HOME ਗੁਰਬਾਣੀ ਗਾਵਹ ਭਾਈ

ਗੁਰਬਾਣੀ ਗਾਵਹ ਭਾਈ

3

 ਡਾ. ਸਤਿੰਦਰ ਪਾਲ ਸਿੰਘ 

ਡਾ. ਸਤਿੰਦਰ ਪਾਲ ਸਿੰਘ

   (ਸਮਾਜ ਵੀਕਲੀ)  ਗੁਰਬਾਣੀ ਗੁਰਸਿੱਖ ਦਾ ਜੀਵਨ ਆਧਾਰ ਹੈ। ਗੁਰਬਾਣੀ ਗਿਆਨ ਹੈ , ਜੀਵਨ ਜਾਚ ਹੈ , ਪ੍ਰੇਰਨਾ ਹੈ , ਅੰਤਰ ਦਾ ਪ੍ਰਕਾਸ਼ ਹੈ, ਆਤਮਿਕ ਚੇਤਨਾ ਦਾ ਅੰਮ੍ਰਿਤ ਹੈ । ਗੁਰੂ ਨਾਨਕ ਸਾਹਿਬ ਨੇ ਬਾਣੀ ਰਾਹੀਂ ਮਨੁੱਖਤਾ ਨਾਲ ਸੰਵਾਦ ‘ਤੇ ਉੱਧਾਰ ਦੀ ਪਰੰਪਰਾ ਸਥਾਪਿਤ ਕੀਤੀ ਜੋ ਨਿਰੰਤਰ ਅੱਗੇ ਵੱਧਦੀ ਗਈ ਹੈ। ਗੁਰੂ ਅਰਜਨ ਸਾਹਿਬ  ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਬਾਣੀ ਦਾ ਅਨਮੋਲ ਖਜਾਨਾ ਬਖਸ਼ਣ ਦਾ ਮਹਾਨ ਉਪਕਾਰ ਕੀਤਾ “ ਭਗਤਿ ਭੰਡਾਰ ਗੁਰਬਾਣੀ ਲਾਲ “ । ਗੁਰਬਾਣੀ ਆਤਮਿਕ ਆਨੰਦ  ਤੇ ਤ੍ਰਿਪਤੀ ਦਾ ਸਦੀਵੀ ਸ੍ਰੋਤ ਬਣ ਗਈ ” ਗਾਵਤ ਸੁਨਤ ਕਮਾਵਤ ਨਿਹਾਲ “ ।  ਗੁਰਬਾਣੀ ਪੜ੍ਹਨਾ , ਸੁਨਣਾ ਗੁਰਸਿੱਖ ਦਾ ਨਿਤਨੇਮ ਹੈ। ਸਿੱਖ ਪੰਥ ਦੀ ਵਿਧੀਵਤ ਪ੍ਰਵਾਨ ਕੀਤੀ ਗਈ ਸਿੱਖ ਰਹਿਤ ਮਰਯਾਦਾ  ਅਨੁਸਾਰ “ ਗੁਰਬਾਣੀ ਦਾ ਅਸਰ ਸਾਧ ਸੰਗਤ ‘ਚ ਬੈਠਿਆਂ ਵਧੇਰੇ ਹੁੰਦਾ ਹੈ।  ਇਸ ਲਈ ਸਿੱਖ ਲਈ ਉਚਿਤ ਹੈ ਕਿ ਸਿੱਖ ਸੰਗਤਾਂ ਦੇ ਜੋੜ – ਮੇਲੇ ਦੇ ਅਸਥਾਨਾਂ – ਗੁਰਦੁਆਰਿਆਂ ਦੇ ਦਰਸ਼ਨ ਕਰੇ ਤੇ ਸਾਧ ਸੰਗਤ ਵਿੱਚ ਬੈਠ ਕੇ ਗੁਰਬਾਣੀ ਤੋਂ ਲਾਭ ਉਠਾਵੇ ” । ਅੱਜ ਪੂਰੇ ਵਿਸ਼ਵ ਵਿੱਚ ਤੇਜੀ ਨਾਲ ਗੁਰਦੁਆਰਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇੱਕ ਇੱਕ ਪਿੰਡ ਵਿੱਚ ਹੀ ਇੱਕ ਤੋਂ ਜਿਆਦਾ ਗੁਰਦੁਆਰੇ ਮਿਲ ਜਾਣਗੇ। ਗੁਰਦੁਆਰਿਆਂ ਵਿੱਚ ਬਾਕਾਇਦਾ ਨਿਯੁਕਤ ਕੀਤੇ ਗਏ ਰਾਗੀ ਜੱਥੇ ਗੁਰਬਾਣੀ ਦਾ ਗਾਇਨ ਕਰਦੇ ਹਨ। ਇਸ ਨੂੰ ਕੀਰਤਨ ਦਾ ਨਾਮ ਦਿੱਤਾ ਗਿਆ ਹੈ। ਸਿੱਖ ਰਹਿਤ ਮਰਯਾਦਾ ਗੁਰਬਾਣੀ ਗਾਇਨ ਲਈ ਕੀਰਤਨ ਸ਼ਬਦ ਵਰਤਿਆ ਗਿਆ ਹੈ ਅਤੇ ਮੁੱਢਲੀ ਮਰਿਆਦਾ ਦਾ ਜਿਕਰ ਕੀਤਾ ਗਿਆ ਹੈ । ਇਸ ਅਨੁਸਾਰ “ ਕੀਰਤਨ ਗੁਰਬਾਣੀ ਨੂੰ ਰਾਗਾਂ ਵਿਚ ਉਚਾਰਨ ਨੂੰ ਕਹਿੰਦੇ ਹਨ ” । ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਅੰਗ ੧੪ ਤੋਂ ਅੰਗ ੧੩੫੩ ਤੱਕ ਸੁਸ਼ੋਭਿਤ ਬਾਣੀ ਰਾਗ ਅਧਾਰਤ ਹੈ। ਬਾਣੀ ਕੁੱਲ ੩੧ ਰਾਗਾਂ ਵਿੱਚ ਹੈ। ਇਹ ਵੱਖ ਹੈ ਕਿ ਜਿਆਦਾਤਰ ਗੁਰਦੁਆਰਿਆਂ ਵਿੱਚ ਗੁਰਬਾਣੀ ਦਾ ਗਾਇਨ ਸਬੰਧਤ ਰਾਗਾਂ ਦੇ ਅਧੀਨ ਨਹੀਂ ਹੋ ਰਿਹਾ ਪਰ ਫਿਰ ਵੀ ਉਸ ਨੂੰ ਕੀਰਤਨ ਦੇ ਰੂਪ ਵਿੱਚ ਸਵੀਕਾਰ ਕੀਤਾ ਜਾ ਰਿਹਾ ਹੈ। ਜਿਆਦਾਤਰ ਰਾਗੀ ਜੱਥੇ ਆਪੋ ਆਪਣੇ ਢੰਗ ਨਾਲ ਸ਼ਬਦਾਂ ਨੂੰ ਸੁਰ ਦੇ ਕੇ ਮਨੋਹਰਨ ਬਣਾਉਣ ਦਾ ਜਤਨ ਕਰਦੇ ਰਹਿੰਦੇ ਹਨ। ਰਾਗਾਂ ਦੀ ਸਮਝ ਨਾ ਹੋਣ ਕਾਰਨ ਸੰਗਤ ਉਸ ਨੂੰ ਸਵੀਕਾਰ ਕਰਦੀ ਆ ਰਹੀ ਹੈ। ਗੁਰੂ ਰਾਮਦਾਸ ਸਾਹਿਬ ਨੇ ਵਚਨ ਕੀਤਾ ਸੀ “ ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ” । ਬਾਣੀ ਨੂੰ ਰਾਗ ਬੱਧ ਕਰਨ ਪਿੱਛੇ ਇੱਕ ਨਿਸ਼ਚਿਤ ਸਿਧਾਂਤ ਸੀ ਗੁਰਸਿੱਖ ਦੇ ਅੰਤਰ ਵਿਚ ਅਨਹਦ ਨਾਦ ਜਾਗ੍ਰਤ ਕਰਨ ਦਾ “ ਗੁਰ ਬਾਣੀ ਮਨ ਧ੍ਰਾਪਿ ਨਿਜ ਘਰਿ ਆਵਈ “  ਪਰ ਰਾਗਾਂ ਤੋਂ ਅਵੇਸਲੇ ਹੋਣ ਕਾਰਨ ਗੁਰਸਿੱਖ ਅੱਜ ਉਸ ਪਰਮ ਦਾਤ ਤੋਂ ਵਾਂਝਾ ਹੋ ਰਿਹਾ ਹੈ। ਗੁਰਬਾਣੀ ਰਾਹੀਂ ਗੁਰੂ ਸਾਹਿਬਾਨ ਗੁਰੂ ਦੇ ਜਿਸ ਸਵਰੂਪ ਦੇ ਦਰਸ਼ਨ ਕਰਾਉਣਾ ਚਾਹੁੰਦੇ ਹਨ  , ਜਿਸ ਅੰਮ੍ਰਿਤ ਨਾਲ ਨਿਵਾਜਣਾ ਚਾਹੁੰਦੇ ਹਨ  ਉਸ ਤੋਂ ਦੂਰ ਹੋਣ ਕਾਰਨ ਗੁਰਸਿੱਖ ਨਿਤ ਗੁਰਬਾਣੀ ਸਰਵਣ ਕਰਨ ਤੋਂ ਬਾਅਦ ਵੀ ਅਤ੍ਰਿਪਤ ਹੀ ਰਹਿ ਰਿਹਾ ਹੈ। 

ਗੁਰੂ ਨਾਨਕ ਸਾਹਿਬ ਦਾ ਵਚਨ ਸੀ ਕਿ ਬਾਣੀ ਨੂੰ ਪੜ੍ਹਨ , ਸੁਨਣ ਦੇ ਨਾਲ ਹੀ ਵਿਚਾਰਨਾ ਵੀ ਹੈ ” ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ “ ।  ਕੀਰਤਨ ਸਰਵਣ ਕਰਨਾ ਗੁਰਬਾਣੀ ਨੂੰ ਵਿਚਾਰਨ ਦਾ ਅਉਸਰ ਵੀ ਹੈ। ਗੁਰਬਾਣੀ ਆਪਣੇ ਆਪ ਵਿੱਚ ਇੱਕ ਗੰਭੀਰ ਵਿਚਾਰ ਹੈ “ ਸਬਦੁ ਗੁਰ ਪੀਰਾ ਗਹਿਰ ਗੰਭੀਰਾ ” ।  ਗੁਰਬਾਣੀ ਦਾ ਵਿਚਾਰ ਨਾ ਕਰਨਾ ਸ਼ਬਦ ਗੁਰੂ ਦਾ ਅਨਾਦਰ ਹੀ ਕਿਹਾ ਜਾਵੇਗਾ। ਰਾਗ ਬਾਣੀ ਦੀ ਗੰਭੀਰਤਾ ਨੂੰ ਪ੍ਰਗਟ ਕਰਦੇ ਹਨ ਤੇ ਮਨ ਨੂੰ  ਗੰਭੀਰਤਾ  ਧਾਰਨ ਕਰਨ ਲਈ ਤਿਆਰ ਕਰਦੇ ਹਨ। ਬਿਨਾ ਰਾਗਾਂ ਦੇ ਗਾਇਨ ਕੀਤੀ  ਜਾ ਰਹੀ ਬਾਣੀ ਕੁੱਝ ਸਮੇਂ ਲਈ ਮਨ ਨੂੰ ਬੰਨ ਤਾਂ ਸਕਦੀ ਹੈ ਪਰ ਮਨ ਅੰਦਰ ਵੱਸ ਜਾਵੇ ਇਹ ਸੰਭਵ ਨਹੀਂ ਹੁੰਦਾ । ਬਿਨਾ ਰਾਗ ਦੇ ਸ਼ਬਦ ਗਾਇਨ ਆਮ ਤੌਰ ਤੇ ਮਨ ਨੂੰ ਧੁੰਨ , ਸ਼ੈਲੀ ਤੇ ਆਵਾਜ ਵਿੱਚ ਕੈਦ ਕਰ ਲੈਂਦਾ ਹੈ ,  ਸ਼ਬਦ ਦੇ ਸਾਰ ਤੱਤ ਤੱਕ ਪੁੱਜਣ ਹੀ ਨਹੀਂ ਦਿੰਦਾ। ਇਹ ਮੁੱਖ ਕਾਰਨ ਹੈ ਕਿ ਖਾਸ ਰਾਗੀ ਜੱਥਿਆਂ ਤੋਂ ਖਾਸ ਸ਼ਬਦਾਂ ਦੇ ਗਾਇਨ ਦੀ ਮੰਗ  ਕਰਦਿਆਂ ਅਕਸਰ  ਵੇਖਿਆ ਜਾਂਦਾ  ਹੈ ਜਬਕਿ ਹਰ ਸ਼ਬਦ ਹੀ ਅਣਮੋਲ ਪ੍ਰੇਰਣਾ ਹੈ । 

ਗੁਰਬਾਣੀ ਧੁਰ ਕੀ ਬਾਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਗੁਰੂਆਂ ਦੀ ਜੋਤ ਮੰਨਿਆ ਗਿਆ ਹੈ। ਇਸ ਦ੍ਰਿਸ਼ਟੀ ਨਾਲ ਪੂਰੀ ਗੁਰਬਾਣੀ ਦੀ ਮਹੱਤਤਾ ਇੱਕ ਸਮਾਨ ਤਲ ਪ੍ਰਾਪਤ ਕਰ ਲੈਂਦੀ ਹੈ। ਪਰ ਸਿੱਖ ਰਹਿਤ ਮਰਯਾਦਾ ਵਿੱਚ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਅਨੰਦ ਸਾਹਿਬ ਦੀਆਂ ਛੇ ਪਉੜੀਆਂ ਨੂੰ ਖਾਸ ਮਾਨਤਾ ਦਿੱਤੇ ਗਈ ਹੈ।  ਸਿੱਖ ਰਹਿਤ ਮਰਯਾਦਾ ਅਨੁਸਾਰ “ ਸਾਧਾਰਨ ਪਾਠ ਦੇ ਆਰੰਭ ਵੇਲੇ ਪ੍ਰਸਾਦਿ ਲਿਆ ਕੇ ਅਨੰਦ ਸਾਹਿਬ ( ਛੇ ਪਉੜੀਆਂ ) ਦਾ ਪਾਠ ਕਰ ਕੇ ਅਰਦਾਸ ਮਗਰੋਂ ਹੁਕਮ ਲਿਆ ਜਾਵੇ।  ਅਖੰਡ ਪਾਠ ਵੇਲੇ ਕੜਾਹ ਪ੍ਰਸਾਦਿ ਹੋਵੇ , ਫੇਰ ਅਨੰਦ ਸਾਹਿਬ ( ਛੇ ਪਉੜੀਆਂ ) ਦਾ ਪਾਠ ਕਰਨ ਮਗਰੋਂ ਅਰਦਾਸ ਕਰ ਕੇ ਅਤੇ ਹੁਕਮ ਲੈ ਕੇ ਪਾਠ ਆਰੰਭ ਕੀਤਾ ਜਾਵੇ” ।  ਗੁਰਸਿੱਖ ਨੇ ਜਪੁ ਸਾਹਿਬ ਦਾ ਪਾਠ ਕਰਨਾ ਹੈ ਤਾਂ ਵੀ “ ਪਾਠ ਆਰੰਭ ਕਰਨ ਸਮੇਂ ਅਨੰਦ ਸਾਹਿਬ ( ਪਹਿਲੀਆਂ ਪੰਜ ਪਉੜੀਆਂ ਤੇ ਇੱਕ ਅੰਤਲੀ ਪਉੜੀ ) ਦੇ ਪਾਠ ਮਗਰੋਂ ਅਰਦਾਸਾ ਕਰ ਕੇ ਹੁਕਮ ਲੈਣਾ ਚਾਹੀਦੇ।  ਫੇਰ ਜਪੁ ਸਾਹਿਬ ਦਾ ਪਾਠ ਕਰਨਾ ਚਾਹੀਦੇ ” ।  ਇਹ ਰਹਿਤ ਸਾਧਾਰਨ ਪਾਠ ਸਿਰਲੇਖ ਅੰਦਰ ਦਿੱਤੀ ਗਈ ਹੈ।  ਇਹ ਮਰਿਆਦਾ ਬਣ ਗਈ ਹੈ ਕਿ ਗੁਰਦੁਆਰੇ  ਵਿੱਚ ਹਰ ਦੀਵਾਨ ਦੀ ਸਮਾਪਤੀ ਅਨੰਦ ਸਾਹਿਬ ਦੀ ਛੇ ਪਉੜੀਆਂ ਪੜ੍ਹਨ ਤੋਂ ਬਾਅਦ ਹੀ ਹੁੰਦੀ ਹੈ ਉਸ ਤੋਂ ਬਾਅਦ ਅਰਦਾਸ ਅਤੇ ਹੁਕਮ ਲਿਆ ਜਾਂਦਾ ਹੈ।ਦੀਵਾਨ ਕਿਸੇ ਵੀ ਮਨੋਰਥ ਹਿੱਤ ਸਜਾਇਆ ਗਿਆ ਹੋਵੇ , ਸਮਾਂ ਕੋਈ ਵੀ ਹੋਵੇ ਸਮਾਪਤੀ ਅਨੰਦ ਸਾਹਿਬ ਦੀ ਛੇ ਪਉੜੀਆਂ ਨਾਲ ਹੀ ਹੁੰਦੀ ਹੈ । ਇਹ ਬਾਣੀ ਕਿਉਂ ਖਾਸ ਹੈ ਇਸ ਨੂੰ  ਵਿਚਾਰਨ ਦੀ ਲੋੜ ਹੈ।ਕੁੱਝ ਦਾ ਖਾਸ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਬਾਣੀ ਵਿੱਚੋਂ ਅਨੰਦ ਸਾਹਿਬ ਦੀਆਂ ਛੇ ਪਉੜੀਆਂ ਨੂੰ ਪੂਰੀ ਸੋਚ ਵਿਚਾਰ ਤੋਂ ਬਾਅਦ ਚੁਣ ਕੇ ਮਹੱਤਵਪੂਰਨ ਸਮਝਿਆ ਗਿਆ।   

ਅਨੰਦ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ੯੧੭ ਤੋਂ ਅੰਗ ੯੨੨  ਤੱਕ ਸੁਸ਼ੋਭਿਤ ਹੈ। ਸਿਰਲੇਖ ਪ੍ਰਾਪਤ ਕੁੱਝ ਬਾਣੀਆਂ ਵਿੱਚੋਂ ਇਹ ਇੱਕ ਹੈ ਜਿਸ ਦਾ ਸਿਰਲੇਖ “ ਅਨੰਦੁ “ ਹੈ। ਇਸ ਵਿਚ ੪੦  ਪਉੜੀਆਂ  ਹਨ। ਇਹ ਬਾਣੀ ਰਾਮਕਲੀ ਰਾਗ ਅਧੀਨ ਉਚਾਰੀ ਗਈ ਹੈ। ਰਾਗ ਨੂੰ  ਭਾਈ ਕਾਨ੍ਹ ਸਿੰਘ ਨਾਭਾ ਨੇ  ਸੰਗੀਤ ਅਨੁਸਾਰ ਅਜਿਹਾ ਸੁਰ ਪ੍ਰਬੰਧ  ਕਿਹਾ ਹੈ ਜਿਸ ਨੂੰ ਸੁਣ  ਕੇ ਮਨ ਵਿੱਚ ਪ੍ਰੇਮ ਉਪਜੈ। ਰਾਮਕਲੀ ਰਾਗ ਦਾ ਸਵੇਰੇ ਦੇ ਰਾਗਾਂ ਵਿੱਚ ਮੁੱਖ ਅਸਥਾਨ ਹੈ। ਇਹ ਰਾਗ ਮਨ ਨੂੰ ਪਹਿਲਾਂ ਬੰਨਦਾ ਹੈ ਫਿਰ ਅੰਮ੍ਰਿਤ ਬਰਖਾ ਨਾਲ ਨਿਹਾਲ ਕਰਦਾ ਹੈ। ਇਹ ਭੈਰਵ ਥਾਟ ਦਾ ਰਾਗ ਹੈ।  ਇਸ ਦੇ ਗਾਇਨ ਵਿੱਚ ਕੋਮਲ , ਤੀਵ੍ਰ ਮੱਧਮ ਅਤੇ ਕੋਮਲ ਨਿਸ਼ਾਦ ਸੁਰ ਲੱਗਦੇ ਹਨ। ਵਿਦਵਾਨਾਂ ਅਨੁਸਾਰ ਇਸ ਰਾਗ ਤੋਂ ਸ਼ਾਂਤੀ , ਭਗਤੀ ਅਤੇ ਦਇਆ ਰਸ ਪੈਦਾ ਹੁੰਦਾ ਹੈ। ਇਹ ਸੱਚ ਨਾਲ ਜੋੜ ਕੇ ਭਗਤੀ ਭਾਵ ਪੈਦਾ ਕਰਨ ਵਾਲਾ ਹੈ।ਗੁਰੂ ਅਮਰਦਾਸ ਸਾਹਿਬ ਦੀ ਬਾਣੀ ਅਨੰਦ ਦਾ ਆਰੰਭ ਹੀ ਅੰਮ੍ਰਿਤ ਬਰਖਾ ਤੋਂ ਹੁੰਦਾ ਹੈ “ ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ “ ।  ਇਹ ਪਾਵਨ ਪੰਕਤੀ ਗੁਰਸਿੱਖ ਦੇ ਮਨ ਅੰਦਰ ਵਿਚਾਰ ਦ੍ਰਿੜ੍ਹ ਕਰਦੀ ਹੈ ਕਿ ਸਤਿਗੁਰੂ ਨਾਲ ਮੇਲ ਆਨੰਦ ਪੈਦਾ ਕਰਨ ਵਾਲਾ ਹੈ , ਸਾਰੇ ਦੁੱਖਾਂ , ਚਿੰਤਾਵਾਂ ਤੋਂ ਮੁਕਤ ਕਰ ਅਚਿੰਤ ਹੀ ਨਹੀਂ ਪ੍ਰਫੁੱਲਿਤ ਕਰਨ  ਵਾਲਾ ਹੈ।ਜਿਸ ਗੁਰਸਿੱਖ ਨੇ ਸਾਧ ਸੰਗਤ ਕੀਤੀ ਹੈ , ਸ਼ਬਦ ਗੁਰੂ ਨਾਲ ਮਨ ਜੋੜਿਆ ਹੈ ਉਸ ਨੂੰ ਇਸ ਮੇਲ ਤੋਂ ਪ੍ਰਾਪਤ ਆਨੰਦ ਦਾ ਅਹਿਸਾਸ ਵੀ ਹੋਣਾ ਚਾਹੀਦੇ। ਗੁਰਬਾਣੀ ਨਾਲ ਜੁੜਨ ਦਾ ਮਨੋਰਥ ਅਗਲੀ ਪੰਕਤੀ ਵਿੱਚ ਗੁਰੂ ਅਮਰਦਾਸ ਸਾਹਿਬ ਨੇ ਪ੍ਰਗਟ ਕੀਤਾ “ ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ” । ਗੁਰੂ ਨਾਲ ਮੇਲ , ਗੁਰ ਸ਼ਬਦ ਦਾ ਮਨ ਅੰਦਰ ਵੱਸਣਾ ਸਹਿਜ ਅਵਸਥਾ ਦਾ ਜਨਕ ਹੈ ਜਿਸ ਨੂੰ ਪਰਮ ਅਵਸਥਾ ਮੰਨਿਆ ਗਿਆ ਹੈ। ਸਹਿਜ ਅਵਸਥਾ ਦੀ ਨਿਸ਼ਾਨੀ ਮਨ ਅੰਦਰ ਅਨਹਦ ਨਾਦ ਦਾ ਵੱਜਣ ਲੱਗ ਪੈਣਾ ਹੈ। ਮਨ ਅਪਾਰ ਸੰਤੋਖ ਅਤੇ ਤੀਰਪਤੀ ਦਾ ਅਨੁਭਵ ਕਰਦਾ ਹੈ। ਇਸ ਪ੍ਰੇਰਕ   ਸੂਤਰ ਵਾਕ ਨਾਲ ਜੋੜ ਕੇ ਗੁਰੂ ਅਮਰਦਾਸ ਸਾਹਿਬ ਨੇ ਪਰਮਾਤਮਾ ਦੀ ਵਡਿਆਈ ਦੇ ਦਰਸ਼ਨ ਕਰਾਏ ਤੇ ਸਮਰਪਿਤ ਹੋ ਕੇ ਭਗਤੀ ਕਰਨ ਦਾ ਫਲ ਦੱਸਿਆ “ ਕਰਿ ਸਾਂਤਿ ਸੁਖ ਮਨਿ ਆਇ ਵਸਿਆ ਜਿਨਿ ਇਛਾ ਸਭਿ ਪੁਜਾਇਆ ” । ਅਨੰਦ ਸਾਹਿਬ ਦੀਆਂ ਪੰਜ ਪਹਿਲੀਆਂ ਪਉੜੀਆਂ ਤੇ ਅੰਤਮ ਇੱਕ ਪਉੜੀ ਵਿੱਚ ਸੁਨਣ ਅਤੇ ਮਨ ਅੰਦਰ ਵਸਾਉਣ ਦੀ ਹੀ ਗੱਲ ਕੀਤੀ ਗਈ ਹੈ। ਜਦੋਂ ਵੀ ਗੁਰਸਿੱਖ ਗੁਰ ਸ਼ਬਦ ਨਾਲ ਜੁੜ ਕੇ ਪੈਦਾ ਹੋਈ ਆਤਮਿਕ ਅਵਸਥਾ ਤੋਂ ਉਬਰ ਕੇ ਵਿਵਹਾਰਕ  ਅਵਸਥਾ ਆਵੇ ਇੱਕ ਸਪਸ਼ਟ ਪ੍ਰੇਰਨਾ , ਸੇਧ ਆਪਣੇ  ਚੇਤਨ , ਅਵਚੇਤਨ ਮਨ ਵਿੱਚ  ਧਾਰਨ ਕੀਤੀ ਹੋਵੇ ਜੋ ਉਸ ਨੇ ਅੰਤ ਵਿਚ ਸ੍ਰਵਨ ਕੀਤੀ ਅਨੰਦ ਸਾਹਿਬ ਦੀ ਛੇ ਪਉੜੀਆਂ ਤੋਂ ਪ੍ਰਾਪਤ ਕੀਤੀ ਹੈ। ਇਨ੍ਹਾਂ ਛੇ ਪਉੜੀਆਂ ਵਿੱਚ ਗੁਰ ਸ਼ਬਦ ਦਾ ਸਾਰ ਨਿਹਿਤ ਹੈ ਜਿਸ ਨੂੰ ਅੰਤਮ ਸੁਨੇਹਾ ਵੀ ਕਿਹਾ ਜਾ ਸਕਦਾ ਹੈ। 

 

ਪਰ ਅੱਜ ਦੇ ਹਾਲਾਤ ਕੁੱਝ ਹੋਰ ਹੀ ਬਣ ਗਏ ਹਨ।  ਅਰਦਾਸ ਤੋਂ ਪਹਿਲਾਂ ਛੇ ਪਉੜੀਆਂ ਅਨੰਦ ਸਾਹਿਬ ਦੇ ਗਾਇਨ ਨੂੰ  ਪੂਰੀ ਤਰਹ ਰਸਮੀ ਬਣਾ ਦਿੱਤਾ ਗਿਆ ਹੈ। ਇਵੇਂ ਤੇ ਇਤਨੀ ਗਤੀ ਨਾਲ ਗਾਇਨ ਕੀਤਾ ਜਾਂਦਾ ਹੈ ਕਿ ਇੱਕ ਪੰਕਤੀ ਹੀ ਸੁਣੀ  , ਸਮਝੀ ਨਹੀਂ ਗਈ ਹੁੰਦੀ ਕਿ ਰਾਗੀ ਸਿੰਘ ਅਗਲੀ ਤੀਜੀ  , ਚੌਥੀ ਪੰਕਤੀ ਤੇ ਪੁੱਜ `ਚੁਕੇ ਹੁੰਦੇ ਹਨ। ਇਵੇਂ ਲੱਗਦਾ ਹੈ ਕਿ ਅਨੰਦ ਸਾਹਿਬ ਕਿਸੇ ਮਜਬੂਰੀ ਵਿੱਚ ਗਾਇਨ ਕੀਤਾ ਜਾ ਰਿਹਾ ਹੋਵੇ। ਰਾਗੀ ਜੱਥੇ ਵਿੱਚੋਂ ਵੀ ਇੱਕ ਸਿੰਘ  ਦੀ  ਪੰਕਤੀ ਪੂਰੀ ਹੋਣ ਤੇ ਨਹੀਂ ਆਉਂਦੀ ਕਿ ਦੂਜੇ ਸਿੰਘ ਦੁਆਰਾ ਅਗਲੀ ਪੰਕਤੀ ਆਰੰਭ ਕਰ ਦਿੱਤੀ ਗਈ ਹੁੰਦੀ ਹੈ। ਦੂਜੇ ਸ਼ਬਦ ਗਾਇਨ ਕਰਦਿਆਂ ਰਾਗੀ ਸਿੰਘ ਅਕਸਰ ਇੱਕ ਹੀ ਪੰਕਤੀ ਨੂੰ ਵਾਰ ਵਾਰ ਪੜ੍ਹਦੇ ਹਨ ਕਿਉਂਕਿ ਇਹ ਉਨ੍ਹਾਂ ਨੂੰ ਮਹੱਤਵਪੂਰਨ ਲੱਗਦਾ ਹੈ। ਇਵੇਂ ਪੜ੍ਹਿਆ ਵੀ ਜਾਣਾ ਚਾਹੀਦੇ।  ਪਰ ਅਨੰਦ ਸਾਹਿਬ ਦੇ ਗਾਇਨ ਵਿੱਚ ਸ਼ਾਇਦ ਹੀ ਕਦੇ ਅਜਿਹਾ ਕੀਤਾ ਗਿਆ ਹੋਵੇ। ਜਿਸ ਅਨੰਦ ਸਾਹਿਬ ਦੇ ਸਰਵਣ ਨਾਲ ਮਨ ਵਿੱਚ “ ਮਨਿ ਵਜੀਆ ਵਧਾਇਆ “ ਦਾ  ਵਿਗਾਸ ਪੈਦਾ ਹੋਣਾ ਚਾਹੀਦੇ , “ ਸਦਾ ਰਹੁ ਹਰਿ ਨਾਲੇ “ ਦੀ ਅੰਤਰ ਪ੍ਰੇਰਨਾ ਜਾਗ੍ਰਤ ਹੋਣੀ ਚਾਹੀਦੀ ਹੈ ਉਹ ਤਾਂ ਸੰਭਵ ਨਹੀਂ ਹੁੰਦਾ ਇਸ ਦੇ ਉਲਟ ਮਨ ਅਸਹਿਜ ਹੋਣ ਲੱਗਦਾ ਹੈ। ਇਸ ਦਾ ਪ੍ਰਭਾਵ ਇਹ ਹੋ ਰਿਹਾ ਹੈ ਕਿ ਸਾਧ ਸੰਗਤ ਵਿੱਚ ਸ੍ਰਵਨ ਕੀਤੇ ਸ਼ਬਦ ਮਨ ਵਿੱਚ ਭਾਵੇਂ ਚੱਲਦੇ ਰਹਿਣ , ਅਨੰਦ ਸਾਹਿਬ ਦੀ ਇੱਕ ਵੀ  ਪੰਕਤੀ ਦਾ ਰਸ ਨਹੀਂ ਬਣਦਾ। ਰਾਗ ਵਿੱਚ ਪੜ੍ਹਨਾ ਤਾਂ ਦੂਰ , ਸਹਿਜ ਭਾਵ ਨਾਲ ਵੀ ਨਾ ਪੜ੍ਹਨਾ  ਉਸ ਭਾਵਨਾ ਦਾ ਨਿਰਾਦਰ ਹੈ ਜਿਸ ਤਹਿਤ ਅਨੰਦ ਸਾਹਿਬ ਪੜ੍ਹਨ ਦੀ ਰਹਿਤ ਮਰਿਆਦਾ ਬਣਾਈ ਗਈ ਸੀ। ਇਹ ਨਿਸ਼ਚਿਤ ਤੌਰ ਤੇ ਗੁਰ ਸ਼ਬਦ ਦਾ ਵੀ ਨਿਰਾਦਰ ਹੈ।  ਗੁਰਬਾਣੀ ਤਾਂ ਪ੍ਰੇਮ ਭਾਵਨਾ ਦੀ ਬਾਣੀ ਹੈ ਜਿਸ ਨੂੰ  ਸਹਿਜ ਵਿਚ ਹੀ ਗਾਇਨ ਕਰਨਾ ਮਨੋਰਥ ਸਿੱਧ ਕਰਦਾ ਹੈ “ ਗੁਰਬਾਣੀ ਗਾਵਹ ਭਾਈ।। ਉਹ ਸਫਲ ਸਦਾ ਸੁਖਦਾਈ ।। ” ।  ਰਾਗ ਤੋਂ ਬਾਹਰ ਗੁਰਬਾਣੀ ਦਾ ਗਾਇਨ ਸਿੱਖ ਰਹਿਤ ਮਰਯਾਦਾ ਅਨੁਸਾਰ ਜੇ ਕੀਰਤਨ ਨਹੀਂ ਮੰਨਿਆ ਜਾ ਸਕਦਾ , ਸਹਿਜ ਵੀ ਗਾਇਨ ਨਾ ਕਰਨਾ ਤਾਂ ਗਾਇਨ ਦੇ ਮਨੋਰਥ ਤੋਂ  ਹੀ ਦੂਰ ਕਰ ਦਿੰਦਾ ਹੈ। ਇਹ ਗੰਭੀਰ ਵਿਸ਼ਾ ਹੈ। ਅਰਦਾਸ ਤੋਂ ਪਹਿਲਾਂ  ਅਨੰਦ ਸਾਹਿਬ ਦੇ ਗਾਇਨ ਨੂੰ ਰਾਗ ਅਧਾਰਿਤ ਅਤੇ ਸਹਿਜ ਬਣਾਉਣ ਲਈ ਦ੍ਰਿਸ਼ਟੀ ਸੁਧਾਰ ਦੀ ਸਖਤ ਲੋੜ ਹੈ। ਜਿਵੇਂ ਕਿਸੇ ਹੋਰ ਸ਼ਬਦ ਦਾ ਗਾਇਨ ਕਰਦਿਆਂ ਉਚਿਤ ਸਮਾਂ ਲਾਇਆ ਜਾਂਦਾ ਹੈ , ਅਨੰਦ ਸਾਹਿਬ ਪੜ੍ਹਨ ਲਈ ਵੀ ਉਚਿਤ ਸਮਾਂ ਲਾਇਆ ਜਾਣਾ ਚਾਹੀਦੇ। ਇਹ ਕਿਸੇ ਵੀ ਸਮਾਗਮ ਦਾ ਅੰਤਮ ਸੁਨੇਹਾ ਹੁੰਦਾ ਹੈ ਇਸ ਕਾਰਨ ਇਸ ਨੂੰ ਤਾਂ ਵਾਧੂ ਭਾਵਨਾ ਨਾਲ ਪੜ੍ਹਨਾ ਤੇ ਸੁਣਨਾ ਚਾਹੀਦੇ।  

  ਡਾ.  ਸਤਿੰਦਰ ਪਾਲ ਸਿੰਘ 

  ਈ 1716 , ਰਾਜਾਜੀਪੁਰਾਮ ਲਖਨਊ – 226017 

  ਈ ਮੇਲ – [email protected] 

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ ਵਿਖੇ ਸੁੰਦਰ ਲਿਖਾਈ ਤੇ ਅੱਖਰਕਾਰੀ ਦੀ ਇਕ ਰੋਜ਼ਾ ਵਰਕਸ਼ਾਪ ਕਰਵਾਈ ।
Next article*13 ਫਰਵਰੀ ਨੂੰ “ਸਾਡੇ ਬਜੁਰਗ ਸਾਡਾ ਮਾਣ” ਮੁਹਿੰਮ ਤਹਿਤ ਨਵਾਂਸ਼ਹਿਰ ਵਿਖੇ ਲਗਾਇਆ ਜਾਵੇਗਾ ਜਾਗਰੂਕਤਾ ਕੈਂਪ: ਡਿਪਟੀ ਕਮਿਸ਼ਨਰ*