਨਾਲ਼ ਜੋੜਦੇ ਹਨ ਅਤੇ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਇਥੇ ਆਉਣ ਲਈ ਸ਼ੁਕਰਾਨਾ ਕਰਦੇ ਹਨ। ਰਸਤੇ ਵਿੱਚ ਸ਼ਰਧਾ ਵਾਨ ਲੋਕਾਂ ਵਲੋਂ ਅਨੇਕਾਂ ਪ੍ਰਕਾਰ ਦੇ ਪਕਵਾਨ ਲੰਗਰ ਰੂਪ ਵਿੱਚ ਸੰਗਤਾਂ ਲਈ ਤਿਆਰ ਕੀਤੇ ਜਾਂਦੇ ਹਨ ਅਤੇ ਪਿਆਰ ਅਤੇ ਨਿਮਰਤਾ ਨਾਲ਼ ਛਕਾਏ ਜਾਂਦੇ ਹਨ। ਉਪਰੰਤ ਗੁਰੂ ਸਾਹਿਬ ਪਿੰਡ ਦੀਨਾ ਸਾਹਿਬ ਨੂੰ ਅਨੇਕਾਂ ਵਰ ਦੇ ਕੇ ਸੰਗਤਾਂ ਨੂੰ ਤਾਰਦੇ ਹੋਏ ਕੋਟਕਪੂਰੇ ਹੁੰਦੇ ਹੋਏ ਖਿਦਰਾਣੇ ਦੀ ਢਾਬ ਵੱਲ ਰਵਾਨਾ ਹੋ ਗਏ ।
ਇਸ ਲਈ 22 ਪੋਹ ਦਾ ਦਿਨ ਪਿੰਡ ਦੀਨਾ ਸਾਹਿਬ (ਜ਼ਿਲ੍ਹਾ ਮੋਗਾ) ਅਤੇ ਇਲਾਕੇ ਦੀਆਂ ਸੰਗਤਾਂ ਲਈ ਵਿਸ਼ੇਸ਼ ਅਸਥਾਨ ਰੱਖਦਾ ਹੈ।
ਇਸ ਸਮੇਂ ਮੈਨੇਜਰ ਰਾਜਪਾਲ ਸਿੰਘ ਜੀ ਦੀ ਦੇਖ ਰੇਖ ਹੇਠ ਅਤੇ ਮੁੱਖ ਗ੍ਰੰਥੀ ਭਾਈ ਪ੍ਰਦੀਪਕ ਸਿੰਘ ਤੇ ਭਾਈ ਕੁਲਵੰਤ ਸਿੰਘ ਘੰਡਾਬੰਨਾ ਦੀ ਅਗਵਾਈ ਵਿੱਚ ਵਧੀਆ ਸੇਵਾ ਸੰਭਾਲ ਚੱਲ ਰਹੀ ਹੈ।
ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ
ਜ਼ਿਲ੍ਹਾ ਮੋਗਾ ਪੰਜਾਬ
94174-04804
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੇਰਾ ਘੁਮਿਆਰਾ
Next articleਇਕ ਦਿਨ ਵਿੱਚ ਹੀ ਕਿਸਾਨਾਂ ਦੀਆਂ ਦੋ ਦੋ ਮਹਾਂ ਪੰਚਾਇਤਾਂ ਕਿਉਂ?