ਇਹੋ ਜਹੀ ਆਜ਼ਾਦੀ

(ਸਮਾਜ ਵੀਕਲੀ)

ਕਾਮੇ ਸਾਰਾ ਦਿਨ ਕੰਮ ਕਰਦੇ ਕਾਰਖਾਨਿਆਂ ਦੇ ਵਿੱਚ,

ਥੋੜ੍ਹਾ ਕੰਮ ਹੋਇਆ ਦੇਖ ਮਾਲਕ ਜਾਂਦਾ ਏ ਖਿੱਝ,

ਜਦ ਮੰਗਣ ਮਜ਼ਦੂਰੀ, ਉਹ ਅੱਖਾਂ ਲਾਲ ਕਰੇ।

ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।

ਪਿੰਡ ਪਿੰਡ ਖੁੱਲ੍ਹ ਗਏ ਨੇ ਸ਼ਰਾਬ ਦੇ ਠੇਕੇ,

ਸ਼ਰਾਬੀ ਪਤੀਆਂ ਤੋਂ ਅੱਕ ਪਤਨੀਆਂ ਤੁਰੀ ਜਾਣ ਪੇਕੇ,

ਸੁਪਨੇ ਪੜ੍ਹਨ ਦੇ ਬੱਚਿਆਂ ਦੇ ਪੂਰੇ ਕੌਣ ਕਰੇ?

ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।

ਮੁੱਠੀ ਭਰ ਪਰਿਵਾਰਾਂ ਦਾ ਇੱਥੇ ਰੱਖਿਆ ਜਾਏ ਖ਼ਿਆਲ,

ਉਨ੍ਹਾਂ ਨੂੰ ਮਿਲੇ ਸਭ ਕੁਝ,ਬਾਕੀ ਵਜਾਣ ਖ਼ਾਲੀ ਥਾਲ

ਅੱਕੀ ਜਨਤਾ ਪਤਾ ਨ੍ਹੀ ਕਿਹੜੇ ਰਾਹ ਤੁਰ ਪਵੇ।

ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।

ਹਰ ਮਹਿਕਮੇ ਚੋਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ,

ਪਹਿਲਾਂ ਲੱਗਿਆਂ ਦੀਆਂ ਤਨਖਾਹਾਂ ਘਟਾਈਆਂ ਜਾ ਰਹੀਆਂ,

ਬੇਰੁਜ਼ਗਾਰ ਮੁੰਡੇ, ਕੁੜੀਆਂ ਤੇ ਕੋਈ ਤਰਸ ਨਾ ਕਰੇ।

ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।

ਪੂਰੀ ਮਿਹਨਤ ਕਰਕੇ ਕਿਸਾਨ ਫਸਲ ਉਗਾਵੇ,

ਔਖਾ ਹੋ ਕੇ ਉਹ ਮੰਡੀ ‘ਚ ਫਸਲ ਲੈ ਕੇ ਜਾਵੇ,

ਹੋਵੇ ਡਾਢਾ ਨਿਰਾਸ਼,ਜਦ ਉੱਥੇ ਪੂਰਾ ਮੁੱਲ ਨਾ ਮਿਲੇ।

ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।

ਕਹਿੰਦੇ ਆਇਆ ਪੰਦਰਾਂ ਅਗਸਤ ਖੁਸ਼ੀਆਂ ਮਨਾਓ,

ਸਭ ਕੁਝ ਭੁੱਲ ਕੇ ਸਾਰੇ ਰਲ ਭੰਗੜੇ ਪਾਓ,

ਢਿੱਡੋਂ ਭੁੱਖੇ ਢਿੱਡ ਭਰਨ ਲਈ ਜਾਣ ਕਿਸ ਦੇ ਘਰੇ।

ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)

Previous articlePrez Kovind’s speech will show the ‘path ahead’: PM
Next articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ ਦੇ ਵਿਦਿਆਰਥੀਆਂ ਆਜ਼ਾਦੀ ਦਿਹਾੜਾ ਮਨਾਇਆ