ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਨ ਪੂਰੀ ਦੁਨੀਆ ਤੱਕ ਕਰਵਾਉਣ ਲਈ ਕੀਤੇ ਐਲਾਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਸ੍ਰੀ ਮਾਨ ਨੇ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਹੈ ਕਿ ‘ਸਰਬਸਾਂਝੀ ਗੁਰਬਾਣੀ’ ਦੇ ਦੁਨੀਆ ਭਰ ਵਿੱਚ ਪ੍ਰਚਾਰ ਤੇ ਪਸਾਰ ਲਈ ਪੰਜਾਬ ਸਰਕਾਰ ਤਿਆਰ ਹੈ। ਇਸ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਆਧੁਨਿਕ ਸੰਚਾਰ ਤਕਨੀਕਾਂ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ। ਮੁੱਖ ਮੰਤਰੀ ਨੇ ਆਸ ਪ੍ਰਗਟਾਈ ਹੈ ਕਿ ਸ਼੍ਰੋਮਣੀ ਕਮੇਟੀ ਪੰਜਾਬ ਸਰਕਾਰ ਨੂੰ ਆਧੁਨਿਕ ਸੰਚਾਰ ਤਕਨੀਕਾਂ ਸਥਾਪਤ ਕਰਨ ਲਈ ਪ੍ਰਵਾਨਗੀ ਦੇਵੇਗੀ। ਮੁੱਖ ਮੰਤਰੀ ਨੇ ਪੱਤਰ ਰਾਹੀਂ ਕਿਹਾ ਕਿ ਗੁਰਬਾਣੀ ਦੇ ਇਲਾਹੀ ਸੰਦੇਸ਼ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਲਈ ਗੁਰਬਾਣੀ ਦੇ ਪ੍ਰਸਾਰਨ ਲਈ ਪੰਜਾਬ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਨਵੀਨਤਮ ਬੁਨਿਆਦੀ ਢਾਂਚਾ ਤੇ ਤਕਨਾਲੋਜੀ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ ਹੈ, ਜਿਸ ਵਿੱਚ
ਨਵੀਨਤਮ ਕੈਮਰੇ ਅਤੇ ਪ੍ਰਸਾਰਨ ਉਪਕਰਨ ਸ਼ਾਮਲ ਹਨ। ਇਨ੍ਹਾਂ ਤਕਨੀਕਾਂ ਨਾਲ ਗੁਰਬਾਣੀ ਦਾ ਪ੍ਰਸਾਰਨ ਯੂ-ਟਿਊਬ, ਮੋਬਾਈਲ ਐਪਸ, ਧਾਰਮਿਕ ਚੈਨਲ ਜਾਂ ਹੋਰਨਾਂ ਚਾਹਵਾਨ ਚੈਨਲਾਂ ਰਾਹੀਂ ਕੀਤਾ ਜਾ ਸਕੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 7 ਅਪਰੈਲ ਨੂੰ ਵੀਡੀਓ ਜਾਰੀ ਕਰਦਿਆਂ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਗੁਰਬਾਣੀ ਦੇ ਪ੍ਰਸਾਰਨ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਤਿਆਰ ਹੈ। ਉਨ੍ਹਾਂ ਇਸ ਲਈ ਸ਼੍ਰੋਮਣੀ ਕਮੇਟੀ ਨੂੰ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਸੀ। ਸ੍ਰੀ ਮਾਨ ਨੇ ਅੱਜ ਪੱਤਰ ਲਿਖ ਕੇ ਸ਼੍ਰੋਮਣੀ ਕਮੇਟੀ ਨੂੰ ਮੁੜ ਤੋਂ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly