ਗੁਰੂ ਦੇ ਸਿੱਖਾਂ ਨੂੰ ਚਿੰਤਨ ਕਰਨ ਦੀ ਲੋੜ

ਬਲਜਿੰਦਰ ਸਿੰਘ " ਬਾਲੀ ਰੇਤਗੜੵ "
ਬਲਜਿੰਦਰ ਸਿੰਘ ” ਬਾਲੀ ਰੇਤਗੜੵ “
  (ਸਮਾਜ ਵੀਕਲੀ) ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਔਜੜ ਰਾਹਾਂ ਤੇ ਪੈ ਗਿਐ। ਗੁਰੂ ਸਾਹਿਬਾਨਾਂ ਦੀ ਦਿੱਤੀ ਸਿੱਖਿਆ ਨੂੰ ਵਿਸਾਰ ਰਿਹੈ। ਗੁਰੂ ਅਤੇ ਗੁਰਬਾਣੀ ਸਿਧਾਂਤਾ ਤੋਂ ਬਾਗ਼ੀ ਹੋ ਗਿਐ। “ਬਲਿਹਾਰ ਕੁਦਰਤ ਵਸਿਐ” ਨੂੰ ਤਿਲਾਂਜਲੀ ਦੇ ਕੇ ਕੁਦਰਤ ਦੇ ਉਲਟ ਵਹਿ ਰਿਹੈ। ਕੁਦਰਤ ਦਾ ਵਿਨਾਸ਼ ਕਰਨ ਲੱਗਿਐ। ਪਾਣੀ ਅਤੇ ਹਵਾ ਨੂੰ ਦੂਸ਼ਿਤ ਕਰਨ ਦੇ ਨਾਲ਼ ਨਾਲ਼ ਆਪਣੀ ਸੋਚ, ਆਪਣੇ ਵਿਚਾਰ ਆਪਣਾ ਕਿਰਦਾਰ ਵੀ ਦੂਸ਼ਿਤ ਕਰ ਰਿਹੈ। ਕੀ ਕਿਤੇ ਗੁਰੂ ਨਾਨਕ ਦਾ ਸਿੱਖ ਵੀ ਕਿਸੇ ਡੂੰਘੀ ਸਾਜ਼ਿਸ਼ ਦੁਆਰਾ ਨਿਗਲ਼ਿਆ ਜਾ ਰਿਹਾ।
           ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲ ਕਿਰਤ ਨੂੰ ਦਿੱਤੀ ਹੈ। ਕਿਰਤ ਨੂੰ ਸਨਮਾਨ ਖੁਦ ਕਿਰਤ ਕਰਕੇ ਦਿੱਤਾ। ਦੁਨੀਆ ਦੇ ਕੋਨੇ ਕੋਨੇ ਵਿੱਚ ਜਿਥੋਂ ਤੱਕ ਉਮਰ ਦੇ ਪੜਾਅ ਨਾਲ਼ ਸੰਭਵ ਹੋਇਆ, ਗੁਰੂ ਨਾਨਕ ਜੀ ਨੇ ਗਿਆਨ ਦਾ ਚਾਨਣ ਫੈਲਾਉਣ ਲਈ ਲਗਾਤਾਰ ਚਾਰੋਂ ਦਿਸ਼ਾਵਾਂ ਵਿੱਚ ਯਾਤਰਾਵਾਂ ਕੀਤੀਆਂ। ਇੰਨੀਆਂ ਯਾਤਰਾਵਾਂ ਕਰਨਾ ਇਕ ਆਮ ਮਨੁੱਖ ਦੇ ਵਸ ਦੀ ਗੱਲ ਨਹੀਂ। ਵੱਖ ਵੱਖ ਧਰਮਾਂ, ਨਸਲਾਂ ,ਬੋਲੀਆਂ, ਸੱਭਿਆਚਾਰ ਦੇ ਲੋਕਾਂ ਨਾਲ਼ ਵਿਚਰਣਾ ਕੋਈ ਸੌਖੀ ਗੱਲ ਨਹੀਂ। ਕਿਸੇ ਦੇ ਕਰਮ, ਧਰਮ ਅਤੇ ਕੁਰੀਤੀਆਂ ਨੂੰ ਚੈਲੰਜ ਕਰਨਾ ਖੁਦ ਮੌਤ ਨੂੰ ਸੱਦਾ ਦੇਣਾ ਸੀ। ਕਿਸੇ ਆਮ ਯਾਤਰੀ ਜਾਂ ਵਿਦਵਾਨ ਲਈ ਇਹ ਸਭ ਅਸੰਭਵ ਹੈ। ਧਰਮ ਦੀ ਕੱਟੜਤਾ ਬਹੁਤ ਜਾਵਣ , ਨਿਰਦਈ ਅਤੇ ਅੰਨੀ-ਭੋਲ਼ੀ ਹੁੰਦੀ ਹੈ। ਆਪਣੇ  ਇਲਾਕੇ ਤੋਂ ਬਾਹਰ ਜਾਹ ਕੇ, ਸੰਵਾਦ ਉਹਨਾਂ ਥਾਵਾਂ ਤੇ ਰਚਾਉਣਾ ਜਿੱਥੇ ਉਸ ਧਰਮ ਦੇ ਅਨੁਯਾਈਆਂ ਦੀ ਤੂਤੀ ਬੋਲਦੀ ਹੋਵੇ। ਰਾਜਨੀਤਿਕ ,ਤਾਨਾਸ਼ਾਹੀ ਹੁਕਮਰਾਨਾਂ ਨਾਲ਼ ਸੌਖਾ ਨਹੀਂ ਧਾਰਮਿਕ ਸੰਵਾਦ ਰਚਾਉਣਾ। ਜੁਲਮ ਤੇ ਲਾਹਨਤ ਪਾਉਣੀ।
      ਅੱਜ ਦਾ ਪੁਜਾਰੀ ਵਰਗ ਧਾਰਮਿਕ ਸਥਾਨਾਂ ਤੇ ਫਿਰ ਹਨੇਰ ਫੈਲਾ ਰਿਹੈ। ਭੇਖ਼ਧਾਰੀ ਹੋ ਕੇ ਸ਼ਰੇਆਮ ਲੁੱਟ ਰਿਹੈ। ਆਲੀਸ਼ਾਨ ਜਾਇਦਾਦਾਂ, ਕੋਠੀਆਂ, ਜ਼ਮੀਨਾਂ ਤੇ ਕਾਬਿਜ਼ ਹੋ ਰਿਹੈ। ਰੰਗ ਬਰੰਗੀਆਂ ਪੁਸ਼ਾਕਾਂ ਪਾ ਕੇ ਓਸ ਗੁਰੂ ਸਾਹਿਬਾਨਾਂ ਦਾ ਉਪਦੇਸ਼ ਹਰਮੋਨੀਅਮ ਦੀਆਂ ਆਪ ਬਣਾਈਆਂ ਤਰਜ਼ਾਂ, ਚਿਮਟਿਆਂ, ਢੋਲਕਾਂ,ਧਾਰਨਾ  ਦੇ ਸ਼ੋਰ ‘ਚ ਵੰਡ ਰਿਹੈ, ਜਿਹਨਾਂ ਗੁਰੂ ਸਾਹਿਬਾਨਾਂ ਨੇ ਸਾਦਗ਼ੀ ,ਸੇਵਾ ਅਤੇ ਸਿਮਰਨ ਵਿੱਚ ਆਪਣੇ ਜੀਵਨ ਬਤੀਤ ਕੀਤੇ। ਚਾਰੇ ਉਦਾਸੀਆਂ ਕਰਨ ਸਮੇਂ ਬਾਬੇ ਨਾਨਕ ਜੀ ਦੀਆਂ ਲੱਤਾਂ ਅਤੇ ਚਰਨਾਂ ਨੂੰ ਪਤਾ ਨਹੀਂ ਕਿੰਨੇ ਕੁ ਕੰਡਿਆਂ ਨੇ ਜ਼ਖ਼ਮੀ ਕੀਤਾ ਹੋਵੇਗਾ। ਬਸਤਰਾਂ ਨਾਲ਼ ਲੇਹੇ ਚਿੰਬੜੇ ਹੋਣਗੇ। ਦੱਭ ਦੀਆਂ ਸ਼ਾਲ਼ਾਂ ਨੇ ਪੈਰਾਂ ਨੂੰ ਵਿੰਨਿਆ ਹੋਵੇਗਾ। ਕੱਚਿਆਂ ਰਾਹਾਂ ਦੀ ਮਿੱਟੀ ਧੂੜ ਬਣ ਬਣ ਗਿੱਟਿਆਂ, ਪਿੰਝਣੀਆਂ,ਲੱਤਾਂ, ਅਤੇ ਚਿਹਰੇ ਨੂੰ ਗੱਚ ਕਰ ਰਹੀ ਹੋਵੇਗੀ। ਚੋਅ ਰਹੇ ਮੁੜੵਕੇ ਦੀਆਂ ਧਾਰਾਂ ਪਾਏ ਬਸਤਰਾਂ ਤੇ ਆਪਣੀ ਗੰਧਲ਼ੀ ਛਾਪ ਛੱਡ ਰਿਹਾ ਹੋਵੇਗਾ। ਸਫ਼ਰ ਦੀ ਭੁੱਖ਼ ਪਿਆਸ ਅਤੇ ਥਕਾਵਟ ਤਨ ਨੂੰ ਪੀੜ ਰਹੀ ਹੋਵੇਗੀ। ਅਸੀਂ ਸਿੱਖਾਂ, ਸੰਪਰਦਾਵਾਂ, ਡੇਰਿਆਂ, ਧਾਮਾਂ ਦੇ ਮਸੰਦਾਂ ਨੇ ਉਹ ਮੰਜ਼ਿਲ ਕਦੇ ਆਪਣੇ ਜ਼ਿਹਨ ਵਿੱਚ ਨਹੀ ਸਿਰਜਿਆ। ਨਾ ਹੀ ਸਿਰਜਿਆ ਹਕੂਮਤ ਦੀ ਤਾਨਾਸ਼ਾਹੀ ਦਾ ਉਸ ਵਕਤ ਦਾ ਅਸਰ। ਜਦੋਂ ਤੱਤੀ ਤਵੀ ਤੇ ਬਿਠਾ ਕੇ ਚੱਪਲਾਂ ਰੇਤ ਪੰਜਵੇਂ ਨਾਨਕ ਦੇ ਸੀਸ ਤੇ ਪਾਇਆ ਜਾ ਰਿਹਾ ਸੀ। ਤਸੀਹੇ ਦਿੱਤੇ ਜਾ ਰਹੇ ਸਨ। ਧਰਤੀ ਕੰਬ ਰਹੀ ਸੀ, ਅਸਮਾਨ ਫੱਟ ਰਿਹਾ ਸੀ।
    ਅਸੀਂ ਸਿੱਖ, ਸੰਸਥਾਵਾਂ ਗੁਰੂ ਦੀ ਸੰਗਤ ਅਤੇ ਪੰਗਤ ਦੋਵਾਂ ਨੂੰ ਤਿਲਾਂਜਲੀ ਦੇ ਕੇ ਆਪਣੀ ਆਪਣੀ ਹੈਂਕੜ ਵਿੱਚ ਹਕੂਮਤ ਦੇ ਦਰਬਾਰੀ ਕੂਕ ਬਣ ਚੁੱਕੇ ਹਾਂ। ਸੰਗਤ ਵਿੱਚ ਵੀ ਅਸੀਂ ਗੁਰੂ ਦਰਬਾਰਾਂ ਵਿੱਚ ਕੁਰਸੀਆਂ ਲਾ ਚੁੱਕੇ ਹਾਂ। ਪੰਗਤ ਨੂੰ ਟੇਬਲਾਂ ਦੇ ਰੂਪ ਵਿੱਚ ਬਦਲ ਰਹੇ ਹਾਂ ਆਪਣੀ ਸਮਾਜਿਕ ਚੌਧਰ ਬਰਕਰਾਰ ਰੱਖਣ ਲਈ ਸ਼ਾਹੀ ਲੰਗਰ ਟੇਬਲਾਂ ਤੇ ਪਰੋਸ ਰਹੇ ਹਾਂ। ਗਰੀਬ ਸਿੱਖਾਂ ਨੂੰ ਧੱਕਾ ਦੇ ਕੇ ਚੌਧਰੀਆਂ ਦੀ ਆਓ ਭਗਤ ਅਤੇ ਸੱਤ ਪਕਵਾਨਾਂ ਪਰੋਸ ਰਹੇ ਹਾਂ। ਸੰਗਤ ਦਾ ਦਸਬੰਦ ਕਿੱਥੇ ਜਾਹ ਰਿਹਾ ਹੈ ? ਗੁਰੂ ਦੇ ਕੀਰਤਨੀਏ ਰਾਗ਼ੀ ਸਿੰਘ, ਗ੍ਰੰਥੀ ਸਿੰਘ ਆਰਥਿਕ ਮੰਦਹਾਲ਼ੀ ਦਾ ਸ਼ਿਕਾਰ ਹਨ।ਕੌਣ ਲਵੇਗਾ ਇਹਨਾਂ ਨਿ-ਆਸਰਿਆਂ ਦੀ ਸਾਰ ?
     ਕਾਰਸੇਵਾ ਦੇ ਨਾਮ ਤੇ ਗੁਰੂ ਸਾਹਿਬਾਨਾਂ ਦੇ ਇਤਿਹਾਸਿਕ ਸਥਾਨਾਂ ਤੇ ਅਸਲ ਸਰੂਪ ਤੋੜ ਕੇ ਸੰਗਮਰਮਰ ਲਾ ਰਹੇ ਹਾਂ।ਵਿਰਾਸਤ ਦੇ ਨਾਮੋ-ਨਿਸ਼ਾਨ ਮਿਟਾ ਰਹੇ ਹਨ। ਆਉਣ ਵਾਲੀਆਂ ਪੀੜ੍ਹੀਆਂ ਲਈ ਕੀ ਇਹ ਮਿਥਿਹਾਸ ਨਹੀਂ ਬਣ ਜਾਏਗਾ ? ਸਿੱਖ ਸਰਮਾਇਆ, ਸਿੱਖਾਂ ਦਾ ਸਮਾਂ ਬੇ ਅਰਥ ਗੁਆਈ ਜਾ ਰਹੇ ਹਾਂ। ਸਿੱਖੀ ਦੇ ਕਿਰਦਾਰ ਨੂੰ ਬਣਾਉਣ ਦੀ ਵਜਾਏ ਬਿਲਡਿੰਗਾਂ ਬਣਾਈਆਂ ਜਾ ਰਹੀਆਂ ਹਨ। ਇਹਨਾਂ ਬਿਲਡਿੰਗਾਂ ਤੇ ਕਬਜ਼ਾ ਫਿਰ ਰੂੜੀਵਾਦੀ ਕਰਨ ਲਈ ਤੱਤਪਰ ਹਨ। ਗੁਰਬਾਣੀ ਦਾ ਪ੍ਚਾਰ  ਵਿਆਖਿਆ ਕਰਕੇ ਨਹੀਂ ਸਗੋਂ ਅੰਮ੍ਰਿਤ ਸੰਚਾਰ  ਕਰਵਾਉਣ ਦੀ ਗਿਣਤੀ ਦਰਸਾ ਕੇ ਥਾਪੀਆਂ ਮਾਰੀਆਂ ਜਾਹ ਰਹੀਆਂ ਹਨ। ਹਰ ਇਲਾਕੇ ਦਾ ਇਕ ਪ੍ਰਚਾਰਕ ਚੌਧਰੀ ਬਣ ਕੇ ਆਪਣੇ ਵਿਆਕਤੀਗਤ ਸਥਾਨ ਖੜੇ ਕਰ ਰਿਹਾ ਹੈ। ਗੁਰੂ ਨਾਨਕ ਦੇ ਥਾਂ ਆਪਣੀ ਪੂਜਾ ਕਰਵਾ ਰਹੇ ਹਨ। ਅਨਪੜ੍ਹ ਲੋਕ ਡਿਗਰੀਆਂ ਵਾਲਿਆਂ ਨੂੰ ਵੀ ਕੁਰਾਹੇ ਪਾ ਰਹੇ ਹਨ। ਲੋਕ ਪਿੱਛੇ ਲਾਈ-ਲੱਗ ਬਣ ਕੇ ਤੁਰੇ ਹੋਏ ਹਨ। ਇਹਨਾਂ ਦਿਨਾਂ ਵਿੱਚ ਹੀ ਚਰਨਘਾਟ ਦੇ ਬਣਾਏ ਡੇਰੇ ਦੇ ਸਾਧ ਬਲਜਿੰਦਰ ਸਿੰਘ ਤੇ ਭਾਈ ਮਹਿਰੋ ਵਲੋਂ ਇਲਜ਼ਾਮ ਲਾਏ ਜਾ ਰਹੇ ਹਨ ਬਲਾਤਕਾਰਾਂ ਦੇ। ਗੁਰੂ ਗ੍ਰੰਥ ਸਾਹਿਬ ਪ੍ਕਾਸ਼ ਕਰਕੇ ਇਹਨਾਂ ਭੇਖਾਧਾਰੀਆਂ ਵਲੋਂ ਅੰਡਰ ਗਰਾਊਂਡ ਭੋਰੇ ਕਿਸ ਲਈ ਬਣਾਏ ਜਾ ਰਹੇ ਹਨ ? ਕੌਣ ਨੱਥ ਪਏਗਾ ਇਹੋ ਜਿਹੇ ਸਿੱਖੀ ਸਰੂਪ ਦੀ ਕਿਰਦਾਰਕੁਸ਼ੀ ਕਰਨ ਵਾਲਿਆਂ ਨੂੰ ? ਕੰਮ-ਚੋਰ ਲੋਕ ਸਧਾਰਣ ਲੋਕਾਂ ਦਾ ਮਾਨਸਿਕ, ਧਾਰਮਿਕ ਭਾਵਨਾਵਾਂ ਦਾ ਅਤੇ ਆਰਥਿਕ ਸ਼ੋਸ਼ਣ ਕਰ ਰਹੇ ਹਨ। ਸਿੱਖ ਸੰਸਥਾਵਾਂ ਦੇ ਜਥੇਦਾਰ ਕਿੱਥੇ ਹਨ ? ਕੋਈ ਹੈ ਕਿਤੇ ਅਕਾਲੀ ਫੂਲਾ ਸਿੰਘ ਦਾ ਵੰਸਜ , ਜੋ ਇਹਨਾਂ ਨੂੰ ਬੰਨ ਕੇ ਕੋਰੜੇ ਮਾਰ ਸਕੇ ? ਅਪਰਾਧੀ ਵਿਰਦੀ ਦੇ ਲੋਕ ਆਪਣੀਆਂ ਗਤੀਵਿਧੀਆਂ ਨੂੰ ਪੈਸੇ ਦੇ ਜ਼ੋਰ ਤੇ ਦਬਾ ਕੇ ਫਿਰ ਪਵਿੱਤਰ ਹੋ ਵਿਚਰਦੇ ਹਨ। ਸਿੱਖ ਸੰਸਥਾਵਾਂ ਅੰਦਰ ਵੀ ਰਾਮ ਰਹੀਮ ਪੈਦਾ ਹੋਏ ਹਨ, ਨਜ਼ਰ ਮਾਰਨ ਦੀ ਲੋੜ ਹੈ ਆਪਣੇ ਹੀ ਘਰ ਅੰਦਰ।
         ਲੰਗਰ ਪ੍ਥਾ ਨੂੰ ਢਾਅ ਲਾਉਣ ਵਾਲੇ ਲੋਕ ਵੀ ਅੱਜ ਕਲ ਖਬਰਾਂ ਦੀਆਂ ਸੁਰਖੀਆਂ ਵਿੱਚ ਹਨ। ਕੋਕਾ ਕੋਲਾ ਦਾ, ਕੋਲਡ ਡਰਿੰਕਾਂ ਦਾ ਲੰਗਰ , ਪੀਜ਼ਾ, ਬਰਗਰਾਂ, ਬਰੈਡਾਂ ਦਾ ਲੰਗਰ, ਜੂਸ ਦਾ ਲੰਗਰ  ਕੀ ਹੈ ਇਹ ਸਭ ? ਲੰਗਰ ਦੂਰ-ਦੁਰਾਡਿਓਂ ਲੰਮਾ ਸਫ਼ਰ ਤਹਿ ਕਰਕੇ ਆਏ ਭੁੱਖੇ ਭਾਣੇ ਲੋਕਾਂ ਦੀ ਭੁੱਖ ਤ੍ਰਿਪਤੀ  ਲਈ ਸੀ। ਜਿਸ ਵਿੱਚ ਉਹਨਾਂ ਦੀ ਭੁੱਖ ਪਿਆਸ ਲਈ ਸਧਾਰਣ ਦਾਲ ਰੋਟੀ ਦਾ ਪ੍ਬੰਧ ਹੁੰਦਾ ਸੀ। ਖੇਤੀਬਾੜੀ ਪ੍ਧਾਨ ਸੂਬਾ ਹੋਣ ਕਰਕੇ ਦੁੱਧ ਦੀ ਬਹੁਤਾਤ ਸੀ ਤਾਂ ਕਦੇ ਕਦਾਈਂ ਖੀਰ ਵੀ ਪਰੋਸ ਦਿੱਤੀ ਜਾਂਦੀ ਸੀ। ਪਰ ਹੁਣ ਲੰਗਰ ਦੇ ਨਾਮ ਤੇ ਮਹਿੰਗਾਈ ਵਾਲੇ ਫਾਸਟ ਫੂਡ ਖੁਆ ਕੇ ਲੋਕਾਂ ਦੀ ਸਿਹਤ ਨਾਲ਼ ਖਿਲਵਾੜ ਤਾਂ ਕੀਤਾ ਹੀ ਜਾ ਰਿਹੈ ਪਰ ਲੰਗਰ ਦੇ ਨਾਮ ਨੂੰ ਕਲੰਕਿਤ ਵੀ ਕੀਤਾ ਜਾ ਰਿਹੈ। ਲੰਗਰ ਸਿੱਖ ਸ਼ਾਸਤਰਧਾਰੀ ਫੌਜਾਂ ਦੀ ਜ਼ਰੂਰਤ ਸੀ। ਘਰੋਂ ਬੇਘਰ ਲੋਕਾਂ ਦੇ ਲਈ ਇਕ ਵਰਦਾਨ ਸੀ। ਦੁਖੀਆਂ, ਰੋਗੀਆਂ, ਲਾਚਾਰ ਲੋਕਾਂ ਲਈ ਗੁਰੂ ਦੀ ਅਸੀਸ ਸੀ, ਦਇਆ ਸੀ। ਸੰਗਤ ਵਿੱਚ ਪੰਗਤ ਕਰਵਾ ਕੇ ਜਾਤ-ਪਾਤ, ਊਚ-ਨੀਚ, ਧਰਮ ਦੇ ਵਖਰੇਵਿਆਂ ਦੀ ਮੈਲ਼ ਮਨਾਂ ਚੋਂ ਸਾਫ਼ ਕਰਨ ਦਾ ਇਕ ਜੁਗਤੀ ਮੰਤਰ ਸੀ।ਲੰਗਰ ਦੀ ਸੇਵਾ ਕਰਨ ਨਾਲ਼ ਉਚ ਰੁਤਬੇ, ਅਮੀਰੀ ਦੀ ਹਾਉਮੈ ਨੂੰ ਤੋੜਨ ਦਾ ਫਾਰਮੂਲਾ ਸੀ। ਲੰਗਰ ਛੱਕਣ ਦੇ ਨਾਲ਼ ਸੰਗਤ ਦੇ ਝੂਠੇ ਬਰਤਨ ਸਾਫ਼ ਕਰਨ ਨਾਲ਼ ਖਾਸ਼ ਵਿਆਕਤੀ ਵੀ ਗੁਰੂ ਦੀ ਇਕੋ  ਨਜ਼ਰ ਵਿੱਚ ਆਉਂਦਾ ਸੀ। ਪਰ ਹੁਣ ਕੋਲਡ ਡਰਿੰਕਾਂ ਦੇ ਲੰਗਰ ਲਾ ਕੇ ਸਿੱਖਾਂ ਦਾ ਦਸਵੰਧ ਮਲਟੀਨੇਸ਼ਨ ਫੈਕਟਰੀਆਂ ਦੇ ਸਰਮਾਏਦਾਰ ਮਾਲਿਕਾਂ ਦੀ ਝੋਲੀ ਵਿੱਚ ਢੇਰੀ ਕਰ ਰਹੇ ਹਾਂ। ਸਿੱਖਾਂ ਦੇ ਕਿਰਦਾਰ ਨੂੰ ਗੁਰੂ ਆਸ਼ੇ ਮੁਤਾਬਿਕ ਢਾਲਣ ਦੀ ਸਾਡੀਆਂ ਸਿੱਖ ਸੰਸਥਾਵਾਂ ਨੇ ਲੋੜ ਹੀ ਨਹੀਂ ਸਮਝੀ। ਲਾਲੋ ਲੰਗਰ ਨੌਜਵਾਨ ਚਿੱਟੇ ਦੇ ਨਸ਼ੇ ਲਈ ਭਟਕ ਰਹੇ ਹਨ, ਚੋਰੀਆਂ ਕਰ ਰਹੇ ਹਨ, ਲੁੱਟਾਂ-ਖੋਹਾਂ ਕਰ ਰਹੇ ਹਨ। ਵੰਡੋ ਹੁਣ ਇਹਨਾਂ ਲਈ ਵੀ ਨਸ਼ਾ । ਭਰੋ ਮੌਤ ਦੇ ਸੌਦਾਗਰਾਂ ਦੇ ਘਰ ਗੁਰੂ ਦਾ ਦਸਵੰਧ ਦੇ ਕੇ। ਸ਼ਰਾਬ ਦੇ ਲੰਗਰ ਲਾ ਕੇ ਸ਼ਰਾਬੀਆਂ ਦੀ ਜ਼ਰੂਰਤ ਕਰੋ ਪੂਰੀ ।
      ਸਿੱਖਾਂ ਨੂੰ ਦਸਵੰਧ ਕੱਢਣ ਵੇਲੇ ਜਾਗਣ ਦੀ ਲੋੜ ਹੈ। ਕਿਰਤੀ ਗਰੀਬ ਸਿੱਖਾਂ ਨੂੰ ਸੰਭਾਲ਼ਣ ਦੀ ਲੋੜ ਹੈ।ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ਼ ਕਰਨ ਵਾਲੇ ਪਾਠੀ, ਰਾਗੀ, ਢਾਡੀ ਸਿੰਘਾਂ ਨੂੰ ਸੰਭਾਲ਼ਣ ਦੀ ਲੋੜ ਹੈ । ਸਿੱਖੀ ਵਿਰਾਸਤ ਨਾਲ਼ ਸਬੰਧਤ ਇਤਿਹਾਸ ਛਪਵਾਉਣ, ਵੰਡਣ ਦੀ ਲੋੜ ਹੈ। ਲਾਇਬ੍ਰੇਰੀਆਂ ਖੋਲਣ ਦੀ ਲੋੜ ਹੈ। ਵਿਦੇਸ਼ਾਂ ਵਿੱਚ ਲੋਕ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਕੇ ਸਿੱਖ ਬਣ ਰਹੇ ਹਨ ਪਰ ਦਹਾਕਿਆਂ ਤੋਂ ਸਿੱਖਾਂ ਦੇ ਘਰ ਜੰਮ ਰਹੀਆਂ ਔਲਾਦਾਂ ਹੀ ਸਿੱਖੀ ਨੂੰ ਤਿਲਾਂਜਲੀ ਦੇ ਕੇ ਨਸ਼ਿਆਂ ਵਿੱਚ ਡੁੱਬਦੀਆਂ ਜਾ ਰਹੀਆਂ ਹਨ। ਕਿੱਥੇ ਹੈ ਘਾਟ ? ਅਸੀਂ ਕਿਥੇ ਠੋਕਰ ਖਾ ਗਏ ? ਚਿੰਤਨ ਕਰਨ ਦੀ ਜ਼ਰੂਰਤ ਹੈ। ਸਰਬ ਜਨਕ ਪ੍ਰੋਗਰਾਮਾਂ ਵਿੱਚ ਸੰਵਾਦ ਰਚਾਉਣ ਦੀ ਜ਼ਰੂਰਤ ਹੈ।
ਸਾਡੇ ਹੀਰੋ ਕੌਣ ਸਨ ? ਸਾਡੇ ਹੀਰਿਆਂ ਨੂੰ ਦਰਕਿਨਾਰ ਕਰਕੇ ਸਾਨੂੰ ਫਿਲਮਾਂ ਵਿੱਚ ਕੌਣ ਲੋਕ  ਹੀਰੋ ਬਣਾ ਕੇ ਦਿਖਾਏ ਜਾ ਰਹੇ ਹਨ। ਲਚਰ ਗਾਇਕ ਚਮਕੀਲੇ ਜਿਹੇ ? ਮਨੁੱਖੀ ਅਧਿਕਾਰਾਂ ਦੀ ਨੰਗੇ ਧੜ ਲੜਾਈ ਲੜਨ ਵਾਲਾ ਸਾਡਾ ਹੀਰੋ ਭਾਈ ਖਾਲੜਾ ਜੀ ਸੈਂਸਰ ਬੋਰਡ ਦੀ ਭੇਟ ਕਿਉਂ ਚੜੵ ਗਿਐ,? ਕੀ ਆਪਣੀ ਹੋ ਰਹੀ ਕਿਰਦਾਰਕੁਸ਼ੀ ਰੋਕਣ ਲਈ ਆਪਣੇ ਆਪ ਨੂੰ ਜਾਗ੍ਰਿਤ ਨਹੀ ਕਰਨ ਚਾਹੀਂਦਾ। ਸਿਆਸਤਦਾਨਾਂ ਦੀ ਹਰ ਖੇਡ ਤੇ ਸ਼ਿਕਾਰੀ ਨਜ਼ਰ ਰੱਖਣੀ ਪਵੇਗੀ। ਸਤਰੰਜ਼ ਦੇ ਮੁਹੱਲਿਆਂ ਦੀ ਤਰ੍ਹਾਂ ਸਾਨੂੰ ਕੌਣ ਵਰਤਣ ਲਈ ਤਿਆਰ ਖੜਾ ਹੈ, ਨੌਜਵਾਨੀ ਨੂੰ ਦੱਸ ਕੇ ਹਲੂਣਾ ਦੇਣਾ ਪਵੇਗਾ। ਨੌਜਵਾਨੀ ਨੂੰ ਸਹੀ ਦਿਸ਼ਾ ਦਰਸਾਉਣ ਲਈ ਸਾਨੂੰ ਸਿੱਖ ਵਿਦਵਾਨਾਂ ਦੀ ਹਰ ਮੱਦਦ ਕਰਨ ਲਈ ਮੈਦਾਨ ਵਿੱਚ ਆਉਣਾ ਪਵੇਗਾ।
      ਗੁਰੂ ਸਾਹਿਬ ਦੀ ਗੋਲ਼ਕ ਗਰੀਬ ਨਿਮਾਣੇ ਨਿਤਾਣੇ ਸਿੱਖ ਲੋਕਾਂ ਦੀ ਅਮਾਨਤ ਹੈ। ਇਸ ਦਸਵੰਧ ਦਾ ਪੈਸਾ ਅਜਾਈਂ ਨਾ ਵਹਾਇਆ ਜਾਵੇ। ਸ਼ੋਸਲ ਮੀਡੀਆ ਤੇ ਵਾਹ ਵਾਹ ਖੱਟਣ ਲਈ ਪੀਜ਼ਾ ਬਰਗਰ ਡੋਸੇ ਕੋਲਡ ਡਰਿੰਕਾਂ ਤੇ ਨਾ ਵਹਾਇਆ ਜਾਵੇ। ਸਿੱਖਾਂ ਲਈ ਮੁਫ਼ਤ ਇਲਾਜ ਕਰਨ ਵਾਲੇ ਆਧੁਨਿਕ ਸਹੂਲਤਾਂ ਵਾਲੇ ਹਸਪਤਾਲ ਚਲਾਏ ਜਾਣ। ਉਚ ਤਕਨੀਕੀ ਸਿੱਖਿਆ ਦੇਣ ਲਈ ਮੁਫ਼ਤ ਪੜਾਈ ਕਰਵਾਈ ਜਾਵੇ। ਚੰਗੇ ਕਿਰਦਾਰ ਵਾਲੇ ਸਿੱਖ ਬੱਚਿਆਂ ਨੂੰ ਪ੍ਸ਼ਾਸਨਿਕ ਅਧਿਕਾਰੀ ਬਣਾਉਣ ਦੀ ਹਰ ਸਹਾਇਤਾ ਕੀਤੀ ਜਾਵੇ। ਅੰਤਰ ਰਾਸ਼ਟਰੀ ਖੇਡਾਂ ਵਿੱਚ ਖੇਡਣ ਵਾਲੇ ਸਿੱਖ ਖਿਡਾਰੀਆਂ ਦੀ ਆਰਥਿਕ ਮੱਦਦ ਕੀਤੀ ਜਾਵੇ। ਇਹ ਵੀ ਗੁਰੂ ਸਾਹਿਬ ਦੀ ਚਲਾਈ ਪ੍ਰੰਪਰਾ ਹੈ । ਅਖਾੜਿਆਂ ਲਈ ਮੱਲੵ ਤਿਆਰ ਕਰਨੇ, ਜੰਗਾਂ ਲਈ ਸੂਰਮੇ ਤਿਆਰ ਕਰਨੇ। ਲੰਗਰ ਨਾਲ਼ ਸਭ ਰੱਜ ਚੁੱਕੇ ਹਨ। ਥੋੜਾ ਧਿਆਨ ਗੁਰੂ ਸਾਹਿਬਾਨਾਂ ਦੀਆਂ ਹੋਰ ਚਲਾਈਆਂ ਸਮਾਜਿਕ ਗਤੀਵਿਧੀਆਂ ਨੂੰ ਸੰਭਾਲ਼ਣਾ ਦੀ ਜ਼ਰੂਰਤ ਹੈ। ਗੁਰੂ ਅਮਰਦਾਸ ਜੀ ਦੇ ਪਹਿਲਵਾਨੀ ਅਖਾੜੇ ਵੀ ਇੰਤਜ਼ਾਰ ਕਰ ਰਹੇ ਹਨ। ਸਿੱਖਾਂ ਦੀ ਜ਼ੋਰ- ਜਵਾਨੀ ਅਤੇ ਹੋਸ਼ ਨੂੰ ਸੰਭਾਲ਼ਣ ਲਈ। ਗੁਰੂ ਅਰਜਨ ਦੇਵ ਜੀ ਦੇ ਸੰਗੀਤ ਨਾਲ਼ ਸਬੰਧਤ ਸਾਜ਼ਾਂ, ਰਾਗਾਂ ਨੂੰ ਸੰਭਾਲ਼ਣਾ ਲਈ ਅਸੀਂ ਲੋਕ ਕਦੋਂ ਲੰਗਰ ਲਾਵਾਂਗੇ ? ਬਹੁਤ ਖੜਕਾ ਲਏ ਚਿੱਟੇ,ਢੋਲਕ ਛੈਣੇ। ਮਨਮਰਜ਼ੀ ਦੀਆਂ ਧਾਰਨਾ ਲਾ ਲਾ ਲੋਕਾਈ ਨੂੰ ਬਹੁਤ
ਭਰਮਾ ਲਿਐ। ਮੀਰੀ ਪੀਰੀ ਦੇ ਮਾਲਿਕ ਨੂੰ ਸਿੱਖ ਮਾਰਸ਼ਲ ਆਰਟ ਦੀ ਭੇਟਾ ਦੇਣੀ ਹੋਵੇਗੀ।
    ਸਮਾਂ ਹੁਣ ਸਿਆਣੇ ਹੋਣ ਦੀ ਮੰਗ ਕਰਦੇ ਹੈ। ਸਮਾਂ ਸੰਭਾਲ਼ੋ ਗੁਰੂ ਸਾਹਿਬਾਨਾਂ ਦੇ ਪਿਆਰਿਓ। ਰੌਸ਼ਨੀ ਬਿਖੇਰੋ। ਹਰ ਕਦਮ ਸੋਚ ਸਮਝ ਕੇ ਗੁਰੂ ਦੇ ਭੈਅ ਵਿੱਚ ਧਰੋ। ਤੁਹਾਡੇ ਗਲ਼ਤ ਦਿਸ਼ਾ ਵਿੱਚ ਤੁਰਨ ਨਾਲ਼ ਹੋਰ ਹਜ਼ਾਰਾਂ ਸਿੱਖ ਵੀ ਕਿਤੇ ਕੁਰਾਹੇ ਨਾ ਪੈ ਜਾਣ। ਗੁਰੂ ਨਾਨਕ ਦੇ ਕਿਰਤੀਓ ਸਿੱਖੋ , ਤੁਹਾਨੂੰ ਖੁਦ ਸੋਚਣਾ ਪਵੇਗਾ, ਗੁਰੂ ਸਾਹਿਬ ਦਾ ਸਿਧਾਂਤ ਕੀ ਹੈ ? ਗੁਰਬਾਣੀ ਦਾ ਸਾਰ ਅੰਸ਼ ਕੀ ਹੈ।ਸਾਡਾ ਅਸਲ ਰਾਹ ਕਿਹੜਾ ਹੈ। ਸਿੱਖੀ ਦਾ ਮੰਤਵ ਕੀ ਹੈ। ਸਿੱਖੀ ਨੂੰ ਨਿਗਲਣ ਲਈ ਕਾਲੇ ਨਾਗ ਫੁੰਕਾਰੇ ਮਾਰ ਰਹੇ ਹਨ। ਸੰਭਾਲ਼ੋ ਆਪਣੇ ਆਪ ਨੂੰ।ਗੁਰੂ ਅੱਗੇ ਜੋਦੜੀ ਕਰੋ ,ਸਾਨੂੰ ਸੁਮੱਤ ਬਖਸ਼ੇ।
      ਬਲਜਿੰਦਰ ਸਿੰਘ ” ਬਾਲੀ ਰੇਤਗੜੵ “
         919465129168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸ਼ੁਭ ਸਵੇਰ ਦੋਸਤੋ
Next article*ਭਾਜੀ,ਭਾਅ ਜੀ ਨਹੀਂ ਭਰਾ ਜੀ ਇਹ ਹੁੰਦਾ (ਭਾ ਜੀ*)