HOME ਗੁਰ ਅਰਜਨ ਵਿਟਹੁ ਕੁਰਬਾਣੀ 

ਗੁਰ ਅਰਜਨ ਵਿਟਹੁ ਕੁਰਬਾਣੀ 

7
ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ

 ਡਾ. ਸਤਿੰਦਰ ਪਾਲ ਸਿੰਘ 

ਡਾ. ਸਤਿੰਦਰ ਪਾਲ ਸਿੰਘ

    (ਸਮਾਜ ਵੀਕਲੀ)   ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਸਿੱਖ ਜਗਤ ਤੇ ਹੀ ਨਹੀਂ ਪੂਰੀ ਮਨੁੱਖਤਾ ਤੇ ਕੀਤੇ ਉਪਕਾਰ ਕਥਨ ਤੋਂ ਪਰੇ ਹਨ I ਆਪ ਨੇ ਆਪਣੀ ਕਿਰਪਾ ਨਾਲ ਇਵੇਂ ਨਿਹਾਲ ਨਿਹਾਲ ਨਿਹਾਲ ਕੀਤਾ ਕਿ ਸ਼ਬਦ ਮੁੱਕ ਜਾਣ ਪਰ ਵਡਿਆਈ ਕਹੀ ਨਾ ਜਾ ਸਕੇ।  ਸੰਸਾਰ ਨੇ ਉਨ੍ਹਾਂ ਦੇ ਸਰੀਰਕ ਰੂਪ ‘ਚ ਜੋ ਰੱਬੀ ਰੰਗ ਵੇਖੇ , ਉਹ ਵਿਸਮਾਦ ਨਾਲ ਭਰ ਦੇਣ ਵਾਲੇ ਸਨ I ਗੁਰੂ ਅਰਜਨ ਸਾਹਿਬ ਦੀਆਂ ਦਾਤਾਂ ਦੇ ਝਰਨੇ ਨਿਰੰਤਰ ਵਰ੍ਹ ਰਹੇ ਸਨ ਤੇ ਉਨ੍ਹਾਂ ਦੀ ਨਦਰਿ ਦੀਆਂ ਕਿਰਨਾਂ ਸੰਸਾਰ ਦੇ ਕਣ – ਕਣ ਨੂੰ ਰੋਸ਼ਨ ਕਰ ਰਹੀਆਂ ਸਨ I ਇਹ ਅਚਰਜ ਵੇਖ ਕੇ ਹੀ ਭੱਟ ਸਾਹਿਬਾਨ ਨੂੰ ਕਹਿਣਾ ਪਿਆ “ ਪ੍ਰਗਟ ਜੋਤਿ ਜਗਮਗੈ ਤੇਜੁ ਭੂਅ ਮੰਡਲਿ ਛਾਯਉ ।। ਪਾਰਸੁ ਪਰਸਿ ਪਰਸੁ ਪਰਸਿ ਗੁਰਿ ਗੁਰੂ ਕਹਾਯਉ ।। “ I ਸ੍ਰੀ ਅੰਮ੍ਰਿਤਸਰ ਅੰਦਰ ਗੁਰਗੱਦੀ ਤੇ ਵਿਰਾਜਮਾਨ ਹੋਣ ਤੋਂ ਲਾਹੌਰ ਅੰਦਰ ਵਿਲਖਣ ਸ਼ਹੀਦੀ ਦੀ ਲਗਭਗ ੨੫ ਸਾਲ ਦੀ ਯਾਤਰਾ ਸਿੱਖ ਪੰਥ ਨੂੰ  ਧਾਰਮਕ – ਆਤਮਕ – ਸੰਸਾਰਕ , ਹਰ ਪੱਖੋਂ ਨਵੀਆਂ ਉਚਾਈਆਂ ਤੇ ਲੈ ਜਾਣ ਵਾਲੀ ਸੀ I ਇਸ ਕਾਲ ‘ਚ ਗੁਰੂ ਨਾਨਕ ਸਾਹਿਬ ਦੇ ਚਲਾਏ ਸਿੱਖ ਪੰਥ ਨੂੰ ਇੱਕ ਪਰਿਪੱਕ ਆਧਾਰ ਪ੍ਰਾਪਤ ਹੋਇਆ ਤੇ ਉਹ ਦਿਸ਼ਾ ਦਿਸ਼ਾ  ਵੀ  ਤੈ ਹੋ ਗਈ ਜਿਸ ਵੱਲ ਪੰਥ ਨੂੰ ਅਗਾਂਹ  ਵੱਧਣਾ ਸੀ I ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ , ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ , ਗੁਰਬਾਣੀ ਦਾ ਸਤਿਕਾਰ  ਤੇ ਧਰਮ ਲਈ ਸ਼ਹੀਦੀ , ਇਹ ਚਾਰ ਥੰਮ ਗੁਰੂ ਅਰਜਨ ਸਾਹਿਬ ਦੀ ਅਣਮੋਲ ਦੇਣ ਸਨ ਜਿਨ੍ਹਾਂ ਤੇ ਸਿੱਖ ਪੰਥ ਦਾ ਅਦੁੱਤੀ ਅਤੇ ਮਹਾਨ ਕੋਟ ਰਚਿਆ ਗਿਆ ਜੋ ਸਮਾਂ ਆਉਣ ਤੇ  ਸੰਪੂਰਣ ਮਨੁੱਖਤਾ ਨੂੰ ਅਚਿੰਤ ਤੇ ਨਿਡਰ ਬਣਾਉਣ ਦਾ ਇੱਕ ਅਜਿੱਤ ਲੋਕ ਬਣ ਕੇ ਸਾਹਮਣੇ ਆਇਆ । 

ਗੁਰੂ ਅਰਜਨ ਸਾਹਿਬ ਦਾ ਮਾਰਗ ਅਤਿ ਕਠਿਨ ਸੀ I ਗੁਰੂ ਘਰ ਦੇ ਵੈਰੀ ਆਪ ਦੇ ਮਿਸ਼ਨ ਨੂੰ ਢਾਹ ਲਾਉਣ ਲਈ ਦਿਨ ਰਾਤ ਲੱਗੇ ਹੋਏ ਸਨ I ਵੈਰੀ ਘਰ ਦੇ ਵੀ ਸਨ ਤੇ ਬਾਹਰ ਦੇ ਵੀ I ਗੁਰੂ ਅਰਜਨ ਸਾਹਿਬ ਦੀ ਸਭ ਤੋਂ ਵੱਡੀ ਤਾਕਤ ਆਪ ਦੀ ਸ਼ਾਂਤ ਤੇ ਸੰਜਮੀ ਵਿਰਤੀ ਅਤੇ  ਪਰਮਾਤਮਾ ‘ਤੇ  ਅਡੋਲ ਭਰੋਸਾ ਸੀ I ਆਪ ਨੇ ਵਚਨ ਕੀਤਾ ਕਿ ਮਨੁੱਖ ਆਪਣੀ ਯੁਕਤੀ , ਸਿਆਣਪ ਦਾ ਤਿਆਗ ਕਰੇ ਤੇ ਮਾਇਆ , ਵਿਕਾਰਾਂ ਤੋਂ ਉਦਾਸ ਹੋ ਜਾਏ ਤਾਂ ਨਿਰਮਲ ਅਵਸਥਾ ਪ੍ਰਾਪਤ ਹੁੰਦੀ ਹੈ “ ਅਵਰਿ ਉਪਾਵ ਸਭਿ ਤਿਆਗਿਆ ਦਾਰੂ ਨਾਮੁ ਲਇਆ ।।  ਤਾਪ ਪਾਪ ਸਭਿ ਮਿਟੇ ਰੋਗ ਸੀਤਲ ਮਨੁ ਭਇਆ ।।  “ I ਗੁਰੂ ਸਾਹਿਬ ਅੰਦਰ ਗੁਰੂ ਘਰ ਦੇ ਵੈਰੀਆਂ ਲਈ ਕਦੇ ਵੀ ਰੋਸ਼ ਨਹੀਂ ਵਿਆਪਤ ਹੋਇਆ I ਮਨ ਸਦਾ ਹੀ ਸਹਿਜ , ਥਿਰ ਰਿਹਾ I ਆਪ ਜੀ ਦੀ ਪ੍ਰੇਰਨਾ ਪਰਮਾਤਮਾ ‘ਤੇ ਪੂਰਨ ਭਰੋਸਾ ਰੱਖਨ ਦੀ ਸੀ I ਗੁਰੂ ਸਾਹਿਬ ਦਾ ਪੂਰਾ ਜੀਵਨ ਇਸ ਦੀਆਂ ਮਿਸਾਲਾਂ ਨਾਲ ਭਰਿਆ ਹੋਈਆ ਹੈ I ਹਰ ਸਥਿਤੀ ‘ਚ ਪਰਮਾਤਮਾ ਤੇ ਭਰੋਸਾ ਕਾਇਮ ਰੱਖਣਾ ਗੁਰਸਿੱਖੀ ਦਾ ਮੁੱਢਲਾ ਸਿਧਾਂਤ ਸੀ I ਆਪ ਸਦਾ ਹੀ ਸਿੱਖਾਂ ਨੂੰ ਪਰਮਾਤਮਾ ਦੇ ਨਿਆਂ ਅੰਦਰ ਰਹਿਣਾ ਸਿਖਾਉਂਦੇ ਰਹੇ I ਆਪ ਦਾ ਵਚਨ ਸੀ ਕਿ ਪਰਮਾਤਮਾ ਆਪ ਅੱਗੇ ਹੋ ਕੇ ਆਪਨੇ ਭਗਤਾਂ ਦੀ ਪੈਜ ਰੱਖਦਾ ਹੈ “ ਆਪੇ ਹੀ ਪ੍ਰਭੁ ਰਾਖਤਾ ਭਗਤਨ ਕੀ ਆਨਿ ।। ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ ਮਾਨਿ ।।  “ I ਗੁਰੂ ਅਰਜਨ ਸਾਹਿਬ ਨੇ ਅੰਮ੍ਰਿਤ ਸਰੋਵਰ ਪੱਕਾ ਕਰਾਇਆ ਤੇ ਸ੍ਰੀ ਹਰਿਮੰਦਰ ਸਾਹਿਬ ਰਚਿਆ ਜੋ ਕਿ ਮਹਾਨ ਤੇ  ਮਾਣ ਭਰਿਆ ਭਵਿੱਖ ਸਿਰਜਣ ਦਾ ਅਤੁੱਲ ਉਪਕਾਰ ਸੀ I ਗੁਰੂ ਸਾਹਿਬ ਦੇ ਪਰਮਾਤਮਾ ਤੇ ਅਟਲ ਭਰੋਸੇ ਕਾਰਨ ਸਾਰਾ ਕਾਰਜ  ਨਿਰਵਿਘਨ ਪੂਰਨ ਹੋਇਆ I ਗੁਰੂ ਸਾਹਿਬਾਨ ਦੀ ਪ੍ਰਮਾਣਿਕ ਬਾਣੀ ਇਕੱਤਰ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦੇਣਾ ਤੇ ਭਿੰਨ ਭਿੰਨ ਖੇਤਰਾਂ ਦੇ ਭਗਤਾਂ ਦੇ ਨਾਲ ਹੀ ਭੱਟ ਕਵੀ ਸਾਹਿਬਾਨ ਅਤੇ ਸਿੱਖਾਂ ਦੀ ਬਾਣੀ ਵੀ ਜੋੜਨਾ ਇਕ ਅਜਿਹਾ ਉੱਦਮ ਸੀ ਜੋ ਗੁਰੂ ਅਰਜਨ ਸਾਹਿਬ ਦੀ ਅਗੰਮੀ ਸਮਰਥਾ ਤੇ ਅਚਰਜ ਭਰੀ ਇਕਾਗਰਤਾ ਦਾ ਪ੍ਰਤੀਕ ਸੀ I ਗੁਰੂ ਸਾਹਿਬ ਨਿਤ ਦੀ ਮਰਿਆਦਾ , ਵਿਵਹਾਰ ਵੀ ਪੂਰਨ  ਕਰਦੇ , ਸੰਗਤ ਨਾਲ ਸੰਵਾਦ ਵੀ ਕਰਦੇ ਤੇ ਆਪਨੇ ਮਿਥੇ ਟੀਚੇ ਵੀ ਪੂਰੇ ਕਰਦੇ I ਸ੍ਰੀ ਗੁਰੂ ਗ੍ਰੰਥ ਸਾਹਿਬ ਦਾ  ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਤੇ ਗੁਰੂ ਸਾਹਿਬ ਦਾ ਕੀਤਾ ਗੁਰਬਾਣੀ ਦਾ ਸਤਿਕਾਰ ਸਿੱਖ ਪੰਥ ਲਈ ਰੋਸ਼ਨ ਮੀਨਾਰ ਬਣ ਗਿਆ I ਗੁਰੂ ਅਰਜਨ ਸਾਹਿਬ ਦੇ ਚਰਣਾਂ ‘ਚ ਮਸਤਕ ਟੇਕਨ ਲਈ ਸੰਗਤਾਂ ਦੀਆਂ ਕਤਾਰਾਂ ਲੱਗਦੀਆਂ I ਗੁਰੂ ਸਾਹਿਬ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾ ਕੇ ਗੁਰਬਾਣੀ ਦੇ ਸਤਿਕਾਰ ਦਾ ਜੋ ਆਦਰਸ਼ ਕਾਇਮ ਕੀਤਾ ਉਸ ਨੇ ਧਾਰਮਿਕ ਜਗਤ ਨੂੰ ਨਵੀਂ ਦ੍ਰਿਸ਼ਟੀ ਪ੍ਰਦਾਨ ਕੀਤੀ I ਅਜੇ ਤੱਕ ਗੁਰੂ ਸਾਹਿਬਾਨ ਦਾ ਦਰਬਾਰ ਲੱਗਿਆ ਕਰਦਾ ਸੀ I ਸ੍ਰੀ ਹਰਿਮੰਦਰ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਸੱਜਣ ਲੱਗ ਪਿਆ ਤੇ ਗੁਰੂ ਅਰਜਨ ਸਾਹਿਬ ਆਪ ਭੀ ਸੰਗਤ ਵਿੱਚ ਬਹਿ ਕੇ ਗੁਰਬਾਣੀ ਸਰਵਣ ਕਰਦੇ I  ਗੁਰੂ ਸਾਹਿਬ ਆਪ ਪ੍ਰਤੱਖ ਹਰੀ ਦਾ ਰੂਪ ਸਨ ਤੇ ਗੁਰ ਸ਼ਬਦ ਅੰਦਰ ਵੀ ਰੂਪਮਾਨ ਹੋ ਗਏ I ਇਹ  ਵਿਲਖਣ ਅਧਿਆਤਮਿਕਤਾ ਸੀ ਜਿਸ ਦਾ ਆਰੰਭ ਗੁਰੂ ਨਾਨਕ ਸਾਹਿਬ ਕਰ ਚੁਕੇ ਸਨ ਤੇ ਜਿਸ ਨੂੰ ਬਾਅਦ ‘ਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸੰਪੂਰਣ ਕੀਤਾ I ਸਿੱਖ ਪੰਥ ਅੰਦਰ ਗੁਰ ਸ਼ਬਦ ਨੂੰ ਅੰਮ੍ਰਿਤ ਰੂਪ ਧਾਰਨ ਕਰਨ ਦਾ ਸੰਕਲਪ ਦ੍ਰਿੜ੍ਹ ਹੋਇਆ “ ਅੰਮ੍ਰਿਤ ਬਚਣ ਸਾਧ ਕੀ ਬਾਣੀ ।।  ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ।।  “ I ਮਨੁੱਖ ਦਾ ਜੀਵਨ ਖੁਆਰ ਕਰਨ ਵਾਲੇ , ਧਰਮ ਦੇ ਨਾਂ ਤੇ ਕੀਤੇ ਜਾ ਰਹੇ ਪਾਖੰਡ , ਆਡੰਬਰ ਤਿਆਗ ਕੇ ਸਿੱਖ ਸੰਗਤ ਨੂੰ ਪਰਮਾਤਮਾ ਦਾ ਜਸ ਗਾਉਣ ਦਾ ਪੱਕਾ ਤੇ ਸੰਸਾ ਰਹਿਤ ਮਾਰਗ ਵਿਖਾਈ ਦਿੱਤਾ “ ਨਿਰਬਾਣੁ  ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ “ I ਹਾਲਾਂਕਿ ਸਿੱਖ ਸੰਗਤ ਦੁਆਰਾ ਗੁਰਬਾਣੀ ਗਾਇਣ ਦੀ ਪਰੰਪਰਾ ਗੁਰੂ ਨਾਨਕ ਸਾਹਿਬ ਦੇ ਕਾਲ ਤੋਂ ਹੀ ਆਰੰਭ ਹੋ ਗਈ ਸੀ ਪਰ ਇਹ ਪਰੰਪਰਾ ਨੇ ਗੁਰੂ ਅਰਜਨ ਸਾਹਿਬ ਦੇ ਕਾਲ ‘ਚ ਬਾਕਾਇਦਾ ਸੰਸਥਾਗਤ ਰੂਪ ਧਾਰਨ ਕੀਤਾ  I ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸੰਗਤ ਨੂੰ ਜੋੜਨ ਤੇ ਪ੍ਰੇਰਨ ਦਾ  ਮੁੱਖ ਮਾਧਿਅਮ ਬਣ ਗਈ I 

ਗੁਰੂ ਅਰਜਨ ਸਾਹਿਬ ਦੀ ਪ੍ਰੇਰਨਾ ਸਿੱਖ ਪੰਥ ਦੇ ਵਿਕਾਸ ‘ਚ ਬੜੀ ਅਹਿਮ ਸਾਬਿਤ ਹੋਈ I ਵੱਡੀ ਤਦਾਦ ‘ਚ ਵੱਖ ਵੱਖ ਧਰਮਾਂ ਦੇ ਲੋਗ ਸਿੱਖ ਬਣਨ ਲੱਗ ਪਏ I ਗੁਰਬਾਣੀ ਦਾ ਵਿਆਪਕ ਪ੍ਰਚਾਰ , ਪ੍ਰਸਾਰ ਹੋਇਆ I ਇਹ ਸਮਾਂ ਸੀ ਜਦੋਂ ਹਿੰਦੁਸਤਾਨ ਦੀ ਰਾਜ ਵਿਵਸਥਾ ਵੀ ਬਦਲੀ ਤੇ ਅਕਬਰ ਤੋਂ ਬਾਅਦ ਜਹਾਂਗੀਰ ਦਿੱਲੀ ਦੇ ਤਖਤ ਤੇ ਬੈਠਾ ਜੋ ਕੱਟੜ ਧਾਰਮਿਕ ਭਾਵਨਾ ਦਾ ਧਾਰਣੀ ਸੀ I ਗੁਰੂ ਘਰ ਦੇ ਨਿੰਦਕਾਂ , ਵੈਰੀਆਂ ਲਈ ਇਹ ਮੁਫੀਦ ਮੌਕਾ ਸੀ I ਉਨ੍ਹਾਂ ਗੁਰੂ ਸਾਹਿਬ ਦੇ ਵਿਰੁੱਧ ਦੁਰਭਾਵਨਾ ਭਰੀਆਂ , ਝੂਠੀਆਂ ਸ਼ਿਕਾਇਤਾਂ ਕਰਣੀਆਂ ਸ਼ੁਰੂ ਕਰ ਦਿੱਤੀਆਂ I ਜਹਾਂਗੀਰ ਦੀ ਸੋਚ ਬਣਦੀ ਗਈ ਕਿ ਜੇ ਗੁਰੂ ਅਰਜਨ ਸਾਹਿਬ ਦਾ ਪ੍ਰਤਾਪ ਇਵੇਂ ਹੀ ਵੱਧਦਾ  ਗਿਆ ਤੇ ਹਰ ਜਾਤੀ , ਸੰਪਰਦਾ , ਧਰਮ ਦੇ ਲੋਕਾਂ ਅੰਦਰ ਸਿੱਖ ਪੰਥ ਲਈ ਸਨਮਾਨ ਤੇ ਭਰੋਸਾ ਦ੍ਰਿੜ੍ਹ ਹੁੰਦਾ ਗਿਆ ਤਾਂ ਇਸਲਾਮ ਦੇ ਪ੍ਰਸਾਰ ਦੀ ਨੀਤੀ ਨੂੰ ਢਾਹ ਲੱਗ ਸਕਦੀ ਹੈ I ਗੁਰੂ ਘਰ ਦੇ ਵੈਰੀਆਂ ਨੇ ਗੁਰੂ ਅਰਜਨ ਸਾਹਿਬ ਦੇ ਅਕਸ ਨੂੰ ਬਾਗੀ ਸ਼ਾਹਜਾਦਾ ਖੁਸਰੋ ਦੇ ਹਿਮਾਇਤੀ ਦੇ ਰੂਪ ‘ਚ ਵੀ ਜਹਾਂਗੀਰ ਦੇ ਸਾਹਮਣੇ ਪੇਸ਼ ਕੀਤਾ I ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਨੂੰ ਲਾਹੌਰ ਤਲਬ ਕਰ ਲਿਆ I ਸੰਜਮ , ਸੰਤੋਖ ਤੇ ਸਹਿਜ ਦੇ ਪੁੰਜ ਗੁਰੂ ਅਰਜਨ ਸਾਹਿਬ ਜਾਣਦੇ ਸਨ ਕਿ ਇੱਕ ਅਦੁੱਤੀ ਇਤਿਹਾਸ ਰਚਨ ਦੀ ਜਿੰਮੇਵਾਰੀ ਉਨ੍ਹਾਂ ਤੇ ਆਣ ਪਈ ਹੈ I ਆਪ ਪੰਜ ਸਿੱਖਾਂ ਨਾਲ ਲਾਹੌਰ ਚੱਲ ਪਏ ਤਾਂ ਜੋ ਸਿੱਖ ਪੰਥ ਦੀ ਆਨ , ਬਾਨ ਨਵੀਆਂ ਉਚਾਈਆਂ ਤੇ ਪੁੰਜ ਸਕੇ I ਲਾਹੌਰ ਪੁੱਜਣ ਤੇ ਗੁਰੂ ਸਾਹਿਬ ਨੂੰ ਕੈਦ ਕਰ ਲਿਆ ਗਿਆ ਤੇ ਚੰਦੂ ਸ਼ਾਹ ਦੇ ਘਰ ਰੱਖਿਆ ਗਿਆ I ਸ਼ਾਹੀ ਦਰਬਾਰ ਵਿੱਚ ਗੁਰੂ ਸਾਹਿਬ ਅੱਗੇ ਦੋ ਵਿਕਲਪ ਰੱਖੇ ਗਏ ਕਿ ਜਾਣ ਇਸਲਾਮ ਕਬੂਲ ਕਰ ਲਵੋ ਜਾਂ ਮੌਤ I ਗੁਰੂ ਸਾਹਿਬ ਤਾਂ ਸੁੱਖਾਂ ਦੇ ਦਾਤੇ ਸਨ ਜਿਨ੍ਹਾਂ ਦੇ ਦਰਸ਼ਨ ਮਾਤਰ ਨਾਲ ਜਨਮਾਂ ਜਨਮਾਂ ਦੇ ਸੋਗ , ਸੰਤਾਪ ਦੂਰ ਹੋ ਜਾਂਦੇ ਸਨ “ ਮਹਾ ਤਪਤਿ ਤੇ ਭਈ ਸਾਂਤਿ ਪਰਸਤ ਪਾਪ ਨਾਠੇ ।। ਅੰਧ ਕੂਪ ਮਹਿ ਗਲਤ ਥੇ ਕਾਢੇ ਦੇ ਹਾਥੇ ।।  “ I ਆਪ ਦੀ ਅੰਮ੍ਰਿਤ ਬਾਣੀ ਤਾਂ ਜਗਤ ਜਲੰਦੇ ਨੂੰ ਤ੍ਰਿਪਤ ਤੇ ਸ਼ਾਂਤ ਕਰਨ ਵਾਲੀ ਸੀ “ ਅੰਮ੍ਰਿਤ ਗੁਣ ਸੰਤ ਬੋਲਤੇ ਸੁਣਿ ਮਨਹਿ ਪੀਲਾਵਉ ।।  ਉਆ ਰਸ ਮਹਿ ਸਾਂਤਿ ਤ੍ਰਿਪਤਿ ਹੋਇ ਬਿਖੈ ਜਲਨਿ ਬੁਝਾਵਉ ।। “ I ਗੁਰੂ ਅਰਜਨ ਸਾਹਿਬ ਤਾਂ ਪਰਮਾਤਮਾ ਦੇ ਰੰਗ ‘ਚ ਰੰਗੇ ਹੋਏ  ਅਡੋਲ ਚਿੱਤ ਤੇ ਨਿਰਮਲ ਸੋਚ ਦੇ ਸੁਆਮੀ ਸਨ “ ਜਨ ਕਾ ਨਾਮੁ ਅਧਾਰੁ ਹੈ ਪ੍ਰਭ ਸਰਣੀ ਪਾਹਿ ।।  ਪਰਮੇਸਰ ਕਾ ਆਸਰਾ ਸੰਤਨ ਮਨ ਮਾਹਿ ।। “ I ਮੁਗਲ ਦਰਬਾਰ ਦੇ ਕਿਸੇ ਵੀ ਦਬਾਅ ਦਾ ਗੁਰੂ ਸਾਹਿਬ ਤੇ ਕੋਈ ਅਸਰ ਨਾ ਪਿਆ ਤਾਂ ਆਪ ਨੂੰ ਯਾਸਾ – ਓ – ਸਿਆਸਤ ਕਾਨੂਨ ਦੇ ਤਹਿਤ ਤਸੀਹੇ ਦੇ ਕੇ ਸ਼ਹੀਦ ਕਰ ਦੇਣ ਦੀ ਸਜਾ ਸੁਨਾ ਦਿੱਤੀ ਗਈ I ਆਪ ਤੇ ਜੁਰਮਾਨਾ ਵੀ ਲਾਇਆ ਗਿਆ I ਇਹ ਮੁਗਲ ਰਾਜ ਦਾ ਉਸ ਵੇਲੇ ਦਾ ਸਭ ਤੋਂ ਸਖਤ ਕਾਨੂਨ ਸੀ I  ਗੁਰੂ ਸਾਹਿਬ ਨੇ ਅਜਰ ਬੜੇ ਹੀ ਸਹਿਜ ਨਾਲ ਜਰ ਕੇ ਸਾਰੀ ਮਨੁੱਖਤਾ ਨੂੰ ਸ਼ਬਦ ਹੀਨ ਕਰ ਦਿੱਤਾ I ਜੋ ਦੁਨਿਆ ਤੇ ਵੈਰੀ ਦੀ ਨਿਗਾਹ ‘ਚ ਤੱਤੀ ਰੇਤ , ਪਾਨੀ ਦੀ ਉਬਲਦੀ ਦੇਗ , ਤੱਤੀ ਤਵੀ ਸੀ , ਗੁਰੂ ਸਾਹਿਬ ਦੇ ਅੰਮ੍ਰਿਤ ਸੰਕਲਪ ਅੱਗੇ ਹਾਰ ਕੇ ਸ਼ੀਤਲ ਚੰਦਨ  ਹੁੰਦੀ ਗਈ “ ਜਿਸਹਿ ਸਹਾਈ ਗੋਬਿਦੁ ਮੇਰਾ ।।  ਤਿਸੁ ਕਉ ਜਮੁ ਨਹੀ ਆਵੈ ਨੇਰਾ ।।  “ I ਗੁਰੂ ਅਰਜਨ ਸਾਹਿਬ ਅੰਦਰ ਪਰਮਾਤਮਾ ਆਪ ਪਰਗਟ ਸੀ , ਉਹ ਆਪ ਗੁਰੂ ਸਾਹਿਬ ਦਾ ਸਹਾਈ ਸੀ I ਇਸ ਕਾਰਨ ਤਾਪ , ਸੇਕ ਵੀ ਪੋਹ ਦਾ ਠਾਰ ਬਣ ਗਿਆ “ ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ “ I ਗੁਰੂ ਅਰਜਨ ਸਾਹਿਬ ਨੇ ਧਰਮ ਲਈ ਅਜਰ ਜਰੀਆ ਤੇ ਉਨ੍ਹਾਂ ਦਾ ਮਨੋਰਥ ਸਫਲ ਹੋਇਆ “ ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ।।  “ I ਤਿੰਨ ਦਿਨਾਂ ਦੀ ਅਸਹਿ ਪੀੜਾ ਜਰਨ ਤੋਂ ਬਾਅਦ ਆਪ ਪਰਮਾਤਮਾ ‘ਚ ਸਮਾ ਗਏ ਜਿਵੇਂ ਰਾਵੀ ਨਦੀ ਦੀਆਂ ਲਹਿਰਾਂ ਨਦੀ ‘ਚ ਸਮੋ ਰਹੀਆਂ ਸਨ “ ਜਲ ਤਰੰਗੁ ਜਿਉ ਜਲਾਹਿ ਸਮਾਇਆ।।  ਤਿਉ ਜੋਤੀ ਸੰਗਿ ਜੋਤਿ ਮਿਲਾਇਆ ।।  “ I 

ਗੁਰੂ ਅਰਜਨ ਸਾਹਿਬ ਦਾ ਗੁਰਤਾ ਕਾਲ ਮਨੁੱਖੀ ਕਦਰਾਂ ਕੀਮਤਾਂ ਦਾ ਸੁਨਹਿਰੀ ਕਾਲ ਸੀ “ ਭਲਾ ਭਲਾ ਭਲਾ ਤੇਰਾ ਰੂਪ ।। ਅਤਿ ਸੁੰਦਰ ਅਪਾਰ ਅਨੂਪ ।।  “ I ਆਪ ਦੀ ਪ੍ਰੇਰਨਾ ਅੰਤਰ ਅਵਸਥਾ ਸ਼ੀਤਲ ਕਰਨ ਵਾਲੀ ਸੀ “ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ “ I ਆਪ ਦੀ ਸ਼ਹੀਦੀ ਸੰਸਾਰ ਦਾ ਸਭ ਤੋਂ ਪਵਿੱਤਰ ਕਰਮ ਸੀ ਜਿਸ ਨੇ ਸਿੱਖ ਸ਼ਹੀਦੀਆਂ ਦੇ ਇਤਿਹਾਸ ਦੇ ਪੰਨੇ ਤੇ ਸਿਰਲੇਖ ਦਰਜ ਕੀਤਾ  “ ਪਵਿਤ੍ਰ ਪਵਿਤ੍ਰ ਪਵਿਤ੍ਰ ਪੁਨੀਤ “ I ਗੁਰੂ ਸਾਹਿਬ ਦੀ ਪਾਵਨ ਸ਼ਹੀਦੀ ਸਿੱਖਾਂ ਦਾ ਸ਼ਸਤਰਾਂ ਨਾਲ ਮੇਲ ਕਰਾਉਣ ਵਾਲੀ ਸਾਬਿਤ ਹੋਈ । ਸਿੱਖਾ ਨੇ ਸਾਕਤ ਦਾ ਜੋਰ ਜਰਨਾ ਵੀ ਸਿੱਖਿਆ ਤੇ ਸਾਕਤ ਦੇ ਜੋਰ ਦਾ ਮੂੰਹ ਮੋੜਨਾ ਵੀ । ਗੁਰੂ ਸਾਹਿਬ ਦੀ ਸ਼ਹੀਦੀ ਸ਼ਕਤੀ ਤੇ ਸੰਜਮ ਦਾ ਸੁਮੇਲ ਬਣਨ ਦੀ ਰਾਹ ਬਣੀ । ਮੀਰੀ ਤੇ ਪੀਰੀ ਦੇ ਸਿਧਾਂਤ ਤੋਂ ਖਾਲਸਾ ਦੇ ਉਦੈ ਤੱਕ ਦੀ ਯਾਤਰਾ ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਇੱਕ ਅਹਿਮ ਪੜਾਅ ਸੀ। 

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

                                                                                

                                                                                        

                                                                                             

Previous articleਇੱਕ ਸ਼ਾਮ ਸੂਫ਼ੀ-ਕਾਵਿ ਅਤੇ ਸੰਗੀਤ ਦੇ ਨਾਮ
Next articleਮਾਤਾ ਵਿੱਦਿਆ ਦੇਵੀ ਆਦੋਆਣਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ