ਹੁਣ ਆਪ ਤੇ ਪਹਿਲਾਂ ਕਾਂਗਰਸ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੀ ਰਚ ਚੁੱਕੀ ਹੈ ਸਾਜਿਸ਼ : ਬੰਗਾ

ਲੁਧਿਆਣਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਜਮਲਾਪੁਰ ਦੇ ਚੰਡੀਗੜ੍ਹ ਰੋਡ ‘ਤੇ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਨੂੰ ਗਲਾਡਾ ਜੋਨ ਵੱਲੋਂ ਭੇਜੇ ਨੋਟਿਸ ਦਾ ਬਸਪਾ ਨੇ ਸਖਤ ਨੋਟਿਸ ਲਿਆ। ਗੁਰਦੁਆਰਾ ਸਾਹਿਬ ਪੁੱਜੇ ਸੂਬਾ ਪ੍ਰਧਾਨ ਡਾ: ਅਵਤਾਰ ਸਿੰਘ ਕਰੀਮਪੁਰੀ ਵੱਲੋਂ ਭੇਜੇ ਸੂਬਾ ਜਨਰਲ ਸਕੱਤਰ ਤੇ ਲੁਧਿਆਣਾ ਜੋਨ ਦੇ ਇੰਚਾਰਜ ਪ੍ਰਵੀਨ ਬੰਗਾ ਨੇ ਆਮ ਆਦਮੀਂ ਪਾਰਟੀ ਦੀ ਸਰਕਾਰ ‘ਤੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਨੂੰ ਢਾਹੁਣ ਦੀ ਸਾਜਿਸ਼ ਰਚਣ ਦੇ ਇਲਜਾਮ ਲਗਾਏ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੀ ਅਜਿਹੀ ਹੀ ਸਾਜਿਸ਼ ਕਾਂਗਰਸ ਪਾਰਟੀ ਨੇ ਅਪਣੀ ਸਰਕਾਰ ਵੇਲੇ ਸਾਲ 2019 ‘ਚ ਰਚੀ ਸੀ। ਉਸ ਸਾਜਿਸ਼ ਨੂੰ ਬਸਪਾ ਦੀ ਤਾਕਤ ਨੇ ਜਿਸ ਪ੍ਰਕਾਰ ਫੇਲ੍ਹ ਕੀਤਾ ਸੀ ਉਸੇ ਪ੍ਰਕਾਰ ਹੁਣ ਆਪ ਦੀ ਰਚੀ ਜਾ ਸਾਜਿਸ਼ ਨੂੰ ਵੀ ਬਸਪਾ ਫੇਲ੍ਹ ਕਰੇਗੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਿਟਾ: ਬੈਂਕ ਮੈਨੇਜਰ ਮਨਜੀਤ ਸਿੰਘ ਨੇ ਸੂਬਾ ਪ੍ਰਧਾਨ ਸ੍ਰ ਕਰੀਮਪੁਰੀ ਨੂੰ ਇਸ ਮਾਮਲੇ ਤੋਂ ਜਾਣੂ ਕਰਵਾਇਆ ਸੀ। ਜਿਨ੍ਹਾਂ ਵੱਲੋਂ ਲਗਾਈ ਜਿੰਮੇਵਾਰੀ ਤਹਿਤ ਅੱਜ ਸਾਡੀ ਲੀਡਰਸ਼ਿਪ ਨੇ ਗੁਰਦੁਆਰਾ ਸਾਹਿਬ ਦੀ ਕਮੇਟੀ ਨਾਲ ਮੀਟਿੰਗ ਕਰਕੇ ਹਰ ਪਹਿਲੂ ‘ਤੇ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਬਸਪਾ ਨੇ ਕਾਂਗਰਸ ਦੀ ਸਰਕਾਰ ਵੇਲੇ ਇਸ ਗੁਰਦੁਆਰਾ ਸਾਹਿਬ ਨੂੰ ਢਾਹੁਣ ਤੋਂ ਬਚਾਉਣ ਲਈ ਜਿੱਥੇ ਜਮੀਨੀ ਪੱਧਰ ‘ਤੇ ਤਿੱਖਾ ਸੰਘਰਸ਼ ਕੀਤਾ ਸੀ ਜਿਸ ਚੱਲਦਿਆਂ ਗਲਾਡਾ ਤੇ ਸਰਕਾਰ ਝੁਕੀ ਸੀ ਅਤੇ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੀ ਸਾਜਿਸ਼ ਫੇਲ੍ਹ ਹੋਈ ਸੀ, ਉਥੇ ਹੀ ਉਸ ਵੇਲੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵਰਗਿਆਂ ਨੇ ਅਪਣੀ ਸਿਆਸਤ ਚਮਕਾਈ ਸੀ। ਅੱਜ ਅਸੀਂ ਹਰਪਾਲ ਚੀਮਾ ਨੂੰ ਸਲਾਹ ਦਿੰਦੇ ਹਾਂ ਕਿ ਉਹ ਅਪਣੀ ਸਰਕਾਰ ‘ਚ ਮਤਾ ਪੁਆ ਕੇ ਗੁਰਦੁਆਰਾ ਸਾਹਿਬ ਦੇ ਨਾਲ ‘ਤੇ ਇਸ ਜਗਾਹ ਨੂੰ ਕਰਕੇ ਇਸ ਕਲੇਸ਼ ਦੀ ਜੜ੍ਹ ਵੱਢਣ। ਉਨ੍ਹਾਂ ਕਿਹਾ ਕਿ ਪਰ ਇਸ ਦੇ ਉਲਟ ਹਲਕਾ ਸਾਹਨੇਵਾਨ ਦਾ ਵਿਧਾਇਕ ਏਸੇ ਗਲਾਡਾ ਦਾ ਮੰਤਰੀ ਹੋਣ ਦੇ ਬਾਵਯੂਦ ਜੇਕਰ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੇ ਨੋਟਿਸ ਜਾਰੀ ਹੋ ਰਹੇ ਹਨ ਤਾਂ ਇਸ ਨੂੰ ਆਪ ਸਰਕਾਰ ਦਾ ਦਲਿਤ ਮਹਾਂਪੁਰਸ਼ਾਂ ਵਿਰੋਧੀ ਚੇਹਰਾ ਨੇ ਕਿਹਾ ਜਾਵੇ ਤਾਂ ਹੋਰ ਕੀ ਮੰਨਿਆ ਜਾਵੇ। ਉਨ੍ਹਾਂ ਕਿਹਾ ਕਿ ਗਲਾਡਾ ਕੇਵਲ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੇ ਨੋਟਿਸ ਦੇ ਨੋਟਿਸ ਨਹੀਂ ਭੇਜ ਰਹੀ ਬਲਕਿ ਸਾਡੇ ਮਹਾਂਪੁਰਸ਼ ਗੁਰੂ ਰਵਿਦਾਸ ਜੀ ਦੇ ਨਾਲ ‘ਤੇ 1964 ਤੋਂ ਬਣੇ ਗੁਰਦੁਆਰਾ ਸਾਹਿਬ ਨੂੰ ਅਪਣੇ ਨੋਟਿਸ ‘ਚ ਦੁਕਾਨ ਵੀ ਲਿਖ ਰਹੀ ਹੈ ਜਿਸ ਨਾਲ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਆਹਤ ਹੋਈਆਂ ਹਨ। ਇਸ ਲਈ ਜਿੱਥੇ ਅਸੀਂ ਆਪ ਸਰਕਾਰ ਤੋਂ ਇਸ ਗੁਰਦੁਆਰਾ ਸਾਹਿਬ ਦੀ ਜਮੀਨ ਨਾਮ ਕਰਵਾਉਣ ਦੀ ਯੋਜਨਾ ਲਿਆਉਣ ਦੀ ਮੰਗ ਕਰਦੇ ਹਾਂ ਉੱਥੇ ਹੀ ਜਿਸ ਵੀ ਅਧਿਕਾਰੀ ਨੇ ਗੁਰਦੁਆਰਾ ਸਾਹਿਬ ਨੂੰ ਦੁਕਾਨ ਲਿਖਵਾਇਆ ਹੈ ਉਸ ਉੱਤੇ ਪਰਚਾ ਦਰਜ ਕਰਨ ਦੀ ਮੰਗ ਵੀ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਬਸਪਾ ਪਹਿਲਾਂ ਵਾਂਗ ਤਿੱਖਾ ਸੰਘਰਸ਼ ਕਰੇਗੀ। ਜੋਨ ਇੰਚਾਰਜ ਬਲਵਿੰਦਰ ਬਿੱਟਾ ਅਤੇ ਜਿਲ੍ਹਾ ਇੰਚਾਰਜ ਜੀਤ ਰਾਮ ਨੇ ਐਸਸੀ ਕਮਿਸ਼ਨ ਦੇ ਮੌਜੂਦਾ ਚੇਅਰਮੈਨ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਉਨ੍ਹਾਂ ਦਾ ਬਸਪਾ ਦੇ ਸੂਬਾ ਪ੍ਰਧਾਨ ਹੋਣ ਸਮੇਂ ਸਾਰਾ ਮਾਮਲਾ ਵਾਪਰਿਆ ਸੀ ਤੇ ਉਹ ਆਪ ‘ਚ ਜਾ ਕੇ ਬਹੁਤ ਵੱਡੇ ਦਲਿਤ ਹਿਤੈਸ਼ੀ ਹੋਣ ਦੇ ਦਮਗੱਜੇ ਮਾਰਦੇ ਹਨ ਤੇ ਸਰਕਾਰ ਦਾ ਹਿੱਸਾ ਹੋਣ ਕਾਰਨ ਹੁਣ ਕੋਲ ਇਸਨੂੰ ਸਾਬਿਤ ਕਰਨ ਦਾ ਮੌਕਾ ਵੀ ਹੈ। ਉਹ ਚੇਅਰਮੈਨ ਹੋਣ ਦੇ ਨਾਤੇ ਸਾਰੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਗਲਾਡਾ ਦੇ ਅਧਿਕਾਰੀਆਂ ਉੱਤੇ ਪਰਚਾ ਅਤੇ ਗੁਰਦੁਆਰਾ ਸਾਹਿਬ ਦੇ ਨਾਮ ਜਗਾਹ ਨੂੰ ਕਰਵਾਉਣ ਦੀ ਕਾਰਵਾਈ ਨੂੰ ਅਮਲੀ ਰੂਪ ਦੇਣ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਦੱਸਿਆ ਕਿ ਸਾਲ 2019 ਦਾ ਸੰਘਰਸ਼ ਗੁਰਦੁਆਰਾ ਸਾਹਿਬ ਨੂੰ ਨਾ ਢਾਹੁਣ ਦੀ ਆਪਸੀ ਸਹਿਮਤੀ ਬਣਨ ਤੋਂ ਬਾਅਦ ਖਤਮ ਕੀਤਾ ਗਿਆ ਸੀ।ਉਸ ਵੇਲੇ ਉੱਚ ਅਧਿਕਾਰੀਆਂ ਨਾਲ ਹੋਈ ਅਹਿਮ ਮੀਟਿੰਗ ‘ਚ ਇੱਕ ਚਿੱਠੀ ਵੀ ਜਾਰੀ ਹੋਈ ਸੀ ਜਿਸ ਉੱਤੇ ਕੋਈ ਅਮਲ ਨਹੀਂ ਹੋਇਆ। ਸਾਡੀ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ, ਇਸ ਗਲਾਡਾ ਵਿਭਾਗ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਜਿਨ੍ਹਾਂ ਨੂੰ ਅਸੀ ਸਾਰੇ ਮਾਮਲੇ ਤੋਂ ਜਾਣੂ ਕਰਵਾ ਚੁੱਕੇ ਹਾਂ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਮੰਗ ਹੈ ਕਿ ਉਸ ਚਿੱਠੀ ਉੱਤੇ ਕਾਰਵਾਈ ਕਰਦਿਆਂ ਗੁਰਦੁਆਰਾ ਸਾਹਿਬ ਦੇ ਅਧੀਨ ਜਮੀਨ ਦੇ ਮਾਲਕੀ ਹੱਕ ਗੁਰਦੁਆਰਾ ਸਾਹਿਬ ਨੂੰ ਦਿੱਤੇ ਜਾਣ। ਉਨ੍ਹਾਂ ਬਸਪਾ ਦੇ ਸੂਬਾ ਪ੍ਰਧਾਨ ਸ੍ਰ ਕਰੀਮਪੁਰੀ ਅਤੇ ਆਈ ਲੀਡਰਸ਼ਿਪ ਦਾ ਮਸਲੇ ਨੂੰ ਮੁੜ ਚੁੱਕਣ ‘ਤੇ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਹੋਰਨਾਂ ਬਹੁਜਨ ਸੰਗਠਨਾਂ, ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਤੇ ਵਾਲਮੀਕਿ ਮੰਦਰ ਕਮੇਟੀਆਂ ਨੂੰ ਸਾਥ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸੋਨੂ ਅੰਬੇਡਕਰ, ਡਾ ਗੁਰਦੇਵ ਸਿੰਘ ਭੰਗੂ, ਰਾਮ ਲੋਕ, ਨਾਜਰ ਸਿੰਘ, ਅਰਬਨ ਸਿੰਘ, ਜਗਪਾਲ ਸਿੰਘ ਜੱਗਾ ਅਤੇ ਹੋਰ ਹਾਜਰ ਸਨ।