ਅੰਮ੍ਰਿਤਸਰ (ਸਮਾਜ ਵੀਕਲੀ): ਉਤਰਾਖੰਡ ਦੇ ਇਤਿਹਾਸਕ ਗੁਰਦੁਆਰਾ ਨਾਨਕ ਮਤਾ ਸਾਹਿਬ ਦੀ ਮਰਿਆਦਾ ਭੰਗ ਹੋਣ ਦੇ ਮਾਮਲੇ ਵਿੱਚ ਪ੍ਰਬੰਧਕ ਕਮੇਟੀ ਨੇ ਅਸਤੀਫਾ ਦੇੇ ਦਿੱਤਾ ਹੈ। ਇਸ ਮਗਰੋਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਣਾਈ ਗਈ ਜਾਂਚ ਕਮੇਟੀ ਨੇ ਗੁਰਦੁਆਰੇ ਦਾ ਪ੍ਰਬੰਧ ਚਲਾਉਣ ਲਈ ਪੰਜ ਮੈਂਬਰੀ ਆਰਜ਼ੀ ਕਮੇਟੀ ਬਣਾਈ ਹੈ।
ਜ਼ਿਕਰਯੋਗ ਕਿ ਗੁਰਦੁਆਰਾ ਨਾਨਕ ਮਤਾ ਵਿੱਚ ਉੱਤਰਾਖੰਡ ਦੇ ਨਵੇਂ ਬਣੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਸਵਾਗਤ ਦੌਰਾਨ ਲੜਕੀਆਂ ਕੋਲੋਂ ਨ੍ਰਿਤ ਕਰਵਾਇਆ ਗਿਆ ਸੀ। ਮੁੱਖ ਮੰਤਰੀ ਨੂੰ ਸਿਰੋਪਾ ਅਤੇ ਸ੍ਰੀ ਸਾਹਿਬ ਦੇ ਨਾਲ ਚਾਂਦੀ ਦਾ ਮੁਕਟ ਵੀ ਦਿੱਤਾ ਗਿਆ। ਇਸ ਮਾਮਲੇ ਦਾ ਸਿੱਖ ਸੰਗਤ ਵੱਲੋਂ ਸਖ਼ਤ ਇਤਰਾਜ਼ ਕੀਤਾ ਗਿਆ ਸੀ ਤੇ ਅਕਾਲ ਤਖਤ ਦੇ ਜਥੇਦਾਰ ਨੂੰ ਸ਼ਿਕਾਇਤ ਕੀਤੀ ਸੀ। ਇਸ ਮਗਰੋਂ ਜਥੇਦਾਰ ਨੇ ਤਿੰਨ ਮੈਂਬਰੀ ਕਮੇਟੀ ਨੂੰ ਜਾਂਚ ਲਈ ਭੇਜਿਆ ਸੀ। ਇਸ ਤਹਿਤ ਕਮੇਟੀ ਨੇ ਗੁਰਦੁਆਰਾ ਨਾਨਕ ਮਤਾ ਸਾਹਿਬ ਪਹੁੰਚ ਕੇ ਪੜਤਾਲ ਕੀਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜਾਂਚ ਕਮੇਟੀ ਵਿੱਚ ਅਕਾਲ ਤਖ਼ਤ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆ ਤੇ ਇੰਚਾਰਜ ਧਾਰਮਿਕ ਪੜਤਾਲਾਂ ਅਜੀਤ ਸਿੰਘ ਸ਼ਾਮਲ ਹਨ।
ਕਮੇਟੀ ਨੇ ਗੁਰਦੁਆਰਾ ਨਾਨਕ ਮਤਾ ਪੁੱਜ ਕੇ ਪ੍ਰਬੰਧਕਾਂ ਦੇ ਬਿਆਨ ਦਰਜ ਕੀਤੇ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਗੁਰਦੁਆਰੇ ਦੀ ਮੌਜੂਦਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਹਨ। ਇਸ ਮਗਰੋਂ ਸੰਗਤ ’ਚੋਂ ਜਰਨੈਲ ਸਿੰਘ, ਸੁਖਦੀਪ ਸਿੰਘ, ਕੁਲਦੀਪ ਸਿੰਘ, ਜਸਬੀਰ ਸਿੰਘ ਤੇ ਅਮਰਜੀਤ ਸਿੰਘ ’ਤੇ ਆਧਾਰਤ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਬਣਾ ਦਿੱਤੀ ਗਈ ਹੈ, ਜੋ ਅਗਲਾ ਹੁਕਮ ਆਉਣ ਤੱਕ ਗੁਰਦੁਆਰੇ ਦਾ ਪ੍ਰਬੰਧ ਦੇਖੇਗੀ। ਉਨਾਂ ਕਿਹਾ ਕਿ ਜਾਂਚ ਟੀਮ ਜਲਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਰਿਪੋਰਟ ਸੌਂਪੇਗੀ ਅਤੇ ਉਸ ’ਤੇ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਨੂੰ ਸਬੰਧੀ ਉਤਰਾਖੰਡ ਦੀ ਸੰਗਤ ਵਿਚ ਵੀ ਮੌਜੂਦਾ ਪ੍ਰਬੰਧਕਾਂ ਖ਼ਿਲਾਫ਼ ਕਾਫੀ ਰੋਹ ਸੀ, ਜਿਸ ਕਾਰਨ ਨੇੜਲੇ ਇਲਾਕਿਆਂ ਤੋ ਵੱਡੀ ਗਿਣਤੀ ਵਿੱਚ ਸੰਗਤ ਉੱਥੇ ਪੁੱਜੀ ਹੋਈ ਸੀ। ਉਨ੍ਹਾਂ ਮਰਿਆਦਾ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly