ਗੁਰਦਾਸ ਮਾਨ – ਕੀ ਉਸਨੂੰ ਸਮਝ ਨਹੀਂ ਆ ਰਹੀ?

(ਸਮਾਜ ਵੀਕਲੀ)

ਗੁਰਦਾਸ ਮਾਨ ਦੇ ਨਵੇਂ ਵਿਵਾਦਿਤ ਗਾਣੇ , ‘ਸੁਣੋ ਪੰਜਾਬੀ ਦੋਸਤੋ’ ਨੇ ਇਕ ਵਾਰੀ ਫਿਰ ਉਹੀ ਮੁੱਦੇ ਚਰਚਾ ਵਿਚ ਲੈ ਆਂਦੇ ਨੇ ਜਿਨ੍ਹਾਂ ਕਰਕੇ ਪਿਛਲੇ ਕੁੱਝ ਸਾਲਾਂ ਵਿਚ ਉਸਦੀ ਲੋਕਪ੍ਰਿਅਤਾ ਕਾਫੀ ਹੱਦ ਤੱਕ ਘਟੀ ਹੈ। ਗੀਤ ਵਿਚ ਮਾਨ ਬਹੁਤ ਹੀ ਭਾਵਪੂਰਤ ਬੋਲਾਂ ਦੀ ਵਰਤੋਂ ਕਰਦੇ ਹੋਏ ਆਪਣੇ ਨਿੱਜੀ ਦੁੱਖ ਅਤੇ ਗੁੱਸੇ ਰਾਹੀ ਆਪਣੇ ਹੀ ਭਰਾਵਾਂ ਵੱਲੋਂ ਜਿਨਾਂ ਨੂੰ ਉਹ ਗੀਤ ਵਿਚ ਪੰਜਾਬੀ ਦੋਸਤੋ ਕਹਿ ਕੇ ਸੰਬੋਧਿਤ ਹੁੰਦਾ ਹੈ ਦੁਆਰਾ ਠੱਗਿਆ ਮਹਿਸੂਸ ਕਰਵਾਉਂਦਾ ਹੈ। ਇਸ ਗਾਣੇ ਦੀ ਭਾਵੁਕ ਵੀਡੀਓਗ੍ਰਾਫੀ ਉਸਦੇ ਭਾਵਪੂਰਤ ਬੋਲਾਂ ਦੀ ਬਾਖੂਬੀ ਤਰਜਮਾਨੀ ਕਰਦੀ ਹੈ। ਗੀਤ ਅਤੇ ਉਸਦੀ ਵੀਡੀਓਗ੍ਰਾਫੀ ਰਾਹੀਂ ਮਾਨ ਆਪਣਾ ਸੱਚ ਦਿਖਾਉਣ ਦੇ ਹੱਕ ਵਿਚ ਨਜ਼ਰ ਆਉਂਦਾ ਹੈ। ਵੀਡੀਓਗ੍ਰਾਫੀ ਨੂੰ ਪੂਰੀ ਤਰ੍ਹਾਂ ਨਿਯੰਤਰਿਤ ਰੱਖਣ ਲਈ ਉਸ ਦੀ ਟੀਮ ਨੇ ਅਭਿਨੇਤਾਵਾਂ ਨੂੰ ਬੜੇ ਹੁਨਰਮੰਦ ਤਰੀਕੇ ਨਾਲ ਚੁਣਿਆ ਹੈ। ਇਸੇ ਤਰ੍ਹਾਂ ਮਾਨ ਦੀ ਨਿਰਦੋਸ਼ਤਾ ਨੂੰ ਦਰਸਾਉਣ ਲਈ ਅਜਿਹਾ ਪਲਾਟ ਤਿਆਰ ਕੀਤਾ ਹੈ ਜਿਸ ਵਿਚ ਮਾਨ ਦੀ ਮਾਸੂਮੀਅਤ ਅਤੇ ਉਸ ਦੇ ਪ੍ਰਸ਼ੰਸਕਾਂ ਦੀ ਬੇਰਹਿਮੀ ਵਾਲੀ ਤਸਵੀਰ ਤਿਆਰ ਕੀਤੀ ਗਈ ਹੈ। ਬਾਲ ਅਭਿਨੇਤਾ ਦੀ ਮਾਸੂਮੀਅਤ ਕਿਸੇ ਨੂੰ ਵੀ ਭਾਵਨਾਤਮਕ ਤੌਰ ਤੇ ਆਪਣੇ ਨਾਲ ਰੋੜ ਕੇ ਲਿਜਾ ਸਕਦੀ ਹੈ ਤੇ ਇਹੀ ਇਸਦਾ ਅੰਤਿਮ ਟੀਚਾ ਵੀ ਹੈ, ਜੋ ਕਿ ਕੇਵਲ ਮਾਨ ਦੇ ਆਪਣੇ ਦ੍ਰਿਸ਼ਟੀਕੋਣ ਤੋਂ ਪਰੇਰਿਤ ਨਜ਼ਰ ਆਉਂਦਾ ਹੈ ਅਤੇ ਜਿਸ ਵਿਚ ਕਿਸੇ ਹੋਰ ਦੀਆਂ ਭਾਵਨਾਵਾਂ ਦੀ ਕੋਈ ਥਾਂ ਨਜ਼ਰ ਨਹੀ ਆਉਂਦੀ। ਗੀਤ ਦੇ ਭਾਵੁਕ ਬੋਲ, ਆਕਰਸ਼ਕ ਕਥਾਨਿਕ ਅਤੇ ਅਦਾਕਾਰਾਂ ਦੀ ਨਿਪੁੰਨਤਾ ਜਿਆਦਾਤਰ ਦਰਸ਼ਕਾਂ ਨੂੰ ਗੁਰਦਾਸ ਮਾਨ ਉੱਤੇ ਤਰਸ ਕਰਨ ਲਈ ਮਜ਼ਬੂਰ ਕਰਦੀ ਹੈ ਪ੍ਰੰਤੂ ਜੇ ਗਹਿਰਾਈ ਨਾਲ ਦੇਖਿਆ ਜਾਵੇ ਤਾਂ ਇਹ ਗੀਤ ਮਾਨ ਦੇ ਸਵੈ- ਜ਼ਨੂਨ ਅਤੇ ਸਵੈ ਪੀੜ ਤੋਂ ਅੱਗੇ ਹੋਰ ਕੁਝ ਵੀ ਨਹੀਂ ਦਰਸਾਉਂਦਾ।

ਇਹ ਗੀਤ ਜਿਥੇ ਇਕ ਆਕਰਸ਼ਿਤ ਅੱਖ ਨੂੰ ਉਸ ਦੀ ਪੀੜ ਨਾਲ ਰੋਣ ਲਈ ਮਜ਼ਬੂਰ ਕਰਦਾ ਹੈ ਉਥੇ ਸਾਨੂੰ ਇਹ ਸੋਚਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਕਿ ਸ਼ਾਇਦ ਗੁਰਦਾਸ ਮਾਨ ਆਪਣੀ ਹੀ ਦੁਨੀਆ ਲਈ ਜਨੂੰਨੀ ਹੋ ਗਿਆ ਹੈ ਜਿਸ ਨੂੰ ਆਪਣੇ ਤੋਂ ਅੱਗੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ।

ਉਹ ਇਸ ਤਰਾਂ ਕਿਉਂ ਮਹਿਸੂਸ ਕਰ ਰਿਹਾ ਹੈ: ਪੰਜਾਬੀ ਦੇ ਨਜ਼ਰੀਏ ਤੋਂ

ਇਹ ਗੀਤ, ਜੋ ਨਿੰਦਾ ਅਤੇ ਅਲੋਚਨਾ ਉਸਨੂੰ ਪਿਛਲੇ ਕੁਝ ਸਾਲਾਂ ਤੋਂ ਮਿਲੀ ਹੈ ਦਾ ਹੀ ਪ੍ਰਤੀਕਰਮ ਹੈ। ਇਹ ਮਾਮਲਾ ਉਦੋਂ ਭਖਿਆ ਜਦੋਂ ਪੱਛਮ ਦੇ ਇਕ ਨਿਜੀ ਰੇਡੀਓ ਤੇ ਮੁਲਾਕਾਤ ਦੇ ਦੌਰਾਨ ਗੁਰਦਾਸ ਮਾਨ, ‘ ਜਿਸ ਨੂੰ ਆਪ ਪੰਜਾਬੀ ਬੋਲੀ ਦਾ ਮਾਣ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ’ ਨੇ ਭਾਰਤ ਵਿਚ ਇਕ ਦੇਸ ਇਕ ਭਾਸ਼ਾ ਦੇ ਵਿਚਾਰਾਂ ਨੂੰ ਸਹੀ ਠਹਿਰਾਉਂਦੇ ਹੋਏ ਹਿੰਦੀ ਬੋਲੀ ਦੇ ਹੱਕ ਵਿਚ ਬਿਆਨ ਦਿੱਤਾ।

ਇਸ ਬਿਆਨ ਦੀ ਸਮੱਸਿਆ ਨੂੰ ਅਤੇ ਪੰਜਾਬੀ ਪ੍ਰਵਾਸੀਆਂ ਅਤੇ ਪੰਜਾਬ ਵਿਚ ਵਸਦੇ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ ਲਈ, ‘ ਜਿਨ੍ਹਾਂ ਦੀ ਮਾਨ ਦੀ ਗਾਇਕੀ ਪ੍ਰਤੀ ਦੁਸ਼ਮਣੀ ਇਸ ਗਾਣੇ ਦੀ ਵੀਡੀਓ ਦਾ ਕੇਂਦਰ ਬਿੰਦੂ ਹੈ’ ਵਿਚ ਏਨੀ ਬੇਚੈਨੀ ਕਿਉਂ ਪੈਦਾ ਕੀਤੀ ਨੂੰ ਸਮਝਣ ਲਈ ਪੰਜਾਬੀ ਭਾਸ਼ਾ ਦੇ ਸਮਕਾਲੀ ਸੰਦਰਭ ਨੂੰ ਸਮਝਣ ਦੀ ਲੋੜ ਹੈ। ਲੋਕਾਂ ਦੇ ਵਿਸ਼ਵਾਸ ਵਾਂਗ ਭਾਸ਼ਾ ਲੋਕਾਂ ਦੀ ਪਛਾਣ ਦਾ ਅਹਿਮ ਹਿੱਸਾ ਹੁੰਦੀ ਹੈ। ਭਾਰਤ ਵਰਗੇ ਦੇਸ਼ ਵਿਚ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਹਰ ਭਾਸ਼ਾ ਆਪਣੇ ਇਤਿਹਾਸ , ਸੱਭਿਆਚਾਰ ਅਤੇ ਵਿਸ਼ਵਾਸਾਂ ਦੀ ਵਿਲੱਖਣਤਾ ਕਰਕੇ ਅਮੀਰ ਹੈ। ਕਿਸੇ ਵੀ ਲੋਕਤੰਤਰੀ ਦੇਸ਼ ਵਿਚ ਕਿਸੇ ਇਕ ਭਾਸ਼ਾ ਨੂੰ ਦੂਜੀਆਂ ਭਾਸ਼ਾਵਾਂ ਨਾਲੋਂ ਤਰਜੀਹ ਨਹੀ ਦਿੱਤੀ ਜਾ ਸਕਦੀ ਅਤੇ ਭਾਰਤੀ ਸੰਵਿਧਾਨ ਵੀ ਅਜਿਹੀ ਕਿਸੇ ਧਾਰਨਾ ਦਾ ਸਮਰਥਨ ਜਾਂ ਵਕਾਲਤ ਨਹੀ ਕਰਦਾ। ਪੰਜਾਬੀਆਂ ਖਾਸ ਕਰ ਕੇ ਸਿੱਖਾਂ ਲਈ ਆਪਣੀ ਭਾਸ਼ਾ ਦਾ ਮਹੱਤਵ ਹੋਰ ਵੀ ਵੱਧ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਪੰਜਾਬੀ ਹੈ ਅਤੇ ਲਿੱਪੀ ਗੁਰਮੁਖੀ, ਜਿਸ ਨੂੰ ਗੁਰੂਆਂ ਦੁਆਰਾ ਬਾਣੀ ਲਿਖਣ ਲਈ ਵਰਤਿਆ ਅਤੇ ਤਿਆਰ ਕੀਤਾ ਗਿਆ। ਜਿਸ ਤਰ੍ਹਾਂ ਕੁਰਾਨ ਦੀ ਭਾਸ਼ਾ ਅਰਬੀ ਹੋਣ ਕਰਕੇ ਅਰਬੀ ਭਾਸ਼ਾ ਨੂੰ ਉਸ ਦੇ ਆਪਣੇ ਖਿੱਤੇ ਵਿਚ ਦੂਜਾ ਜਾਂ ਤੀਜਾ ਸਥਾਨ ਦੇਣ ਬਾਰੇ ਸੋਚਿਆ ਵੀ ਨਹੀ ਜਾ ਸਕਦਾ ਬਿਲਕੁਲ ਇਸੇ ਤਰ੍ਹਾਂ ਹੀ ਗੁਰੂਆਂ ਦੀ ਬੋਲੀ ਨੂੰ ਘੱਟੋ ਘੱਟ ਪੰਜਾਬ ਵਿਚ ਪਹਿਲੇ ਤੋਂ ਬਿਨਾ ਹੋਰ ਕਿਸੇ ਸਥਾਨ ਤੇ ਨਹੀਂ ਰੱਖਿਆ ਜਾ ਸਕਦਾ।

ਗੁਰਦਾਸ ਮਾਨ ਦਾ ਇਕ ਰਾਸ਼ਟਰ ਅਤੇ ਇਕ ਭਾਸ਼ਾ ਵਾਲਾ ਰਾਜਨੀਤਿਕ ਪ੍ਰੇਰਿਤ ਵਿਵਾਦਿਤ ਬਿਆਨ ਇਥੇ ਹੀ ਨਹੀ ਰੁਕਿਆ ਸਗੋਂ ਜਦ ਅਡਮਿੰਟਨ ਵਿਚ ਪੰਜਾਬੀ ਬੋਲੀ ਦੇ ਸਮਰਥਕਾਂ ਨੇ ਆਪਣੀ ਮਾਂ ਬੋਲੀ ਪ੍ਰਤੀ ਆਪਣੀ ਵਫਾਦਾਰੀ ਦਰਸਾਉਂਦੇ ਹੋਏ ਗੁਰਦਾਸ ਮਾਨ ਦੇ ਸ਼ੋ ਦੀਆਂ ਪਹਿਲਾਂ ਤੋਂ ਲਈਆਂ ਗਈਆਂ ਟਿਕਟਾਂ ਪਾੜ ਕੇ ਮਾਨ ਦਾ ਵਿਰੋਧ ਕੀਤਾ ਅਤੇ ਕੁਝ ਨੇ ਅੰਦਰ ਜਾ ਕੇ ਸ਼ੋ ਦੌਰਾਨ ਮਾਨ ਦੇ ਰੂਬਰੂ ਉਸ ਦੇ ਬਿਆਨਾਂ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਹੱਥਾਂ ਵਿਚ ਤਖਤੀਆਂ ਫੜ ਕੇ ਆਪਣੀ ਨਰਾਜ਼ਗੀ ਦਾ ਮੁਜਾਰਾ ਕੀਤਾ ਤਾਂ ਸਟੇਜ ਤੇ ਖੜ੍ਹੇ ਮਾਨ ਨੇ ਬਦਲੇ ਵਿਚ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਜਿਸ ਨਾਲ ਦੁਨੀਆ ਭਰ ਦੇ ਪੰਜਾਬੀਆਂ ਦੀ ਬਹੁ ਗਿਣਤੀ ਨਾਂ ਸਿਰਫ ਚੌਂਕ ਗਈ ਬਲਕਿ ਗੁੱਸੇ ਵਿਚ ਵੀ ਆ ਗਈ। ਉਸ ਦਿਨ ਤੋਂ ਬਾਅਦ ਜਿਵੇਂ ਮਾਨ ਦੀ ਲੋਕਪ੍ਰਿਅਤਾ ਘਟਣ ਲੱਗੀ ਅਤੇ ਲੋਕ ਉਸ ਨੂੰ ਸਟੇਜ ਤੇ ਦੇਖਣਾ ਨਾਂਪਸੰਦ ਕਰਨ ਲੱਗੇ।

ਮਸਤਾਂ ਦੀ ਕੰਜਰੀ

ਹੱਥਲੇ ਸੰਗੀਤਕ ਵੀਡੀਓ ਵਿਚ ਮਾਨ ਆਪਣੇ ਦਰਦ ਵਿਚ ਹੋਰ ਭਾਵੁਕਤਾ ਭਰਨ ਲਈ ਆਪਣੇ ਪੀਰ ਜਾਂ ਗੁਰੂ ਦਾ ਜ਼ਿਕਰ ਕਰਦਾ ਹੈ ਜਿਸ ਨੂੰ ਮਸਤ ਵਜੋਂ ਜਾਣਿਆ ਜਾਂਦਾ ਹੈ ਅਤੇ ਮਾਨ ਅਕਸਰ ਉਸ ਨੂੰ ਸਾਂਈ ( ਕੋਈ ਰੱਬੀ ਪੁਰਸ਼) ਕਹਿ ਕੇ ਸੰਬੋਧਨ ਕਰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਜਾਂ ਤਾਂ ਉਸ ਨੂੰ ਇਹ ਗੱਲ ਸਮਝ ਨਹੀ ਆ ਰਹੀ ਜਾਂ ਸ਼ਾਇਦ ਕਿਸੇ ਨੇ ਉਸ ਨੂੰ ਬਿਠਾ ਕੇ ਸਮਝਾਉਣ ਦੀ ਕੋਸ਼ਿਸ਼ ਨਹੀ ਕੀਤੀ ਕਿ ਲੋਕ ਉਸ ਦੇ ਸਾਂਈ ਪ੍ਰਤੀ ਪ੍ਰੇਮ ਨੂੰ ਮੁਆਫ ਨਹੀ ਕਰ ਪਾ ਰਹੇ। ਜ਼ਾਹਰ ਤੌਰ ਤੇ ਸਾਂਈ ਅਖੌਤੀ ਡੇਰਾਵਾਦ ਅਤੇ ਉਹਨਾਂ ਦੇ ਪੈਰੋਕਾਰਾਂ ਦਾ ਹੀ ਇਕ ਨਮੂਨਾ ਹੈ ਜੋ ਪੰਜਾਬ ਵਿਚ ਦੇਸ਼ ਦੀ ਵੰਡ ਤੋਂ ਬਾਅਦ ਖਾਸ ਤੌਰ ਤੇ ਉਭਰਿਆ ਹੈ। ਮਾਨ ਦੇ ਸਾਂਈ ਜਾਂ ਮਸਤ ਨੂੰ ਅਕਸਰ ਅਰਧ ਨਗਨ , ਸਲਵਾਰ ਪਾਏ ਹੋਏ ਅਤੇ ਬੀੜੀ ਪੀਂਦੇ ਹੋਏ ਦੇਖਿਆ ਜਾ ਸਕਦਾ ਹੈ। ਇਕ ਵੀਡੀਓ ਵਿਚ ਮਾਨ ਪੈਰਾਂ ‘ਚ ਘੁੰਗਰੂ ਬੰਨ੍ਹ ਕੇ ਨੱਚਦਾ ਨਜ਼ਰ ਆਉਂਦਾ ਹੈ ਜਦੋਂ ਕਿ ਸਾਂਈ ਉਸ ਦੇ ਸਿਰ ਉਤੋਂ ਨੋਟਾਂ ਦੀਆਂ ਬੋਰੀਆਂ ਲੁਟਾ ਰਿਹਾ ਹੁੰਦਾ ਹੈ। ਇਹ ਇਕ ਤਰ੍ਹਾਂ ਦਾ ਇਸ਼ਾਰਾ ਹੈ ਕਿ ਗਾਇਕ ਸਾਂਈ ਜਰੀਏ ਪ੍ਰਸਿੱਧੀ ਕਿਵੇਂ ਲੈ ਸਕਦੇ ਹਨ। ਸਾਂਈ ਦੇ ਹਜ਼ਾਰਾਂ ਪੈਰੋਕਾਰ ਹਨ ਜੋ ਨਵੇਂ ਉਭਰਦੇ ਗਾਇਕਾਂ ਨੂੰ ਸਫਲ ਕਰਵਾ ਸਕਦੇ ਨੇ ਬੇਸ਼ਰਤੇ ਕਿ ਇਹ ਗਾਇਕ ਸਾਂਈ ਦਾ ਦਿਲ ਜਿੱਤ ਲੈਣ। ਸੱਭ ਇਸ ਗੱਲ ਤੇ ਮੁਨੱਸਰ ਹੈ ਕਿ ਇਹ ਉਭਰਦੇ ਗਾਇਕ ਸਾਂਈ ਦੀ ਮੇਹਰ ਕਿਸ ਤਰਾਂ ਪ੍ਰਾਪਤ ਕਰਨ, ਸਾਂਈ ਦੇ ਪੈਰ ਛੂਹਣਾ ਤਾਂ ਇਸ ਸਭ ਕਾਸੇ ਦੀ ਇਕ ਸ਼ੁਰੂਆਤ ਮਾਤਰ ਹੈ।

ਗੁਰਦਾਸ ਮਾਨ ਅਕਸਰ ਆਪਣੀਆਂ ਮੁਲਾਕਾਤਾਂ , ਸਟੇਜ ਸ਼ੋ ਅਤੇ ਹੋਰ ਕਈ ਥਾਂਵਾਂ ਤੇ ਸਾਈਂ ਦੀ ਤਰੀਫ ਕਰਦਾ ਦੇਖਿਆ ਜਾ ਸਕਦਾ ਹੈ। ਪਰ ਇਸ ਗੱਲ ਕਾਰਨ ਲੋਕ ਗੁੱਸੇ ਕਿਉਂ ਹਨ ਇਸ ਸਵਾਲ ਦਾ ਜਵਾਬ ਸਿੱਖ ਕਦਰਾਂ ਕੀਮਤਾਂ ਅਤੇ ਸਿਧਾਂਤਾ ਦੇ ਅਮਲਾਂ ਵਿਚ ਦੇਖਿਆ ਜਾ ਸਕਦਾ ਹੈ। ਸਿੱਖ ਹਮੇਸ਼ਾਂ ਹੀ ਡੇਰਾਵਾਦ ਅਤੇ ਸਵੈ-ਘੋਸ਼ਿਤ ਭਗਵਾਨ ਪੁਰਸ਼ਾਂ ਨੂੰ ਰੱਦ ਕਰਦਾ ਰਿਹਾ ਹੈ। ਇਕ ਅਕਾਲ ਪੁਰਖ ਵਿਚ ਵਿਸ਼ਵਾਸ ਸਿੱਖ ਧਰਮ ਦਾ ਧੁਰਾ ਹੈ ਅਤੇ ਗੁਰਬਾਣੀ ਇਸ ਦਾ ਲਿਖਤੀ ਪ੍ਰਗਟਾਵਾ। ਵਿਰੋਧਾਭਾਸ ਇਹ ਹੈ ਕਿ ਮਾਨ ਦੋਵੇਂ ਪੱਖ ਪੂਰਨਾਂ ਚਾਹੁੰਦਾ ਹੈ, ਇਕ ਪਾਸੇ ਤਾਂ ਆਪਣੇ ਗੀਤਾਂ ਵਿਚ ਉਹ ਗੁਰੂਆਂ ਦੀਆਂ ਸਿੱਖਿਆਵਾਂ ਦਾ ਵਰਣਨ ਕਰਦਾ ਹੈ, ਉਹਨਾਂ ਦੇ ਬਚਨਾਂ ਦਾ ਪ੍ਰਚਾਰ ਕਰਦਾ ਹੈ ਪਰ ਓਸੇ ਸਮੇਂ ਉਹ ਆਪਣੇ ਅਖੌਤੀ ਸਾਂਈ ਨੂੰ ਵੀ ਨਾਲ ਹੀ ਜੋੜ ਲੈਂਦਾ ਹੈ। ਮਾਨ ਦੇ ਬਹੁਤ ਸਾਰੇ ਕੱਟੜ ਪ੍ਰਸ਼ੰਸਕ ਉਸ ਦੇ ਨਕਸ਼ੇ ਕਦਮਾਂ ਦੀ ਪਾਲਣਾ ਕਰਦੇ ਹੋਏ ਸਾਂਈ ਦੇ ਚੇਲੇ ਵੀ ਬਣ ਗਏ ਹਨ। ਇਹ ਗੱਲ ਉਸ ਸਮੇਂ ਵਧੇਰੇ ਸਮੱਸਿਆ ਵਾਲੀ ਜਾਪਦੀ ਹੈ ਜਦੋਂ ਪੰਜਾਬ ਪਹਿਲਾਂ ਹੀ ਨਸ਼ੇ ਵਰਗੀ ਰਾਜਸੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਵਿਚ ਮਾਨ ਦਾ ਸਾਂਈ ਨੂੰ ਵਡਿਆਉਣਾ ‘ ਜੋ ਆਪ ਅਕਸਰ ਨਸ਼ੇ ਕਰਦਾ ਤੇ ਬੀੜੀ ਪੀਂਦਾ ਦੇਖਿਆ ਜਾ ਸਕਦਾ ਹੈ ‘ ਹੋਰ ਵੀ ਚਿੰਤਾਜਨਕ ਹੈ। ਮਾਨ ਨੂੰ ਮੰਨਣ ਵਾਲੇ ਵਧੇਰੇ ਨੌਜਵਾਨ ਸਾਂਈ ਨੂੰ ਵੀ ਮੰਨਦੇ ਹਨ ਤੇ ਵੇਖੋਵੇਖੀ ਉਹ ਕਿਸੇ ਵੀ ਕਿਸਮ ਦੇ ਨਸ਼ੇ ਨੂੰ ਪ੍ਰਮਾਤਮਾ ਤੱਕ ਪਹੁੰਚਣ ਦਾ ਸਾਧਨ ਮੰਨ ਬੈਠਦੇ ਹਨ। ਇਸ ਤੋਂ ਇਲਾਵਾ ਬਾਣੀ ਗਾਉਣ ਅਤੇ ਸਾਂਈ ਨੂੰ ਵੀ ਉਚਿਆਉਣ ਦੀ ਅਸੰਗਤਤਾ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ ਪਰ ਫਿਰ ਵੀ ਗੁਰਦਾਸ ਮਾਨ ਇਸ ਤੋਂ ਅਭਿੱਜ ਹੀ ਰਹਿੰਦਾ ਹੈ।

ਪੰਜਾਬ ਦੇ ਬੁੱਚੜ ਨਾਲ ਦੋਸਤੀ

ਗੁਰਦਾਸ ਮਾਨ ਦੀ ਇਕ ਫੋਟੋ ਜਿਸ ਵਿਚ ਉਹ ਕੇ਼.ਪੀ.ਐਸ. ਗਿੱਲ ਜਿਸ ਨੂੰ , ‘ ਪੰਜਾਬ ਦੇ ਸਿੱਖ ਨੌਜਵਾਨਾਂ ਦਾ ਕਸਾਈ ਕਿਹਾ ਜਾਂਦਾ ਹੈ’ ਦੇ ਨਾਲ ਮਾਣ ਨਾਲ ਖੜ੍ਹਾ ਨਜ਼ਰ ਆਉਂਦਾ ਹੈ, ਪਿਛਲੇ ਇਕ ਦਹਾਕੇ ਤੋਂ ਇੰਟਰਨੈੱਟ ਤੇ ਘੁੰਮ ਰਹੀ ਹੈ ਜਿਸ ਨੇ ਸਿੱਖਾਂ ਦੇ ਜਖ਼ਮਾਂ ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। 1990 ਦੇ ਸਮੇਂ ਦੌਰਾਨ ਕੇ.ਪੀ.ਐਸ. ਗਿੱਲ ਜੋ ਉਸ ਵੇਲੇ ਪੰਜਾਬ ਦਾ ਡੀ. ਜੀ. ਪੀ. ਸੀ ਅੱਤਵਾਦ ਨੂੰ ਖਤਮ ਕਰਨ ਦੀ ਆੜ ਹੇਠ ਬੇਕਸੂਰ ਲੋਕਾਂ ਨੂੰ ਕਤਲ ਕਰਨ ਦਾ ਜਿੰਮੇਵਾਰ ਹੈ। ਉਸ ਇਕ ਦਹਾਕੇ ਵਿਚ ਹਜ਼ਾਰਾਂ ਨੌਜਵਾਨ ਸਿੱਖਾਂ ਨੂੰ ਝੂਠੇ ਦੋਸ਼ਾਂ ਹੇਠ ਕਤਲ ਕੀਤਾ ਗਿਆ, ਕਈਆਂ ਨੂੰ ਤਸੀਹੇ ਦਿੱਤੇ ਗਏ, ਝੂਠੇ ਪੁਲਿਸ ਮੁਕਾਬਲਿਆਂ ਤਹਿਤ ਕਤਲ ਕੀਤੇ ਗਏ ਤੇ ਇਹ ਸਭ ਸਿਰਫ ਇਹ ਸਾਬਿਤ ਕਰਨ ਲਈ ਕੀਤਾ ਗਿਆ ਕਿ ਰਾਜ’ਚ ਅੱਤਵਾਦ ਹੈ ਅਤੇ ਅੱਤਵਾਦੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ। ਉਸ ਵੇਲੇ ਜਦੋਂ ਬੇਕਸੂਰਾਂ ਨੂੰ ਜ਼ੇਲ੍ਹਾਂ ਵਿੱਚ ਸੁੱਟਿਆ ਗਿਆ, ਮਾਰਿਆ ਗਿਆ ਤੇ ਉਹਨਾਂ ਦੇ ਪਰਿਵਾਰਾਂ ਦਾ ਸਫਾਇਆ ਕੀਤਾ ਗਿਆ, ਕੇਂਦਰ ਸਰਕਾਰ ਨੇ ਇਸ ਜ਼ੁਲਮ ਦੇ ਬਹੁਤ ਸਾਰੇ ਦੋਸ਼ੀਆਂ ਨੂੰ ਤਰੱਕੀਆਂ ਅਤੇ ਸਨਮਾਨ ਤਮਗਿਆਂ ਨਾਲ ਨਿਵਾਜਿਆ।

ਉਹਨਾਂ ਲੋਕਾਂ ਦਾ, ਜੋ ਕਦੇ ਉਸ ਨੂੰ ਪਿਆਰ ਕਰਦੇ ਸਨ ਗੁੱਸਾ ਮਾਨ ਦੀਆਂ ਗਲਤੀਆਂ ਕਰਕੇ ਹੈ ਪਰ ਉਹ ਸ਼ਾਇਦ ਇਸ ਗੱਲ ਦੀ ਕਲਪਨਾ ਵੀ ਨਹੀ ਕਰ ਸਕਦਾ। ਉਹ ਹੁਣ ਉਹ ਮਾਨ ਨਹੀ ਹੈ ਜੋ ਉਹ ਬਣ ਗਿਆ ਹੈ ਤੇ ਉਹ ਹੁਣ ਉਨ੍ਹਾਂ ਨੂੰ ਆਪਣੇ ਵਿੱਚੋਂ ਨਹੀ ਲਗਦਾ। ਹੁਣ ਸ਼ਾਇਦ ਉਸ ਦਾ ਦ੍ਰਿਸ਼ਟੀਕੋਣ ਮਾਇਕ ਹੋ ਗਿਆ ਹੈ, ਇਸ ਲਈ ਉਸ ਨੂੰ ਆਪਣੇ ਤੋਂ ਪਰ੍ਹੇ ਕੁਝ ਨਜ਼ਰ ਨਹੀ ਆ ਰਿਹਾ। ਪਰ ਇਕ ਗੱਲ ਯਕੀਨੀ ਹੈ ਕਿ ਮਾਨ ਕੋਲ ਅਦਾਕਾਰਾਂ, ਨਿਰਦੇਸ਼ਕਾਂ ਅਤੇ ਨਿਰਮਾਤਮਾ ਨੂੰ ਨਿਯੁਕਤ ਕਰਨ ਲਈ ਸਰੋਤ ਹਨ ਜੋ ਮਾਨ ਦੀ ਜਰੂਰਤ ਦੇ ਅਨੁਸਾਰ ਉਸਦੀ ਢੁੱਕਵੀਂ ਤਸਵੀਰ ਬਣਾਉਣ ਲਈ ਆਪਣੀ ਤਕਨੀਕੀ ਨਿਪੁੰਨਤਾ ਅਤੇ ਪੇਸ਼ੇਵਾਰ ਹੁਨਰ ਦੀ ਵਰਤੋਂ ਕਰਨਗੇ। ਪਰ ਇਹ ਸਾਰੇ ਵਿਸ਼ਿਆਂ ਦਾ ਅਸਲ ਪਾਤਰ ਲੋਕ ਹਨ ਜਿਨ੍ਹਾਂ ਨੂੰ ਬੋਲਣ ਅਤੇ ਲਿਖਣ ਦੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਸੱਚਾਈ ਦਾ ਸਮਰਥਨ ਕਰਨ ਵਿੱਚ ਮਦਦ ਕਰਨ ਲਈ ਗੁਣਵੱਤਾ ਵਾਲੀ ਸਮੱਗਰੀ ਸਾਹਮਣੇ ਲਿਆਉਣੀ ਚਾਹੀਦੀ ਹੈ ਤਾਂ ਜੋ ਮਾਨ ਅਤੇ ਇਸ ਦੇ ਸਮਰਥਕਾਂ ਨੂੰ ਉਸ ਦੀ ਸੱਚਾਈ ਤੋਂ ਅਵਗਤ ਕਰਾਇਆ ਜਾ ਸਕੇ।

This article was written by Harminder kaur Bhogal, MA, edited and translated by Dr. Kiranpreet Kaur Baath.

Previous articleਸੋਚਾਂ ਸੋਚਾ ਮੈਂ
Next articleFIFA World Cup: Argentina coach denies they were poor winners in match against Netherlands